ਅਮਰੀਕਾ ਤੇ ਕੈਨੇਡਾ ਨਾਲ ਤਣਾਅ ਦਾ ਭਾਰਤ ਉੱਤੇ ਕੀ ਪੈ ਰਿਹਾ ਅਸਰ?

In ਮੁੱਖ ਖ਼ਬਰਾਂ
August 11, 2025

ਅੱਜ ਦੀ ਵਿਸ਼ਵ ਰਾਜਨੀਤੀ ਵਿੱਚ ਭਾਰਤ ਨੂੰ ਇੱਕ ਅਜਿਹੇ ਮੋੜ ’ਤੇ ਖੜ੍ਹਾ ਵੇਖ ਕੇ ਸਾਰੇ ਨੂੰ ਹੈਰਾਨੀ ਹੋ ਰਹੀ ਹੈ ਜਿੱਥੇ ਪੱਛਮੀ ਮੁਲਕਾਂ ਨਾਲ ਤਣਾਅ ਵਧ ਰਿਹਾ ਹੈ ਤੇ ਪੂਰਬੀ ਮਿੱਤਰਾਂ ਨਾਲ ਨਵੀਆਂ ਦੋਸਤੀਆਂ ਗੰਢੀਆਂ ਜਾ ਰਹੀਆਂ ਨੇ। ਅਮਰੀਕਾ ਤੇ ਕੈਨੇਡਾ ਨਾਲ ਵਧ ਰਹੇ ਤਣਾਅ ਨੇ ਭਾਰਤ ਦੀ ਅਰਥਵਿਵਸਥਾ, ਸੁਰੱਖਿਆ ਤੇ ਵਿਦੇਸ਼ ਨੀਤੀ ਨੂੰ ਡੂੰਘਾ ਅਸਰ ਪਾਇਆ ਹੈ। ਇੱਕ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਉੱਤੇ 50 ਫ਼ੀਸਦੀ ਟੈਰਿਫ਼ ਲਾ ਕੇ ਵਪਾਰ ਨੂੰ ਝਟਕਾ ਦਿੱਤਾ ਹੈ, ਦੂਜੇ ਪਾਸੇ ਭਾਰਤੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ ਕਰ ਕੇ ਅਮਰੀਕਾ ਨੂੰ ਮਿਰਚਾਂ ਲਾ ਦਿੱਤੀਆਂ ਨੇ। ਖ਼ਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਸਬੰਧੀ ਭਾਰਤੀ ਏਜੰਸੀਆਂ ਉੱਪਰ ਦੋਸ਼ ਲੱਗਣ ਬਾਅਦ ਕੈਨੇਡਾ ਨਾਲ ਵੀ ਰਿਸ਼ਤਿਆਂ ਵਿੱਚ ਸੁਧਾਰ ਨਹੀਂ ਆਇਆ। ਇਸ ਤਣਾਅ ਕਾਰਣ ਵੀਜ਼ਾ ਨੀਤੀਆਂ ਵਿੱਚ ਕਰੜਾਈ ਨੇ ਭਾਰਤੀ ਵਿਦਿਆਰਥੀਆਂ ਤੇ ਪ੍ਰਵਾਸੀਆਂ ਨੂੰ ਪ੍ਰੇਸ਼ਾਨ ਕੀਤਾ ਹੈ।
ਭਾਰਤ ਤੇ ਅਮਰੀਕਾ ਦੇ ਰਿਸ਼ਤੇ ਪਿਛਲੇ ਕਈ ਦਹਾਕਿਆਂ ਵਿੱਚ ਬਹੁਤ ਮਜ਼ਬੂਤ ਹੋਏ ਸਨ। ਪੀ.ਵੀ. ਨਰਸਿਮਹਾ ਰਾਓ ਦੀ ਸਰਕਾਰ ਤੋਂ ਬਾਅਦ ਅਮਰੀਕਾ ਨੇ ਭਾਰਤੀਆਂ ਨੂੰ ਸਭ ਤੋਂ ਵੱਧ ਰੁਜ਼ਗਾਰ ਤੇ ਨਾਗਰਿਕਤਾ ਦਿੱਤੀ ਸੀ। 2002 ਤੋਂ 2023 ਤੱਕ ਅਮਰੀਕਾ ਵਿੱਚ 13 ਲੱਖ ਭਾਰਤੀਆਂ ਨੂੰ ਨਾਗਰਿਕਤਾ ਮਿਲੀ ਸੀ ਤੇ ਹੁਣ ਮੈਕਸੀਕੋ ਤੋਂ ਬਾਅਦ ਸਭ ਤੋਂ ਵੱਧ ਪ੍ਰਵਾਸੀ ਭਾਰਤੀ ਅਮਰੀਕਾ ਵਿੱਚ ਵੱਸੇ ਨੇ। ਬਿੱਲ ਕਲਿੰਟਨ, ਜਾਰਜ ਬੁਸ਼ ਤੇ ਬਰਾਕ ਓਬਾਮਾ ਵਰਗੇ ਰਾਸ਼ਟਰਪਤੀਆਂ ਨੇ ਭਾਰਤ ਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕੀਤਾ ਸੀ। ਪਰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨਾਲ ਅਮਰੀਕਾ ਦੇ ਰਿਸ਼ਤੇ ਤਣਾਅ ਵਿੱਚ ਆ ਗਏ ਨੇ। ਇਸ ਦਾ ਮੁੱਖ ਕਾਰਨ ਹੈ ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦਣਾ ਤੇ ਯੂਕ੍ਰੇਨ ਯੁੱਧ ਵਿੱਚ ਰੂਸ ਨਾਲ ਨੇੜਤਾ। ਡੋਨਾਲਡ ਟਰੰਪ ਨੇ ਭਾਰਤ ਉੱਤੇ 50 ਫ਼ੀਸਦੀ ਟੈਰਿਫ਼ ਲਾ ਕੇ ਕਿਹਾ ਹੈ ਕਿ ਭਾਰਤ ਰੂਸ ਨੂੰ ਆਰਥਿਕ ਮਦਦ ਦੇ ਰਿਹਾ ਹੈ ਜੋ ਯੂਕ੍ਰੇਨ ਯੁੱਧ ਨੂੰ ਲੰਮਾ ਖਿੱਚ ਰਿਹਾ ਹੈ। ਟਰੰਪ ਨੇ ਕਿਹਾ, ‘ਭਾਰਤ ਰੂਸ ਤੋਂ ਸਸਤਾ ਤੇਲ ਖਰੀਦ ਕੇ ਉਸ ਨੂੰ ਮੁਨਾਫ਼ੇ ਵਿੱਚ ਵੇਚ ਰਿਹਾ ਹੈ ਤੇ ਇਹ ਪੈਸਾ ਰੂਸੀ ਯੁੱਧ ਮਸ਼ੀਨ ਨੂੰ ਚਲਾ ਰਿਹਾ ਹੈ। ’
ਇਸ ਟੈਰਿਫ਼ ਨੇ ਭਾਰਤੀ ਅਰਥ-ਵਿਵਸਥਾ ਨੂੰ ਵੱਡਾ ਝਟਕਾ ਦਿੱਤਾ ਹੈ। ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਸਾਥੀ ਹੈ ਤੇ ਇਸ ਨਾਲ ਨਿਰਯਾਤ ਘਟੇਗਾ, ਨੌਕਰੀਆਂ ਖ਼ਤਰੇ ਵਿੱਚ ਪੈ ਜਾਣਗੀਆਂ ਤੇ ਮਹਿੰਗਾਈ ਵਧੇਗੀ। ਭਾਰਤੀ ਕਿਸਾਨਾਂ, ਮੱਛੀ ਪਾਲਕਾਂ ਤੇ ਡੇਅਰੀ ਉਦਯੋਗ ਨੂੰ ਵੀ ਅਸਰ ਪਵੇਗਾ ਕਿਉਂਕਿ ਅਮਰੀਕਾ ਨੇ ਇਨ੍ਹਾਂ ਉਤਪਾਦਾਂ ਉੱਤੇ ਵੀ ਟੈਕਸ ਵਧਾਏ ਨੇ। ਪੀਐੱਮ ਮੋਦੀ ਨੇ ਜਵਾਬ ਵਿੱਚ ਕਿਹਾ ਹੈ ਕਿ ਭਾਰਤ ਆਪਣੇ ਕਿਸਾਨਾਂ ਦੇ ਹਿੱਤਾਂ ਤੋਂ ਪਿੱਛੇ ਨਹੀਂ ਹਟੇਗਾ, ਭਾਵੇਂ ਵੱਡੀ ਕੀਮਤ ਵੀ ਚੁਕਾਉਣੀ ਪਵੇ। ਪਰ ਇਸ ਨਾਲ ਭਾਰਤ ਨੂੰ ਨਵੇਂ ਬਾਜ਼ਾਰ ਲੱਭਣੇ ਪੈਣਗੇ ਤੇ ਯੂਰਪੀਅਨ ਯੂਨੀਅਨ, ਬ੍ਰਿਟੇਨ, ਜਾਪਾਨ ਵਰਗੇ ਮੁਲਕਾਂ ਵਿੱਚ ਨਿਰਯਾਤ ਵਧਾਉਣਾ ਮੁਸ਼ਕਿਲ ਹੋ ਜਾਵੇਗਾ, ਕਿਉਂਕਿ ਉਹ ਵੀ ਰੂਸੀ ਤੇਲ ਵਾਲੇ ਮਾਮਲੇ ਬਾਰੇ ਭਾਰਤ ਨੂੰ ਖਲਨਾਇਕ ਵਾਂਗ ਵੇਖ ਰਹੇ ਨੇ। ਟਰੰਪ ਦੇ ਨਜ਼ਦੀਕੀ ਸਹਿਯੋਗੀ ਸਟੀਫ਼ਨ ਮਿਲਰ ਨੇ ਕਿਹਾ ਹੈ ਕਿ ਭਾਰਤ ਰੂਸ ਤੋਂ ਚੀਨ ਜਿੰਨਾ ਹੀ ਤੇਲ ਖਰੀਦ ਰਿਹਾ ਏ, ਜੋ ਹੈਰਾਨੀ ਵਾਲੀ ਗੱਲ ਹੈ। ਇਸ ਨਾਲ ਭਾਰਤ ਦੀ ਵਿਸ਼ਵ ਪੱਧਰੀ ਹੋਂਦ ਖਰਾਬ ਹੋ ਰਹੀ ਹੈ ਤੇ ਉਹ ਨਾ ਪੱਛਮ ਨਾਲ ਰਹਿੰਦਾ ਤੇ ਨਾ ਪੂਰਬ ਨਾਲ ਪੂਰੀ ਤਰ੍ਹਾਂ ਜੁੜਦਾ ਹੈ।

Loading