ਅਮਰੀਕਾ ਦੀ ਦੂਜੇ ਦੇਸ਼ਾਂ ਵਿੱਚ ਦਖਲਅੰਦਾਜ਼ੀ: ਇਤਿਹਾਸ, ਨਤੀਜੇ ਅਤੇ ਭਵਿੱਖ ਦੇ ਖਤਰੇ

In ਖਾਸ ਰਿਪੋਰਟ
January 06, 2026

ਅਮਰੀਕਾ ਨੂੰ ਦੁਨੀਆਂ ਦਾ ਸਭ ਤੋਂ ਤਾਕਤਵਰ ਦੇਸ਼ ਮੰਨਿਆ ਜਾਂਦਾ ਹੈ, ਪਰ ਇਸ ਦਾ ਇਤਿਹਾਸ ਦੂਸਰੇ ਦੇਸ਼ਾਂ ਵਿੱਚ ਦਖਲਅੰਦਾਜ਼ੀ ਨਾਲ ਭਰਿਆ ਪਿਆ ਹੈ। ਪਿਛਲੇ 120 ਸਾਲਾਂ ਵਿੱਚ ਅਮਰੀਕਾ ਨੇ ਲਗਭਗ 35 ਦੇਸ਼ਾਂ ਵਿੱਚ ਤਖਤਾਪਲਟ ਜਾਂ ਸੱਤਾ ਬਦਲਣ ਵਾਲੇ ਕੰਮ ਕੀਤੇ ਹਨ। ਇਹ ਨਾ ਸਿਰਫ਼ ਫ਼ੌਜੀ ਹਮਲੇ ਹਨ, ਸਗੋਂ ਰਾਜਨੀਤਕ ਦਬਾਅ, ਖੁਫ਼ੀਆ ਏਜੰਸੀਆਂ ਵੱਲੋਂ ਖੇਡ ਅਤੇ ਆਰਥਿਕ ਪਾਬੰਦੀਆਂ ਵੀ ਸ਼ਾਮਲ ਹਨ। ਅਜਿਹੇ ਕੰਮਾਂ ਨੂੰ ਅਮਰੀਕਾ ਅਕਸਰ ਲੋਕਤੰਤਰ, ਮਨੁੱਖੀ ਅਧਿਕਾਰਾਂ ਜਾਂ ਸੁਰੱਖਿਆ ਦੇ ਨਾਂ ਹੇਠ ਜਾਇਜ਼ ਠਹਿਰਾਉਂਦਾ ਹੈ, ਪਰ ਨਤੀਜੇ ਅਕਸਰ ਅਸਥਿਰਤਾ, ਗ੍ਰਹਿ ਯੁੱਧ ਅਤੇ ਲੰਮੀ ਅਰਾਜਕਤਾ ਵੱਲ ਲੈ ਜਾਂਦੇ ਹਨ।
ਇਤਿਹਾਸ ਵਿੱਚ ਅਮਰੀਕਾ ਨੇ ਬਹੁਤ ਸਾਰੇ ਦੇਸ਼ਾਂ ਵਿੱਚ ਆਪਣੀ ਮਰਜ਼ੀ ਨਾਲ ਸੱਤਾ ਬਦਲੀ ਹੈ। ਉਦਾਹਰਨ ਵਜੋਂ, 1898 ਵਿੱਚ ਕਿਊਬਾ ਵਿੱਚ ਅਮਰੀਕਾ ਨੇ ਸਪੇਨ ਨੂੰ ਹਰਾ ਕੇ ਕੰਟਰੋਲ ਲਿਆ ਅਤੇ ਫ਼ਿਰ ਆਪਣੇ ਅਨੁਕੂਲ ਸਰਕਾਰ ਬਣਾਈ। 1903 ਵਿੱਚ ਪਨਾਮਾ ਵਿੱਚ ਅਮਰੀਕਾ ਨੇ ਕੈਨਾਲ ਬਣਾਉਣ ਲਈ ਦਖਲਅੰਦਾਜੀ ਕੀਤੀ ਅਤੇ ਫ਼ਿਰ 1989 ਵਿੱਚ ਵੀ ਇੱਥੇ ਫ਼ੌਜ ਭੇਜ ਕੇ ਸਤਾਧਾਰੀ ਨੂੰ ਹਟਾਇਆ। ਗੁਆਟੇਮਾਲਾ ਵਿੱਚ 1954 ਵਿੱਚ ਅਮਰੀਕਾ ਨੇ ਸੀਆਈਏ ਦੀ ਮੱਦਦ ਨਾਲ ਰਾਸ਼ਟਰਪਤੀ ਨੂੰ ਹਟਾਇਆ ਕਿਉਂਕਿ ਉਹ ਅਮਰੀਕੀ ਕੰਪਨੀਆਂ ਨੂੰ ਨੁਕਸਾਨ ਪਹੁੰਚਾ ਰਿਹਾ ਸੀ। ਇਸ ਤੋਂ ਬਾਅਦ ਗੁਆਟੇਮਾਲਾ ਵਿੱਚ ਦਹਾਕਿਆਂ ਤੱਕ ਹਿੰਸਾ ਅਤੇ ਗ੍ਰਹਿ ਯੁੱਧ ਚੱਲਿਆ, ਜਿਸ ਵਿੱਚ ਲੱਖਾਂ ਲੋਕ ਮਾਰੇ ਗਏ। ਬ੍ਰਾਜ਼ੀਲ ਵਿੱਚ 1964 ਵਿੱਚ ਅਮਰੀਕਾ ਨੇ ਤਖਤਾਪਲਟ ਵਿੱਚ ਮੱਦਦ ਕੀਤੀ ਅਤੇ ਚਿਲੀ ਵਿੱਚ 1973 ਵਿੱਚ ਅਲੈਂਡੇ ਨੂੰ ਹਟਾ ਕੇ ਪਿਨੋਸ਼ੇ ਨੂੰ ਸੱਤਾ ਵਿੱਚ ਲਿਆਂਦਾ, ਜਿਸ ਨੇ ਹਜ਼ਾਰਾਂ ਲੋਕਾਂ ਨੂੰ ਮਾਰਿਆ।
ਏਸ਼ੀਆ ਵਿੱਚ ਵੀ ਅਮਰੀਕਾ ਨੇ ਬਹੁਤ ਕੁਝ ਕੀਤਾ ਹੈ। ਈਰਾਨ ਵਿੱਚ 1953 ਵਿੱਚ ਮੋਸੱਦੇਕ ਨੂੰ ਹਟਾਇਆ ਗਿਆ ਕਿਉਂਕਿ ਉਹ ਤੇਲ ਨੂੰ ਰਾਸ਼ਟਰੀਕਰਨ ਕਰ ਰਿਹਾ ਸੀ। ਇਸ ਨਾਲ ਇਰਾਨ ਵਿੱਚ ਅਸਥਿਰਤਾ ਵਧੀ ਅਤੇ ਬਾਅਦ ਵਿੱਚ ਇਸਲਾਮੀ ਕ੍ਰਾਂਤੀ ਹੋਈ। ਇਰਾਕ ਵਿੱਚ 2003 ਵਿੱਚ ਅਮਰੀਕਾ ਨੇ ਸੱਦਾਮ ਹੁਸੈਨ ਨੂੰ ਹਟਾਇਆ ਅਤੇ ਲੋਕਤੰਤਰ ਲਿਆਉਣ ਦਾ ਵਾਅਦਾ ਕੀਤਾ, ਪਰ ਨਤੀਜਾ ਗ੍ਰਹਿ ਯੁੱਧ, ਆਈਐੱਸਆਈਐੱਸ ਵਰਗੇ ਅੱਤਵਾਦੀ ਗਰੁੱਪ ਅਤੇ ਲੱਖਾਂ ਮੌਤਾਂ ਹੋਈਆਂ। ਅਫ਼ਗਾਨਿਸਤਾਨ ਵਿੱਚ 2001 ਵਿੱਚ ਤਾਲਿਬਾਨ ਨੂੰ ਹਟਾਇਆ ਗਿਆ, ਪਰ 20 ਸਾਲ ਬਾਅਦ 2021 ਵਿੱਚ ਤਾਲਿਬਾਨ ਵਾਪਸ ਆ ਗਏ ਅਤੇ ਅਮਰੀਕਾ ਨੂੰ ਭੱਜਣਾ ਪਿਆ। ਪਾਕਿਸਤਾਨ ਵਿੱਚ 2022 ਵਿੱਚ ਇਮਰਾਨ ਖਾਨ ਦੀ ਸਰਕਾਰ ਡਿੱਗੀ ਅਤੇ ਉਨ੍ਹਾਂ ਨੇ ਅਮਰੀਕਾ ਉੱਤੇ ਇਲਜ਼ਾਮ ਲਾਇਆ ਕਿ ਉਨ੍ਹਾਂ ਦੀ ਰੂਸ ਨਾਲ ਨੇੜਤਾ ਕਾਰਨ ਅਜਿਹਾ ਹੋਇਆ। ਬੰਗਲਾਦੇਸ਼ ਵਿੱਚ 2024 ਵਿੱਚ ਸ਼ੇਖ ਹਸੀਨਾ ਦੀ ਸਰਕਾਰ ਵਿਰੋਧ ਪ੍ਰਦਰਸ਼ਨਾਂ ਨਾਲ ਡਿੱਗੀ ਅਤੇ ਆਲੋਚਕ ਕਹਿੰਦੇ ਹਨ ਕਿ ਅਮਰੀਕਾ ਨੇ ਮਨੁੱਖੀ ਅਧਿਕਾਰਾਂ ਦੇ ਨਾਂ ਹੇਠ ਦਬਾਅ ਬਣਾਇਆ। ਲੀਬੀਆ ਵਿੱਚ 2011 ਵਿੱਚ ਗੱਦਾਫ਼ੀ ਨੂੰ ਹਟਾਇਆ ਗਿਆ ਅਤੇ ਨਤੀਜਾ ਅਰਾਜਕਤਾ ਅਤੇ ਗ੍ਰਹਿ ਯੁੱਧ ਹੈ। ਵੀਅਤਨਾਮ, ਕੰਬੋਡੀਆ, ਇੰਡੋਨੇਸ਼ੀਆ ਅਤੇ ਥਾਈਲੈਂਡ ਵਿੱਚ ਵੀ ਅਮਰੀਕਾ ਨੇ ਦਖਲਅੰਦਾਜ਼ੀ ਕੀਤੀ, ਜਿਨ੍ਹਾਂ ਨਾਲ ਲੱਖਾਂ ਲੋਕ ਮਾਰੇ ਗਏ ਅਤੇ ਅਸਥਿਰਤਾ ਵਧੀ।
ਇਸ ਦਖਲਅੰਦਾਜੀ ਦੇ ਨਤੀਜੇ ਬਹੁਤ ਬੁਰੇ ਨਿਕਲੇ ਹਨ। ਅਮਰੀਕਾ ਨੇ ਜਿੱਤਾਂ ਜ਼ਰੂਰ ਹਾਸਲ ਕੀਤੀਆਂ, ਪਰ ਬਾਅਦ ਵਿੱਚ ਅਸਥਿਰਤਾ ਅਤੇ ਅੱਤਵਾਦ ਵਧਿਆ। ਅਮਰੀਕਾ ਨੂੰ ਇਸ ਕਾਰਨ ਬਹੁਤ ਵੱਡਾ ਆਰਥਿਕ ਨੁਕਸਾਨ ਹੋਇਆ । ਇਹ ਨਤੀਜੇ ਦੱਸਦੇ ਹਨ ਕਿ ਅਮਰੀਕਾ ਨੂੰ ਇਤਿਹਾਸ ਤੋਂ ਸਬਕ ਨਹੀਂ ਸਿੱਖਿਆ ਅਤੇ ਉਹ ਉਹੀ ਗਲਤੀਆਂ ਦੁਹਰਾਉਂਦਾ ਰਹਿੰਦਾ ਹੈ।
ਹੁਣ ਗੱਲ ਕਰੀਏ ਕਿ ਕੀ ਅਮਰੀਕਾ ਦੇ ਸੱਤਾਧਾਰੀਆਂ ਉੱਤੇ ਹਮਲੇ ਹੋ ਸਕਦੇ ਹਨ। ਹਾਲ ਹੀ ਵਿੱਚ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈੱਨਸ ਦੇ ਘਰ ਉੱਤੇ ਹਮਲਾ ਹੋਇਆ ਹੈ। ਇਹ ਘਟਨਾ ਦੱਸਦੀ ਹੈ ਕਿ ਅਮਰੀਕੀ ਲੀਡਰ ਵੀ ਸੁਰੱਖਿਆ ਵਿੱਚ ਕਮਜ਼ੋਰ ਹਨ। ਜਾਂਚ ਚੱਲ ਰਹੀ ਹੈ। ਅਮਰੀਕਾ ਦੇ ਦੂਜੇ ਦੇਸ਼ਾਂ ਵਿਚ ਦਖਲਅੰਦਾਜ਼ੀ ਕਾਰਨ ਦੁਨੀਆਂ ਵਿੱਚ ਉਸ ਵਿਰੋਧ ਵਧ ਰਿਹਾ ਹੈ, ਜਿਸ ਨਾਲ ਅੱਤਵਾਦੀ ਜਾਂ ਵਿਰੋਧੀ ਗਰੁੱਪ ਅਮਰੀਕੀ ਲੀਡਰਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਇਤਿਹਾਸ ਵਿੱਚ ਵੀ ਅਜਿਹੇ ਹਮਲੇ ਹੋਏ ਹਨ, ਜਿਵੇਂ ਕਿ ਕੈਨੇਡੀ ਦੀ ਹੱਤਿਆ। ਅੱਜ ਦੇ ਸਮੇਂ ਵਿੱਚ ਅਮਰੀਕਾ ਵਿੱਚ ਅੱਤਵਾਦ ਦਾ ਖਤਰਾ ਵਧ ਗਿਆ ਹੈ, ਇਸ ਲਈ, ਅਮਰੀਕੀ ਸੱਤਾਧਾਰੀਆਂ ਉੱਤੇ ਹਮਲੇ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਵਧੇਰੇ ਸੁਰੱਖਿਆ ਦੀ ਲੋੜ ਹੈ।
ਟਰੰਪ ਨੇ ਭਾਰਤ ਨੂੰ 50 ਫ਼ੀਸਦੀ ਟੈਰਿਫ਼ ਲਗਾਇਆ ਅਤੇ ਇਸ ਨੂੰ ਰੂਸ ਦੇ ਤੇਲ ਵਪਾਰ ਨਾਲ ਤੇ ਨੇੜਤਾ ਨਾਲ ਜੋੜਿਆ। ਇਹ ਰਾਜਨੀਤਕ ਦਬਾਅ ਹੈ ਅਤੇ ਅਮਰੀਕਾ ਭਾਰਤ ਨੂੰ ਆਪਣੀ ਨੀਤੀ ਵੱਲ ਝੁਕਾਉਣਾ ਚਾਹੁੰਦਾ ਹੈ। ਪਰ ਭਾਰਤ ਆਪਣੇ ਪੁਰਾਣੇ ਸੰਬੰਧਾਂ ਨੂੰ ਰੂਸ ਅਤੇ ਚੀਨ ਨਾਲ ਨਹੀਂ ਤੋੜ ਸਕਦਾ। ਜੇ ਅਮਰੀਕਾ ਨੇ ਵਧੇਰੇ ਦਬਾਅ ਬਣਾਇਆ ਤਾਂ ਭਾਰਤ ਵਿੱਚ ਰਾਜਨੀਤਕ ਅਸਥਿਰਤਾ ਆ ਸਕਦੀ ਹੈ, ਪਰ ਭਾਰਤ ਦੀ ਮਜ਼ਬੂਤ ਫ਼ੌਜ ਅਤੇ ਆਰਥਿਕਤਾ ਕਾਰਨ ਸਿੱਧੀ ਦਖਲਅੰਦਾਜ਼ੀ ਮੁਸ਼ਕਲ ਹੈ। ਫ਼ਿਰ ਵੀ, ਭਾਰਤ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਆਪਣੀ ਵਿਦੇਸ਼ ਨੀਤੀ ਨੂੰ ਸੰਤੁਲਿਤ ਰੱਖਣੀ ਚਾਹੀਦੀ ਹੈ।
ਚੀਨ ਅਮਰੀਕਾ ਦਾ ਵਿਰੋਧ ਕਰ ਰਿਹਾ ਹੈ ਕਿਉਂਕਿ ਅਮਰੀਕਾ ਚੀਨ ਨੂੰ ਆਪਣੇ ਪ੍ਰਭਾਵ ਵਾਲੇ ਖੇਤਰਾਂ ਵਿੱਚ ਰੋਕਣਾ ਚਾਹੁੰਦਾ ਹੈ। ਅਮਰੀਕਾ ਨੇ ਦੂਜੇ ਵਿਸ਼ਵ ਯੁੱਧ ਵਾਲੇ ਏਅਰਬੇਸ ਨੂੰ ਵਾਪਸ ਚਾਲੂ ਕੀਤੇ ਹਨ, ਜਿਵੇਂ ਕਿ ਟਿਨੀਅਨ ਆਈਲੈਂਡ ਉੱਤੇ ਨੌਰਥ ਫ਼ੀਲਡ। ਇਹ ਚੀਨ ਨਾਲ ਟਕਰਾਅ ਦੀ ਤਿਆਰੀ ਹੈ, ਖਾਸ ਕਰ ਤਾਈਵਾਨ ਨੂੰ ਲੈ ਕੇ। ਅਮਰੀਕਾ ਨੇ ਐਗਾਈਲ ਕੰਬੈਟ ਇੰਪਲਾਇਮੈਂਟ (ਏਸੀਈ) ਨੀਤੀ ਅਪਣਾਈ ਹੈ, ਜਿਸ ਵਿੱਚ ਬਹੁਤ ਸਾਰੇ ਛੋਟੇ ਬੇਸ ਬਣਾ ਕੇ ਚੀਨ ਦੀਆਂ ਮਿਜ਼ਾਈਲਾਂ ਨੂੰ ਨਿਸ਼ਾਨਾ ਬਣਾਉਣਾ ਮੁਸ਼ਕਲ ਕੀਤਾ ਜਾ ਰਿਹਾ ਹੈ। ਚੀਨ ਕੋਲ ਵੱਡੀ ਫ਼ੌਜ ਅਤੇ ਮਿਜ਼ਾਈਲਾਂ ਹਨ, ਜੋ ਅਮਰੀਕੀ ਬੇਸਾਂ ਨੂੰ ਖਤਰੇ ਵਿੱਚ ਪਾ ਸਕਦੀਆਂ ਹਨ। 2027 ਤੱਕ ਤਾਈਵਾਨ ਉੱਤੇ ਹਮਲੇ ਦੀ ਸੰਭਾਵਨਾ ਹੈ ਅਤੇ ਅਮਰੀਕਾ ਇਸ ਲਈ ਤਿਆਰੀ ਕਰ ਰਿਹਾ ਹੈ। ਪਰ ਯੁੱਧ ਹੋਣ ਨਾਲ ਦੁਨੀਆਂ ਨੂੰ ਵੱਡਾ ਨੁਕਸਾਨ ਹੋਵੇਗਾ, ਇਸ ਲਈ ਗੱਲਬਾਤ ਨਾਲ ਹੱਲ ਕੱਢਣਾ ਬਿਹਤਰ ਹੈ।
ਅਮਰੀਕਾ ਨੂੰ ਆਪਣੀਆਂ ਦਖਲਅੰਦਾਜ਼ੀ ਤੋਂ ਸਬਕ ਸਿੱਖਣਾ ਚਾਹੀਦਾ ਹੈ ਅਤੇ ਦੁਨੀਆਂ ਨੂੰ ਸਾਂਝੇ ਵਿਕਾਸ ਵੱਲ ਲੈ ਜਾਣਾ ਚਾਹੀਦਾ ਹੈ। ਨਹੀਂ ਤਾਂ ਇਤਿਹਾਸ ਉਹੀ ਕਹਾਣੀ ਦੁਹਰਾਏਗਾ ਅਤੇ ਅਸਥਿਰਤਾ ਵਧੇਗੀ।

ਰਜਿੰਦਰ ਸਿੰਘ ਪੁਰੇਵਾਲ

Loading