ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਪਨਾਮਾ ਤੇ ਗੁਆਟੇਮਾਲਾ ਵਾਂਗ ਕੋਸਟਾ ਰੀਕਾ ਵੀ ਅਮਰੀਕਾ ਤੋਂ ਗੈਰ ਕਾਨੂੰਨੀ
ਪ੍ਰਵਾਸੀਆਂ ਦੀ ਵਤਨ ਵਾਪਿਸੀ ਵਿਚ ਸਹਿਯੋਗ ਕਰੇਗਾ। ਮੀਡੀਆ ਸੂਤਰਾਂ ਅਨੁਸਾਰ ਆਉਣ ਵਾਲੇ ਸਮੇ ਵਿਚ ਗੈਰ ਕਾਨੂੰਨੀ
ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਦੇ ਕੰਮ ਵਿਚ ਤੇਜੀ ਆਉਣ ਦੀ ਸੰਭਾਵਨਾ ਦੇ ਮੱਦੇਨਜਰ ਪਨਾਮਾ , ਗੁਆਟੇਮਾਲਾ ਤੇ ਕੋਸਟਾ ਰੀਕਾ ਵਿਚ
ਆਰਜੀ ਠਹਿਰਾਅ ਦੀ ਵਿਵਸਥਾ ਕੀਤੀ ਗਈ ਹੈ । ਗੈਰ ਕਾਨੂੰਨੀ ਪ੍ਰਵਾਸੀ ਇਕ ਦੇਸ਼ ਨਾਲ ਸਬੰਧਤ ਨਹੀਂ ਹਨ ਇਸ ਲਈ ਉਨਾਂ ਨੂੰ
ਅਮਰੀਕਾ ਤੋਂ ਸਿੱਧੀਆਂ ਉਡਾਣਾਂ ਰਾਹੀਂ ਵਾਪਿਸ ਭੇਜਣਾ ਮੁਸ਼ਕਿਲ ਕੰਮ ਹੈ। ਆਰਜ਼ੀ ਠਹਿਰਾਅ ਦੌਰਾਨ ਆਉਣ ਵਾਲਾ ਸਾਰਾ ਖਰਚ
ਅਮਰੀਕਾ ਹੀ ਕਰੇਗਾ। ਕੇਂਦਰੀ ਅਮਰੀਕੀ ਦੇਸ਼ ਕੋਸਟਾ ਰੀਕਾ ਦੇ ਰਾਸ਼ਟਰਪਤੀ ਦੇ ਦਫਤਰ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ
ਕਿ ਕੇਂਦਰੀ ਏਸ਼ੀਆ ਤੇ ਭਾਰਤ ਦੇ 200 ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਤੋਂ ਇਕ ਵਪਾਰਕ ਉਡਾਣ ਰਾਹੀਂ ਛੇਤੀ ਦੇਸ਼ ਦੀ
ਰਾਜਧਾਨੀ ਸੈਨਹੋਜੋ ਵਿਖੇ ਪੁੱਜ ਜਾਣਗੇ। ਉਨਾਂ ਕਿਹਾ ਕਿ ਇਨਾਂ ਪ੍ਰਵਾਸੀਆਂ ਨੂੰ ਪਨਾਮਾ ਸਰਹੱਦ ਨੇੜੇ ਇਕ ਆਰਜੀ ਪ੍ਰਵਾਸ ਦੇਖਭਾਲ
ਸੈਂਟਰ ਵਿਚ ਭੇਜਿਆ ਜਾਵੇਗਾ ਜਿਥੋਂ ਇਨਾਂ ਨੂੰ ਇਨਾਂ ਦੇ ਮੂਲ ਦੇਸ਼ਾਂ ਵਿਚ ਭੇਜਣ ਦੇ ਪ੍ਰਬੰਧ ਕੀਤੇ ਗਏ ਹਨ। ਕੋਸਟਾ ਰੀਕਾ ਨੇ ਸਪੱਸ਼ਟ
ਕੀਤਾ ਹੈ ਕਿ ਇਸ ਪ੍ਰਕ੍ਰਿਆ ਉਪਰ ਆਉਣ ਵਾਲਾ ਸਾਰਾ ਖਰਚ ਅਮਰੀਕਾ ਕਰੇਗਾ ਤੇ ਇਹ ਪ੍ਰਕ੍ਰਿਆ ਪ੍ਰਵਾਸ ਬਾਰੇ ਕੌਮਾਂਤਰੀ ਸੰਸਥਾ
( ਆਈ ਏ ਐਮ) ਦੀ ਨਿਗਰਾਨੀ ਹੇਠ ਪੂਰੀ ਕੀਤੀ ਜਾਵੇਗੀ। ਪਨਾਮਾ ਦੇ ਅਧਿਕਾਰੀਆਂ ਅਨੁਸਾਰ ਪਿਛਲੇ ਹਫਤੇ ਭਾਰਤ,
ਚੀਨ,ਪਾਕਿਸਤਾਨ, ਅਫਗਾਨਿਸਤਾਨ, ਈਰਾਨ, ਨੇਪਾਲ,ਸ਼ੀਲੰਕਾ, ਤੁਰਕੀ,ਉਜਬੇਕਿਸਤਾਨ ਤੇ ਵੀਅਤਨਾਮ ਦੇ 119 ਗੈਰ ਕਾਨੂੰਨੀ
ਪ੍ਰਵਾਸੀਆਂ ਨੂੰ ਲੈ ਕੇ ਇਕ ਜਹਾਜ਼ ਪਨਾਮਾ ਪੁੱਜਾ ਹੈ। ਏ ਐਫ ਪੀ ਦੀ ਇਕ ਰਿਪੋਰਟ ਅਨੁਸਾਰ ਲਤਿਨ ਅਮਰੀਕਾ ਬਿਨਾਂ
ਦਸਤਾਵੇਜ ਜਿਆਦਾਤਰ ਪ੍ਰਵਾਸੀਆਂ ਦਾ ਘਰ ਹੈ। ਤਕਰੀਬਨ 1.10 ਕਰੋੜ ਇਹ ਪ੍ਰਵਾਸੀ ਖਤਰਨਾਕ ਰਸਤਿਆਂ ਰਾਹੀਂ ਲੱਖਾਂ ਰੁਪਏ
ਖਰਚ ਕੇ ਇਥੇ ਪੁੱਜੇ ਹਨ।