
ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਅਮਰੀਕਾ ਅਫ਼ਗਾਨਿਸਤਾਨ ਵਿੱਚ ਬਗਰਾਮ ਹਵਾਈ ਅੱਡਾ ਆਪਣੇ ਕੰਟਰੋਲ ਹੇਠ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਐਲਾਨ ਕਰਦਿਆਂ ਕਿਹਾ ਹੈ ਕਿ ਖੇਤਰ ਵਿੱਚ ਚੀਨ ਦੀਆਂ ਗਤੀਵਿਧੀਆਂ ਉੱਪਰ ਨਜ਼ਰ ਰੱਖਣ ਲਈ ਅਜਿਹਾ ਕਰਨਾ ਜ਼ਰੂਰੀ ਹੈ। 2021 ਵਿੱਚ ਅਫ਼ਗਾਨਿਸਤਾਨ ਵਿੱਚੋਂ ਅਮਰੀਕੀ ਫ਼ੌਜਾਂ ਹਟਾਉਣ ਤੋਂ ਪਹਿਲਾਂ ਫ਼ੈਲੀ ਅਫ਼ਰਾ ਤਫ਼ਰੀ ਦਰਮਿਆਨ ਅਮਰੀਕਾ ਨੇ ਇਥੇ ਆਪਣੀ ਫ਼ੌਜੀ ਛਾਉਣੀ ਖਤਮ ਕਰ ਦਿੱਤੀ ਸੀ ਤੇ ਨਤੀਜੇ ਵਜੋਂ ਅਫ਼ਗਾਨਿਸਤਾਨ ਤਾਲਿਬਾਨ ਦੇ ਕਬਜ਼ੇ ਵਿੱਚ ਆ ਗਿਆ ਸੀ। ਇੰਗਲੈਂਡ ਦੌਰੇ ਦੇ ਅੰਤਿਮ ਦਿਨ ਟਰੰਪ ਨੇ ਕਿਹਾ ਅਫ਼ਗਾਨਿਸਤਾਨ ਨੂੰ ਸਾਡੇ ਕੋਲੋਂ ਕੁਝ ਚੀਜ਼ਾਂ ਦੀ ਲੋੜ ਹੈ ਤੇ ਸਾਨੂੰ ਬਰਗਾਮ ਹਵਾਈ ਅੱਡੇ ੳੁੱਪਰ ਕੰਟਰੋਲ ਚਾਹੀਦਾ ਹੈ। ਅਸੀਂ ਇਹ ਹਵਾਈ ਅੱਡਾ ਵਾਪਿਸ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਇਹ ਹਵਾਈ ਅੱਡਾ ਇਸ ਲਈ ਚਹੁੰਦੇ ਹਾਂ ਕਿਉਂਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਜਿਥੇ ਚੀਨ ਪ੍ਰਮਾਣੂ ਹਥਿਆਰ ਬਣਾਉਂਦਾ ਹੈ, ਉਥੇ ਪਹੁੰਚਣ ਲਈ ਇਸ ਹਵਾਈ ਅੱਡੇ ਤੋਂ ਇੱਕ ਘੰਟਾ ਲੱਗਦਾ ਹੈ।