ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੇ ਦੁਵੱਲੇ ਸਬੰਧਾਂ ’ਚ ਆਇਆ ਤਨਾਓ

In ਮੁੱਖ ਲੇਖ
January 10, 2025
ਦਿਵਯ ਕੁਮਾਰ ਸੋਤੀ: ਅਫ਼ਗਾਨਿਸਤਾਨ-ਪਾਕਿਸਤਾਨ ਦੀ ਸਰਹੱਦ ’ਤੇ ਇਨ੍ਹੀਂ ਦਿਨੀਂ ਮੁੜ ਤਣਾਅ ਪੱਸਰਿਆ ਹੋਇਆ ਹੈ। ਸਰਹੱਦ ’ਤੇ ਹੋ ਰਹੀਆਂ ਹਿੰਸਕ ਝੜਪਾਂ ’ਚ ਦਰਜਨਾਂ ਲੋਕ ਮਾਰੇ ਜਾ ਚੁੱਕੇ ਹਨ। ਇਹ ਝੜਪਾਂ ਤਦ ਸ਼ੁਰੂ ਹੋਈਆਂ ਜਦ ਪਿਛਲੇ ਹਫ਼ਤੇ ਪਾਕਿਸਤਾਨ ਨੇ ਅਫ਼ਗਾਨਿਸਤਾਨ ਅੰਦਰ ਹਵਾਈ ਹਮਲੇ ਕੀਤੇ। ਤਾਲਿਬਾਨ ਦਾ ਕਹਿਣਾ ਹੈ ਕਿ ਇਨ੍ਹਾਂ ਹਵਾਈ ਹਮਲਿਆਂ ’ਚ 46 ਲੋਕ ਮਾਰੇ ਗਏ ਜਿਨ੍ਹਾਂ ’ਚ ਔਰਤਾਂ ਤੇ ਬੱਚੇ ਸ਼ਾਮਲ ਹਨ। ਪਾਕਿਸਤਾਨ ਦਾ ਦੋਸ਼ ਹੈ ਕਿ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਪਾਕਿਸਤਾਨ ’ਚ ਅੱਤਵਾਦੀ ਹਮਲੇ ਕਰਨ ਵਾਲੇ ਤਹਿਰੀਕ ਏ ਤਾਲਿਬਾਨੀ ਭਾਵ ਟੀਟੀਪੀ ਨੂੰ ਸ਼ਹਿ ਦੇ ਰਹੀ ਹੈ ਤੇ ਇਹ ਸੰਗਠਨ ਉਥੋਂ ਪਾਕਿਸਤਾਨ ’ਚ ਆਪਣੀ ਸਰਗਰਮੀਆਂ ਸੰਚਾਲਿਤ ਕਰਦਾ ਹੈ। ਪਾਕਿਸਤਾਨ ਦਾ ਦਾਅਵਾ ਹੈ ਕਿ ਇਨ੍ਹਾਂ ਹਮਲਿਆਂ ’ਚ ਉਸ ਨੇ ਟੀ.ਟੀ.ਪੀ. ਦੇ ਟਿਕਾਣਿਆਂ ਨੂੰ ਹੀ ਨਿਸ਼ਾਨਾ ਬਣਾਇਆ ਹੈ। ਉਸ ਨੇ ਇਹ ਵੀ ਕਿਹਾ ਕਿ ਤਾਲਿਬਾਨ ਸਰਕਾਰ ਤੋਂ ਕਈ ਵਾਰ ਟੀ.ਟੀ.ਪੀ. ਦੇ ਅੱਤਵਾਦੀ ਕੈਂਪਾਂ ’ਤੇ ਕਾਰਵਾਈ ਦੀ ਬੇਨਤੀ ’ਤੇ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ ਤੇ ਆਖ਼ਰ ਖ਼ੁਦ ਪਾਕਿਸਤਾਨੀ ਫ਼ੌਜ ਨੂੰ ਹੀ ਕਾਰਵਾਈ ਕਰਨੀ ਪਈ ਤੇ ਇਹ ਹਮਲੇ ਕੀਤੇ ਗਏ। ਇਹ ਪਾਕਸਿਤਾਨ ਦਾ ਹੀ ਸੁਪਨਾ ਸੀ ਕਿ ਇੱਕ ਦਿਨ ਅਫ਼ਗਾਨਿਸਤਾਨ ’ਚ ਤਾਲਿਬਾਨ ਦਾ ਸ਼ਾਸਨ ਆਏ ਤੇ ਇਸ ਲਈ ਉਸ ਨੇ ਹਰ ਚਾਲ ਚੱਲੀ। ਇੱਥੇ ਤੱਕ ਕਿ ਅਮਰੀਕਾ ਨੂੰ ਵੀ ਲਗਪਗ ਦੋ ਦਹਾਕਿਆਂ ਤੱਕ ਧੋਖਾ ਦਿੱਤਾ। ਹੁਣ ਕਾਬੁਲ ’ਚ ਤਾਲਿਬਾਨ ਸਰਕਾਰ ਹੈ ਤਾਂ ਪਾਕਿਸਤਾਨ ਦੀ ਉਸ ਨਾਲ ਬਣ ਨਹੀਂ ਰਹੀ ਹੈ ਕਿਉਂਕਿ ਤਾਲਿਬਾਨੀ ਆਗੂ ਪਾਕਿਸਤਾਨ ਦੇ ਇਸ਼ਾਰਿਆਂ ’ਤੇ ਨੱਚਣ ਲਈ ਤਿਆਰ ਨਹੀਂ ਹਨ। ਪਾਕਿਸਤਾਨੀ ਰਣਨੀਤੀਕਾਰਾਂ ਨੇ ਅਫ਼ਗਾਨਿਸਤਾਨ ਦੀ ਸਿਆਸਤ ਨੂੰ ਸਮਝਣ ’ਚ ਇਕ ਮੁੱਢਲੀ ਗ਼ਲਤੀ ਕੀਤੀ। ਪਾਕਿਸਤਾਨ ਦੇ ਨਿਰਮਾਣ ਤੋਂ ਬਾਅਦ ਤੋਂ ਅਫ਼ਗਾਨਿਸਤਾਨ ’ਚ ਰਾਜਸ਼ਾਹੀ, ਸੋਵੀਅਤ ਸਮਰਥਤ ਕਮਿਊਨਿਸਟ ਸਰਕਾਰਾਂ ਤੇ ਤਾਲਿਬਾਨ ਦੀਆਂ ਇਸਲਾਮਿਕ ਸਰਕਾਰਾਂ ਰਹੀਆਂ ਹਨ, ਪਰ ਕਿਸੇ ਨੇ ਵੀ ਅੰਗਰੇਜ਼ਾਂ ਵੱਲੋਂ ਖਿੱਚੀ ਗਈ ਡੂਰੰਡ ਰੇਖਾ ਨੂੰ ਮਾਨਤਾ ਨਹੀਂ ਦਿੱਤੀ।ਡੂਰੰਡ ਰੇਖਾ ਹੀ ਮੌਜੂਦਾ ਪਾਕਿਸਤਾਨ-ਅਫ਼ਗਾਨਿਸਤਾਨ ਦੀ ਸਰਹੱਦ ਹੈ। ਇਸ ਨੂੰ ਮਾਨਤਾ ਨਾ ਦੇਣ ਦੇ ਪਿੱਛੇ ਕਾਰਨ ਇਹ ਹੈ ਕਿ ਇਹ ਰੇਖਾ ਪਸ਼ਤੂਨ (ਪਖ਼ਤੂਨ) ਇਲਾਕਿਆਂ ਨੂੰ ਦੋ ਹਿੱਸਿਆਂ ’ਚ ਵੰਡਦੀ ਹੈ, ਜਿਸ ਦੇ ਕਾਰਨ ਚਾਰ ਕਰੋੜ ਪਸ਼ਤੂਨਾਂ ਨੂੰ ਪਾਕਿਸਤਾਨ ਦੇ ਸ਼ਾਸਨ ’ਚ ਰਹਿਣਾ ਪੈ ਰਿਹਾ ਹੈ। ਜਦਕਿ ਉਹ ਸੁਭਾਵਿਕ ਤੌਰ ’ਤੇ ਅਫ਼ਗਾਨਿਸਤਾਨ ਨਾਲ ਜੁੜਾਅ ਮਹਿਸੂਸ ਕਰਦੇ ਹਨ। ਇਸ ਕਬਿਲਾਈ ਭਾਵਨਾ ਨੂੰ ਦੱਬਣ ਲਈ ਹੀ ਪਾਕਿਸਤਾਨ ਨੇ ਇਸਲਾਮਿਕ ਕੱਟੜਵਾਦ ਨੂੰ ਹਵਾ ਦਿੱਤੀ। ਆਪਣੇ ਕਬਜ਼ੇ ਵਾਲੇ ਪਸ਼ਤੂਨ ਇਲਾਕਿਆਂ ’ਚ ਸੈਂਕੜੇ ਮਦਰਸੇ ਸਥਾਪਿਤ ਕਰ ਪਾਕਿਸਤਾਨੀ ਫ਼ੌਜ ਨੇ ਹੀ ਤਾਲਿਬਾਨ ਨੂੰ ਖੜ੍ਹਾ ਕੀਤਾ। 9/11 ਤੋਂ ਬਾਅਦ ਪਾਕਿਸਤਾਨ ਨੇ ਤਾਲਿਬਾਨੀ ਆਗੂਆਂ ਨੂੰ ਪਾਕਿਸਤਾਨ ’ਚ ਆਪਣੀ ਸੁਰੱਖਿਆ ’ਚ ਇਹ ਕਹਿ ਕੇ ਰੱਖਿਆ ਕਿ ਉਹ ਉਨ੍ਹਾਂ ਨੂੰ ਅਮਰੀਕਾ ਤੋਂ ਬਚਾਉਣਾ ਚਾਹੁੰਦਾ ਹੈ। ਪਾਕਿਸਤਾਨ ਨੇ ਉਨ੍ਹਾਂ ਰਾਹੀਂ ਅਫ਼ਗਾਨਿਸਤਾਨ ’ਚ ਅਮਰੀਕੀ ਫ਼ੌਜ ’ਤੇ ਹਮਲੇ ਕਰਵਾਏ ਤੇ ਅਮਰੀਕੀ ਦਬਾਅ ਪੈਣ ’ਤੇ ਕਈ ਤਾਲਿਬਾਨ ਆਗੂਆਂ ਨੂੰ ਡਾਲਰਾਂ ਦੇ ਬਦਲੇ ਅਮਰੀਕਾ ਦੇ ਹਵਾਲੇ ਕਰ ਦਿੱਤਾ, ਜਿੱਥੇ ਉਨ੍ਹਾਂ ਨੂੰ ਸਾਲਾਂ ਤੱਕ ਗਵਾਂਤਾਨਾਮੋ ਬੇ ਜੇਲ੍ਹ ’ਚ ਅਣਮਨੁੱਖੀ ਤਸੀਹੇ ਸਹਿਣੇ ਪਏ। ਇਸ ਲਈ ਸਾਰੇ ਤਾਲਿਬਾਨੀ ਮੌਲਾਨਾ ਮਨ ਹੀ ਮਨ ’ਚ ਪਾਕਿਸਤਾਨੀ ਜਨਰਲਾਂ ਨਾਲ ਨਫ਼ਰਤ ਕਰਦੇ ਹਨ। ਗਵਾਂਤਾਨਾਮੋ ਬੇ ਜੇਲ੍ਹ ’ਚ ਚਾਰ ਸਾਲ ਬਿਤਾਉਣ ਵਾਲੇ ਅਜਿਹੇ ਹੀ ਤਾਲਿਬਾਨ ਨੇਤਾ ਮੁੱਲਾ ਜਈਫ਼ ਨੇ ਆਪਣੀ ਸਵੈਜੀਵਨੀ ‘ਮਾਈ ਲਾਈਫ਼ ਵਿਦ ਤਾਲਿਬਾਨ’ ’ਚ ਪਾਕਿਸਤਾਨ ਨੂੰÇ ਵਸ਼ਵਾਸਘਾਤੀ ਦੱਸਦੇ ਹੋਏ ਉਸ ਦੀ ਪੋਲ ਖੋਲ੍ਹੀ ਹੈ। ਪਾਕਿਸਤਾਨ ਦੀ ਧੋਖੇਬਾਜ਼ੀ ਨੂੰ ਦੇਖ ਕੇ ਹੀ ਤਾਲਿਬਾਨ ਨੇ ਅਮਰੀਕਾ ਨਾਲ ਸਿੱਧਾ ਸੰਪਰਕ ਕੀਤਾ ਤੇ ਅਮਰੀਕੀ ਫ਼ੌਜ ਇਕਦਮ ਅਫ਼ਗਾਨਿਸਤਾਨ ਨੂੰ ਤਾਲਿਬਾਨ ਦੇ ਹਵਾਲੇ ਕਰ ਕੇ ਉਥੋਂ ਚਲੀ ਗਈ। ਇਸ ਕਾਰਨ ਪਾਕਿਸਤਾਨ ਦੀ ਦੋਹਰੀ ਖੇਡ ਬੰਦ ਹੋ ਗਈ ਤੇ ਅਮਰੀਕਾ ਤੋਂ ਅੱਤਵਾਦ ਖ਼ਿਲਾਫ਼ ਜੰਗ ਦੇ ਨਾਂ ’ਤੇ ਆਉਣ ਵਾਲੇ ਅਰਬਾਂ ਡਾਲਰ ਦੇ ਪੈਕਜ ਬੰਦ ਹੋ ਗਏ। ਇਸ ਕਾਰਨ ਹੁਣ ਪਾਕਿਸਤਾਨ ਦੀ ਆਰਥਕ ਸਥਿਤੀ ਖ਼ਸਤਾਹਾਲ ਹੈ। ਹੁਣ ਅਫ਼ਗਾਨਿਸਤਾਨ ’ਚ ਤਾਲਿਬਾਨ ਦੀ ਕੱਟੜਪੰਥੀ ਇਸਲਾਮਿਕ ਸਰਕਾਰ ਹੈ। ਤਾਲਿਬਾਨ ਨੂੰ ਲਗਦਾ ਹੈ ਕਿ ਅਸਲੀ ਇਸਲਾਮ ਤਾਂ ਉਹੀ ਜਿਊਂਦੇ ਹਨ ਤੇ ਉਹ ਸ਼ਰੀਅਤ ਮੁਤਾਬਕ ਚੱਲ ਰਹੇ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਅਮਰੀਕੀਆਂ ਦੇ ਨਾਲ ਸ਼ਰਾਬ ਪੀਣ ਵਾਲੇ ਪਾਕਿਸਤਾਨੀ ਜਨਰਲ ਇਸਲਾਮਿਕ ਨਜ਼ਰੀਏ ਤੋਂ ਉਨ੍ਹਾਂ ਤੋਂ ਬਹੁਤ ਹੇਠਾਂ ਹਨ। ਤਾਲਿਬਾਨੀ ਮੌਲਵੀਆਂ ਨੂੰ ਲਗਦਾ ਹੈ ਕਿ ਪਾਕਿਸਤਾਨੀ ਜਨਰਲਾਂ ਨੂੰ ਉਨ੍ਹਾਂ ਦੇ ਮਾਰਗਦਰਸ਼ਨ ’ਚ ਚੱਲਣਾ ਚਾਹੀਦਾ ਹੈ, ਨਾ ਕਿ ਉਹ ਤਾਲਿਬਾਨ ਨੂੰ ਆਪਣੀ ਕਠਪੁਤਲੀ ਬਣਾਉਣ ਦੀ ਕੋਸ਼ਿਸ਼ ਕਰਨ। ਉਹ ਗੁਆਂਢੀ ਇਰਾਨ ਦੇ ਸ਼ੀਆ ਕਠਮੁੱਲਾ ਸ਼ਾਸਨ ਦੇ ਸੁੰਨੀ ਬਦਲ ਦਾ ਸੁਪਨਾ ਪਾਲਦੇ ਹਨ, ਜਿਸ ’ਚ ਇੱਕ ਇਸਲਾਮਿਕ ਧਰਮ ਗੁਰੂ ਆਯਤੁੱਲਾ ਖਾਮੇਨੇਈ ਸਰਬਉੱਚ ਆਗੂ ਹਨ ਤੇ ਸਰਕਾਰ ਤੋਂ ਲੈ ਕੇ ਫ਼ੌਜ ਤੱਕ ਉਨ੍ਹਾਂ ਦਾ ਹੀ ਹੁਕਮ ਮੰਨਦੀ ਹੈ। ਟੀ.ਟੀ.ਪੀ. ਦੇ ਰੂਪ ’ਚ ਤਾਲਿਬਾਨ ਦੇ ਕੋਲ ਇੱਕ ਹਥਿਆਰ ਵੀ ਹੈ, ਜਿਸ ਰਾਹੀਂ ਪਾਕਿਸਤਾਨ ਵੱਲੋਂ ਉਸ ਨੂੰ ਬਲੈਕਮੇਲ ਕਰਨ ਜਾਂ ਉਸ ’ਤੇ ਦਬਾਅ ਬਣਾਉਣ ਦੀ ਸਥਿਤੀ ’ਚ ਉਹ ਪਾਕਿਸਤਾਨ ਦੀ ਅੰਦਰੂਨੀ ਸੁਰੱਖਿਆ ਨੂੰ ਵੀ ਖ਼ਤਰੇ ’ਚ ਪਾ ਸਕਦਾ ਹੈ। ਤਾਲਿਬਾਨ ’ਚ ਪਸ਼ਤੂਨ ਵੀ ਹਨ, ਜੋ ਡੂਰੰਡ ਰੇਖਾ ਨੂੰ ਸਮਾਪਤ ਕਰ ਕੇ ਪਾਕਿਸਤਾਨ ਦੇ ਪਸ਼ਤੂਨ ਬਹੁਗਿਣਤੀ ਪ੍ਰਦੇਸ਼ ਖੈਬਰ ਪਖਤੂਨਖਵਾ ਨੂੰ ਅਫ਼ਗਾਨਿਸਤਾਨ ਦਾ ਹਿੱਸਾ ਬਣਦਾ ਦੇਖਣਾ ਚਾਹੁੰਦੇ ਹਨ। ਇਹ ਉਹੀ ਖੇਤਰ ਹਨ ਜੋ ਭਾਰਤ ਵੰਡ ਤੋਂ ਬਾਅਦ ਪਾਕਿਸਤਾਨ ਨੂੰ ਮਿਲਿਆ ਸੀ, ਪਰ ਅਫ਼ਗਾਨਿਸਤਾਨ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਕਾਨੂੰਨ ਮੁਤਾਬਕ ਨਵਾਂ ਰਾਸ਼ਟਰ ਬਣਨ ’ਤੇ ਪਿਛਲੀ ਸਰਕਾਰ ਵੱਲੋਂ ਕੀਤੀ ਗਈ ਸੰਧੀ ਸਮਾਪਤ ਹੋ ਜਾਂਦੀ ਹੈ। ਇਸ ਲਈ ਡੂਰੰਡ ਰੇਖਾ ਨੂੰ ਲੈ ਕੇ ਬ੍ਰਿਟਿਸ਼ ਭਾਰਤ ਤੇ ਅਫ਼ਗਾਨਿਸਤਾਨ ਦੇ ਵਿਚਾਲੇ ਹੋਈ ਸੰਧੀ ਪਾਕਿਸਤਾਨ ਬਣਨ ’ਤੇ ਸਮਾਪਤ ਹੋ ਚੁੱਕੀ ਹੈ। ਪਾਕਿਸਤਾਨ ਇਸ ਨੂੰ ਕਿਸੇ ਹਾਲਤ ’ਚ ਸਵੀਕਾਰ ਨਹੀਂ ਕਰ ਸਕਦਾ, ਕਿਉਂਕਿ ਅਜਿਹਾ ਕਰਨ ’ਤੇ ਉਸ ਨੂੰ ਖੈਬਰ ਪਖਤੂਨਖਵਾ ਤੋਂ ਹੱਥ ਧੋਣਾ ਪਵੇਗਾ। ਸਾਫ਼ ਹੈ ਕਿ ਤਾਲਿਬਾਨ ਰਾਹੀਂ ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਦੀ ਚਾਲ ਪਾਕਿਸਤਾਨ ’ਤੇ ਉਲਟੀ ਪੈਂਦੀ ਜਾ ਰਹੀ ਹੈ। ਪਸ਼ਤੂਨ ਰਾਸ਼ਟਰਵਾਦ ਦੇ ਉਭਾਰ ਵਾਲੇ ਦੌਰ ’ਚ ਪਾਕਿਸਤਾਨੀ ਫ਼ੌਜ ਤੋਂ ਇਕ ਹੋਰ ਵੱਡੀ ਭੁੱਲ ਹੋਈ ਤੇ ਉਹ ਇਹ ਕਿ ਪਸ਼ਤੂਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਸੱਤਾ ਤੋਂ ਲਾਂਭੇ ਕਰਨਾ ਤੇ ਉਨ੍ਹਾਂ ਦਾ ਲਗਾਤਾਰ ਸ਼ੋਸ਼ਣ ਕਰਨਾ। ਇਸ ਨਾਲ ਪਾਕਿਸਤਾਨ ਦੇ ਪਸ਼ਤੂਨ ਭਾਈਚਾਰੇ ’ਚ ਇਹ ਭਾਵਨਾ ਵਧੀ ਹੈ ਕਿ ਉਨ੍ਹਾਂ ਦੇ ਨਾਲ ਬੇਇਨਸਾਫ਼ੀ ਹੋ ਰਹੀ ਹੈ ਤੇ ਉਹ ਹੁਣ ਅਫ਼ਗਾਨਿਸਤਾਨ ਵੱਲ ਦੇਖਣ ਲੱਗੇ ਹਨ। ਇਹੀ ਕਾਰਨ ਹੈ ਕਿ ਟੀ.ਟੀ.ਪੀ. ਪਾਕਿਸਤਾਨੀ ਫ਼ੌਜ ਦੀਆਂ ਸਾਰੀਆਂ ਫ਼ੌਜੀ ਮੁਹਿੰਮਾਂ ਤੋਂ ਬਾਅਦ ਵੀ ਤਾਕਤਵਰ ਬਣਿਆ ਹੋਇਆ ਹੈ। ਪਾਕਿਸਤਾਨ ਤੇ ਪਸ਼ਤੂਨਾਂ ਦੇ ਰਿਸ਼ਤੇ ਵੈਸੇ ਵੀ ਵਿਗੜਦੇ ਜਾ ਰਹੇ ਹਨ ਜਿਵੇਂ ਕਦੀ ਪਾਕਿਸਤਾਨ ਤੇ ਬੰਗਾਲੀ ਮੁਸਲਮਾਨਾਂ ਵਿਚਾਲੇ ਵਿਗੜੇ ਸਨ। ਪਸ਼ਤੂਨ ਬਹੁ ਗਿਣਤੀ ਖੇਤਰ ’ਚ ਪਸ਼ਤੂਨ ਤਹਿਫ਼ੁੱਜ ਵਰਗੇ ਅੰਦੋਲਨ ਵੀ ਜ਼ੋਰ ਫ਼ੜ ਰਹੇ ਹਨ, ਜੋ ਪਾਕਿਸਤਾਨ ਦੀਆਂ ਫ਼ੌਜੀ ਤੇ ਖੁਫ਼ੀਆ ਮੁਹਿੰਮਾਂ ’ਚ ਪਸ਼ਤੂਨਾਂ ਦੀਆਂ ਹੱਤਿਆਵਾਂ ਨੂੰ ਲੈ ਕੇ ਆਵਾਜ਼ ਉਠਾ ਰਹੇ ਹਨ।

Loading