
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕੋਈ ਹਫਤੇ ਤੋਂ ਵੀ ਵਧ ਸਮਾਂ ਪਹਿਲਾਂ ਲੋਇਸਿਆਨਾ ਦੀ ਨਿਊ ਓਰਲੀਨਜ ਜੇਲ ਵਿਚੋਂ ਫਰਾਰ
ਹੋਏ 10 ਕੈਦੀਆਂ ਵਿਚੋਂ 5 ਅਜੇ ਵੀ ਪੁਲਿਸ ਦੇ ਕਾਬੂ ਨਹੀਂ ਆਏ ਜਦ ਕਿ ਕੈਦੀਆਂ ਦੀ ਫਰਾਰ ਹੋਣ ਵਿਚ ਮੱਦਦ ਕਰਨ ਦੇ ਦੋਸ਼ਾਂ ਤਹਿਤ 7
ਵਿਅਕਤੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਹੈ। ਲੋਇਸਿਆਨਾ ਅਟਾਰਨੀ ਜਨਰਲ ਲਿਜ਼ ਮੁਰਿਲ ਨੇ ਕਿਹਾ ਹੈ ਕਿ ਗ੍ਰਿਫਤਾਰ ਵਿਅਕਤੀਆਂ
ਵਿਚ ਇਕ ਕੈਦੀ ਟਰੈਵਨ ਵਿਲੀਅਮਜ ਵੀ ਸ਼ਾਮਿਲ ਹੈ ਜੋ ਖੁਦ ਫਰਾਰ ਨਹੀਂ ਹੋਇਆ ਪਰੰਤੂ ਉਸ ਨੇ ਸਾਥੀਆਂ ਦੀ ਭੱਜਣ ਵਿਚ ਮੱਦਦ ਕੀਤੀ ਹੈ।
ਇਸ ਤੋਂ ਇਲਾਵਾ ਇਕ ਜੇਲ ਮੁਲਾਜਮ ਸ਼ਾਮਿਲ ਹੈ। ਲੋਇਸਿਆਨਾ ਪੁਲਿਸ ਨੇ ਆਮ ਲੋਕਾਂ ਨੂੰ ਸਖਤ ਚਿਤਾਵਨੀ ਦਿੱਤੀ ਹੈ ਕਿ ਕੋਈ ਵੀ ਫਰਾਰ
ਕੈਦੀਆਂ ਦੀ ਮੱਦਦ ਨਾ ਕਰੇ ਤੇ ਜੇਕਰ ਕੋਈ ਅਜਿਹਾ ਕਰੇਗਾ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਿਸ ਨੇ ਕਿਹਾ ਹੈ ਕਿ ਫਰਾਰ 5 ਕੈਦੀ ਜੋ
ਅਜੇ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ, ਨੂੰ ਗ੍ਰਿਫਤਾਰ ਕਰਵਾਉਣ ਵਿੱਚ ਮੱਦਦ ਕੀਤੀ ਜਾਵੇ ਤੇ ਐਲਾਨਿਆ ਇਨਾਮ ਲਿਆ ਜਾਵੇ। ਜੋ ਕੈਦੀ ਅਜੇ
ਕਾਬੂ ਨਹੀਂ ਕੀਤੇ ਜਾ ਸਕੇ, ਉਨਾਂ ਵਿਚ ਜਰਮੇਨ ਡੋਨਾਲਡ, ਡੈਰਿਕ ਗਰੋਵਸ,ਲਿਓ ਟੇਟ, ਲੈਨਟਨ ਵੈਨਬੁਰੇਨ ਤੇ ਐਨਟੋਇਨ ਮੈਸੀ ਸ਼ਾਮਿਲ ਹਨ। ਇਨਾਂ
ਵਿਚੋਂ ਡੋਨਾਲਡ,ਵੈਨਬੁਰੇਨ ਤੇ ਗਰੋਵਸ ਵਿਰੁੱਧ ਦੂਸਰਾ ਦਰਜਾ ਹੱਤਿਆ ਦੇ ਦੋਸ਼ ਦਰਜ ਹਨ।