ਵਾਸ਼ਿੰਗਟਨ/ਏ.ਟੀ.ਨਿਊਜ਼: ਭਾਰਤੀ ਪੇਸ਼ੇਵਰਾਂ ’ਚ ਪਸੰਦੀਦਾ ਐੱਚ-1ਬੀ ਵੀਜ਼ਾ ਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੁੜ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਲੇਬਰ ਦੀ ਲੋੜ ਹੈ ਕਿਉਂਕਿ ਉਹ ਅਮਰੀਕੀ ਲੇਬਰ ਨੂੰ ਟ੍ਰੇਨਿੰਗ ਦਿੰਦੇ ਹਨ। ਉਨ੍ਹਾਂ ਇਸ ਵੀਜ਼ਾ ਲਈ ਅਜਿਹੇ ਸਮੇਂ ’ਚ ਸਮਰਥਨ ਦੁਹਰਾਇਆ ਹੈ, ਜਦੋਂ ਉਨ੍ਹਾਂ ਦੀ ਰਿਪਬਲਿਕਨ ਪਾਰਟੀ ਦੇ ਕਈ ਨੇਤਾ ਐੱਚ-1ਬੀ ਵੀਜ਼ਾ ਪ੍ਰੋਗਰਾਮ ਨੂੰ ਖ਼ਤਮ ਕਰਨ ਦੀ ਮੰਗ ਕਰ ਰਹੇ ਹਨ। ਟਰੰਪ ਨੇ ਪਿਛਲੇ ਹਫ਼ਤੇ ਵੀਜ਼ਾ ਪ੍ਰੋਗਰਾਮ ਦਾ ਬਚਾਅ ਕਰਦੇ ਹੋਏ ਕਿਹਾ ਸੀ ਕਿ ਅਮਰੀਕਾ ਨੂੰ ਦੁਨੀਆ ਭਰ ਤੋਂ ਹੁਨਰ ਨੂੰ ਲਿਆਉਣਾ ਪਵੇਗਾ ਕਿਉਂਕਿ ਸਾਡੇ ਦੇਸ਼ ’ਚ ਕੁਝ ਖ਼ਾਸ ਹੁਨਰ ਨਹੀਂ ਹੈ।
ਟਰੰਪ ਨੇ ਵ੍ਹਾਈਟ ਹਾਊਸ ’ਚ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਅਮਰੀਕਾ ’ਚ ਬਹੁਤ ਘੱਟ ਚਿੱਪਾਂ ਬਣਾਉਂਦੇ ਹਾਂ ਪਰ ਆਉਣ ਵਾਲੇ ਇਕ ਸਾਲ ’ਚ ਅਸੀਂ ਵੱਡੇ ਪੱਧਰ ’ਤੇ ਚਿੱਪ ਨਿਰਮਾਣ ਕਰਨ ਜਾ ਰਹੇ ਹਾਂ। ਅਸੀਂ ਚਿੱਪ ਮਾਰਕੀਟ ਦਾ ਵੱਡਾ ਹਿੱਸਾ ਹਾਸਲ ਕਰਨ ਜਾ ਰਹੇ ਹਾਂ ਪਰ ਸਾਨੂੰ ਆਪਣੇ ਲੋਕਾਂ ਨੂੰ ਚਿੱਪ ਬਣਾਉਣਾ ਸਿਖਾਉਣਾ ਹੋਵੇਗਾ। ਅਮਰੀਕਾ ਪਹਿਲਾਂ ਇਹ ਕੰਮ ਕਰਦਾ ਸੀ। ਅਸੀਂ ਗ਼ਲਤੀ ਨਾਲ ਇਹ ਉਦਯੋਗ ਤਾਇਵਾਨ ਹੱਥੋਂ ਗੁਆ ਦਿੱਤਾ। ਪਿਛਲੇ ਹਫ਼ਤੇ ਟਰੰਪ ਨੇ ਫਾਕਸ ਨਿਊਜ਼ ’ਤੇ ਲੌਰਾ ਇੰਗ੍ਰਾਹਮ ਨੂੰ ਦਿੱਤੀ ਇਕ ਇੰਟਰਵਿਊ ’ਚ ਵੀ ਐੱਚ-1ਬੀ ਵੀਜ਼ਾ ਦਾ ਸਮਰਥਨ ਕੀਤਾ ਸੀ। ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਸੀ ਕਿ ਕੀ ਐੱਚ-1ਬੀ ਵੀਜ਼ਾ ਦਾ ਮੁੱਦਾ ਉਨ੍ਹਾਂ ਦੇ ਪ੍ਰਸ਼ਾਸਨ ਲਈ ਵੱਡੀ ਪਹਿਲ ਨਹੀਂ ਹੋਵੇਗਾ ਤਾਂ ਇਸਦੇ ਜਵਾਬ ’ਚ ਉਨ੍ਹਾਂ ਕਿਹਾ ਸੀ ਕਿ ਮੈਂ ਸਹਿਮਤ ਹਾਂ ਪਰ ਤੁਹਾਨੂੰ ਹੁਨਰ ਵੀ ਲਿਆਉਣਾ ਹੋਵੇਗਾ। ਜਦੋਂ ਇੰਗ੍ਰਾਹਮ ਨੇ ਕਿਹਾ ਕਿ ਸਾਡੇ ਕੋਲ ਵੀ ਹੁਨਰ ਹੈ ਤਾਂ ਉਨ੍ਹਾਂ ਕਿਹਾ ਕਿ ਨਹੀਂ ਤੁਹਾਡੇ ਕੋਲ ਨਹੀਂ ਹੈ। ਲੋਕਾਂ ਨੂੰ ਸਿੱਖਣਾ ਹੋਵੇਗਾ।
![]()
