ਅਮਰੀਕਾ ’ਤੇ ਸੰਕਟ ਦਾ ਪਰਛਾਂਵਾ: ਇਤਿਹਾਸ ਵਿੱਚ ਪਹਿਲੀ ਵਾਰ ਆਬਾਦੀ ਵਿੱਚ ਗਿਰਾਵਟ

In ਖਾਸ ਰਿਪੋਰਟ
September 06, 2025

ਅਮਰੀਕਾ, ਜੋ 250 ਸਾਲਾਂ ਦੇ ਆਪਣੇ ਇਤਿਹਾਸ ਵਿੱਚ ਹਮੇਸ਼ਾ ਅਬਾਦੀ ਵਿੱਚ ਵਾਧੇ ਦਾ ਗਵਾਹ ਰਿਹਾ ਹੈ, ਹੁਣ ਇੱਕ ਅਜਿਹੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਜੋ ਪਹਿਲਾਂ ਕਦੇ ਨਹੀਂ ਵੇਖਿਆ ਗਿਆ। ਅਮਰੀਕਨ ਐਂਟਰਪ੍ਰਾਈਜ਼ ਇੰਸਟੀਟਿਊਟ ਦੀ ਇੱਕ ਰਿਪੋਰਟ ਮੁਤਾਬਕ, 2025 ਵਿੱਚ ਅਮਰੀਕਾ ਦੀ ਅਬਾਦੀ ਪਹਿਲੀ ਵਾਰ ਘਟਣ ਦੀ ਸੰਭਾਵਨਾ ਹੈ। ਇਸ ਦੇ ਮੁੱਖ ਕਾਰਨਾਂ ਵਿੱਚ ਪਰਵਾਸੀਆਂ ਦੀ ਗਿਣਤੀ ਵਿੱਚ ਭਾਰੀ ਕਮੀ ਅਤੇ ਜਨਮ ਦਰ ਦਾ ਲਗਾਤਾਰ ਡਿੱਗਣਾ ਸ਼ਾਮਲ ਹੈ। ਰਿਪੋਰਟ ਅਨੁਸਾਰ, ਇਸ ਸਾਲ ਅਮਰੀਕਾ ਵਿੱਚ ਸ਼ੁੱਧ ਪਰਵਾਸ 28 ਲੱਖ ਤੋਂ ਘਟ ਕੇ 11,500 ਤੋਂ -5,25,000 ਦੇ ਵਿਚਕਾਰ ਰਹਿ ਸਕਦਾ ਹੈ, ਜੋ ਅੰਤਰਰਾਸ਼ਟਰੀ ਪਰਵਾਸ ਵਿੱਚ 96 ਪ੍ਰਤੀਸ਼ਤ ਦੀ ਗਿਰਾਵਟ ਨੂੰ ਦਰਸਾਉਂਦਾ ਹੈ। ਇਸ ਦੇ ਨਾਲ ਹੀ, ਪਿਛਲੇ ਸਾਲ ਅਮਰੀਕੀ ਜਨਗਣਨਾ ਵਿੱਚ ਜਨਮੇ ਬੱਚਿਆਂ ਦੀ ਗਿਣਤੀ ਸਿਰਫ਼ 5,19,000 ਸੀ, ਜੋ ਅਬਾਦੀ ਨੂੰ ਸਥਿਰ ਰੱਖਣ ਲਈ ਕਾਫ਼ੀ ਨਹੀਂ ਹੈ। ਨਤੀਜੇ ਵਜੋਂ, 2025 ਵਿੱਚ ਅਮਰੀਕੀ ਅਬਾਦੀ ਵਿੱਚ 6,000 ਲੋਕਾਂ ਦੀ ਕਮੀ ਹੋ ਸਕਦੀ ਹੈ, ਜੋ ਇਤਿਹਾਸ ਵਿੱਚ ਪਹਿਲੀ ਵਾਰ ਹੋਵੇਗਾ।
ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ, 1776 ਵਿੱਚ ਅਮਰੀਕਾ ਦੀ ਸਥਾਪਨਾ ਤੋਂ ਬਾਅਦ, ਨਾ ਤਾਂ ਅਮਰੀਕੀ ਸਿਵਲ ਵਾਰ (1861-1865) ਦੌਰਾਨ, ਜਦੋਂ 7 ਲੱਖ ਅਮਰੀਕੀ ਮਾਰੇ ਗਏ ਸਨ, ਅਤੇ ਨਾ ਹੀ ਹਾਲੀਆ ਕੋਵਿਡ-19 ਮਹਾਮਾਰੀ ਦੌਰਾਨ ਅਬਾਦੀ ਵਿੱਚ ਕੋਈ ਗਿਰਾਵਟ ਦਰਜ ਕੀਤੀ ਗਈ। ਪਰ ਹੁਣ, ਸਖਤ ਪਰਵਾਸ ਨੀਤੀਆਂ ਅਤੇ ਸਮਾਜਿਕ-ਸੱਭਿਆਚਾਰਕ ਬਦਲਾਅ ਕਾਰਨ ਅਮਰੀਕਾ ਇਸ ਅਣਦੇਖੇ ਸੰਕਟ ਦੀ ਲਪੇਟ ਵਿੱਚ ਹੈ।
ਅਮਰੀਕਾ ਵਿੱਚ ਅਬਾਦੀ ਦੀ ਗਿਰਾਵਟ ਦਾ ਇੱਕ ਵੱਡਾ ਕਾਰਨ ਪ੍ਰਜਨਨ ਦਰ ਵਿੱਚ ਲਗਾਤਾਰ ਕਮੀ ਹੈ। ਇੰਸਟੀਟਿਊਟ ਫ਼ਾਰ ਫ਼ੈਮਿਲੀ ਸਟੱਡੀਜ਼ ਦੀ ਰਿਪੋਰਟ ਅਨੁਸਾਰ, ਅਮਰੀਕਾ ਦੀ ਪ੍ਰਜਨਨ ਦਰ ਅਗਲੇ 30 ਸਾਲਾਂ ਵਿੱਚ ਔਸਤਨ 1.6 ਜਨਮ ਪ੍ਰਤੀ ਮਹਿਲਾ ਰਹਿਣ ਦਾ ਅਨੁਮਾਨ ਹੈ, ਜਦਕਿ ਅਬਾਦੀ ਨੂੰ ਸਥਿਰ ਰੱਖਣ ਲਈ 2.1 ਜਨਮ ਪ੍ਰਤੀ ਮਹਿਲਾ ਜ਼ਰੂਰੀ ਹੈ। ਇਹ ਗਿਰਾਵਟ ਸਿਰਫ਼ ਸੰਖਿਆਤਮਕ ਨਹੀਂ, ਸਗੋਂ ਸਮਾਜ ਵਿੱਚ ਆ ਰਹੇ ਵਿਆਪਕ ਸੱਭਿਆਚਾਰਕ ਬਦਲਾਵਾਂ ਦਾ ਨਤੀਜਾ ਹੈ। ਆਈ.ਐਫ਼.ਐਸ. ਦੇ ਸਰਵੇ ਵਿੱਚ ਪਾਇਆ ਗਿਆ ਕਿ 1990 ਵਿਚ 55 ਪ੍ਰਤੀਸ਼ਤ ਅਮਰੀਕੀ ਜੋੜੇ ਹਫ਼ਤੇ ਵਿੱਚ ਇੱਕ ਵਾਰ ਸੈਕਸ ਸਬੰਧ ਬਣਾਉਂਦੇ ਸਨ, ਪਰ 2025 ਵਿੱਚ ਇਹ ਅੰਕੜਾ ਘਟ ਕੇ 37 ਪ੍ਰਤੀਸ਼ਤ ਰਹਿ ਗਿਆ ਹੈ।

Loading