40 views 0 secs 0 comments

ਅਫ਼ਗਾਨਿਸਤਾਨ ਤੋਂ ਆਉਂਦੇ ਸੁੱਕੇ ਮੇਵਿਆਂ ’ਤੇ ਪਿਆ ਭਾਰਤ-ਪਾਕਿਸਤਾਨ ਤਨਾਓ ਦਾ ਅਸਰ

In ਭਾਰਤ
April 26, 2025
ਅੰਮ੍ਰਿਤਸਰ/ਏ.ਟੀ.ਨਿਊਜ਼ : ਪਹਿਲਗਾਮ ਘਟਨਾ ਤੋਂ ਬਾਅਦ ਭਾਰਤ ਵੱਲੋਂ ਅਟਾਰੀ ਸਰਹੱਦ ’ਤੇ ਚੈੱਕ ਪੋਸਟ ਨੂੰ ਬੰਦ ਕਰਨ ਦੇ ਐਲਾਨ ਤੋਂ ਬਾਅਦ ਅਫ਼ਗ਼ਾਨਿਸਤਾਨ ਤੋਂ ਆਉਣ ਵਾਲੇ ਮੇਵੇ ਤੇ ਡਰਾਈ ਫਰੂਟ ’ਤੇ ਵੱਡਾ ਅਸਰ ਦੇਖਣ ਨੂੰ ਮਿਲੇਗਾ। ਜਿਥੇ ਪਾਕਿਸਤਾਨ ਰਸਤਿਓਂ ਭਾਰਤ-ਅਫ਼ਗ਼ਾਨਿਸਤਾਨ ਨਾਲ ਹੋਣ ਵਾਲਾ ਵਪਾਰ ਪ੍ਰਭਾਵਤ ਹੋਵੇਗਾ, ਉਸ ਨੂੰ ਸੋਚ ਕੇ ਵਪਾਰੀ ਭਾਈਚਾਰਾ ਵੀ ਦੁਖੀ ਹੈ। ਪਿਛਲੇ ਦਿਨੀਂ ਅਟਾਰੀ ਚੈੱਕ ਪੋਸਟ ਬੰਦ ਦੇ ਐਲਾਨ ਤੋਂ ਬਾਅਦ ਅਫ਼ਗ਼ਾਨਿਸਤਾਨ ਤੋਂ ਆਉਣ ਵਾਲੇ ਸਾਮਾਨ ਦੇ ਰੇਟਾਂ ਵਿੱਚ 10 ਪ੍ਰਤੀਸ਼ਤ ਦਾ ਮਾਰਕਿਟ ਵਿੱਚ ਵਾਧੇ ਨਾਲ ਫ਼ਰਕ ਵੀ ਦੇਖਣ ਨੂੰ ਮਿਲ ਗਿਆ। ਦੱਸਣਯੋਗ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਵਧ ਗਿਆ, ਜਿਸ ਦਾ ਵਪਾਰ ’ਤੇ ਅਸਰ ਪਿਆ। ਜਿੱਥੇ 2017-18 ਅਤੇ 2018-19 ਵਿੱਚ ਲਗਭਗ 4000 ਕਰੋੜ ਰੁਪਏ ਦਾ ਵਪਾਰ ਹੋਇਆ ਸੀ, 2019-20 ਵਿੱਚ ਇਹ ਘੱਟ ਕੇ 2772 ਕਰੋੜ ਰੁਪਏ ਰਹਿ ਗਿਆ। 2020-21 ਵਿੱਚ ਇਹ ਘੱਟ ਕੇ 2639 ਕਰੋੜ ਰੁਪਏ ਰਹਿ ਗਿਆ। ਅਟਾਰੀ ਸਰਹੱਦ ਦੇਸ਼ ਦੀ ਪਹਿਲੀ ਜ਼ਮੀਨੀ ਬੰਦਰਗਾਹ ਹੈ ਜੋ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਨਾਲ ਵਪਾਰ ਲਈ ਅਨੁਕੂਲ ਰਸਤਾ ਹੈ। ਇਸ ਰਸਤੇ ਰਾਹੀਂ ਭਾਰਤ ਤੋਂ ਸਬਜ਼ੀਆਂ, ਮਿਰਚਾਂ, ਟਮਾਟਰ, ਪਲਾਸਟਿਕ ਦਾ ਧਾਗਾ ਆਯਾਤ ਕੀਤਾ ਜਾਂਦਾ ਸੀ ਜਦਕਿ ਸੁੱਕੇ ਮੇਵੇ, ਡਰਾਈ ਫਰੂਟ, ਜਿਪਸਮ, ਕੱਚ, ਸੇਂਧਾ ਨਮਕ, ਜੜ੍ਹੀਆਂ ਬੂਟੀਆਂ ਅਤੇ ਸਮਿੰਟ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਤੋਂ ਭਾਰਤ ਭੇਜਿਆ ਜਾਂਦਾ ਸੀ। ਸਰਹੱਦ ਬੰਦ ਹੋਣ ਕਾਰਨ ਅਟਾਰੀ-ਵਾਹਗਾ ਰੂਟ ਰਾਹੀਂ ਅਫ਼ਗ਼ਾਨਿਸਤਾਨ ਤੋਂ ਭਾਰਤ ਨੂੰ ਨਿਰਯਾਤ ਵੀ ਸੰਭਵ ਨਹੀਂ ਹੋਵੇਗਾ। 1953 ਤੋਂ ਅਫਗਾਨਿਸਤਾਨ ਤੋਂ ਡਰਾਈ ਫਰੂਟ ਦਾ ਵਪਾਰ ਕਰਨ ਵਾਲੀ ਫਰਮ ਮੋਹਰ ਸਿੰਘ ਸਵਰਨ ਸਿੰਘ ਦੇ ਮਾਲਕ ਮਨਮੋਹਨ ਸਿੰਘ ਨੇ ਕਿਹਾ ਕਿ ਅਟਾਰੀ ਚੈੱਕ ਪੋਸਟ ਬੰਦ ਹੋਣ ਤੋਂ ਬਾਅਦ ਅਫ਼ਗ਼ਾਨਿਸਤਾਨ ਤੋਂ ਪਾਕਿਸਤਾਨ ਰਾਹੀਂ ਆਉਂਦਾ ਡਰਾਈ ਫਰੂਟ ਦਾ ਕਾਰੋਬਾਰ ਪ੍ਰਭਾਵਤ ਹੋਵੇਗਾ। ਉਨ੍ਹਾਂ ਕਿਹਾ ਕਿ ਅਫ਼ਗ਼ਾਨਿਸਤਾਨ ਤੋਂ 4-5 ਦਿਨ ਵਿੱਚ ਡਰਾਈ ਫਰੂਟ ਭਾਰਤ ਪਹੁੰਚ ਜਾਂਦਾ ਸੀ। ਜੇਕਰ ਅਟਾਰੀ ਚੈੱਕ ਪੋਸਟ ਬੰਦ ਹੋਈ ਤਾਂ ਇਹ ਸਮਾਨ ਦੁਬਈ- ਮੁੰਬਈ ਦਾ ਸਫਰ ਤਹਿ ਕਰੇਗਾ, ਜਿਸ ਨੂੰ 40-45 ਦਿਨ ਦਾ ਸਮਾਂ ਲੱਗੇਗਾ ਜਿਸ ਦਾ ਅਸਰ ਕਿਰਾਏ ਭਾੜੇ ਦੇ ਨਾਲ-ਨਾਲ ਮਾਲ ਦੇ ਸਵਾਦ ’ਤੇ ਵੀ ਪੈ ਸਕਦਾ ਹੈ। ਡਰਾਈ ਫਰੂਟ ਮਰਚੈਂਟ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਮਹਿਰਾ ਨੇ ਕਿਹਾ ਕਿ ਕਾਰੋਬਾਰ ਪ੍ਰਭਾਵਤ ਹੋਵੇਗਾ ਪਰ ਪਾਕਿਸਤਾਨ ਵਲੋਂ ਕੀਤਾ ਗਿਆ ਕਾਇਰਤਾਪੂਰਨ ਕੰਮ ਬਰਦਾਸ਼ਤਯੋਗ ਨਹੀਂ ਹੈ।

Loading