ਸੈਕਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ : ਅਮਰੀਕਾ ਦੇ ਕੇਂਦਰੀ ਫ਼ਲੋਰਿਡਾ ਰਾਜ ਵਿੱਚ ਇੱਕ ਘਰ ਵਿੱਚ ਕੁਝ ਗੜਬੜ ਹੋਣ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲਿਸ ਉੱਪਰ ਕੀਤੇ ਘਾਤ ਲਾ ਕੇ ਹਮਲੇ ਵਿੱਚ ਇੱਕ ਪੁਲਿਸ ਅਫ਼ਸਰ ਦੀ ਮੌਤ ਹੋ ਗਈ ਤੇ 2 ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਲੇਕ ਕਾਊਂਟੀ ਸ਼ੈਰਿਫ਼ ਪੇਟੋਨ ਗ੍ਰਿਨੈਲ ਨੇ ਜਾਰੀ ਇਕ ਬਿਆਨ ਵਿੱਚ ਦਿੱਤੀ ਹੈ। ਉਨਾਂ
ਕਿਹਾ ਹੈ ਕਿ ਗੋਲੀਬਾਰੀ ਦੀ ਘਟਨਾ ਰਾਤ 8 ਵਜੇ ਦੇ ਆਸ ਪਾਸ ਓਰੋਲੈਂਡ ਦੇ ਉੱਤਰ ਵਿੱਚ 40 ਮੀਲ ਦੂਰ ਈਉਸਟਿਸ ਵਿਖੇ ਇੱਕ ਘਰ ਵਿੱਚ ਵਾਪਰੀ। ਗ੍ਰਿਨੈਲ ਅਨੁਸਾਰ ਇਕ ਘਰ ਵਿੱਚ ਗੜਬੜ ਹੋਣ ਦੀ ਸੂਚਨਾ ਮਿਲਣ ’ਤੇ ਜਦੋਂ ਪੁਲਿਸ ਅਫ਼ਸਰ ਮੌਕੇ ਉੱਪਰ ਪੁੱਜੇ ਤਾਂ ਉਥੇ ਮੌਜੂਦ ਕਿਸੇ ਵਿਅਕਤੀ ਨੇ ਕਿਹਾ ਕਿ ਜਿਸ ਘਰ ਵਿੱਚ ਗੜਬੜ ਹੋਈ ਹੈ, ਉਹ ਹੋਰ ਹੈ। ਜਦੋਂ ਲੇਕ ਕਾਊਂਟੀ ਦੇ ਪੁਲਿਸ ਅਫ਼ਸਰ ਦੂਸਰੇ ਘਰ ਪੁੱਜੇ ਤਾਂ ਘਰ ਦੇ ਅੰਦਰ ਹੰਗਾਮਾ ਹੋ ਰਿਹਾ ਸੀ। ਪੁਲਿਸ ਅਫ਼ਸਰ ਪਿਛਲੇ ਦਰਵਾਜ਼ੇ ਰਾਹੀਂ ਅੰਦਰ ਦਾਖਲ ਹੋਏ ਤਾਂ ਉਨਾਂ ਨੂੰ ਅਗਿਊਂ ਗੋਲੀਆਂ ਦਾ ਸਾਹਮਣਾ ਕਰਨਾ ਪਿਆ। ਇੱਕ ਪੁਲਿਸ ਅਫ਼ਸਰ ਅੰਦਰ ਹੀ ਫ਼ਸ ਗਿਆ ਜਦ ਕਿ ਇੱਕ ਹੋਰ ਬਾਹਰ ਆਉਣ ਵਿੱਚ ਸਫ਼ਲ ਹੋ ਗਿਆ। ਸ਼ੈਰਿਫ਼ ਨੇ ਕਿਹਾ ਕਿ ਇਸ ਦੌਰਾਨ ਹੋਰ ਪੁਲਿਸ ਅਫ਼ਸਰ ਮੌਕੇ ’ਤੇ ਪਹੁੰਚ ਗਏ। ਜਦੋਂ ਉਹ ਅੰਦਰ ਫ਼ਸੇ ਪੁਲਿਸ ਅਫ਼ਸਰ ਨੂੰ ਬਚਾਉਣ ਲਈ ਅੱਗੇ ਵਧੇ ਤਾਂ ਉਨ੍ਹਾਂ ਉੱਪਰ ਵੀ ਗੋਲੀਆਂ ਚਲਾਈਆਂ ਗਈਆਂ। ਪੁਲਿਸ ਅਫ਼ਸਰਾਂ ਵੱਲੋਂ ਜਵਾਬੀ ਕਾਰਵਾਈ ਵਿੱਚ ਅੰਦਰ ਮੌਜੂਦ ਦੋ ਸ਼ੱਕੀਆਂ ਦੀ ਮੌਤ ਗਈ ਜਦ ਕਿ ਇਕ ਜ਼ਖਮੀ ਹੋ ਗਿਆ ਜਿਸ ਨੂੰ ਖੇਤਰ ਵਿਚਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸ਼ੈਰਿਫ਼ ਅਨੁਸਾਰ ਅੰਦਰ ਫ਼ੱਸਿਆ ਪੁਲਿਸ ਅਫ਼ਸਰ ਵੀ ਦਮ ਤੋੜ ਗਿਆ ਜਦ ਕਿ ਇੱਕ ਹੋਰ ਪੁਲਿਸ ਅਫ਼ਸਰ ਵੀ ਗੋਲੀ ਵੱਜਣ ਕਾਰਨ ਜ਼ਖਮੀ ਹੋਇਆ ਹੈ। ਪੁਲਿਸ ਨੇ ਮਾਰੇ ਗਏ ਤੇ ਜ਼ਖਮੀ ਹੋਏ ਪੁਲਿਸ ਅਫ਼ਸਰ ਦਾ ਨਾਂ ਜਾਰੀ ਨਹੀਂ ਕੀਤਾ ਹੈ ਤੇ ਨਾ ਹੀ ਮਾਰੇ ਗਏ ਸ਼ੱਕੀ ਵਿਅਕਤੀਆਂ ਦੇ ਨਾਂ ਦੱਸੇ ਹਨ। ਸ਼ੈਰਿਫ਼ ਨੇ ਕਿਹਾ ਕਿ ਮਾਮਲੇ ਦੀ ਜਾਂਚ ਹੋ ਰਹੀ ਹੈ ਤੇ ਇਸ ਵਾਪਰੀ ਗੋਲੀਬਾਰੀ ਦੀ ਘਟਨਾ ਬਾਰੇ ਅਜੇ ਉਹ ਹੋਰ ਕੁਝ ਨਹੀਂ ਜਾਣਦੇ।