ਅਮਰੀਕਾ ’ਚ ਸੜਕ ਹਾਦਸਿਆਂ ਦੇ ਦੋਸ਼ੀ ਡਰਾਇਵਰਾਂ ਵਿਰੁੱਧ ਕਾਰਵਾਈ ਤੇਜ਼

In ਅਮਰੀਕਾ
September 30, 2025

ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕਾ ਵਿੱਚ ਸੜਕ ਹਾਦਸੇ ਕਰਨ ਵਾਲੇ ਟਰੱਕ ਡਰਾਇਵਰਾਂ ਵਿਰੁੱਧ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਹੁਣ ਅਮਰੀਕੀ ਪ੍ਰਸ਼ਾਸਨ ਵੱਲੋਂ ਸੜਕ ਹਾਦਸਿਆਂ ਦੇ ਪੁਰਾਣੇ ਮਾਮਲਿਆਂ ਨੂੰ ਵੀ ਜਾਂਚ ਵਿੱਚ ਸ਼ਾਮਲ ਕਰਕੇ ਇਹਨਾਂ ਮਾਮਲਿਆਂ ਨਾਲ ਸਬੰਧਿਤ ਟਰੱਕ ਡਰਾਇਵਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਜਿਹੜੇ ਦੋਸ਼ੀ ਟਰੱਕ ਡਰਾਇਵਰ ਗ਼ੈਰ ਕਾਨੂੰਨੀ ਪਰਵਾਸੀ ਹਨ, ਉਹਨਾਂ ਨੂੰ ਵਾਪਸ ਉਹਨਾਂ ਦੇ ਦੇਸ਼ ਭੇਜੇ ਜਾਣ ਦੀ ਸੰਭਾਵਨਾ ਹੈ। ਲੰਘੇ ਦਿਨੀਂ ਅਮਰੀਕਾ ਵਿੱਚ ਇੱਕ ਹੋਰ ਪੰਜਾਬੀ ਡਰਾਈਵਰ ਪ੍ਰਤਾਪ ਸਿੰਘ ਨੂੰ ਕਰੀਬ ਇੱਕ ਸਾਲ ਪੁਰਾਣੇ ਸੜਕ ਹਾਦਸੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀ ਡਰਾਈਵਰ ਹਰਜਿੰਦਰ ਸਿੰਘ ਨੂੰ ਕਥਿਤ ਤੌਰ ਉੱਤੇ ‘ਲਾਪਰਵਾਹੀ’ ਨਾਲ ਟਰੱਕ ਚਲਾਉਣ ਲਈ ਫੜੇ ਜਾਣ ਤੋਂ ਲਗਭਗ ਇੱਕ ਮਹੀਨਾ ਬਾਅਦ ਕੀਤੀ ਗਈ ਹੈ।
ਅਮਰੀਕਾ ਦੇ ਹੋਮਲੈਂਡ ਸਕਿਊਰਟੀ ਵਿਭਾਗ ਵੱਲੋਂ ਆਪਣੇ ਤਾਜ਼ਾ ਬਿਆਨ ਵਿੱਚ ਕਿਹਾ ਹੈ ਕਿ ਪ੍ਰਤਾਪ ਸਿੰਘ ਦੇ ਕਾਰਨ ਹੋਏ ਇੱਕ ਹਾਦਸੇ ਵਿੱਚ ਇੱਕ ਪੰਜ ਸਾਲਾਂ ਬੱਚੀ ਬੁਰੀ ਤਰ੍ਹਾਂ ਜ਼ਖਮੀ ਹੋਈ ਸੀ ਅਤੇ ਇਸ ਮਾਮਲੇ ਵਿੱਚ ਪ੍ਰਤਾਪ ਸਿੰਘ ਨੂੰ ਗ੍ਰਿਫ਼ਤਾਰ ਕੀਤੀ ਗਿਆ ਹੈ।
ਹੋਮਲੈਂਡ ਸਿਕਿਓਰਟੀ ਵਿਭਾਗ ਮੁਤਾਬਕ ਪ੍ਰਤਾਪ ਸਿੰਘ ਨੇ ਅਕਤੂਬਰ 2022 ਵਿੱਚ ਗੈਰ-ਕਾਨੂੰਨੀ ਤੌਰ ’ਤੇ ਅਮਰੀਕਾ ਦਾਖਲ ਹੋਣ ਲਈ ਬਾਰਡਰ ਪਾਰ ਕੀਤੀ ਸੀ ਅਤੇ ਬਾਇਡੇਨ ਪ੍ਰਸਾਸ਼ਨ ਵੱਲੋਂ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਸੀ।
ਵਿਭਾਗ ਮੁਤਾਬਕ 29 ਅਗਸਤ 2025 ਨੂੰ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਨੇ ਪ੍ਰਤਾਪ ਸਿੰਘ ਨੂੰ ਫ੍ਰੈਜ਼ਨੋ, ਕੈਲੀਫ਼ੋਰਨੀਆ ਵਿੱਚ ਵਾਰੰਟ ਤਹਿਤ ਗ੍ਰਿਫ਼ਤਾਰ ਕੀਤਾ ਸੀ ਅਤੇ ਹੁਣ ਉਹ ਉੱਦੋਂ ਤੱਕ ਆਈ.ਸੀ.ਈ. ਦੀ ਹਿਰਾਸਤ ਵਿੱਚ ਰਹੇਗਾ ਜਦ ਤੱਕ ਇਮੀਗ੍ਰੇਸ਼ਨ ਕਾਰਵਾਈਆਂ ਚੱਲ ਰਹੀਆਂ ਹਨ।
ਬਿਆਨ ਮੁਤਾਬਕ 20 ਜੂਨ, 2024 ਨੂੰ ਪ੍ਰਤਾਪ ਸਿੰਘ, ਜੋ ਕਿ ਭਾਰਤ ਤੋਂ ਆਇਆ ਇੱਕ ਗੈਰ-ਕਾਨੂੰਨੀ ਪਰਵਾਸੀ ਹੈ, ਉਸ ਨੇ ਕੈਲੀਫ਼ੋਰਨੀਆ ਵਿੱਚ ਕਮਰਸ਼ੀਅਲ 18-ਵ੍ਹੀਲਰ ਟਰੱਕ ਚਲਾਉਂਦੇ ਹੋਏ ਕਈ ਵਾਹਨਾਂ ਦੀ ਟੱਕਰ ਕਰਵਾ ਦਿੱਤੀ ਸੀ। ਗਵਰਨਰ ਨਿਊਸਮ ਦੇ ਡਿਪਾਰਟਮੈਂਟ ਆਫ ਮੋਟਰ ਵ੍ਹੀਕਲਜ਼ ਨੇ ਉਸ ਨੂੰ ਕਮਰਸ਼ੀਅਲ ਡਰਾਈਵਰ ਲਾਇਸੈਂਸ ਜਾਰੀ ਕੀਤਾ ਸੀ।

Loading