ਅਮਰੀਕਾ ਤੋਂ ਭਾਰਤ ਸਮੇਤ ਹੋਰ ਦੋਸ਼ਾਂ ਵਿੱਚ ਪੈਸੇ ਭੇਜਣ ਉਪਰ ਲੱਗੇਗਾ 5% ਟੈਕਸ

In ਅਮਰੀਕਾ
May 21, 2025
* ਟਰੰਪ ਦੇ ਪ੍ਰਸਤਾਵਿਤ ਬਿੱਲ ਨੂੰ ਹਾਊਸ ਬਜਟ ਕਮੇਟੀ ਨੇ ਦਿੱਤੀ ਪ੍ਰਵਾਨਗੀ ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਪ੍ਰਸਤਾਵਿਤ ਨਵਾਂ ਬਿੱਲ ਜੇਕਰ ਕਾਨੂੰਨ ਬਣ ਜਾਂਦਾ ਹੈ ਜਿਸ ਦੀ ਕਿ ਪੂਰੀ ਸੰਭਾਵਨਾ ਹੈ, ਤਾਂ ਅਮਰੀਕਾ ਵਿਚ ਰਹਿ ਰਹੇ ਲੱਖਾਂ ਭਾਰਤੀਆਂ ਸਮੇਤ ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਆਪਣੇ ਘਰ ਜਾਂ ਦੇਸ਼ ਪੈਸੇ ਭੇਜਣ ਉਪਰ ਟੈਕਸ ਦੇਣਾ ਪਵੇਗਾ। ਹਾਊਸ ਬਜਟ ਕਮੇਟੀ ਨੇ '' ਵੱਨ ਬਿੱਗ ਬਿਊਟੀਫੁੱਲ ਬਿੱਲ ਐਕਟ'' ਨੂੰ ਪ੍ਰਵਾਨਗੀ ਦੇ ਦਿੱਤੀ ਹੈ। 1116 ਸਫ਼ਿਆਂ ਦੇ ਬਿੱਲ ਵਿਚ ਗੈਰ ਅਮਰੀਕੀ ਨਾਗਿਰਕਾਂ ਉਪਰ 5% ਐਕਸਾਈਜ ਟੈਕਸ ਲਾਉਣ ਦੀ ਵਿਵਸਥਾ ਹੈ। ਇਹ ਟੈਕਸ ਆਰਜੀ ਵਰਕ ਵੀਜੇੇੇ ਜਿਵੇਂ ਐਚ-1ਬੀ ਵੀਜਾ ਤੇ ਐਲ-1 ਵੀਜਾ ਦੇ ਨਾਲ ਨਾਲ ਗਰੀਨ ਕਾਰਡ ਧਾਰਕਾਂ ਜੋ ਅਜੇ ਅਮਰੀਕੀ ਨਾਗਰਿਕ ਨਹੀਂ ਬਣੇ ਹਨ, ਉਪਰ ਵੀ ਲਾਗੂ ਹੋਵੇਗਾ। ਪ੍ਰਸਤਾਵਿਤ ਟੈਕਸ ਪੈਸੇ ਭੇਜਣ ਮੌਕੇ ਕੱਟਿਆ ਜਾਵੇਗਾ। ਛੋਟੀ ਤੋਂ ਛੋਟੀ ਰਕਮ ਉਪਰ ਵੀ ਗੈਰ ਅਮਰੀਕੀ ਨਾਗਰਿਕਾਂ ਨੂੰ ਇਹ ਟੈਕਸ ਦੇਣਾ ਪਵੇਗਾ। ਕੇਵਲ ਅਮਰੀਕੀ ਨਾਗਰਿਕਾਂ ਜਾਂ ਅਮਰੀਕੀਆਂ ਨੂੰ ਇਸ ਟੈਕਸ ਤੋਂ ਛੋਟ ਹੋਵੇਗੀ। ਜਿਥੋਂ ਤੱਕ ਭਾਰਤੀਆਂ ਦਾ ਸਬੰਧ ਹੈ ਇਸ ਬਿੱਲ ਦੇ ਕਾਨੂੰਨ ਬਣ ਜਾਣ ਉਪਰੰਤ ਉਨਾਂ ਉਪਰ ਭਾਰੀ ਵਿੱਤੀ ਬੋਝ ਪਵੇਗਾ। ਰਿਜ਼ਰਵ ਬੈਂਕ ਆਫ ਇੰਡੀਆ (ਆਰ ਬੀ ਆਈ) ਵੱਲੋਂ ਮਾਰਚ 2025 ਵਿਚ ਕੀਤੇ ਸਰਵੇ ਅਨੁਸਾਰ ਵਿੱਤੀ ਸਾਲ 2023-2024 ਦੌਰਾਨ ਅਮਰੀਕਾ ਤੋਂ ਭਾਰਤ ਤਕਰੀਬਨ 32 ਅਰਬ ਡਾਲਰ ਭੇਜੇ ਗਏ ਸਨ। ਪ੍ਰਸਤਾਵਿਤ ਟੈਕਸ ਕਾਰਨ ਪ੍ਰਤੀ ਸਾਲ ਭਾਰਤੀਆਂ ਨੂੰ 1.6 ਅਰਬ ਡਾਲਰ ਤੋਂ ਵਧ ਟੈਕਸ ਦੇਣਾ ਪਵੇਗਾ। ਬਿੱਲ ਅਨੁਸਾਰ ਪੈਸੇ ਭੇਜਣ ਦੀ ਸੇਵਾ ਦੇਣ ਵਾਲੀਆਂ ਕੰਪਨੀਆਂ ਨੂੰ ਹਰ 3 ਮਹੀਨੇ ਬਾਅਦ ਇਹ ਰਕਮ ਅਮਰੀਕੀ ਖਜ਼ਾਨੇ ਵਿਚ ਜਮਾਂ ਕਰਵਾਉਣੀ ਪਵੇਗੀ। ਬਿੱਲ ਤਹਿਤ ਨਾ ਕੇਵਲ ਵਿਅਕਤੀਗੱਤ ਰੂਪ ਵਿੱਚ ਪੈਸੇ ਭੇਜਣ ਉਪਰ ਟੈਕਸ ਲਾਉਣ ਦੀ ਵਿਵਸਥਾ ਹੈ ਬਲਕਿ ਜੇਕਰ ਕੋਈ ਨਿਵੇਸ਼ ਉਪਰ ਹੋਈ ਆਮਦਨੀ ਆਪਣੇ ਦੇਸ਼ ਭੇਜਦਾ ਹੈ ਤਾਂ ਉਸ ਨੂੰ ਵੀ ਇਹ ਟੈਕਸ ਦੇਣਾ ਪਵੇਗਾ। ਅਮਰੀਕਾ ਵਿਚ ਰਹਿ ਰਹੇ ਅੰਦਾਜਨ 54 ਲੱਖ ਭਾਰਤੀਆਂ ਵਿਚੋਂ ਜਿਆਦਾਤਰ ਆਰਜੀ ਵਰਕ ਵੀਜ਼ੇ ਜਾਂ ਪੀ ਆਰ ਉਪਰ ਹਨ ਜਿਨਾਂ ਨੂੰ ਇਸ ਬਿੱਲ ਵਿਚ ਛੋਟ ਨਹੀਂ ਦਿੱਤੀ ਗਈ ਹੈ।

Loading