ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕਾ ’ਚ 16 ਹਜ਼ਾਰ ਟਰੱਕ ਡਰਾਈਵਿੰਗ ਸਕੂਲਾਂ ’ਚੋਂ ਕਰੀਬ 44 ਫ਼ੀਸਦੀ ਵੱਲੋਂ ਨੇਮਾਂ ਦੀ ਪਾਲਣਾ ਨਾ ਕਰਨ ਕਰ ਕੇ ਉਹ ਬੰਦ ਹੋ ਸਕਦੇ ਹਨ। ਫੈਡਰਲ ਟਰਾਂਸਪੋਰਟ ਵਿਭਾਗ ਦੀ ਨਜ਼ਰਸਾਨੀ ਤੋਂ ਪਤਾ ਲੱਗਾ ਹੈ ਕਿ ਟਰੇਨਿੰਗ ਸਕੂਲ ਜ਼ਰੂਰੀ ਨੇਮਾਂ ਦੀ ਪਾਲਣਾ ਨਹੀਂ ਕਰ ਰਹੇ ਹਨ। ਸਰਕਾਰ ਦੇ ਇਸ ਕਦਮ ਨਾਲ ਡੇਢ ਲੱਖ ਭਾਰਤੀ ਵਿਸ਼ੇਸ਼ ਤੌਰ ’ਤੇ ਪੰਜਾਬੀ ਸਿੱਖ ਡਰਾਈਵਰਾਂ ਦਾ ਭਵਿੱਖ ਦਾਅ ’ਤੇ ਲੱਗ ਸਕਦਾ ਹੈ। ਟਰਾਂਸਪੋਰਟੇਸ਼ਨ ਵਿਭਾਗ ਨੇ ਕਿਹਾ ਕਿ ਉਹ ਲੱਗਭੱਗ 3,000 ਸਕੂਲਾਂ ਦੀ ਪ੍ਰਮਾਣਿਕਤਾ ਰੱਦ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਨ੍ਹਾਂ ਸਕੂਲਾਂ ਨੂੰ ਵਿਦਿਆਰਥੀਆਂ ਨੂੰ ਸੂਚਿਤ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੀ ਪ੍ਰਮਾਣਿਕਤਾ ਖ਼ਤਰੇ ਵਿੱਚ ਹੈ। ਹੋਰ 4,500 ਸਕੂਲਾਂ ਨੂੰ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਵੀ ਅਜਿਹੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਓਰਿਟੀ ਕੈਲੀਫੋਰਨੀਆ ’ਚ ਪ੍ਰਵਾਸੀਆਂ ਦੀ ਮਲਕੀਅਤ ਵਾਲੀਆਂ ਟਰੱਕਿੰਗ ਫਰਮਾਂ ਦਾ ਆਡਿਟ ਕਰ ਰਿਹਾ ਹੈ ਤਾਂ ਜੋ ਉਨ੍ਹਾਂ ਦੇ ਡਰਾਈਵਰਾਂ ਦੀ ਸਥਿਤੀ ਦੀ ਪੁਸ਼ਟੀ ਕੀਤੀ ਜਾ ਸਕੇ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ ਟਰੱਕਿੰਗ ਸਕੂਲਾਂ ਵਿਰੁੱਧ ਕਾਰਵਾਈ ਨਾਲ ਡਰਾਈਵਰਾਂ ਦੀ ਮੌਜੂਦਾ ਘਾਟ ’ਤੇ ਕਿਵੇਂ ਅਸਰ ਪੈ ਸਕਦਾ ਹੈ, ਪਰ ਟਰੱਕਿੰਗ ਸਕੂਲਾਂ ਦੀ ਸਭ ਤੋਂ ਵੱਡੀ ਐਸੋਸੀਏਸ਼ਨ ਦੇ ਕਾਰਜਕਾਰੀ ਨਿਰਦੇਸ਼ਕ, ਐਂਡਰਿਊ ਪੋਲੀਆਕੋਫ ਨੇ ਕਿਹਾ ਕਿ ਡੀ-ਸਰਟੀਫਾਈ ਕੀਤੇ ਜਾ ਰਹੇ ਬਹੁਤ ਸਾਰੇ ਸਕੂਲ ਸ਼ੱਕੀ ਹਨ, ਜੋ ਸਿਰਫ਼ ਕੁਝ ਦਿਨਾਂ ਵਿੱਚ ਡਰਾਈਵਰਾਂ ਨੂੰ ਸਿਖਲਾਈ ਦੇਣ ਦਾ ਇਸ਼ਤਿਹਾਰ ਦਿੰਦੇ ਹਨ। ਟਰਾਂਸਪੋਰਟੇਸ਼ਨ ਵਿਭਾਗ ਨੇ ਕਿਹਾ ਕਿ ਜਿਨ੍ਹਾਂ 3,000 ਸਕੂਲਾਂ ’ਤੇ ਉਹ ਕਾਰਵਾਈ ਕਰ ਰਿਹਾ ਹੈ, ਉਹ ਸਿਖਲਾਈ ਦੇ ਮਾਪਦੰਡਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੇ ਅਤੇ ਉਨ੍ਹਾਂ ਨੇ ਸਹੀ ਅਤੇ ਸੰਪੂਰਨ ਰਿਕਾਰਡ ਨਹੀਂ ਰੱਖੇ।ਟਰੱਕ ਸਿਖਲਾਈ ਸਕੂਲਾਂ ਅਤੇ ਕੰਪਨੀਆਂ ’ਤੇ ਇਹ ਕਾਰਵਾਈ ਉਸ ਸਮੇਂ ਹੋ ਰਹੀ ਹੈ ਜਦੋਂ ਫਲੋਰਿਡਾ ’ਚ ਗਲਤ ਢੰਗ ਨਾਲ ਯੂ-ਟਰਨ ਲੈਣ ਕਾਰਨ ਇੱਕ ਟਰੱਕ ਨੇ ਤਿੰਨ ਜਣਿਆਂ ਨੂੰ ਦਰੜ ਦਿੱਤਾ ਸੀ। ਟਰਾਂਸਪੋਰਟ ਮੰਤਰੀ ਸੀਨ ਡਫੀ ਨੇ ਐਲਾਨ ਕੀਤਾ ਸੀ ਕਿ ਟਰੱਕ ਡਰਾਈਵਰਾਂ ਦੇ ਨਾਲ ਨਾਲ ਟਰੇਨਿੰਗ ਸਕੂਲਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।
ਸਿੱਖ ਡਰਾਈਵਰ ਅਮਰੀਕੀ ਸਰਕਾਰ ਦੇ ਨਿਸ਼ਾਨੇ ’ਤੇ
ਫਲੋਰਿਡਾ ਅਤੇ ਕੈਲੀਫੋਰਨੀਆ ’ਚ ਵਾਪਰੇ ਹਾਦਸਿਆਂ ਮਗਰੋਂ ਪੰਜਾਬੀ, ਖਾਸ ਕਰ ਕੇ ਸਿੱਖ ਡਰਾਈਵਰ ਅਮਰੀਕੀ ਸਰਕਾਰ ਦੇ ਨਿਸ਼ਾਨੇ ’ਤੇ ਹਨ। ਨੌਰਥ ਅਮਰੀਕਨ ਪੰਜਾਬੀ ਟਰੱਕਰਜ਼ ਐਸੋਸੀਏਸ਼ਨ ਮੁਤਾਬਕ, ਵੈਸਟ ਕੋਸਟ ’ਤੇ ਕਰੀਬ 40 ਫ਼ੀਸਦੀ ਟਰੱਕ ਡਰਾਈਵਰ ਸਿੱਖ ਹਨ ਅਤੇ ਦੇਸ਼ ਭਰ ’ਚ ਕਰੀਬ 20 ਫ਼ੀਸਦੀ ਸਿੱਖ ਡਰਾਈਵਰ ਹਨ। ਕਰੀਬ ਡੇਢ ਲੱਖ ਸਿੱਖ ਟਰੱਕ ਡਰਾਈਵਰ ਅਮਰੀਕਾ ’ਚ ਕੰਮ ਕਰ ਰਿਹਾ ਹੈ। ਯੂਨਾਈਟਿਡ ਸਿੱਖਸ ਜਥੇਬੰਦੀ ਨੇ ਕਿਹਾ ਕਿ ਸਿੱਖ ਅਤੇ ਪਰਵਾਸੀ ਟਰੱਕ ਡਰਾਈਵਰਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ; ਉਹ ਅਮਰੀਕੀ ਸਾਮਾਨ ਦੀ ਢੋਆ-ਢੁਆਈ ਕਰ ਰਹੇ ਹਨ।
![]()
