ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਉਹ ਵਿਸ਼ਵ ਦੇ ਸਭ ਤੋਂ ਵੱਡੇ ਟਾਪੂ ਗ੍ਰੀਨਲੈਂਡ ਨੂੰ ਖਰੀਦਣ ਲਈ ਇੱਕ ਅਜਿਹੀ ਰਣਨੀਤੀ ’ਤੇ ਕੰਮ ਕਰ ਰਹੇ ਹਨ, ਜਿਸ ਵਰਗੀ ਇਤਿਹਾਸ ਵਿੱਚ ਨਹੀਂ ਮਿਲਦੀ। ਰਿਪੋਰਟਾਂ ਮੁਤਾਬਕ, ਅਮਰੀਕਾ ਗ੍ਰੀਨਲੈਂਡ ਦੇ ਨਾਗਰਿਕਾਂ ਨੂੰ ਸਿੱਧੇ ਪੈਸੇ ਦੇਣ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਡੈਨਮਾਰਕ ਤੋਂ ਵੱਖ ਹੋਣ ਅਤੇ ਅਮਰੀਕਾ ਦਾ ਹਿੱਸਾ ਬਣਨ ਲਈ ਉਕਸਾ ਰਿਹਾ ਹੈ। ਇਹ ਕਦਮ ਨਾ ਸਿਰਫ ਅੰਤਰਰਾਸ਼ਟਰੀ ਕੂਟਨੀਤੀ ਦੇ ਨਿਯਮਾਂ ਨੂੰ ਚੁਣੌਤੀ ਦੇ ਰਿਹਾ ਹੈ, ਸਗੋਂ ਆਰਕਟਿਕ ਖੇਤਰ ਵਿੱਚ ਵੱਡੀਆਂ ਤਾਕਤਾਂ ਵਿਚਕਾਰ ਨਵੇਂ ਯੁੱਧ ਦੀ ਆਹਟ ਵੀ ਦੇ ਰਿਹਾ ਹੈ।
ਰਾਇਟਰਜ਼ ਦੀ ਰਿਪੋਰਟ ਅਨੁਸਾਰ, ਟਰੰਪ ਪ੍ਰਸ਼ਾਸਨ ਗ੍ਰੀਨਲੈਂਡ ਦੇ ਲਗਭਗ 57,000 ਨਾਗਰਿਕਾਂ ਨੂੰ ਲੁਭਾਉਣ ਲਈ 10,000 ਤੋਂ 1,00,000 ਡਾਲਰ ਤੱਕ ਦੀ ਇੱਕ ਵਾਰੀ ਰਕਮ ਦੇਣ ’ਤੇ ਵਿਚਾਰ ਕਰ ਰਿਹਾ ਹੈ। ਇਸ ਯੋਜਨਾ ਦੀ ਅੰਦਾਜ਼ਨ ਲਾਗਤ ਲਗਭਗ 6 ਅਰਬ ਡਾਲਰ ਹੈ। ਅਮਰੀਕਾ ਦਾ ਵਿਚਾਰ ਹੈ ਕਿ ਲੋਕਾਂ ਨੂੰ ਸਿੱਧੇ ਆਰਥਿਕ ਲਾਭ ਪਹੁੰਚਾ ਕੇ ਉਹ ਡੈਨਮਾਰਕ ਵੱਲ ਉਨ੍ਹਾਂ ਦੀ ਵਫ਼ਾਦਾਰੀ ਬਦਲ ਸਕਦਾ ਹੈ। ਹਾਲਾਂਕਿ ਇਹ ਪ੍ਰਸਤਾਵ ਅਜੇ ਚਰਚਾ ਵਿੱਚ ਹੈ, ਪਰ ਇਸ ਨੇ ਵਿਸ਼ਵ ਪੱਧਰ ਤੇ ਨੈਤਿਕਤਾ ਅਤੇ ਸੰਪ੍ਰਭੂਤਾ ਦੀ ਬਹਿਸ ਛੇੜ ਦਿੱਤੀ ਹੈ।
ਟਰੰਪ ਲਈ ਗ੍ਰੀਨਲੈਂਡ ਸਿਰਫ ਜ਼ਮੀਨ ਦਾ ਟੁਕੜਾ ਨਹੀਂ, ਸਗੋਂ ਰਾਸ਼ਟਰੀ ਸੁਰੱਖਿਆ ਦਾ ਇੱਕ ਮਜ਼ਬੂਤ ਕਿਲ੍ਹਾ ਹੈ। ਆਰਕਟਿਕ ਖੇਤਰ ਵਿੱਚ ਰੂਸ ਦੀ ਵਧਦੀ ਫੌਜੀ ਮੌਜੂਦਗੀ ਅਤੇ ਚੀਨ ਦੇ ‘ਪੋਲਰ ਸਿਲਕ ਰੋਡ’ ਪ੍ਰੋਜੈਕਟ ਨੇ ਅਮਰੀਕਾ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਗ੍ਰੀਨਲੈਂਡ ਉਪਰ ਕੰਟਰੋਲ ਕਰ ਕੇ ਅਮਰੀਕਾ ਉੱਤਰੀ ਧਰੁਵ ’ਤੇ ਆਪਣੀ ਫ਼ੌਜੀ ਉੱਤਮਤਾ ਬਣਾਉਣਾ ਚਾਹੁੰਦਾ ਹੈ। ਟਰੰਪ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਫ਼ੌਜੀ ਵਿਕਲਪ ਮੇਜ਼ ’ਤੇ ਹਨ, ਜੋ ਦਰਸਾਉਂਦਾ ਹੈ ਕਿ ਅਮਰੀਕਾ ਇਸ ਖੇਤਰ ਨੂੰ ਕਿੰਨਾ ਮਹੱਤਵਪੂਰਨ ਮੰਨਦਾ ਹੈ।
ਡੈਨਮਾਰਕ ਅਤੇ ਗ੍ਰੀਨਲੈਂਡ ਦੇ ਲੀਡਰਾਂ ਨੇ ਇਸ ਅਮਰੀਕੀ ਯੋਜਨਾ ਨੂੰ ‘ਹਾਸੋਹੀਣਾ’ ਕਹਿ ਕੇ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਡੈਨਮਾਰਕ ਦੀ ਪ੍ਰਧਾਨ ਮੰਤਰੀ ਨੇ ਚਿਤਾਵਨੀ ਦਿੱਤੀ ਹੈ ਕਿ ਗ੍ਰੀਨਲੈਂਡ ਤੇ ਕਿਸੇ ਵੀ ਤਰ੍ਹਾਂ ਦਾ ਦਬਾਅ ਜਾਂ ਹਮਲਾ ਨਾਟੋ ਗਠਜੋੜ ਦੀ ਨੀਂਹ ਨੂੰ ਹਿਲਾ ਸਕਦਾ ਹੈ। ਯੂਰਪੀ ਮੁਲਕਾਂ ਜਿਵੇਂ ਫਰਾਂਸ ਅਤੇ ਜਰਮਨੀ ਨੇ ਵੀ ਗ੍ਰੀਨਲੈਂਡ ਦੀ ਖੇਤਰੀ ਅਖੰਡਤਾ ਦਾ ਸਮਰਥਨ ਕੀਤਾ ਹੈ। ਇਹ ਵਿਵਾਦ ਅਮਰੀਕਾ ਨੂੰ ਆਪਣੇ ਹੀ ਸਹਿਯੋਗੀਆਂ ਨਾਲ ਰਿਸ਼ਤੇ ਤਣਾਅਪੂਰਨ ਬਣਾ ਰਿਹਾ ਹੈ, ਜਿਸ ਨਾਲ ਪੱਛਮੀ ਗਠਜੋੜ ਵਿੱਚ ਦਰਾੜ ਪੈਣ ਦਾ ਖ਼ਤਰਾ ਹੈ।
ਗ੍ਰੀਨਲੈਂਡ ਦੀ ਅਹਿਮੀਅਤ ਉੱਥੇ ਲੁਕੇ ਹੋਏ ਦੁਰਲੱਭ ਖਣਿਜਾਂ (ਰੇਅਰ ਅਰਥ ਮਿਨਰਲਜ਼), ਤੇਲ ਅਤੇ ਗੈਸ ਦੇ ਵਿਸ਼ਾਲ ਭੰਡਾਰਾਂ ਕਰਕੇ ਹੈ। ਜਿਵੇਂ-ਜਿਵੇਂ ਜਲਵਾਯੂ ਬਦਲਾਅ ਕਰਕੇ ਬਰਫ ਪਿਘਲ ਰਹੀ ਹੈ, ਇਹ ਸਾਧਨ ਵਧੇਰੇ ਉਪਲੱਬਧ ਹੋ ਰਹੇ ਹਨ। ਸਮਾਰਟਫੋਨਾਂ ਤੋਂ ਲੈ ਕੇ ਲੜਾਕੂ ਜਹਾਜ਼ ਬਣਾਉਣ ਤੱਕ ਵਰਤੇ ਜਾਣ ਵਾਲੇ ਖਣਿਜਾਂ ’ਤੇ ਕੰਟਰੋਲ ਲਈ ਇਹ ਇੱਕ ‘ਸਾਧਨ ਯੁੱਧ’ ਵਰਗਾ ਹੈ। ਅਮਰੀਕਾ ਚਾਹੁੰਦਾ ਹੈ ਕਿ ਭਵਿੱਖ ਦੀ ਇਸ ਖਣਿਜ ਸੰਪੱਤੀ ’ਤੇ ਡੈਨਮਾਰਕ ਦੀ ਬਜਾਏ ਉਸ ਦਾ ਅਧਿਕਾਰ ਹੋਵੇ, ਤਾਂ ਜੋ ਉਹ ਚੀਨ ’ਤੇ ਆਪਣੀ ਨਿਰਭਰਤਾ ਘਟਾ ਸਕੇ।
ਡੈਨਮਾਰਕ ਅਤੇ ਗ੍ਰੀਨਲੈਂਡ ਦਾ ਕਹਿਣਾ ਹੈ ਕਿ ਇਹ ਇਲਾਕਾ ਵਿਕਰੀ ਲਈ ਨਹੀਂ ਹੈ। ਡੈਨਮਾਰਕ ਨੇ ਟਰੰਪ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਫੌਜੀ ਕਾਰਵਾਈ ਨਾਲ ਟਰਾਂਸ ਅਟਲਾਂਟਿਕ ਰੱਖਿਆ ਗਠਜੋੜ ਯਾਨੀ ਨਾਟੋ ਖ਼ਤਮ ਹੋ ਜਾਵੇਗਾ। ਵਾਸ਼ਿੰਗਟਨ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਪੱਸ਼ਟ ਕਿਹਾ ਹੈ ਕਿ ਉਹ ਗ੍ਰੀਨਲੈਂਡ ਤੇ ਨਿਯੰਤਰਣ ਕਰਨ ਜਾ ਰਹੇ ਹਨ। ਟਰੰਪ ਦਾ ਕਹਿਣਾ ਹੈ ਕਿ ਰੂਸ ਅਤੇ ਚੀਨ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਅਮਰੀਕਾ ਨੂੰ ਗ੍ਰੀਨਲੈਂਡ ’ਤੇ ਕਬਜ਼ਾ ਕਰਨਾ ਪਵੇਗਾ।
ਡੋਨਾਲਡ ਟਰੰਪ ਨੇ ਪਿਛਲੇ ਸਾਲ ਅਤੇ ਹਾਲੀਆ ਦਿਨਾਂ ਵਿੱਚ ਕਈ ਵਾਰ ਕਿਹਾ ਹੈ ਕਿ ਇਹ ਇਲਾਕਾ ਰੂਸੀ ਅਤੇ ਚੀਨੀ ਜਹਾਜ਼ਾਂ ਨਾਲ ਭਰਿਆ ਹੋਇਆ ਹੈ। ਅਜਿਹੇ ਵਿੱਚ ਅਮਰੀਕਾ ਨੂੰ ਇੱਥੇ ਕੰਟਰੋਲ ਕਰਨਾ ਪਵੇਗਾ। ਹਾਲਾਂਕਿ ਅਮਰੀਕਾ ਦਾ ਗ੍ਰੀਨਲੈਂਡ ਵਿੱਚ ਪਿਛਲੇ 75 ਸਾਲਾਂ ਤੋਂ ਫ਼ੌਜੀ ਅੱਡਾ ਹੈ। ਅਮਰੀਕਾ ਨੂੰ ਗ੍ਰੀਨਲੈਂਡ ਵਿੱਚ ਆਪਣੇ ਫ਼ੌਜੀ ਰੱਖਣ ਦਾ ਅਧਿਕਾਰ ਹੈ ਪਰ ਟਰੰਪ ਇਸ ਤੋਂ ਵੱਧ ਯਾਨੀ ਪੂਰਾ ਕੰਟਰੋਲ ਚਾਹੁੰਦੇ ਹਨ।
ਗ੍ਰੀਨਲੈਂਡ ਉੱਤਰ ਅਮਰੀਕਾ ਅਤੇ ਆਰਕਟਿਕ ਵਿਚਕਾਰ ਹੈ। ਇੱਥੇ ਦੇ ਲੋਕ ਆਪਣਾ ਸ਼ਾਸਨ ਚਲਾਉਂਦੇ ਹਨ ਪਰ ਵਿਦੇਸ਼ ਨੀਤੀ ਅਤੇ ਫ਼ੌਜ ਡੈਨਮਾਰਕ ਕੋਲ ਹੈ। ਆਪਣੀ ਵਿਸ਼ੇਸ਼ ਸਥਿਤੀ (ਲੋਕੇਸ਼ਨ) ਕਰਕੇ ਗ੍ਰੀਨਲੈਂਡ ਮਿਜ਼ਾਇਲ ਹਮਲਿਆਂ ਦੀ ਸਥਿਤੀ ਵਿੱਚ ਅਰਲੀ ਵਾਰਨਿੰਗ ਸਿਸਟਮ ਲਈ ਅਹਿਮ ਹੈ। ਜਹਾਜ਼ਾਂ ਦੀ ਨਿਗਰਾਨੀ ਲਈ ਵੀ ਇਹ ਰਣਨੀਤਕ ਤੌਰ ’ਤੇ ਮਹੱਤਵਪੂਰਨ ਹੈ। ਵਾੲ੍ਹੀਟ ਹਾਊਸ ਨੇ ਕਿਹਾ ਹੈ ਕਿ ਗ੍ਰੀਨਲੈਂਡ ਨੂੰ ਅਮਰੀਕਾ ਦਾ ਹਿੱਸਾ ਬਣਾਉਣ ਲਈ ਫ਼ੌਜ ਦੀ ਵਰਤੋਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਮਰੀਕੀ ਧਮਕੀਆਂ ਤੋਂ ਬਾਅਦ ਡੈਨਮਾਰਕ ਨੇ ਗ੍ਰੀਨਲੈਂਡ ਦੀ ਰੱਖਿਆ ਲਈ ਮੁਕਾਬਲੇ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਡੈਨਮਾਰਕ ਦੇ ਸੰਸਦ ਮੈਂਬਰ ਅਤੇ ਡਿਫੈਂਸ ਕਮੇਟੀ ਦੇ ਚੇਅਰਪਰਸਨ ਰਾਸਮਸ ਜਾਰਲੋਵ ਨੇ ਕਿਹਾ ਕਿ ਜੇ ਅਮਰੀਕਾ ਗ੍ਰੀਨਲੈਂਡ ’ਤੇ ਹਮਲਾ ਕਰਦਾ ਹੈ ਤਾਂ ਡੈਨਮਾਰਕ ਨੂੰ ਆਪਣੀ ਰੱਖਿਆ ਕਰਨੀ ਪਵੇਗੀ। ਜਾਰਲੋਵ ਨੇ ਇਹ ਵੀ ਦੱਸਿਆ ਕਿ ਟਰੰਪ ਲਈ ਗ੍ਰੀਨਲੈਂਡ ’ਤੇ ਹਮਲੇ ਲਈ ਕੋਈ ਖ਼ਤਰਾ, ਦੁਸ਼ਮਣੀ ਜਾਂ ਅਜਿਹੀ ਕੋਈ ਵਜ੍ਹਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਕੋਲ ਪਹਿਲਾਂ ਹੀ ਗ੍ਰੀਨਲੈਂਡ ਤੱਕ ਪਹੁੰਚ ਹੈ ਅਤੇ ਦੋਹਾਂ ਮੁਲਕਾਂ ਵਿਚਕਾਰ ਇੱਕ ਰੱਖਿਆ ਸਮਝੌਤਾ ਹੈ ਜੋ ਉਨ੍ਹਾਂ ਨੂੰ ਖਨਣ ਕਰਨ ਦੀ ਇਜਾਜ਼ਤ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ‘ਅਮਰੀਕਾ ਨੂੰ ਅਜਿਹਾ ਕਰਨ ਦੀ ਬਿਲਕੁਲ ਕੋਈ ਜ਼ਰੂਰਤ ਨਹੀਂ ਹੈ ਅਤੇ ਸਾਨੂੰ ਉਮੀਦ ਹੈ ਕਿ ਇਹ ਮਾਮਲਾ ਅੱਗੇ ਨਹੀਂ ਵਧੇਗਾ’।
ਇਸ ਵਿਚਕਾਰ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟੇ ਫ੍ਰੈਡਰਿਕਸਨ ਨੇ ਚਿਤਾਵਨੀ ਦਿੱਤੀ ਹੈ ਕਿ ਗ੍ਰੀਨਲੈਂਡ ਤੇ ਅਮਰੀਕਾ ਹਮਲਾ ਨਾਟੋ ਦੇ ਅੰਤ ਦਾ ਕਾਰਨ ਬਣ ਸਕਦਾ ਹੈ। ਨਾਲ ਹੀ, ਵਾੲ੍ਹੀਟ ਹਾਊਸ ਦੀ ਪ੍ਰੈੱਸ ਸੈਕਰੇਟਰੀ ਕੈਰੋਲਿਨ ਲੇਵਿਟ ਨੇ ਕਿਹਾ ਕਿ ਵਾਸ਼ਿੰਗਟਨ ਵਿੱਚ ਗ੍ਰੀਨਲੈਂਡ ਨੂੰ ਹਾਸਲ ਕਰਨ ਲਈ ਕਈ ਵਿਕਲਪਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ ਫ਼ੌਜੀ ਬਲ ਦੀ ਵਰਤੋਂ ਵੀ ਇੱਕ ਵਿਕਲਪ ਹੈ।
ਡੋਨਾਲਡ ਟਰੰਪ ਨੇ ਗ੍ਰੀਨਲੈਂਡ ’ਤੇ ਕਬਜ਼ਾ ਜਮਾਉਣ ਦੀ ਬਿਆਨਬਾਜ਼ੀ ਤੋਂ ਬਾਅਦ ਅਮਰੀਕਾ ਅਤੇ ਡੈਨਮਾਰਕ ਵਿੱਚ ਤਣਾਅ ਵਧ ਗਿਆ ਹੈ। ਗ੍ਰੀਨਲੈਂਡ ਦੇ ਲੋਕਾਂ ਦੀ ਰਾਏ ਸਭ ਤੋਂ ਅਹਿਮ ਹੈ, ਜੋ ਅਮਰੀਕੀ ਕੰਟਰੋਲ ਨੂੰ ਨਕਾਰ ਰਹੇ ਹਨ। ਇਹ ਮਾਮਲਾ ਅਜੇ ਵਧੇਰੇ ਗਰਮਾਉਣ ਵਾਲਾ ਹੈ ਅਤੇ ਵਿਸ਼ਵ ਨੇਤਾਵਾਂ ਨੂੰ ਸੰਭਾਲ ਕੇ ਚੱਲਣਾ ਪਵੇਗਾ।
ਕੀ ਕਹਿੰਦੀਆਂ ਹਨ ਇੰਟਰਨੈਸ਼ਨਲ ਅਖ਼ਬਾਰਾਂ?
ਅਮਰੀਕੀ ਅਖ਼ਬਾਰਾਂ ਵਿੱਚ ਇਸ ਮਾਮਲੇ ’ਤੇ ਵੱਖ-ਵੱਖ ਵਿਚਾਰ ਹਨ। ਨਿਊਯਾਰਕ ਟਾਈਮਜ਼ ਨੇ ਲਿਖਿਆ ਹੈ ਕਿ ਅਮਰੀਕਾ ਕੋਲ ਪਹਿਲਾਂ ਹੀ ਗ੍ਰੀਨਲੈਂਡ ਵਿੱਚ ਫ਼ੌਜੀ ਪਹੁੰਚ ਹੈ ਅਤੇ ਖਰੀਦਣ ਦੀ ਜ਼ਰੂਰਤ ਨਹੀਂ। ਵਾਸ਼ਿੰਗਟਨ ਪੋਸਟ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਨਾਟੋ ਨੂੰ ਤੋੜ ਸਕਦਾ ਹੈ।
ਰੂਸੀ ਅਖ਼ਬਾਰਾਂ ਜਿਵੇਂ ਆਰ.ਟੀ. ਨੇ ਇਸ ਨੂੰ ਅਮਰੀਕੀ ਸਾਮਰਾਜਵਾਦ ਵਜੋਂ ਵੇਖਿਆ ਹੈ ਅਤੇ ਕਿਹਾ ਹੈ ਕਿ ਟਰੰਪ ਦੇ ਦਾਅਵੇ ਝੂਠੇ ਹਨ, ਕਿਉਂਕਿ ਉਥੇ ਰੂਸੀ ਜਹਾਜ਼ਾਂ ਦੀ ਮੌਜੂਦਗੀ ਬਾਰੇ ਕੋਈ ਸਬੂਤ ਨਹੀਂ। ਚੀਨੀ ਅਖ਼ਬਾਰਾਂ ਜਿਵੇਂ ਗਲੋਬਲ ਟਾਈਮਜ਼ ਨੇ ਕਿਹਾ ਹੈ ਕਿ ਅਮਰੀਕਾ ਹੋਰ ਮੁਲਕਾਂ ਨੂੰ ਬਹਾਨਾ ਬਣਾ ਕੇ ਆਪਣੇ ਹਿੱਤ ਪੂਰੇ ਕਰ ਰਿਹਾ ਹੈ ਅਤੇ ਚੀਨ ਦੀ ਆਰਕਟਿਕ ਗਤੀਵਿਧੀਆਂ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਹਨ।
![]()
