ਪ੍ਰਿੰਸੀਪਲ ਵਿਜੈ ਕੁਮਾਰ
ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਵੱਲੋਂ ਕਿੰਨੇ ਹੀ ਗੈਰਕਾਨੂੰਨੀ ਪਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ਾਂ ਵਿੱਚ ਵਾਪਸ ਭੇਜਿਆ ਜਾ ਰਿਹਾ ਹੈ। ਪਰਵਾਸੀਆਂ ਨੂੰ ਕਿਸੇ ਪੱਛਮੀ ਦੇਸ਼ ਵੱਲੋਂ ਉਨ੍ਹਾਂ ਦੇ ਦੇਸ਼ਾਂ ਨੂੰ ਮੋੜ ਕੇ ਭੇਜਣ ਦਾ ਇਹ ਕੋਈ ਪਹਿਲਾ ਅਤੇ ਆਖ਼ਰੀ ਮਸਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਦੇਸ਼ਾਂ ਵੱਲੋਂ ਅਜਿਹਾ ਕੀਤਾ ਜਾਂਦਾ ਰਿਹਾ ਹੈ, ਪਰ ਇਸ ਵੇਲੇ ਟਰੰਪ ਸਰਕਾਰ ਵੱਲੋਂ ਵੱਖ ਵੱਖ ਦੇਸ਼ਾਂ ਦੇ ਖ਼ਾਸ ਕਰਕੇ ਭਾਰਤ ਦੇ ਪਰਵਾਸੀਆਂ ਨੂੰ ਜਿਸ ਢੰਗ ਨਾਲ ਮੋੜਿਆ ਗਿਆ ਹੈ, ਉਸ ਕਾਰਨ ਅੰਤਰਰਾਸ਼ਟਰੀ ਪੱਧਰ ’ਤੇ ਇਹ ਮਾਮਲਾ ਕਾਫ਼ੀ ਭਖਿਆ ਹੋਇਆ ਹੈ। ਇਹ ਮਸਲਾ ਟਰੰਪ ਸਰਕਾਰ, ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ, ਏਜੰਟਾਂ ਅਤੇ ਪਰਵਾਸੀਆਂ ਨਾਲ ਜੁੜਿਆ ਹੋਇਆ ਹੈ।
ਪਹਿਲਾਂ ਇਹ ਗੱਲ ਸਪੱਸ਼ਟ ਕਰ ਦੇਣੀ ਚਾਹੀਦੀ ਹੈ ਕਿ ਇਹ ਮਾਮਲਾ ਕੂਟਨੀਤਕ ਰਾਜਨੀਤੀ ਦਾ ਹੈ। ਟਰੰਪ ਸਰਕਾਰ ਦੁਨੀਆ ਦੇ ਦੂਜੇ ਦੇਸ਼ਾਂ ਉੱਤੇ ਆਪਣਾ ਦਬਾਅ ਬਣਾਉਣਾ ਚਾਹੁੰਦੀ ਹੈ। ਟਰੰਪ ਸਰਕਾਰ ਨੂੰ ਪੁੱਛੇ ਜਾਣ ਵਾਲੇ ਸਵਾਲ ਇਹ ਹਨ ਕਿ ਕੀ ਗ਼ਲਤ ਢੰਗਾਂ ਨਾਲ ਅਮਰੀਕਾ ਵਿੱਚ ਆਉਣ ਵਾਲੇ ਪਰਵਾਸੀਆਂ ਨੂੰ ਰੋਕਣਾ ਉਨ੍ਹਾਂ ਦੀ ਜ਼ਿੰਮੇਵਾਰੀ ਨਹੀਂ ਹੈ? ਜਿਨ੍ਹਾਂ ਸਰਹੱਦਾਂ ਤੋਂ ਪਰਵਾਸੀ ਡੌਂਕੀ ਜਾਂ ਹੋਰ ਢੰਗਾਂ ਰਾਹੀਂ ਅਮਰੀਕਾ ਵਿੱਚ ਦਾਖਲ ਹੁੰਦੇ ਹਨ, ਉਨ੍ਹਾਂ ਸਰਹੱਦਾਂ ਅਤੇ ਉਨ੍ਹਾਂ ਢੰਗਾਂ ਉੱਤੇ ਸਖ਼ਤੀ ਕਰਨੀ ਉਸ ਦੀ ਜ਼ਿੰਮੇਵਾਰੀ ਨਹੀਂ ਹੈ? ਪਰਵਾਸੀਆਂ ਨੂੰ ਰਾਜਨੀਤਕ ਸ਼ਰਨ ਦੇਣ ਲਈ ਸ਼ਰਨਾਰਥੀ ਬਣਾ ਕੇ ਅਮਰੀਕਾ ਵਿੱਚ ਕੌਣ ਬਲਾਉਂਦਾ ਹੈ? ਇਨ੍ਹਾਂ ਪਰਵਾਸੀ ਮੁੰਡੇ ਕੁੜੀਆਂ ਨੂੰ ਫਿਰਕਾਪ੍ਰਸਤੀ ਦੀ ਆੜ ਵਿੱਚ ਭੜਕਾ ਕੇ ਦੂਜੇ ਦੇਸ਼ਾਂ ਵਿੱਚ ਅਸਥਿਰਤਾ ਕੌਣ ਪੈਦਾ ਕਰਦਾ ਹੈ? ਇਨ੍ਹਾਂ ਪਰਵਾਸੀਆਂ ਵੱਲੋਂ ਕੀਤੇ ਜਾਣ ਵਾਲੇ ਨਸ਼ੇ, ਲੁੱਟਮਾਰ, ਧੋਖਾ-ਧੜੀ, ਹੇਰਾ-ਫੇਰੀਆਂ ਅਤੇ ਹੋਰ ਗ਼ਲਤ ਕੰਮਾਂ ਨੂੰ ਸਖ਼ਤੀ ਨਾਲ ਕਿਉਂ ਨਹੀਂ ਰੋਕਿਆ ਜਾਂਦਾ? ਟਰੰਪ ਸਰਕਾਰ ਇਨ੍ਹਾਂ ਸਵਾਲਾਂ ਦਾ ਜਵਾਬ ਦਿੱਤੇ ਬਿਨਾਂ ਆਪਣੇ ਆਪ ਨੂੰ ਬੇਕਸੂਰ ਸਿੱਧ ਨਹੀਂ ਕਰ ਸਕਦੀ।
ਹੁਣ ਗ਼ਲਤ ਢੰਗਾਂ ਨਾਲ ਅਮਰੀਕਾ ਗਏ ਪਰਵਾਸੀਆਂ ਨੂੰ ਪੁੱਛੇ ਜਾਣ ਵਾਲੇ ਸਵਾਲ ਇਹ ਹਨ ਕਿ ਅਮਰੀਕਾ ਸਰਕਾਰ ਵੱਲੋਂ ਉਨ੍ਹਾਂ ਨੂੰ ਆਪਣੇ ਮੁਲਕ ਵਿੱਚੋਂ ਕੱਢੇ ਜਾਣ ਲਈ ਉਸ ਨੂੰ ਕਸੂਰਵਾਰ ਕਹਿਣ ਤੋਂ ਪਹਿਲਾਂ ਆਪਣੇ ਆਪ ਨੂੰ ਇਹ ਸਵਾਲ ਪੁੱਛਣਾ ਚਾਹੀਦਾ ਹੈ ਕਿ ਕੀ ਉਹ ਆਪਣੇ ਆਪ ਨੂੰ ਖ਼ਤਰੇ ਵਿੱਚ ਪਾ ਕੇ, ਲੱਖਾਂ ਰੁਪਏ ਖ਼ਰਚ ਕਰਕੇ ਗ਼ਲਤ ਢੰਗਾਂ ਨਾਲ ਦੂਜੇ ਮੁਲਕ ਵਿੱਚ ਜਾਣ ਦਾ ਕੰਮ ਠੀਕ ਕਰ ਰਹੇ ਹਨ? ਕੀ ਦੂਜੇ ਮੁਲਕਾਂ ਵਿੱਚ ਜਾ ਕੇ ਸਰਕਾਰ ਵੱਲੋਂ ਬਣਾਏ ਗਏ ਕਾਨੂੰਨਾਂ ਨੂੰ ਤੋੜ ਕੇ ਉਸ ਮੁਲਕ ਵਿੱਚ ਰਹਿਣਾ ਠੀਕ ਗੱਲ ਹੈ? ਕੀ ਦੂਜੇ ਦੇਸ਼ਾਂ ਵਿੱਚ ਜਾ ਕੇ ਪੈਸੇ ਕਮਾਉਣ ਲਈ ਅਪਰਾਧਕ ਕੰਮ ਕਰਨਾ ਚੰਗੀ ਗੱਲ ਹੈ? ਜਿਹੜੇ ਲੱਖਾਂ ਰੁਪਏ ਕਰਜ਼ ਚੁੱਕ ਕੇ, ਜ਼ਮੀਨ ਵੇਚ ਕੇ ਜਾਂ ਗਹਿਣੇ ਰੱਖ ਕੇ ਵਿਦੇਸ਼ ਜਾਣ ਲਈ ਖ਼ਰਚ ਕੀਤੇ ਜਾਂਦੇ ਹਨ, ਕੀ ਉਨ੍ਹਾਂ ਰੁਪਇਆਂ ਨਾਲ ਆਪਣੇ ਦੇਸ਼ ਵਿੱਚ ਰੋਟੀ ਰੋਜ਼ੀ ਨਹੀਂ ਕਮਾਈ ਜਾ ਸਕਦੀ? ਜਿਨ੍ਹਾਂ ਏਜੰਟਾਂ ਨੂੰ ਉਹ ਗ਼ਲਤ ਢੰਗ ਨਾਲ ਵਿਦੇਸ਼ ਭੇਜਣ ਲਈ ਦੋਸ਼ੀ ਦੱਸ ਰਹੇ ਹਨ, ਕੀ ਉਨ੍ਹਾਂ ਨੇ ਉਨ੍ਹਾਂ ਏਜੰਟਾਂ ਬਾਰੇ ਪਹਿਲਾਂ ਪਤਾ ਨਹੀਂ ਕੀਤਾ? ਜਦੋਂ ਉਹ ਖ਼ੁਦ ਗ਼ਲਤ ਢੰਗਾਂ ਨਾਲ ਵਿਦੇਸ਼ ਜਾਣ ਦਾ ਰਾਹ ਚੁਣਦੇ ਹਨ, ਫਿਰ ਉਹ ਟਰੰਪ ਸਰਕਾਰ ਅਤੇ ਏਜੰਟਾਂ ਨੂੰ ਦੋਸ਼ੀ ਕਿਵੇਂ ਕਹਿ ਸਕਦੇ ਹਨ? ਵਿਦੇਸ਼ਾਂ ਵਿੱਚ ਵਸਦੇ ਕੁਝ ਪਰਵਾਸੀ ਮੁੰਡੇ-ਕੁੜੀਆਂ ਅਤੇ ਹੋਰ ਲੋਕਾਂ ਵੱਲੋਂ ਗ਼ਲਤ ਕੰਮ ਕਰਨ ਦੀਆਂ ਖ਼ਬਰਾਂ ਹਰ ਰੋਜ਼ ਮੀਡੀਆ ਵਿੱਚ ਛਪਦੀਆਂ ਰਹਿੰਦੀਆਂ ਹਨ। ਉਨ੍ਹਾਂ ਵੱਲੋਂ ਕੀਤੇ ਜਾਣ ਵਾਲੇ ਗ਼ਲਤ ਕੰਮਾਂ ਦਾ ਖਮਿਆਜ਼ਾ ਮਿਹਨਤੀ ਅਤੇ ਬੇਕਸੂਰ ਪਰਵਾਸੀਆਂ ਨੂੰ ਵੀ ਭੁਗਤਣਾ ਪੈਂਦਾ ਹੈ।