ਅਮਰੀਕਾ ’ਤੇ ਚੜਿ੍ਆ 39 ਟ੍ਰਿਲੀਅਨ ਡਾਲਰ ਦਾ ਕਰਜ਼ਾ

In ਮੁੱਖ ਖ਼ਬਰਾਂ
March 20, 2026

ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕਾ ਨੂੰ ਇਜ਼ਰਾਇਲ ਨਾਲ ਮਿਲ ਕੇ ਇਰਾਨ ਖ਼ਿਲਾਫ਼ ਛੇੜੀ ਹੋਈ ਜੰਗ ਮਹਿੰਗੀ ਪੈਂਦੀ ਦਿਖਾਈ ਦੇ ਰਹੀ ਹੈ। ਇਸੇ ਜੰਗ ਦਰਮਿਆਨ ਅਮਰੀਕਾ ਦੀ ਮੌਜੂਦਾ ਵਿੱਤੀ ਹਾਲਤ ਬਾਰੇ ਇੱਕ ਹੈਰਾਨੀਜਨਕ ਅੰਕੜਾ ਸਾਹਮਣੇ ਆਇਆ ਹੈ। ਤਾਜ਼ਾ ਰਿਪੋਰਟਾਂ ਅਨੁਸਾਰ, ਅਮਰੀਕਾ ਦਾ ਕੁੱਲ ਕਰਜ਼ਾ ਹੁਣ 39 ਟ੍ਰਿਲੀਅਨ ਡਾਲਰ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਇਹ ਵਾਧਾ ਅਜਿਹੇ ਸਮੇਂ ਹੋਇਆ ਹੈ ਜਦੋਂ ਦੇਸ਼ ਪਹਿਲਾਂ ਹੀ ਵਧਦੀ ਮਹਿੰਗਾਈ ਅਤੇ ਅੰਤਰਰਾਸ਼ਟਰੀ ਜੰਗ ਦੇ ਆਰਥਿਕ ਪ੍ਰਭਾਵਾਂ ਨਾਲ ਜੂਝ ਰਿਹਾ ਹੈ।
ਮੱਧ-ਪੂਰਬ ਵਿੱਚ ਚੱਲ ਰਹੀ ਜੰਗ ਅਤੇ ਇਰਾਨ ਵਿਰੁੱਧ ਫੌਜੀ ਕਾਰਵਾਈਆਂ ਕਾਰਨ ਅਮਰੀਕਾ ਦੇ ਰੱਖਿਆ ਬਜਟ ’ਤੇ ਭਾਰੀ ਦਬਾਅ ਪੈ ਰਿਹਾ ਹੈ। ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਨੂੰ ਉੱਚੇ ਪੱਧਰ ’ਤੇ ਰੱਖਣ ਕਾਰਨ, ਪੁਰਾਣੇ ਕਰਜ਼ੇ ’ਤੇ ਵਿਆਜ ਦਾ ਭੁਗਤਾਨ ਕਰਨਾ ਸਰਕਾਰ ਲਈ ਹੋਰ ਮਹਿੰਗਾ ਹੋ ਗਿਆ ਹੈ। ਰਾਸ਼ਟਰਪਤੀ ਟਰੰਪ ਦੀਆਂ ਨਵੀਆਂ ਟੈਰਿਫ਼ ਨੀਤੀਆਂ ਨੇ ਜਿੱਥੇ ਕੁਝ ਖੇਤਰਾਂ ਨੂੰ ਲਾਭ ਪਹੁੰਚਾਇਆ ਹੈ, ਉੱਥੇ ਹੀ ਨਿਰਮਾਣ ਖੇਤਰ ਵਿੱਚ ਲਾਗਤ ਵਧਣ ਕਾਰਨ ਆਰਥਿਕ ਸੰਤੁਲਨ ਪ੍ਰਭਾਵਿਤ ਹੋਇਆ ਹੈ।
ਇਸ ਮਾਮਲੇ ’ਤੇ ਮਾਹਿਰਾਂ ਦਾ ਕਹਿਣਾ ਹੈ ਕਿ ਵੱਡੇ ਪੱਧਰ ’ਤੇ ਇਹ ਕਰਜ਼ਾ ਲੰਬੇ ਸਮੇਂ ਵਿੱਚ ਅਮਰੀਕੀ ਡਾਲਰ ਦੀ ਸਥਿਤੀ ਨੂੰ ਕਮਜ਼ੋਰ ਕਰ ਸਕਦਾ ਹੈ। ਵਧਦੇ ਕਰਜ਼ੇ ਕਾਰਨ ਆਉਣ ਵਾਲੇ ਸਮੇਂ ਵਿੱਚ ਸਿਹਤ ਸੇਵਾਵਾਂ ਅਤੇ ਹੋਰ ਜਨਤਕ ਭਲਾਈ ਯੋਜਨਾਵਾਂ ਦੇ ਬਜਟ ਵਿੱਚ ਕਟੌਤੀ ਹੋਣ ਦਾ ਖ਼ਦਸ਼ਾ ਹੈ।
ਇਹ ਅੰਕੜਾ 2026 ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਇੱਕ ਵੱਡਾ ਮੁੱਦਾ ਬਣ ਸਕਦਾ ਹੈ। ਵਿਰੋਧੀ ਧਿਰਾਂ ਮੌਜੂਦਾ ਪ੍ਰਸ਼ਾਸਨ ’ਤੇ ਮਾੜੇ ਵਿੱਤੀ ਪ੍ਰਬੰਧਾਂ ਦੇ ਦੋਸ਼ ਲਗਾ ਰਹੀਆਂ ਹਨ, ਜਦਕਿ ਸਰਕਾਰ ਇਸ ਨੂੰ ਦੇਸ਼ ਦੀ ਸੁਰੱਖਿਆ ਅਤੇ ਬੁਨਿਆਦੀ ਢਾਂਚੇ ਲਈ ਜ਼ਰੂਰੀ ਨਿਵੇਸ਼ ਦੱਸ ਰਹੀ ਹੈ। 39 ਟ੍ਰਿਲੀਅਨ ਡਾਲਰ ਦਾ ਕਰਜ਼ਾ ਅਮਰੀਕੀ ਆਰਥਿਕਤਾ ਲਈ ਇੱਕ ਖ਼ਤਰੇ ਦੀ ਘੰਟੀ ਵਾਂਗ ਹੈ। ਜੇਕਰ ਖਰਚਿਆਂ ਨੂੰ ਕੰਟਰੋਲ ਨਾ ਕੀਤਾ ਗਿਆ ਤਾਂ ਇਸ ਦਾ ਅਸਰ ਨਾ ਸਿਰਫ਼ ਅਮਰੀਕਾ ਸਗੋਂ ਪੂਰੀ ਦੁਨੀਆ ਦੀ ਆਰਥਿਕਤਾ ’ਤੇ ਦੇਖਣ ਨੂੰ ਮਿਲ ਸਕਦਾ ਹੈ।

Loading