ਅਮਰੀਕਾ ਅਤੇ ਭਾਰਤ ਵਿਚਾਲੇ ਹੋਣ ਵਾਲੀ ਵਪਾਰ ਸਮਝੌਤੇ ਦੀ ਅਹਿਮ ਗੱਲਬਾਤ ਮੁਲਤਵੀ

In ਮੁੱਖ ਖ਼ਬਰਾਂ
February 23, 2026

ਵਾਸ਼ਿੰਗਟਨ/ਏ.ਟੀ.ਨਿਊਜ਼: ਭਾਰਤ ਅਤੇ ਅਮਰੀਕਾ ਵਿਚਕਾਰ ਹੋਣ ਵਾਲੇ ਅੰਤਰਿਮ ਵਪਾਰ ਸਮਝੌਤੇ ਨੂੰ ਲੈ ਕੇ ਵਾਸ਼ਿੰਗਟਨ ਵਿੱਚ ਹੋਣ ਵਾਲੀ ਅਹਿਮ ਬੈਠਕ ਫਿਲਹਾਲ ਟਾਲ ਦਿੱਤੀ ਗਈ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਹੈ ਕਿ ਇਹ ਬੈਠਕ 23 ਤੋਂ 26 ਫਰਵਰੀ ਵਿਚਕਾਰ ਹੋਣੀ ਸੀ। ਇਸ ਦੇਰੀ ਦਾ ਮੁੱਖ ਕਾਰਨ ਅਮਰੀਕਾ ਵਿੱਚ ਟੈਰਿਫ (ਟੈਕਸ) ਨੀਤੀਆਂ ਵਿੱਚ ਆਇਆ ਅਚਾਨਕ ਬਦਲਾਅ ਹੈ ਕਿਉਂਕਿ ਪਹਿਲਾਂ ਇਸ ਸਮਝੌਤੇ ਤਹਿਤ ਭਾਰਤ ’ਤੇ 18% ਟੈਰਿਫ ਲੱਗਣਾ ਤੈਅ ਹੋਇਆ ਸੀ ਪਰ ਹਾਲ ਹੀ ਦੇ ਘਟਨਾਕ੍ਰਮ ਨੇ ਸਾਰੀ ਸਥਿਤੀ ਬਦਲ ਦਿੱਤੀ ਹੈ।
ਦਰਅਸਲ ਅਮਰੀਕੀ ਸੁਪਰੀਮ ਕੋਰਟ ਨੇ ਸਾਰੇ ਪੁਰਾਣੇ ਗਲੋਬਲ ਟੈਰਿਫ ਰੱਦ ਕਰ ਦਿੱਤੇ ਸਨ ਜਿਸ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁਨੀਆ ਭਰ ਲਈ ਪਹਿਲਾਂ 10% ਟੈਰਿਫ ਦਾ ਐਲਾਨ ਕੀਤਾ ਅਤੇ ਫਿਰ 24 ਘੰਟਿਆਂ ਦੇ ਅੰਦਰ ਹੀ ਉਸ ਨੂੰ ਵਧਾ ਕੇ 15% ਕਰ ਦਿੱਤਾ। ਹੁਣ ਜਦੋਂ ਟਰੰਪ ਦਾ 15% ਵਾਲਾ ਗਲੋਬਲ ਟੈਰਿਫ ਲਾਗੂ ਹੋ ਰਿਹਾ ਹੈ ਤਾਂ ਇਹ ਪੁਰਾਣੀ ਡੀਲ ਵਿੱਚ ਤੈਅ ਕੀਤੇ ਗਏ 18% ਟੈਰਿਫ ਨਾਲੋਂ ਘੱਟ ਹੈ ਜਿਸ ਕਾਰਨ ਪੁਰਾਣੀ ਡੀਲ ਦੇ ਨਿਯਮਾਂ ’ਤੇ ਮੁੜ ਵਿਚਾਰ ਕਰਨਾ ਲਾਜ਼ਮੀ ਹੋ ਗਿਆ ਹੈ।
ਟੈਰਿਫ ਦਰਾਂ ਵਿੱਚ ਆਏ ਇਸ ਫਰਕ ਨੂੰ ਦੇਖਦੇ ਹੋਏ ਦੋਵਾਂ ਦੇਸ਼ਾਂ ਨੇ ਫੈਸਲਾ ਕੀਤਾ ਹੈ ਕਿ ਪਹਿਲਾਂ ਇਨ੍ਹਾਂ ਨਵੇਂ ਬਦਲਾਅ ਦੀ ਡੂੰਘਾਈ ਨਾਲ ਸਮੀਖਿਆ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਹੀ ਬੈਠਕ ਦੀ ਨਵੀਂ ਤਾਰੀਖ ਤੈਅ ਕੀਤੀ ਜਾਵੇਗੀ। ਮਾਹਿਰਾਂ ਦਾ ਮੰਨਣਾ ਹੈ ਕਿ ਬੈਠਕ ਟਲਣ ਕਾਰਨ ਹੁਣ ਇਸ ਵਪਾਰ ਸਮਝੌਤੇ ਦੇ ਸਿਰੇ ਚੜ੍ਹਨ ਵਿੱਚ ਹੋਰ ਸਮਾਂ ਲੱਗ ਸਕਦਾ ਹੈ ਕਿਉਂਕਿ ਹੁਣ ਦੋਵੇਂ ਪਾਸੇ ਨਵੀਆਂ ਦਰਾਂ ਦੇ ਹਿਸਾਬ ਨਾਲ ਗੱਲਬਾਤ ਨੂੰ ਅੱਗੇ ਵਧਾਉਣਗੇ।

Loading