ਅਮਰੀਕਾ ਦਾ ਭਾਰਤ ਨੂੰ ਵੱਡਾ ਝਟਕਾ: ਫ਼ੈਂਟਾਨਿਲ ਤਸਕਰੀ ਦੇ ਦੋਸ਼ ਵਿੱਚ ਅਧਿਕਾਰੀਆਂ ਦੇ ਵੀਜ਼ੇ ਰੱਦ

In ਖਾਸ ਰਿਪੋਰਟ
September 19, 2025

ਬੀਤੇ ਦਿਨੀਂ ਫ਼ੈਂਟਾਨਿਲ ਨਸ਼ੀਲੇ ਪਦਾਰਥ ਦੀ ਤਸਕਰੀ ਦੇ ਦੋਸ਼ਾਂ ਵਿੱਚ ਘਿਰੇ ਕੁਝ ਉੱਚ ਅਧਿਕਾਰੀਆਂ ਅਤੇ ਉਨ੍ਹਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਦੇ ਅਮਰੀਕੀ ਵੀਜ਼ੇ ਰੱਦ ਕਰ ਦਿੱਤੇ ਗਏ ਹਨ। ਇਹ ਕਾਰਵਾਈ ਟਰੰਪ ਪ੍ਰਸ਼ਾਸਨ ਦੀ ਨਸ਼ੀਲੇ ਪਦਾਰਥਾਂ ਵਿਰੁੱਧ ਮੁਹਿੰਮ ਦਾ ਹਿੱਸਾ ਹੈ।
ਅਮਰੀਕੀ ਦੂਤਾਵਾਸ ਨੇ 18 ਸਤੰਬਰ ਨੂੰ ਜਾਰੀ ਬਿਆਨ ਵਿੱਚ ਕਿਹਾ ਸੀ ਕਿ ਇਹ ਵੀਜ਼ੇ ਇਮੀਗ੍ਰੇਸ਼ਨ ਅਤੇ ਰਾਸ਼ਟਰੀਅਤਾ ਐਕਟ ਦੀਆਂ ਧਾਰਾਵਾਂ 221(ਜ), 212( ਅਤੇ 214(ਲ) ਅਧੀਨ ਰੱਦ ਕੀਤੇ ਗਏ ਹਨ। ਇਨ੍ਹਾਂ ਵਿਅਕਤੀਆਂ ਨੂੰ ਅਮਰੀਕਾ ਵਿੱਚ ਯਾਤਰਾ ਕਰਨ ਤੋਂ ਰੋਕਿਆ ਜਾ ਸਕਦਾ ਹੈ ਅਤੇ ਉਨ੍ਹਾਂ ਨਾਲ ਜੁੜੀਆਂ ਕੰਪਨੀਆਂ ਦੇ ਅਧਿਕਾਰੀਆਂ ਦੀਆਂ ਭਵਿੱਖੀ ਵੀਜ਼ਾ ਅਰਜ਼ੀਆਂ ਵੀ ਸਖ਼ਤ ਜਾਂਚ ਅਧੀਨ ਹੋਣਗੀਆਂ। ਚਾਰਜ ਡੀ ਅਫ਼ੇਅਰਜ਼ ਜੋਰਗਨ ਐਂਡਰਿਊਜ਼ ਨੇ ਕਿਹਾ ਕਿ ਨਵੀਂ ਦਿੱਲੀ ਵਿੱਚ ਅਮਰੀਕੀ ਦੂਤਾਵਾਸ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਆਪਣੀ ਵਚਨਬੱਧਤਾ ’ਤੇ ਅਡੋਲ ਹੈ। ਸਿਰਫ਼ ਇਨ੍ਹਾਂ ਦੋਸ਼ੀ ਵਿਅਕਤੀਆਂ ਅਤੇ ਸੰਗਠਨਾਂ ਨੂੰ ਹੀ ਨਹੀਂ, ਸਗੋਂ ਉਨ੍ਹਾਂ ਦੇ ਦੋਸ਼ੀ ਪਰਿਵਾਰਾਂ ਨੂੰ ਵੀ ਨਤੀਜੇ ਭੁਗਤਣੇ ਪੈਣਗੇ।
ਫ਼ੈਂਟਾਨਿਲ, ਇੱਕ ਸਿੰਥੈਟਿਕ ਓਪੀਏਡ, ਅਮਰੀਕਾ ਵਿੱਚ ਓਵਰਡੋਜ਼ ਮੌਤਾਂ ਦਾ ਮੁੱਖ ਕਾਰਨ ਬਣ ਚੁੱਕਾ ਹੈ। 2024 ਵਿੱਚ ਇਸ ਨੇ 52,000 ਤੋਂ ਵੱਧ ਅਮਰੀਕੀਆਂ ਦੀ ਜਾਨ ਲਈ ਸੀ। ਅਮਰੀਕੀ ਖੁਫ਼ੀਆ ਰਿਪੋਰਟਾਂ ਅਨੁਸਾਰ, ਚੀਨ ਅਤੇ ਭਾਰਤ ਵਰਗੇ ਦੇਸ਼ ਇਨ੍ਹਾਂ ਰਸਾਇਣਾਂ ਦੇ ਮੁੱਖ ਸਰੋਤ ਹਨ, ਜੋ ਅੰਤਰਰਾਸ਼ਟਰੀ ਡਾਕ ਅਤੇ ਕਾਰਗੋ ਰਾਹੀਂ ਅਮਰੀਕਾ ਭੇਜੇ ਜਾਂਦੇ ਹਨ। ਇਸ ਸਾਲ ਜਨਵਰੀ ਵਿੱਚ ਅਮਰੀਕੀ ਜਸਟਿਸ ਵਿਭਾਗ ਨੇ ਗੁਜਰਾਤ ਦੀਆਂ ਰੈਕਸੂਟਰ ਕੈਮੀਕਲਜ਼ ਅਤੇ ਐਥੋਸ ਕੈਮੀਕਲਜ਼ ਨੂੰ ਫ਼ੈਂਟਾਨਿਲ ਦੀ ਤਸਕਰੀ ਲਈ ਅਪਰਾਧੀ ਗਠਜੋੜ ਦੇ ਦੋਸ਼ ਵਿੱਚ ਨਾਮਜ਼ਦ ਕੀਤਾ ਸੀ। ਰੈਕਸੂਟਰ ਦੇ ਸੰਸਥਾਪਕ ਭਵੇਸ਼ ਲਠੀਆ ਨੂੰ ਨਿਊਯਾਰਕ ਵਿੱਚ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਇਹ ਵੀਜ਼ੇ ਰੱਦ ਕਰਨ ਵਾਲੀ ਕਾਰਵਾਈ ਉਸੇ ਮੁਹਿੰਮ ਦਾ ਹਿੱਸਾ ਲੱਗਦੀ ਹੈ।
ਇਹ ਘਟਨਾ ਟਰੰਪ ਪ੍ਰਸ਼ਾਸਨ ਵੱਲੋਂ ਫ਼ਰਵਰੀ ਵਿੱਚ ਲਾਗੂ ਕੀਤੇ ਟੈਰਿਫ਼ਾਂ ਤੋਂ ਬਾਅਦ ਆਈ ਹੈ, ਜਿਨ੍ਹਾਂ ਨੇ ਭਾਰਤੀ ਆਯਾਤ ’ਤੇ 50 ਫ਼ੀਸਦੀ ਵਾਧੂ ਟੈਕਸ ਲਗਾਇਆ ਸੀ। ਟਰੰਪ ਨੇ ਇਨ੍ਹਾਂ ਟੈਰਿਫ਼ਾਂ ਨੂੰ ਫ਼ੈਂਟਾਨਿਲ ਤਸਕਰੀ ਰੋਕਣ ਲਈ ਇੱਕ ਹਥਿਆਰ ਵਜੋਂ ਵਰਤਿਆ, ਜਦਕਿ ਚੀਨ ’ਤੇ 10 ਫ਼ੀਸਦੀ ਅਤੇ ਮੈਕਸੀਕੋ-ਕੈਨੇਡਾ ’ਤੇ 25 ਫ਼ੀਸਦੀ ਟੈਰਿਫ਼ ਲਾਗੂ ਕੀਤੇ ਸਨ। ਇਨ੍ਹਾਂ ਟੈਰਿਫ਼ਾਂ ਨੇ ਭਾਰਤੀ ਉਦਯੋਗ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ, ਖਾਸ ਕਰ ਸਟੀਲ, ਆਟੋ ਪਾਰਟਸ ਅਤੇ ਫ਼ਾਰਮਾਸੂਟੀਕਲ ਖੇਤਰਾਂ ਵਿੱਚ। ਅਮਰੀਕੀ ਅਰਥ ਵਿਗਿਆਨੀਆਂ ਅਨੁਸਾਰ, ਇਹ ਟੈਰਿਫ਼ ਅਮਰੀਕੀ ਘਰੇਲੂ ਆਰਥਿਕਤਾ ਨੂੰ ਵੀ ਬੁਲੰਦ ਮਹਿੰਗਾਈ ਦੇ ਰੂਪ ਵਿੱਚ ਪ੍ਰਭਾਵਿਤ ਕਰ ਰਹੇ ਹਨ।
ਵਿਦੇਸ਼ ਮੰਤਰਾਲਾ ਨੇ ਅਜੇ ਤੱਕ ਅਧਿਕਾਰਤ ਬਿਆਨ ਨਹੀਂ ਜਾਰੀ ਕੀਤਾ, ਪਰ ਸੂਤਰਾਂ ਅਨੁਸਾਰ ਨਵੀਂ ਦਿੱਲੀ ਅਮਰੀਕੀ ਰਾਜਦੂਤ ਨਾਲ ਗੱਲਬਾਤ ਕਰ ਰਿਹਾ ਹੈ। ਪਿਛਲੇ ਮਹੀਨਿਆਂ ਵਿੱਚ ਭਾਰਤ ਨੇ ਨਸ਼ੀਲੇ ਪਦਾਰਥਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਸੀ, ਜਿਵੇਂ ਕਿ ਰੈਕਸੂਟਰ ਵਰਗੀਆਂ ਕੰਪਨੀਆਂ ’ਤੇ ਪਾਬੰਦੀਆਂ ਅਤੇ ਐਕਸਪੋਰਟ ਨਿਯੰਤਰਣ। ਭਾਰਤੀ ਵਪਾਰਕ ਕੌਂਸਲ ਨੇ ਕਿਹਾ ਕਿ ਇਹ ਦੋਸ਼ ਵਪਾਰਕ ਸੰਬੰਧਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਹਨ, ਅਤੇ ਟੈਰਿਫ਼ਾਂ ਵਾਂਗ ਇਹ ਵੀ ਰਾਜਨੀਤਿਕ ਹੈ। ਇੱਕ ਵਿਸ਼ਲੇਸ਼ਕ ਨੇ ਕਿਹਾ, ‘ਭਾਰਤ ਅਮਰੀਕੀ ਡੋਜ਼ ਨੂੰ ਸਮਝਦਾ ਹੈ, ਪਰ ਇਹ ਕਾਰਵਾਈਆਂ ਵਪਾਰਕ ਯੁੱਧ ਨੂੰ ਹੋਰ ਭੜਕਾ ਸਕਦੀਆਂ ਹਨ।’
ਅਮਰੀਕੀ ਅਖਬਾਰਾਂ ਵਿੱਚ ਇਸ ਨੂੰ ਵੱਡੀ ਖ਼ਬਰ ਵਜੋਂ ਛਾਪਿਆ ਗਿਆ ਹੈ। ਰਾਇਟਰਜ਼ ਨੇ ਲਿਖਿਆ ਕਿ ਇਹ ਟਰੰਪ ਦੀ ਨਸ਼ੀਲੇ ਪਦਾਰਥ ਵਿਰੁੱਧ ਮੁਹਿੰਮ ਦਾ ਹਿੱਸਾ ਹੈ, ਜੋ ਚੀਨ ਅਤੇ ਮੈਕਸੀਕੋ ਵਰਗੇ ਦੇਸ਼ਾਂ ’ਤੇ ਟੈਰਿਫ਼ਾਂ ਤੋਂ ਬਾਅਦ ਭਾਰਤ ਨੂੰ ਨਿਸ਼ਾਨਾ ਬਣਾ ਰਿਹਾ ਹੈ। ਅਲ ਜਜ਼ੀਰਾ ਨੇ ਇਸ ਨੂੰ ਅਮਰੀਕਾ-ਭਾਰਤ ਵਪਾਰਕ ਤਣਾਅ ਨਾਲ ਜੋੜਦਿਆਂ ਕਿਹਾ ਕਿ ਰੂਸੀ ਤੇਲ ਅਤੇ ਟੈਰਿਫ਼ ਵਿਵਾਦਾਂ ਵਿੱਚ ਇਹ ਨਵਾਂ ਮੋੜ ਹੈ। ਵਾਸ਼ਿੰਗਟਨ ਪੋਸਟ ਨੇ ਟਰੰਪ ਦੀ ਟਿੱਪਣੀ ਨੂੰ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਨੂੰ 23 ਨਸ਼ੀਲੇ ਪਦਾਰਥ ਉਤਪਾਦਕ ਦੇਸ਼ਾਂ ਵਿੱਚ ਸ਼ਾਮਲ ਕਰਨ ਨਾਲ ਸੰਬੰਧ ਖਰਾਬ ਹੋ ਰਹੇ ਹਨ। ਨਿਊਯਾਰਕ ਟਾਈਮਜ਼ ਨੇ ਲਿਖਿਆ ਕਿ ਫ਼ੈਂਟਾਨਿਲ ਸੰਕਟ ਅਮਰੀਕੀ ਨੌਜਵਾਨਾਂ ਲਈ ਖਤਰਾ ਹੈ, ਅਤੇ ਭਾਰਤ ਵਰਗੇ ਦੇਸ਼ਾਂ ਨਾਲ ਸਹਿਯੋਗ ਜ਼ਰੂਰੀ ਹੈ, ਪਰ ਵੀਜ਼ੇ ਰੱਦ ਕਰਨਾ ਵਪਾਰਕ ਰਿਸ਼ਤਿਆਂ ਨੂੰ ਪ੍ਰਭਾਵਿਤ ਕਰੇਗਾ।
ਯਾਦ ਰਹੇ ਕਿ ਟਰੰਪ ਨੇ ਦਾਅਵਾ ਕੀਤਾ ਕਿ 2024 ਵਿੱਚ ਡਰੱਗਜ਼ ਨਾਲ 300 ਮਿਲੀਅਨ ਅਮਰੀਕੀਆਂ (30 ਕਰੋੜ) ਦੀ ਮੌਤ ਹੋਈ ਸੀ। ਇਹ ਅੰਕੜਾ ਅਮਰੀਕਾ ਦੀ ਕੁੱਲ ਆਬਾਦੀ (34 ਕਰੋੜ) ਦੇ ਬਰਾਬਰ ਹੈ। ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਦੇ ਅੰਕੜਿਆਂ ਮੁਤਾਬਕ 2024 ਵਿਚ ਸਿਰਫ਼ 79,383 ਮੌਤਾਂ ਹੋਈਆਂ ਸਨ। ਇਸ ’ਤੇ ਟਰੰਪ ਦਾ ਮਜ਼ਾਕ ਵੀ ਉੱਡ ਰਿਹਾ ਹੈ। ਹਾਲਾਂਕਿ, ਟਰੰਪ ਨੇ ਫ਼ਰਵਰੀ 2025 ਵਿੱਚ ‘ਮੇਕ ਅਮਰੀਕਾ ਹੈਲਦੀ ਅਗੇਨ ਕਮਿਸ਼ਨ’ ਸਥਾਪਤ ਕੀਤਾ, ਜਿਸ ਵਿੱਚ ਕਿਹਾ ਗਿਆ ਕਿ ਨੌਜਵਾਨਾਂ ਵਿੱਚ ਡਰੱਗਜ਼ ਦੀ ਵਰਤੋਂ ਨਾਲ 77 ਫ਼ੀਸਦੀ ਮਿਲਟਰੀ ਸੇਵਾ ਲਈ ਅਯੋਗ ਹਨ। 1 ਅਪ੍ਰੈਲ ਨੂੰ ਟਰੰਪ ਸਰਕਾਰ ਨੇ ਰਾਸ਼ਟਰੀ ਨਸ਼ਾ ਕੰਟਰੋਲ ਰਣਨੀਤੀ ਜਾਰੀ ਕੀਤੀ, ਜਿਸ ਵਿੱਚ ਡਰੱਗ ਓਵਰਡੋਜ਼ ਮੌਤਾਂ ਨੂੰ ਘੱਟ ਕਰਨ ਅਤੇ ਗ਼ੈਰ-ਕਾਨੂੰਨੀ ਡਰੱਗਜ਼ ਦੀ ਵਰਤੋਂ ਘਟਾਉਣ ’ਤੇ ਜ਼ੋਰ ਦਿੱਤਾ।
31 ਜੁਲਾਈ ਨੂੰ ਟਰੰਪ ਨੇ ਕੈਨੇਡਾ ’ਤੇ ਟੈਰਿਫ਼ ਵਧਾ ਕੇ 25 ਫ਼ੀਸਦੀ ਤੋਂ 35 ਫ਼ੀਸਦੀ ਕਰਨ ਦੇ ਕਾਰਜਕਾਰੀ ਹੁਕਮਾਂ ’ਤੇ ਦਸਤਖ਼ਤ ਕੀਤੇ। ਉਨ੍ਹਾਂ ਕਿਹਾ ਕਿ ਫ਼ੈਂਟੇਨਾਇਲ ਦੀ ਸਮਗਲਿੰਗ ਨਾਲ ਨੈਸ਼ਨਲ ਐਮਰਜੈਂਸੀ ਪੈਦਾ ਹੋ ਗਈ ਹੈ। 4 ਸਤੰਬਰ ਨੂੰ ਟਰੰਪ ਨੇ ਡਰੱਗਜ਼ ਸਮਗਲਰਾਂ ਨੂੰ ‘ਵਾਰ ਐਨਿਮੀ’ (ਯੁੱਧ ਦੁਸ਼ਮਣ) ਮੰਨ ਕੇ ਫ਼ੌਜੀ ਕਾਰਵਾਈ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਉਹ ਡਰੱਗ ਸਮਗਲਰਾਂ ਨੂੰ ਬਿਨਾਂ ਮੁਕੱਦਮੇ ਦੇ ਮਾਰਨ ਦੀ ਪਾਵਰ ਰੱਖਦੇ ਹਨ।
ਇਹ ਵਿਵਾਦ ਭਾਰਤ-ਅਮਰੀਕਾ ਸੰਬੰਧਾਂ ਵਿੱਚ ਨਵਾਂ ਚੁਣੌਤੀ ਪੈਦਾ ਕਰ ਰਿਹਾ ਹੈ। ਟਰੰਪ ਨੇ ਪਿਛਲੇ ਹਫ਼ਤੇ ਟਵੀਟ ਕੀਤਾ ਸੀ ਕਿ ‘ਫ਼ੈਂਟਾਨਿਲ ਵਰਗੇ ਜ਼ਹਿਰੀਲੇ ਨਸ਼ੇ ਰੋਕਣ ਲਈ ਅਸੀਂ ਕੋਈ ਕਸਰ ਨਹੀਂ ਛੱਡਾਂਗੇ।’ ਪਰ ਭਾਰਤੀ ਵਪਾਰੀ ਚੈਂਬਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਕਾਰਵਾਈਆਂ ਫ਼ਾਰਮਾ ਅਤੇ ਕੈਮੀਕਲ ਐਕਸਪੋਰਟ ਨੂੰ ਰੋਕ ਸਕਦੀਆਂ ਹਨ, ਜੋ ਭਾਰਤ ਦੇ 150 ਅਰਬ ਡਾਲਰ ਦੇ ਅਮਰੀਕੀ ਵਪਾਰ ਨੂੰ ਖ਼ਤਰੇ ਵਿੱਚ ਪਾ ਦੇਵੇਗੀ। ਵਿਸ਼ਲੇਸ਼ਕਾਂ ਅਨੁਸਾਰ, ਦੋਹਾਂ ਦੇਸ਼ਾਂ ਵਿਚਕਾਰ ਗੱਲਬਾਤ ਹੀ ਹੱਲ ਹੈ, ਕਿਉਂਕਿ ਫ਼ੈਂਟਾਨਿਲ ਵਰਗੀ ਅੰਤਰਰਾਸ਼ਟਰੀ ਸਮੱਸਿਆ ਨੂੰ ਇਕੱਲੇ ਨਹੀਂ ਹੱਲ ਕੀਤਾ ਜਾ ਸਕਦਾ। ਨਵੀਂ ਦਿੱਲੀ ਅਤੇ ਵਾਸ਼ਿੰਗਟਨ ਨੂੰ ਆਪਸੀ ਭਰੋਸੇ ਨਾਲ ਅੱਗੇ ਵਧਣਾ ਹੋਵੇਗਾ, ਨਹੀਂ ਤਾਂ ਟੈਰਿਫ਼ ਅਤੇ ਵੀਜ਼ੇ ਵਰਗੇ ਮੁੱਦੇ ਹੋਰ ਗੰਭੀਰ ਹੋ ਜਾਣਗੇ।

Loading