ਵਾਸ਼ਿੰਗਟਨ/ਏ.ਟੀ.ਨਿਊਜ਼: ਹੁਣ ਤੱਕ 33 ਲੱਖ ਪ੍ਰਵਾਸੀ ਅਮਰੀਕਾ ਦੇ ਨਾਗਰਿਕ ਬਣ ਚੁੱਕੇ ਹਨ ਅਤੇ 9 ਲੱਖ ਗ੍ਰੀਨ ਕਾਰਡ ਧਾਰਕਾਂ ਨੂੰ ਜਲਦ ਹੀ ਨਾਗਰਿਕਤਾ ਮਿਲ ਸਕਦੀ ਹੈ। ਅਜਿਹਾ ਜੋਅ ਬਾਈਡੇਨ ਦੇ ਰਾਸ਼ਟਰਪਤੀ ਬਣਨ ਮਗਰੋਂ ਹੋਇਆ ਹੈ ਅਤੇ ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਵੋਟਾਂ ਦੌਰਾਨ ਫ਼ਾਇਦਾ ਹਾਸਲ ਕਰਨ ਲਈ ਲੱਖਾਂ ਪ੍ਰਵਾਸੀਆਂ ਨੂੰ ਆਉਣ ਵਾਲੇ ਮਹੀਨਿਆਂ ਵਿੱਚ ਨਾਗਰਿਕਤਾ ਦਿੱਤੀ ਜਾਵੇਗੀ। ਗ੍ਰੀਨ ਕਾਰਡ ਧਾਰਕਾਂ ਅਤੇ ਨਾਗਰਿਕਾਂ ਦੇ ਹੱਕ ਤਕਰੀਬਨ ਬਰਾਬਰ ਹੁੰਦੇ ਹਨ ਪਰ ਵੋਟ ਪਾਉਣ ਦਾ ਹੱਕ ਸਿਰਫ਼ ਨਾਗਰਿਕਾਂ ਕੋਲ ਹੀ ਹੁੰਦਾ ਹੈ। ਅਮਰੀਕਾ ਦੇ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਵਿਭਾਗ ਵੱਲੋਂ ਔਸਤ ਆਧਾਰ ’ਤੇ ਤਕਰੀਬਨ 5 ਮਹੀਨੇ ਵਿੱਚ ਨਾਗਰਿਕਤਾ ਨਾਲ ਸਬੰਧਤ ਅਰਜ਼ੀਆਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ ਜਦਕਿ 2021 ਵਿੱਚ ਇਹ ਸਮਾਂ 11 ਮਹੀਨੇ ਤੋਂ ਉੱਪਰ ਚੱਲ ਰਿਹਾ ਸੀ।
9 ਲੱਖ ਗ੍ਰੀਨ ਕਾਰਡ ਹੋਲਡਰ ਜਲਦ ਬਣਨਗੇ ਯੂ.ਐਸ. ਸਿਟੀਜ਼ਨ
ਜੋਅ ਬਾਈਡੇਨ ਨੇ ਸੱਤਾ ਸੰਭਾਲਣ ਮਗਰੋਂ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ ਘਟਾਉਣ ਲਈ ਕਈ ਵੱਡੇ ਫ਼ੈਸਲੇ ਲਏ, ਜਿਨ੍ਹਾਂ ਦਾ ਅਸਰ ਸਾਫ ਦੇਖਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਅਰਜ਼ੀਆਂ ਦੇ ਨਿਪਟਾਰੇ ਲਈ ਵਰਤੀ ਜਾਂਦੀ ਤਕਨੀਕ ਸੁਧਾਰੀ ਗਈ ਅਤੇ ਅਰਜ਼ੀ ਦੇ ਸਫਿਆਂ ਦੀ ਗਿਣਤੀ 20 ਤੋਂ ਘਟਾ ਕੇ 14 ਕਰ ਦਿੱਤੀ ਗਈ। ਭਾਵੇਂ ਸਿਟੀਜ਼ਨਸ਼ਿਪ ਫੀਸ 640 ਡਾਲਰ ਤੋਂ ਵਧਾ ਕੇ 710 ਡਾਲਰ ਕਰ ਦਿਤੀ ਗਈ ਪਰ ਘੱਟ ਆਮਦਨ ਵਾਲਿਆਂ ਨੂੰ ਰਿਆਇਤ ਦਾ ਐਲਾਨ ਵੀ ਕੀਤਾ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਟਰੰਪ ਦੇ ਕਾਰਜਕਾਲ ਦੌਰਾਨ ਗੈਰਜ਼ਰੂਰੀ ਬੰਦਿਸ਼ਾਂ ਲਾਗੂ ਹੋਣ ਕਾਰਨ ਪ੍ਰਵਾਸੀਆਂ ਦੀਆਂ ਸਿਟੀਜ਼ਨਸ਼ਿਪ ਅਰਜ਼ੀਆਂ ਦਾ ਨਿਪਟਾਰਾ ਹੋਣ ਵਿੱਚ ਲੰਮਾ ਸਮਾਂ ਲੱਗ ਰਿਹਾ ਸੀ। ਇਨ੍ਹਾਂ ਬੰਦਿਸ਼ਾਂ ਕਰ ਕੇ ਹੀ ਤਕਰੀਬਨ ਤਿੰਨ ਲੱਖ ਪ੍ਰਵਾਸੀ 2020 ਦੀਆਂ ਚੋਣਾਂ ਤੋਂ ਪਹਿਲਾਂ ਸਿਟੀਜ਼ਨਸ਼ਿਪ ਹਾਸਲ ਨਾ ਕਰ ਸਕੇ ਅਤੇ ਵੋਟ ਪਾਉਣ ਤੋਂ ਵਾਂਝੇ ਰਹਿ ਗਏ। ਅਮਰੀਕਾ ਵਿੱਚ ਵੋਟਰਾਂ ਦੇ ਰੁਝਾਨ ਬਾਰੇ ਅਧਿਐਨ ਕਰਨ ਵਾਲੇ ਮਾਹਰਾਂ ਦਾ ਕਹਿਣਾ ਹੈ ਕਿ ਲੈਟਿਨ ਅਮੈਰਿਕਾ, ਏਸ਼ੀਅਨਜ਼ ਅਤੇ ਅਫਰੀਕੀ ਮੂਲ ਦੇ ਜ਼ਿਆਦਾਤਰ ਲੋਕਾਂ ਦਾ ਝੁਕਾਅ ਡੈਮੋਕ੍ਰੈਟਿਕ ਪਾਰਟੀ ਵੱਲ ਹੁੰਦਾ ਹੈ ਜਿਸ ਦੇ ਮੱਦੇਨਜ਼ਰ ਆਉਂਦੀਆਂ ਚੋਣਾਂ ਵਿੱਚ ਕਮਲਾ ਹੈਰਿਸ ਨੂੰ ਵੱਡਾ ਫ਼ਾਇਦਾ ਹੋ ਸਕਦਾ ਹੈ।
‘ਨਿਊ ਯਾਰਕ ਟਾਈਮਜ਼’ ਦੀ ਰਿਪੋਰਟ ਮੁਤਾਬਕ ਕੈਲੇਫ਼ੋਰਨੀਆ, ਨਿਊ ਯਾਰਕ, ਟੈਕਸਸ ਅਤੇ ਫਲੋਰੀਡਾ ਵਿੱਚ ਵਸਦੇ ਪ੍ਰਵਾਸੀ, ਯੂ.ਐਸ. ਸਿਟੀਜ਼ਨਸ਼ਿਪ ਹਾਸਲ ਕਰਨ ਵਿੱਚ ਸਭ ਤੋਂ ਅੱਗੇ ਰਹੇ ਜਦਕਿ ਮੁਲਕਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਮੈਕਸੀਕੋ, ਭਾਰਤ ਅਤੇ ਫਿਲੀਪੀਨਜ਼ ਦੇ ਨਾਗਰਿਕਾਂ ਦੀ ਸਭ ਤੋਂ ਵੱਧ ਗਿਣਤੀ ਦਰਜ ਕੀਤੀ ਗਈ। ਦੂਜੇ ਪਾਸੇ ਜਾਰਜੀਆ, ਐਰੀਜ਼ੋਨਾ, ਨੇਵਾਡਾ ਅਤੇ ਪੈਨਸਿਲਵੇਨੀਆ ਵਰਗੇ ਰਾਜਾਂ ਵਿੱਚ ਵਸਦੇ ਪ੍ਰਵਾਸੀਆਂ ਨੂੰ ਤਰਜੀਹੀ ਆਧਾਰ ’ਤੇ ਸਿਟੀਜ਼ਨਸ਼ਿਪ ਦਿਤੀ ਗਈ ਜਿਥੇ ਅਕਸਰ ਹੀ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਹਾਵੀ ਰਹਿੰਦੇ ਹਨ। ਪਿਛਲੇ ਦਿਨੀਂ ਜਾਰਜੀਆ ਦੇ ਸਵਾਨਾਹ ਇਲਾਕੇ ਦੀ ਇੱਕ ਫੈਡਰਲ ਅਦਾਲਤ ਵਿੱਚ 19 ਵੱਖ-ਵੱਖ ਮੁਲਕਾਂ ਨਾਲ ਸਬੰਧਤ ਪ੍ਰਵਾਸੀਆਂ ਨੇ ਸਿਟੀਜ਼ਨਸ਼ਿਪ ਦੀ ਸਹੁੰ ਚੁੱਕੀ।
੍ਵਅਮਰੀਕਾ ਦਾ ਨਾਗਰਿਕ ਬਣਨ ਲਈ ਲਾਜ਼ਮੀ ਹੈ ਕਿ ਘੱਟੋ ਘੱਟੋ ਪੰਜ ਸਾਲ ਪਹਿਲਾਂ ਗ੍ਰੀਨ ਕਾਰਡ ਮਿਲਿਆ ਹੋਵੇ। ਯੂ.ਐਸ. ਸਿਟੀਜ਼ਨ ਨਾਲ ਵਿਆਹ ਕਰਵਾਉਣ ਵਾਲੇ ਤਿੰਨ ਸਾਲ ਬਾਅਦ ਹੀ ਨਾਗਰਿਕਤਾ ਵਾਸਤੇ ਅਰਜ਼ੀ ਦਾਇਰ ਕਰ ਸਕਦੇ ਹਨ। ਇੱਕ ਸਰਵੇਖਣ ਦੌਰਾਨ ਸਾਹਮਣੇ ਆਇਆ ਕਿ ਨਵੇਂ ਬਣੇ ਨਾਗਰਿਕਾਂ ਵਿਚੋਂ 81.4 ਫ਼ੀਸਦੀ ਆਉਂਦੀਆਂ ਚੋਣਾਂ ਵਿੱਚ ਵੋਟ ਪਾਉਣ ਦੇ ਇੱਛੁਕ ਹਨ ਅਤੇ 14.5 ਫ਼ੀਸਦੀ ਨੇ ਕਿਹਾ ਕਿ ਉਹ ਵੋਟ ਪਾਉਣ ਬਾਰੇ ਸੋਚ ਰਹੇ ਹਨ। ਯੂਨੀਵਰਸਿਟੀ ਆਫ ਕੈਲੇਫੋਰਨੀਆ ਦੇ ਇਮੀਗ੍ਰੇਸ਼ਨ ਪੌਲਿਸੀ ਸੈਂਟਰ ਵੱਲੋਂ ਕੀਤਾ ਸਰਵੇਖਣ ਦਰਸਾਉਂਦਾ ਹੈ ਕਿ ਵੰਨ-ਸੁਵੰਨੇ ਸੱਭਿਆਚਾਰਕ ਪਿਛੋਕੜ ਵਾਲੇ ਨਵੇਂ ਨਾਗਰਿਕਾਂ ਨੂੰ ਮੁਲਕ ਦੀ ਸਿਆਸਤ ਵਿੱਚ ਜ਼ਿਆਦਾ ਦਿਲਚਸਪੀ ਹੈ।