ਨਵੀਂ ਦਿੱਲੀ, 15 ਫਰਵਰੀ :
ਭਾਜਪਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਪਲਟਵਾਰ ਕੀਤਾ ਹੈ, ਜਿਨ੍ਹਾਂ ਗੈਰ-ਕਾਨੂੰਨੀ ਭਾਰਤੀ ਡਿਪੋਰਟੀਆਂ ਦੇ ਦੂਜੇ ਬੈਚ ਨੂੰ ਲੈ ਕੇ ਆਉਣ ਵਾਲੇ ਅਮਰੀਕੀ ਜਹਾਜ਼ ਨੂੰ ਮੁੜ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਾਰਨ ਦੇ ਫੈਸਲੇ ਉੱਤੇ ਉਜ਼ਰ ਜਤਾਇਆ ਸੀ।
ਭਾਜਪਾ ਦੇ ਕੌਮੀ ਤਰਜਮਾਨ ਆਰਪੀ ਸਿੰਘ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਅਮਰੀਕਾ ਤੋਂ ਭਾਰਤ ਵਿਚ ਦਾਖ਼ਲ ਹੋਣ ਲਈ ਅੰਮ੍ਰਿਤਸਰ ਸਭ ਤੋਂ ਨੇੜਲਾ ਕੌਮਾਂਤਰੀ ਹਵਾਈ ਅੱਡਾ ਹੈ। ਇਹੀ ਵਜ੍ਹਾ ਹੈ ਕਿ ਗੈਰਕਾਨੂੰਨੀ ਪਰਵਾਸੀਆਂ ਵਾਲਾ ਅਮਰੀਕੀ ਜਹਾਜ਼ ਉਥੇ ਉਤਰ ਰਿਹਾ ਹੈ। ਸਿੰਘ ਨੇ ਇਹ ਪੋਸਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਟੈਗ ਕਰਦਿਆਂ ਕਿਹਾ ਕਿ ਉਹ ਜਾਣਕਾਰੀ ਦੀ ਘਾਟ ਕਾਰਨ ਇਸ ਮੁੱਦੇ ਦਾ ਸਿਆਸੀਕਰਨ ਕਰਨਾ ਅਤੇ ਸਾਜ਼ਿਸ਼ ਤਹਿਤ ਭੜਕਾਹਟ ਪੈਦਾ ਕਰਨੀ ਬੰਦ ਕਰਨ।
ਚੇਤੇ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਲੰਘੇ ਦਿਨ ਦੋਸ਼ ਲਾਇਆ ਸੀ ਕਿ ਕੇਂਦਰ ਸਰਕਾਰ ਇਕ ਸਾਜ਼ਿਸ਼ ਤਹਿਤ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮਾਨ ਨੇ ਸ਼ੁੱਕਰਵਾਰ ਸ਼ਾਮ ਨੂੰ ਅੰਮ੍ਰਿਤਸਰ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ, ‘‘ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਨਾਲ ਹਮੇਸ਼ਾਂ ਵਿਤਕਰਾ ਕਰਦੀ ਰਹੀ ਹੈ। ਇਹ ਸੂਬੇ ਨੂੰ ਬਦਨਾਮ ਕਰਨ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੀ।’’
ਮਾਨ ਨੇ ਕਿਹਾ ਸੀ, ‘‘ਇੱਕ ਸਾਜ਼ਿਸ਼ ਵਜੋਂ, ਉਹ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।’’ ਉਨ੍ਹਾਂ ਗ਼ੈਰਕਾਨੂੰਨੀ ਪਰਵਾਸੀਆਂ ਵਾਲੇ ਦੂਜੇ ਜਹਾਜ਼ ਨੂੰ ਉਤਾਰਨ ਲਈ ਅੰਮ੍ਰਿਤਸਰ ਹਵਾਈ ਅੱਡੇ ਦੀ ਚੋਣ ਕਰਨ ਦੇ ਕੇਂਦਰੀ ਮਾਪਦੰਡਾਂ ਬਾਰੇ ਵੀ ਸਵਾਲ ਕੀਤਾ।
ਮੁੱਖ ਮੰਤਰੀ ਨੇ ਕਿਹਾ, ‘‘ਅੰਮ੍ਰਿਤਸਰ ਹਵਾਈ ਅੱਡੇ ਦੀ ਚੋਣ ਦਾ ਮਾਪਦੰਡ ਕੀ ਹੈ? ਕੇਂਦਰ ਅਤੇ ਵਿਦੇਸ਼ ਮੰਤਰਾਲੇ ਨੂੰ ਮੈਨੂੰ ਦੱਸਣਾ ਚਾਹੀਦਾ ਹੈ। ਤੁਸੀਂ ਅੰਮ੍ਰਿਤਸਰ ਨੂੰ ਕਿਉਂ ਚੁਣਿਆ ਅਤੇ ਕੌਮੀ ਰਾਜਧਾਨੀ ਨੂੰ ਕਿਉਂ ਨਹੀਂ? ਤੁਸੀਂ ਇਹ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਲਈ ਕੀਤਾ।’’
ਮਾਨ ਨੇ ਕਿਹਾ, ‘‘Deportation ਕੌਮੀ ਮੁੱਦਾ ਹੈ, ਇਹ ਦਿਖਾਵਾ ਕੀਤਾ ਜਾ ਰਿਹਾ ਹੈ ਕਿ ਸਿਰਫ਼ ਪੰਜਾਬੀ ਹੀ ਗੈਰ-ਕਾਨੂੰਨੀ ਤੌਰ ’ਤੇ ਪਰਵਾਸ ਕਰਦੇ ਹਨ।’
![]()
