
ਨਿਊਯਾਰਕ/ਏ.ਟੀ.ਨਿਊਜ਼: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਦੇ ਸਾਬਕਾ ਰਾਸ਼ਟਰਪਤੀ ਦਮਿਤਰੀ ਮੈਦਵੇਦੇਵ ਦੇ ‘ਬੇਹੱਦ ਭੜਕਾਊ ਬਿਆਨਾਂ’ ਦੇ ਆਧਾਰ ’ਤੇ ਦੋ ਅਮਰੀਕੀ ਪਰਮਾਣੂ ਪਣਡੁੱਬੀਆਂ ਦੀ ਜਗ੍ਹਾ ਤਬਦੀਲ ਕਰਨ ਦਾ ਹੁੁਕਮ ਦਿੱਤਾ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ’ਤੇ ਇੱਕ ਪੋਸਟ ’ਚ ਕਿਹਾ ਕਿ ਮੈਦਵੇਦੇਵ ਦੇ ‘ਬੇਹੱਦ ਭੜਕਾਊ ਬਿਆਨਾਂ’ ਦੇ ਆਧਾਰ ’ਤੇ ਉਨ੍ਹਾਂ ਨੇ ਖੇਤਰਾਂ ’ਚ ਦੋ ਪਰਮਾਣੂ ਪਣਡੁੱਬੀਆਂ ਨੂੰ ਤਾਇਨਾਤ ਕਰਨ ਦਾ ਹੁਕਮ ਦਿੱਤਾ ਹੈ।
ਟਰੰਪ ਨੇ ਆਖਿਆ, ‘‘ਬਿਆਨ ਅਹਿਮ ਹੁੰਦੇ ਹਨ ਅਤੇ ਕਦੇ ਕਦੇ ਇਹ ਅਣਚਾਹੇ ਮਾੜੇ ਨਤੀਜਿਆਂ ਵੱਲ ਲੈ ਜਾਂਦੇ ਹਨ। ਮੈਂ ਉਮੀਦ ਕਰਦਾ ਹਾਂ ਕਿ ਮੈਦਵੇਦੇਵ ਦੇ ਬਿਆਨਾਂ ਨਾਲ ਅਜਿਹਾ ਨਾ ਹੋਵੇ।’’
ਦਰਅਸਲ ਟਰੰਪ ਨੇ ਪਿਛਲੇ ਦਿਨੀਂ ਇੱਕ ਪੋਸਟ ’ਚ ਮੈਦਵੇਦੇਵ ਨੂੰ ‘‘ਰੂਸ ਦਾ ਨਾਕਾਮ ਰਾਸ਼ਟਰਪਤੀ’ ਦੱਸਿਆ ਸੀ। ਇਸ ਦੇ ਕੁਝ ਘੰਟਿਆਂ ਮਗਰੋਂ ਮੈਦਵੇਦੇਵ ਨੇ ਜਵਾਬ ਦਿੰਦਿਆਂ ਕਿਹਾ ਸੀ, ‘‘ਰੂਸ ਹਰ ਮਾਮਲੇ ’ਚ ਸਹੀ ਹੈ ਅਤੇ ਆਪਣੇ ਰਸਤੇ ’ਤੇ ਚੱਲਦਾ ਰਹੇਗਾ।’’
ਦੋਵਾਂ ਮੁਲਕਾਂ ਵਿਚਾਲੇ ਜ਼ੁਬਾਨੀ ਜੰਗ ਦੀ ਸ਼ੁਰੂਆਤ ਇਸੇ ਹਫ਼ਤੇ ਹੋਈ ਸੀ ਜਦੋਂ ਮੈਦਵੇਦੇਵ ਨੇ ਲਿਖਿਆ, ‘‘ਟਰੰਪ ਰੂਸ ਨਾਲ ਅਲਟੀਮੇਟਮ ਗੇਮ ਖੇਡ ਰਹੇ ਹਨ। ਉਨ੍ਹਾਂ ਨੂੰ ਦੋ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਹਨ। ਪਹਿਲੀ ਇਹ ਕਿ ਰੂਸ, ਇਜ਼ਰਾਇਲ ਜਾਂ ਇਰਾਨ ਨਹੀਂ ਹੈ। ਦੂਜੀ ਇਹ ਕਿ ਹਰ ਨਵਾਂ ਅਲਟੀਮੇਟਮ ਇੱਕ ਖ਼ਤਰਾ ਹੈ ਅਤੇ ਜੰਗ ਵੱਲ ਲਿਜਾਣ ਵਾਲਾ ਕਦਮ ਹੈ। ਰੂਸ ਤੇ ਯੂਕ੍ਰੇਨ ਦਰਮਿਆਨ ਨਹੀਂ ਸਗੋਂ ਉਨ੍ਹਾਂ ਦੇ ਆਪਣੇ ਮੁਲਕ (ਅਮਰੀਕਾ) ਨਾਲ।
ਪਿਛਲੇ ਦਿਨੀਂ ਜਦੋਂ ਟਰੰਪ ਵ੍ਹਾਈਟ ਹਾਊਸ ਤੋਂ ਰਵਾਨਾ ਹੋਣ ਲੱਗੇ ਤਾਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪਣਡੁੱਬੀਆਂ ਦੀ ਜਗ੍ਹਾ ਕਿੱਥੇ ਬਦਲੀ ਗਈ ਹੈ ਤਾਂ ਉਨ੍ਹਾਂ ਕੋਈ ਜਾਣਕਾਰੀ ਨਹੀਂ ਦਿੱਤੀ। ਟਰੰਪ ਨੇ ਆਖਿਆ, ‘‘ਅਸੀਂ ਅਜਿਹਾ ਕਰਨਾ ਹੀ ਸੀ। ਸਾਨੂੰ ਬੱਸ ਚੌਕੰਨੇ ਰਹਿਣਾ ਪਵੇਗਾ। ਧਮਕੀ ਦਿੱਤੀ ਗਈ ਹੈ। ਸਾਨੂੰ ਲੱਗਦਾ ਹੈ ਕਿ ਇਹ ਵਾਜਬ ਨਹੀਂ ਹੈ, ਇਸ ਲਈ ਮੈਨੂੰ ਬਹੁਤ ਸਾਵਧਾਨ ਰਹਿਣਾ ਪਵੇਗਾ।’’
ਰਾਸ਼ਟਰਪਤੀ ਟਰੰਪ ਨੇ ਇਹ ਵੀ ਆਖਿਆ, ‘‘ਮੈਂ ਆਪਣੇ ਲੋਕਾਂ ਦੀ ਸੁਰੱਖਿਆ ਲਈ ਅਜਿਹਾ ਕਰ ਰਿਹਾ ਹਾਂ। ਜਦੋਂ ਤੁਸੀਂ ਪਰਮਾਣੂ ਤਾਕਤ ਦੀ ਗੱਲ ਕਰਦੇ ਹੋ ਤਾਂ ਸਾਨੂੰ ਤਿਆਰ ਰਹਿਣਾ ਹੋਵੇਗਾ। ਅਸੀਂ ਪੂਰੀ ਤਰ੍ਹਾਂ ਤਿਆਰ ਹਾਂ।’’ ਦੱਸਣਯੋਗ ਹੈ ਕਿ ਵਲਾਦੀਮੀਰ ਪੂਤਿਨ ’ਤੇ ਤੀਜੀ ਵਾਰ ਚੋਣ ਲੜਨ ’ਤੇ ਰੋਕ ਲੱਗਣ ਮਗਰੋਂ ਮੈਦਵੇਦੇਵ 2008 ਤੋਂ 2012 ਤੱਕ ਰੂਸ ਦੇ ਰਾਸ਼ਟਰਪਤੀ ਰਹੇ ਸਨ। ਬਾਅਦ ’ਚ ਪੂਤਿਨ ਨੂੰ ਮੁੜ ਚੋਣਾਂ ਲੜਨ ਦੀ ਆਗਿਆ ਮਿਲਣ ਮਗਰੋਂ ਮੈਦਵੇਦੇਵ ਨੇ ਅਹੁਦਾ ਛੱਡ ਦਿੱਤਾ ਸੀ।