ਦੂਜੀ ਵਿਸ਼ਵ ਜੰਗ ਤੋਂ ਬਾਅਦ ਬਣੀ ਅਮਰੀਕੀ ਅਗਵਾਈ ਵਾਲੀ ਵਿਸ਼ਵ ਵਿਵਸਥਾ ਅੱਜ ਇੱਕ ਇਤਿਹਾਸਕ ਮੋੜ ’ਤੇ ਖੜ੍ਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ‘ਅਮਰੀਕਾ ਫ਼ਸਟ’ ਨੀਤੀ ਨੇ ਨਾ ਸਿਰਫ਼ ਅਮਰੀਕਾ ਦੇ ਰਵਾਇਤੀ ਸਹਿਯੋਗੀਆਂ ਨੂੰ ਪਰੇਸ਼ਾਨ ਕੀਤਾ ਹੈ, ਬਲਕਿ ਉਨ੍ਹਾਂ ਨੂੰ ਚੀਨ ਵੱਲ ਨਵੇਂ ਰਿਸ਼ਤੇ ਬਣਾਉਣ ਲਈ ਮਜਬੂਰ ਵੀ ਕਰ ਦਿੱਤਾ ਹੈ। ਹਾਲ ਦੇ ਮਹੀਨਿਆਂ ਵਿੱਚ ਕੈਨੇਡਾ, ਬ੍ਰਿਟੇਨ, ਫ਼ਿਨਲੈਂਡ ਅਤੇ ਜਰਮਨੀ ਵਰਗੇ ਦੇਸ਼ਾਂ ਦੇ ਨੇਤਾਵਾਂ ਨੇ ਬੀਜਿੰਗ ਦਾ ਦੌਰਾ ਕੀਤਾ ਸੀ, ਜੋ ਇੱਕ ਵੱਡੇ ਭੂ-ਰਾਜਨੀਤਕ ਬਦਲਾਅ ਨੂੰ ਦਰਸਾਉਂਦਾ ਹੈ। ਇਹ ਸਭ ਟਰੰਪ ਦੀਆਂ ਟੈਰਿਫ਼ ਨੀਤੀਆਂ ਅਤੇ ਅਸਥਿਰ ਵਿਦੇਸ਼ ਨੀਤੀ ਦਾ ਨਤੀਜਾ ਮੰਨਿਆ ਜਾ ਰਿਹਾ ਹੈ, ਜਿਸ ਨੇ ਅਮਰੀਕਾ ਨੂੰ ਵਿਸ਼ਵ ਮੰਚ ’ਤੇ ਇਕੱਲਾ ਕਰ ਦਿੱਤਾ ਹੈ।
ਪਿਛਲੇ ਕੁਝ ਮਹੀਨਿਆਂ ਵਿੱਚ ਪੱਛਮੀ ਨੇਤਾਵਾਂ ਨੇ ਚੀਨ ਨਾਲ ਰਿਸ਼ਤੇ ਮਜ਼ਬੂਤ ਕਰਨ ਲਈ ਕਈ ਕਦਮ ਚੁੱਕੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਹਾਲ ਹੀ ਵਿੱਚ ਬੀਜਿੰਗ ਦਾ ਦੌਰਾ ਕੀਤਾ ਅਤੇ ਚੀਨ ਨੂੰ ਇੱਕ ‘ਸਥਿਰ ਸਹਿਭਾਗੀ’ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦੀਆਂ ਅਸਥਿਰ ਨੀਤੀਆਂ ਕਾਰਨ ਕੈਨੇਡਾ ਨੂੰ ਨਵੇਂ ਵਪਾਰਕ ਸਹਿਯੋਗੀਆਂ ਦੀ ਭਾਲ ਕਰਨੀ ਪੈ ਰਹੀ ਹੈ। ਇਸੇ ਤਰ੍ਹਾਂ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ 8 ਸਾਲਾਂ ਬਾਅਦ ਚੀਨ ਦਾ ਦੌਰਾ ਕੀਤਾ ਸੀ ਅਤੇ ਬ੍ਰਿਟਿਸ਼ ਮੀਡੀਆ ਅਨੁਸਾਰ, ਉਹ ਮੰਨਦੇ ਹਨ ਕਿ ਚੀਨ ਨਾਲ ਰਿਸ਼ਤੇ ਤੋੜਨਾ ਇੱਕ ਵੱਡੀ ਗਲਤੀ ਸੀ। ਜਰਮਨੀ ਦੇ ਚਾਂਸਲਰ ਫ਼੍ਰੈਡਰਿਕ ਮਰਜ਼ ਵੀ ਅਗਲੇ ਮਹੀਨੇ ਚੀਨ ਜਾਣ ਵਾਲੇ ਹਨ, ਕਿਉਂਕਿ ਅਮਰੀਕੀ ਟੈਰਿਫ਼ਾਂ ਨੇ ਜਰਮਨ ਆਟੋ ਉਦਯੋਗ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।
ਅਮਰੀਕਾ ਨੇ ਆਪਣੇ ਸਹਿਯੋਗੀਆਂ ’ਤੇ ਵੀ ਭਾਰੀ ਟੈਰਿਫ਼ ਲਗਾਏ ਹਨ, ਜਿਸ ਨਾਲ ਯੂਰਪ ਅਤੇ ਕੈਨੇਡਾ ਵਰਗੇ ਦੇਸ਼ ਅਮਰੀਕਾ ਤੋਂ ਨਿਰਾਸ਼ ਹੋ ਗਏ ਹਨ। ਨਾਟੋ ਅਤੇ ਹੋਰ ਅੰਤਰਰਾਸ਼ਟਰੀ ਸੰਗਠਨਾਂ ਵਿੱਚ ਟਰੰਪ ਦੀ ਆਲੋਚਨਾ ਨੇ ਇਨ੍ਹਾਂ ਦੇਸ਼ਾਂ ਨੂੰ ਚੀਨ ਵੱਲ ਵੇਖਣ ਲਈ ਮਜਬੂਰ ਕੀਤਾ ਹੈ। ਚੀਨ ਨੇ ਆਪਣੇ ਨੂੰ ਇੱਕ ਸਥਿਰ ਅਤੇ ਆਰਥਿਕ ਤੌਰ ’ਤੇ ਭਰੋਸੇਮੰਦ ਹਿੱਸੇਦਾਰ ਵਜੋਂ ਪੇਸ਼ ਕੀਤਾ ਹੈ, ਜੋ ਗ੍ਰੀਨ ਟੈਕਨਾਲੋਜੀ ਅਤੇ ਨਿਵੇਸ਼ ਵਿੱਚ ਵੱਡੀ ਪੇਸ਼ਕਸ਼ ਕਰ ਰਿਹਾ ਹੈ। ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਵੀ ਮੰਨਿਆ ਹੈ ਕਿ ਵਿਸ਼ਵ ਅਰਥਵਿਵਸਥਾ ਨੂੰ ਸਥਿਰ ਰੱਖਣ ਲਈ ਚੀਨ ਨਾਲ ਸਹਿਯੋਗ ਜ਼ਰੂਰੀ ਹੈ।
ਇਸ ਵਿਸ਼ਵ ਬਦਲਾਅ ਵਿੱਚ ਭਾਰਤ ਦੀ ਭੂਮਿਕਾ ਵੀ ਅਹਿਮ ਹੈ। ਤਾਜ਼ਾ ਨਿਊਜ਼ ਅਨੁਸਾਰ, ਭਾਰਤ ਅਮਰੀਕਾ-ਚੀਨ ਵਿਵਾਦ ਵਿੱਚ ਆਪਣੀ ‘ਸਟ੍ਰੈਟਿਜਿਕ ਆਟੋਨਮੀ’ ਨੂੰ ਬਰਕਰਾਰ ਰੱਖ ਰਿਹਾ ਹੈ। ਅਮਰੀਕੀ ਪੈਂਟਾਗਨ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੀਨ ਭਾਰਤ ਨਾਲ ਘੱਟ ਤਣਾਅ ਵਾਲੇ ਰਿਸ਼ਤੇ ਨੂੰ ਇਸਤੇਮਾਲ ਕਰ ਕੇ ਅਮਰੀਕਾ-ਭਾਰਤ ਵਿਚਾਲੇ ਰਿਸ਼ਤੇ ਨੂੰ ਗਹਿਰਾ ਹੋਣ ਤੋਂ ਰੋਕਣਾ ਚਾਹੁੰਦਾ ਹੈ। ਪਰ ਭਾਰਤ ਆਪਣੇ ਨਿੱਜੀ ਹਿੱਤਾਂ ਨੂੰ ਪਹਿਲ ਦੇ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਚੀਨ ਨਾਲ ਬਾਰਡਰ ਤਣਾਅ ਘੱਟ ਕਰਨ ਵਾਲੇ ਸਮਝੌਤੇ ਕੀਤੇ ਹਨ, ਜਿਸ ਨਾਲ ਦੋਹਾਂ ਦੇਸ਼ਾਂ ਵਿੱਚ ਵਪਾਰ ਵਧ ਰਿਹਾ ਹੈ।
ਭਾਰਤ ਰੂਸ ਅਤੇ ਚੀਨ ਨਾਲ ਵੀ ਰਿਸ਼ਤੇ ਮਜ਼ਬੂਤ ਕਰ ਰਿਹਾ ਹੈ, ਖਾਸ ਕਰਕੇ ਬ੍ਰਿਕਸ ਵਰਗੇ ਸੰਗਠਨਾਂ ਵਿੱਚ। ਤਾਜ਼ਾ ਆਰਥਿਕ ਸਰਵੇ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਅਮਰੀਕਾ-ਚੀਨ ਵਿਵਾਦ ਵਿੱਚ ਭਾਰਤ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਭਾਰਤ ਚੀਨ ਨਾਲ ਵਪਾਰ ਵਧਾਉਣਾ ਚਾਹੁੰਦਾ ਹੈ ਪਰ ਅਮਰੀਕਾ ਨਾਲ ਵੀ ਰਣਨੀਤਕ ਸਹਿਯੋਗ ਜਾਰੀ ਰੱਖ ਰਿਹਾ ਹੈ।
ਅੰਤਰਰਾਸ਼ਟਰੀ ਮਾਹਿਰਾਂ ਅਨੁਸਾਰ, ਟਰੰਪ ਦੀ ‘ਅਮਰੀਕਾ ਫ਼ਸਟ’ ਨੀਤੀ ਅਮਰੀਕਾ ਲਈ ਘਾਤਕ ਸਾਬਤ ਹੋ ਸਕਦੀ ਹੈ। ਟੈਰਿਫ਼ਾਂ ਨੇ ਅਮਰੀਕੀ ਖਪਤਕਾਰਾਂ ਲਈ ਕੀਮਤਾਂ ਵਧਾ ਦਿੱਤੀਆਂ ਹਨ, ਜਿਸ ਨਾਲ ਮਹਿੰਗਾਈ ਵਧ ਰਹੀ ਹੈ। ਇੱਕ ਫ਼ੋਕਸ ਗਰੁੱਪ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਹੁਤ ਸਾਰੇ ਟਰੰਪ ਵੋਟਰ ਹੁਣ ਪਛਤਾ ਰਹੇ ਹਨ, ਕਿਉਂਕਿ ਟੈਰਿਫ਼ਾਂ ਨੇ ਰੋਜ਼ਾਨਾ ਜ਼ਿੰਦਗੀ ਮਹਿੰਗੀ ਕਰ ਦਿੱਤੀ ਹੈ। ਅਮਰੀਕੀ ਅਰਥ ਵਿਵਸਥਾ ਨੂੰ ਨੁਕਸਾਨ ਪਹੁੰਚ ਰਿਹਾ ਹੈ ਅਤੇ ਸਹਿਯੋਗੀ ਦੇਸ਼ ਚੀਨ ਵੱਲ ਜਾ ਰਹੇ ਹਨ।
ਬਰੂਕਿੰਗਸ ਇੰਸਟੀਟਿਊਟ ਵਰਗੇ ਸੰਸਥਾਵਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਨੀਤੀ ਅਮਰੀਕਾ ਨੂੰ ਵਿਸ਼ਵ ਵਿੱਚ ਇਕੱਲਾ ਕਰ ਰਹੀ ਹੈ। ਜੇਕਰ ਟਰੰਪ ਨੇ ਆਪਣੀਆਂ ਨੀਤੀਆਂ ਨੂੰ ਨਹੀਂ ਬਦਲਿਆ ਤਾਂ ਅਮਰੀਕਾ ਨੂੰ ਆਰਥਿਕ ਅਤੇ ਰਾਜਨੀਤਕ ਨੁਕਸਾਨ ਹੋ ਸਕਦਾ ਹੈ।
ਇਕਨਾਮਿਸਟ ਅਤੇ ਵਾਸ਼ਿੰਗਟਨ ਪੋਸਟ ਵਰਗੇ ਅਖਬਾਰਾਂ ਵਿੱਚ ਵਿਸ਼ਲੇਸ਼ਣ ਕਹਿੰਦੇ ਹਨ ਕਿ ਟੈਰਿਫ਼ਾਂ ਨੇ ਵਪਾਰ ਨੂੰ ਹੌਲੀ ਕੀਤਾ ਹੈ ਪਰ ਗਲੋਬਲ ਵੈਲਿਊ ਚੇਨਾਂ ਅਜੇ ਵੀ ਕੰਮ ਕਰ ਰਹੀਆਂ ਹਨ। ਗਲੋਬਲਾਈਜੇਸ਼ਨ ਨਵੇਂ ਰੂਪ ਵਿੱਚ ਏਸ਼ੀਆ ਵੱਲ ਖਿਸਕ ਰਿਹਾ ਹੈ, ਜਿੱਥੇ ਚੀਨ ਅਤੇ ਭਾਰਤ ਵਰਗੇ ਦੇਸ਼ ਨਵੇਂ ਵਪਾਰਕ ਸਮਝੌਤੇ ਕਰ ਰਹੇ ਹਨ।
ਲੇਵੀ ਇਕਨਾਮਿਕਸ ਇੰਸਟੀਟਿਊਟ ਨੇ ਕਿਹਾ ਹੈ ਕਿ ਟੈਰਿਫ਼ਾਂ ਨੇ ਅਮਰੀਕੀ ਉਤਪਾਦਨ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਗਲੋਬਲ ਅਰਥ ਵਿਵਸਥਾ ਨੂੰ ਰਿਸੈਸ਼ਨ ਵੱਲ ਧੱਕਿਆ ਹੈ। ਪਰ ਚੈਥਮ ਹਾਊਸ ਵਰਗੇ ਸੰਸਥਾਵਾਂ ਨੇ ਕਿਹਾ ਹੈ ਕਿ ਗਲੋਬਲਾਈਜੇਸ਼ਨ ਪੂਰਬ ਵੱਲ ਬਦਲ ਰਿਹਾ ਹੈ ਅਤੇ ਟਰੰਪ ਦੀ ਨੀਤੀ ਇਸ ਨੂੰ ਤੇਜ਼ ਕਰ ਰਹੀ ਹੈ।
ਵਿਸ਼ਵ ਅਖਬਾਰਾਂ ਵਿੱਚ ਟਰੰਪ ਨੂੰ ਚੀਨ ਦੇ ਉਭਾਰ ਲਈ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ‘ਦਿ ਇਕਨਾਮਿਸਟ’ ਨੇ ਲਿਖਿਆ ਹੈ ਕਿ ਅਮਰੀਕਾ ਨੂੰ ਚੁਣੌਤੀ ਦੇਣ ਲਈ ਚੀਨ ਲਈ ਗੋਲਡਨ ਚਾਂਸ ਹੈ। ‘ਦਿ ਗਾਰਡੀਅਨ’ ਨੇ ਲਿਖਿਆ ਹੈ ਕਿ ਟਰੰਪ ਚੀਨ ਨੂੰ ਮਹਾਨ ਬਣਾ ਰਿਹਾ ਹੈ, ਨਾ ਕਿ ਅਮਰੀਕਾ ਨੂੰ। ਯੂਰਪੀਅਨ ਕਾਉਾਂਸਲਆਨ ਫ਼ਾਰੇਨ ਰਿਲੇਸ਼ਨਜ਼ ਦੇ ਸਰਵੇ ਵਿੱਚ ਵੀ ਚੀਨ ਨੂੰ ਵਧਦੀ ਤਾਕਤ ਵਜੋਂ ਵੇਖਿਆ ਗਿਆ ਹੈ।
ਅਲ ਜਜ਼ੀਰਾ ਅਤੇ ਐਨਬੀਸੀ ਨਿਊਜ਼ ਨੇ ਵੀ ਟਰੰਪ ਨੂੰ ਅਮਰੀਕੀ ਸਹਿਯੋਗੀਆਂ ਨੂੰ ਚੀਨ ਵੱਲ ਧੱਕਣ ਲਈ ਜ਼ਿੰਮੇਵਾਰ ਠਹਿਰਾਇਆ ਹੈ।
ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ ਵਿਸ਼ਵ ਰਾਜਨੀਤੀ ਦਾ ਕੇਂਦਰ ਵਾਸ਼ਿੰਗਟਨ ਤੋਂ ਬੀਜਿੰਗ ਵੱਲ ਖਿਸਕ ਸਕਦਾ ਹੈ। ਟਰੰਪ ਦੀ ਨੀਤੀ ਅਮਰੀਕਾ ਨੂੰ ਵਿਸ਼ਵ ਵਿੱਚ ਇਕੱਲਾ ਕਰ ਰਹੀ ਹੈ ਅਤੇ ਚੀਨ ਨੂੰ ਨਵੇਂ ਮੌਕੇ ਦੇ ਰਹੀ ਹੈ। ਭਾਰਤ ਵਰਗੇ ਦੇਸ਼ਾਂ ਲਈ ਇਹ ਇੱਕ ਚੁਣੌਤੀ ਅਤੇ ਮੌਕਾ ਦੋਵੇਂ ਹੈ। ਵਿਸ਼ਵ ਨੂੰ ਨਵੀਂ ਵਿਵਸਥਾ ਵਿੱਚ ਆਰਥਿਕ ਅਤੇ ਰਾਜਨੀਤਕ ਸੰਤੁਲਨ ਬਣਾਉਣਾ ਪਵੇਗਾ, ਜਿੱਥੇ ਚੀਨ ਦੀ ਭੂਮਿਕਾ ਵਧੇਰੇ ਅਹਿਮ ਹੋ ਜਾਵੇਗੀ। ਇਹ ਬਦਲਾਅ ਨਾ ਸਿਰਫ਼ ਅਮਰੀਕਾ ਲਈ ਚਿੰਤਾ ਦਾ ਵਿਸ਼ਾ ਹੈ ਬਲਕਿ ਪੂਰੇ ਵਿਸ਼ਵ ਲਈ ਇੱਕ ਨਵਾਂ ਅਧਿਆਏ ਹੈ।
![]()
