
ਨਵੀਂ ਦਿੱਲੀ/ਏ.ਟੀ.ਨਿਊਜ਼: ਕੌਮੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਅਮਰੀਕਾ ਨੇ ਵੀਜ਼ਾ ਬਿਨੈਕਾਰਾਂ ਨੂੰ ਪਿਛਲੇ ਪੰਜ ਸਾਲਾਂ ਵਿੱਚ ਵਰਤੇ ਗਏ ਹਰੇਕ ਸੋਸ਼ਲ ਮੀਡੀਆ ਪਲੇਟਫਾਰਮ ਦੇ ਆਪਣੇ ਯੂਜ਼ਰਨੇਮ ਜਾਂ ਹੈਂਡਲ ਦਾ ਖੁਲਾਸਾ ਕਰਨ ਲਈ ਕਿਹਾ ਹੈ। ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਪਿਛਲੇ ਦਿਨੀਂ ਜਾਰੀ ਇੱਕ ਸੰਖੇਪ ਬਿਆਨ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ, ਜਿਸ ਵਿੱਚ ਸੋਸ਼ਲ ਮੀਡੀਆ ਜਾਣਕਾਰੀ ਨੂੰ ਖਾਲੀ ਛੱਡਣ ਵਿਰੁੱਧ ਵੀ ਚਿਤਾਵਨੀ ਦਿੱਤੀ ਗਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਜਾਣਕਾਰੀ ਸਾਂਝੀ ਨਾ ਕੀਤੇ ਜਾਣ ’ਤੇ ਵੀਜ਼ਾ ਰੱਦ ਹੋ ਸਕਦਾ ਹੈ ਅਤੇ ਭਵਿੱਖ ਦੇ ਵੀਜ਼ਿਆਂ ਨੂੰ ਅਯੋਗ ਕੀਤਾ ਜਾ ਸਕਦਾ ਹੈ।
ਇਸ ਸਬੰਧੀ ਐਕਸ ’ਤੇ ਪੋਸਟ ਕੀਤੇ ਗਏ ਬਿਆਨ ਵਿੱਚ ਲਿਖਿਆ, ‘‘ਵੀਜ਼ਾ ਬਿਨੈਕਾਰਾਂ ਨੂੰ ਡੀ.ਐਸ-160 ਵੀਜ਼ਾ ਬਿਨੈ-ਪੱਤਰ ਫਾਰਮ ’ਤੇ ਪਿਛਲੇ 5 ਸਾਲਾਂ ਤੋਂ ਵਰਤੇ ਗਏ ਹਰੇਕ ਪਲੇਟਫਾਰਮ ਦੇ ਸਾਰੇ ਸੋਸ਼ਲ ਮੀਡੀਆ ਯੂਜ਼ਰਨੇਮ ਜਾਂ ਹੈਂਡਲ ਸੂਚੀਬੱਧ ਕਰਨ ਦੀ ਲੋੜ ਹੈ। ਬਿਨੈਕਾਰ ਦਸਤਖ਼ਤ ਕਰਨ ਅਤੇ ਜਮ੍ਹਾਂ ਕਰਾਉਣ ਤੋਂ ਪਹਿਲਾਂ ਪ੍ਰਮਾਣਿਤ ਕਰਨਗੇ ਕਿ ਉਨ੍ਹਾਂ ਦੇ ਵੀਜ਼ਾ ਬਿਨੈ-ਪੱਤਰ ਵਿੱਚ ਦਿੱਤੀ ਗਈ ਜਾਣਕਾਰੀ ਸਹੀ ਅਤੇ ਸੱਚੀ ਹੈ।’’ ਪੋਸਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ਜਾਣਕਾਰੀ ਛੱਡਣ ਨਾਲ ਵੀਜ਼ਾ ਰੱਦ ਹੋ ਸਕਦਾ ਹੈ ਅਤੇ ਭਵਿੱਖ ਦੇ ਵੀਜ਼ਿਆਂ ਲਈ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ।
23 ਜੂਨ ਨੂੰ ਅਮਰੀਕੀ ਦੂਤਾਵਾਸ ਨੇ ਐਫ਼.ਐਮ.ਜਾਂ ਜੇ. ਗ਼ੈਰ-ਪਰਵਾਸੀ ਵੀਜ਼ਾ ਲਈ ਅਰਜ਼ੀ ਦੇਣ ਵਾਲਿਆਂ ਨੂੰ ਉਨ੍ਹਾਂ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਪੜਦਾਦਾਰੀ ਸੈਟਿੰਗਾਂ ਨੂੰ ਜਨਤਕ ਕਰਨ ਲਈ ਕਿਹਾ ਸੀ ਤਾਂ ਜੋ ਜਾਂਚ ਵਿੱਚ ਸਹੂਲਤ ਹੋ ਸਕੇ। ਇਸ ਨੂੰ ਕਾਨੂੰਨ ਅਧੀਨ ਅਮਰੀਕਾ ਵਿੱਚ ਉਨ੍ਹਾਂ ਦੀ ਪਛਾਣ ਪੱਕੀ ਕਰਨ ਅਤੇ ਦਾਖਲੇ ਲਈ ਜ਼ਰੂਰੀ ਦੱਸਿਆ ਗਿਆ ਹੈ।
ਦੂਤਾਵਾਸ ਨੇ ਇਹ ਵੀ ਕਿਹਾ ਸੀ ਕਿ 2019 ਤੋਂ ਅਮਰੀਕਾ ਨੇ ਵੀਜ਼ਾ ਬਿਨੈਕਾਰਾਂ ਨੂੰ ਪਰਵਾਸੀ ਅਤੇ ਗੈਰ-ਪਰਵਾਸੀ ਵੀਜ਼ਾ ਬਿਨੈ-ਪੱਤਰ ਫਾਰਮਾਂ ’ਤੇ ਸੋਸ਼ਲ ਮੀਡੀਆ ਪ੍ਰਦਾਨ ਕਰਨ ਦੀ ਲੋੜ ਹੈ। ਐਫ਼ ਜਾਂ ਐਮ ਸ਼੍ਰੇਣੀ ਵਿਦਿਆਰਥੀ ਵੀਜ਼ਾ ਲਈ ਹੈ ਅਤੇ ਜੇ ਸ਼੍ਰੇਣੀ ਐਕਸਚੇਂਜ ਵਿਜ਼ਟਰ ਵੀਜ਼ਾ ਲਈ ਹੈ।
ਦੂਤਾਵਾਸ ਨੇ ਦੋ ਸਬੰਧਿਤ ਡਿਜੀਟਲ ਪੋਸਟਰ ਵੀ ਨੱਥੀ ਕੀਤੇ। ‘‘ਹਰੇਕ ਯੂ.ਐੱਸ. ਵੀਜ਼ਾ ਫੈਸਲਾ ਇੱਕ ਕੌਮੀ ਸੁਰੱਖਿਆ ਫੈਸਲਾ ਹੈ,” ਇੱਕ ਪੋਸਟਰ ਦੇ ਸਿਖਰ ’ਤੇ ਇੱਕ ਨੋਟ ਦੇ ਬਾਅਦ ਕੈਪਸ਼ਨ ਲਿਖਿਆ ਸੀ। ਨੋਟ ਵਿੱਚ ਲਿਖਿਆ ਸੀ, “ਸੰਯੁਕਤ ਰਾਜ ਅਮਰੀਕਾ ਵੀਜ਼ਾ ਬਿਨੈਕਾਰਾਂ ਨੂੰ ਵੀਜ਼ਾ ਬਿਨੈ-ਪੱਤਰ ਫਾਰਮਾਂ ‘ਤੇ ਸੋਸ਼ਲ ਮੀਡੀਆ ਪਛਾਣਕਰਤਾ ਪ੍ਰਦਾਨ ਕਰਨ ਦੀ ਮੰਗ ਕਰਦਾ ਹੈ। ਅਸੀਂ ਆਪਣੀ ਵੀਜ਼ਾ ਸਕ੍ਰੀਨਿੰਗ ਅਤੇ ਜਾਂਚ ਵਿੱਚ ਉਪਲਬਧ ਸਾਰੀ ਜਾਣਕਾਰੀ ਦੀ ਵਰਤੋਂ ਕਰਦੇ ਹਾਂ।’’
ਇਸ ਤੋਂ ਪਹਿਲਾਂ ਦੂਤਾਵਾਸ ਦੇ ਬਿਆਨ ਵਿੱਚ ਕਿਹਾ ਗਿਆ ਸੀ ਕਿ ਅਮਰੀਕਾ ਨੇ ਇਮੀਗ੍ਰੇਸ਼ਨ ਕਾਨੂੰਨਾਂ ਦੇ ਲਾਗੂਕਰਨ ਨੂੰ ਵਧਾ ਦਿੱਤਾ ਹੈ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਭਵਿੱਖ ਦੇ ਵੀਜ਼ਾ ਯੋਗਤਾ ਲਈ ਨਜ਼ਰਬੰਦੀ, ਦੇਸ਼ ਨਿਕਾਲੇ ਅਤੇ ਸਥਾਈ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ। ਅਮਰੀਕਾ ਨੇ ਅੱਗੇ ਚਿਤਾਵਨੀ ਦਿੱਤੀ ਕਿ ਗੈਰ-ਕਾਨੂੰਨੀ ਤੌਰ ’ਤੇ ਦੇਸ਼ ਵਿੱਚ ਦਾਖਲ ਹੋਣ ਵਾਲਿਆਂ ਨੂੰ ਜੇਲ੍ਹ ਦਾ ਸਮਾਂ ਅਤੇ ਦੇਸ਼ ਨਿਕਾਲਾ ਭੁਗਤਣਾ ਪਵੇਗਾ। ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਇਸ ਮਹੀਨੇ ਵੀਜ਼ਾ ਅਤੇ ਇਮੀਗ੍ਰੇਸ਼ਨ ਦੇ ਵਿਸ਼ੇ ’ਤੇ ਕਈ ਬਿਆਨ ਜਾਰੀ ਕੀਤੇ ਹਨ।