
ਅਮਰੀਕਾ ਅਤੇ ਭਾਰਤ ਵਿਚਕਾਰ ਚੱਲ ਰਿਹਾ ਟੈਰਿਫ ਵਿਵਾਦ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਲਈ ਵਰਦਾਨ ਸਾਬਤ ਹੋ ਰਿਹਾ ਹੈ। ਇਸ ਵਿਵਾਦ ਨੇ ਸਵਦੇਸ਼ੀ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਦਾ ਮਾਹੌਲ ਪੈਦਾ ਕੀਤਾ ਹੈ, ਜਿਸ ਦਾ ਸਿੱਧਾ ਫਾਇਦਾ ਰਾਮਦੇਵ ਦੀ ਕੰਪਨੀ ਨੂੰ ਮਿਲ ਰਿਹਾ ਹੈ। 27 ਅਗਸਤ 2025 ਨੂੰ ਅਮਰੀਕਾ ਵੱਲੋਂ ਭਾਰਤੀ ਉਤਪਾਦਾਂ ’ਤੇ 25 ਫੀਸਦੀ ਵਾਧੂ ਟੈਰਿਫ ਲਾਗੂ ਕਰਨ ਦੇ ਐਲਾਨ ਤੋਂ ਬਾਅਦ, ਰਾਮਦੇਵ ਨੇ ਸਵਦੇਸ਼ੀ ਦਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ। ਉਸ ਨੇ ਪਤੰਜਲੀ ਦੇ ਉਤਪਾਦਾਂ ਨੂੰ ਭਾਰਤੀ ਸਵੈਮਾਣ ਅਤੇ ਸਵਦੇਸ਼ੀ ਅੰਦੋਲਨ ਨਾਲ ਜੋੜ ਕੇ ਲੋਕਾਂ ਨੂੰ ਆਕਰਸ਼ਿਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਵਦੇਸ਼ੀ ਅਪਣਾਉਣ ਦੀ ਅਪੀਲ ਨੇ ਵੀ ਰਾਮਦੇਵ ਦੀ ਇਸ ਮੁਹਿੰਮ ਨੂੰ ਹੋਰ ਬਲ ਦਿੱਤਾ।
ਪਰ ਸਵਾਲ ਇਹ ਹੈ ਕਿ ਕੀ ਪਤੰਜਲੀ ਦੇ ਉਤਪਾਦਾਂ ਦੀ ਗੁਣਵੱਤਾ ਅਤੇ ਲੋਕਾਂ ਦਾ ਵਿਸ਼ਵਾਸ ਇਸ ਮੁਹਿੰਮ ਨੂੰ ਸਫਲ ਬਣਾ ਸਕਦਾ ਹੈ, ਖਾਸਕਰ ਜਦੋਂ ਕੰਪਨੀ ਨੂੰ ਅਦਾਲਤਾਂ ਤੋਂ ਕਈ ਵਾਰ ਚਿਤਾਵਨੀਆਂ ਮਿਲ ਚੁੱਕੀਆਂ ਹਨ?
ਸਵਦੇਸ਼ੀ ਦੀ ਆੜ ਵਿੱਚ ਪਤੰਜਲੀ ਦੀ ਚਮਕ
ਬਾਬਾ ਰਾਮਦੇਵ ਪਿਛਲੇ ਕਈ ਸਾਲਾਂ ਤੋਂ ਪਤੰਜਲੀ ਨੂੰ ਸਵਦੇਸ਼ੀ ਬ੍ਰਾਂਡ ਦੇ ਰੂਪ ਵਿੱਚ ਪ੍ਰਚਾਰਦਾ ਰਿਹਾ ਹੈ। ਉਸ ਦਾ ਦਾਅਵਾ ਹੈ ਕਿ ਪਤੰਜਲੀ ਦੇ ਉਤਪਾਦ ਭਾਰਤੀ ਸੰਸਕ੍ਰਿਤੀ ਅਤੇ ਆਯੁਰਵੇਦ ਦੀ ਦੇਣ ਹਨ, ਜੋ ਵਿਦੇਸ਼ੀ ਕੰਪਨੀਆਂ ਦੇ ਮੁਕਾਬਲੇ ਵਧੇਰੇ ਸ਼ੁੱਧ ਅਤੇ ਕਿਫਾਇਤੀ ਹਨ। ਅਮਰੀਕਾ-ਭਾਰਤ ਟੈਰਿਫ ਵਿਵਾਦ ਨੇ ਉਸ ਨੂੰ ਇੱਕ ਸੁਨਹਿਰੀ ਮੌਕਾ ਦਿੱਤਾ ਹੈ। ਜਦੋਂ ਅਮਰੀਕਾ ਨੇ ਭਾਰਤੀ ਸਟੀਲ, ਅਲਮੀਨੀਅਮ ਅਤੇ ਹੋਰ ਉਤਪਾਦਾਂ ’ਤੇ ਵਾਧੂ ਟੈਰਿਫ ਲਗਾਇਆ, ਤਾਂ ਭਾਰਤ ਨੇ ਵੀ ਜਵਾਬੀ ਕਾਰਵਾਈ ਵਜੋਂ ਅਮਰੀਕੀ ਉਤਪਾਦਾਂ, ਜਿਵੇਂ ਕਿ ਸੇਬ, ਬਦਾਮ ਅਤੇ ਹੋਰ ਖੇਤੀਬਾੜੀ ਵਸਤਾਂ ’ਤੇ ਟੈਰਿਫ ਵਧਾ ਦਿੱਤੇ। ਇਸ ਨਾਲ ਵਿਦੇਸ਼ੀ ਉਤਪਾਦ ਮਹਿੰਗੇ ਹੋ ਗਏ, ਅਤੇ ਰਾਮਦੇਵ ਨੇ ਇਸ ਮੌਕੇ ਦਾ ਫਾਇਦਾ ਉਠਾਉਾਂਦਿਆਂਪਤੰਜਲੀ ਦੇ ਸਵਦੇਸ਼ੀ ਉਤਪਾਦਾਂ ਨੂੰ ਪ੍ਰਮੋਟ ਕਰਨਾ ਸ਼ੁਰੂ ਕਰ ਦਿੱਤਾ।
ਰਾਮਦੇਵ ਅਤੇ ਉਸ ਦੀ ਟੀਮ ਨੇ ਟੈਲੀਵਿਜ਼ਨ ਚੈਨਲਾਂ, ਸੋਸ਼ਲ ਮੀਡੀਆ ਅਤੇ ਜਨਤਕ ਸਮਾਗਮਾਂ ਰਾਹੀਂ ਪਤੰਜਲੀ ਦੇ ਉਤਪਾਦਾਂ ਨੂੰ ‘ਭਾਰਤੀ ਸਵੈਮਾਣ’ ਦਾ ਪ੍ਰਤੀਕ ਦੱਸਿਆ। ਦਿੱਲੀ ਅਤੇ ਨੋਇਡਾ ਦੇ ਮੀਡੀਆ ਹਾਊਸਾਂ ਵਿੱਚ ਉਸ ਦੀਆਂ ਇੰਟਰਵਿਊਆਂ ਵਿੱਚ ਇਹ ਸੁਨੇਹਾ ਸਪੱਸ਼ਟ ਸੀ ਕਿ ਭਾਰਤੀ ਬਾਜ਼ਾਰ ਨੂੰ ਵਿਦੇਸ਼ੀ ਕੰਪਨੀਆਂ ਤੋਂ ਬਚਾਉਣ ਲਈ ਸਵਦੇਸ਼ੀ ਅਪਣਾਉਣਾ ਜ਼ਰੂਰੀ ਹੈ। ਉਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਤੰਜਲੀ ਦੇ ਉਤਪਾਦ, ਜਿਵੇਂ ਕਿ ਸਾਬਣ, ਤੇਲ, ਦੰਦ ਮੰਜਣ ਅਤੇ ਖਾਣ-ਪੀਣ ਦੀਆਂ ਵਸਤਾਂ, ਖਰੀਦਣ ਤਾਂ ਜੋ ਵਿਦੇਸ਼ੀ ਮਹਿੰਗੇ ਸਾਮਾਨ ’ਤੇ ਨਿਰਭਰਤਾ ਘਟ ਸਕੇ। ਪ੍ਰਧਾਨ ਮੰਤਰੀ ਮੋਦੀ ਦੀ ‘ਆਤਮਨਿਰਭਰ ਭਾਰਤ’ ਅਤੇ ‘ਵੋਕਲ ਫਾਰ ਲੋਕਲ’ ਮੁਹਿੰਮ ਨੇ ਵੀ ਰਾਮਦੇਵ ਦੀਆਂ ਕੋਸ਼ਿਸ਼ਾਂ ਨੂੰ ਹੁਲਾਰਾ ਦਿੱਤਾ।
ਗੁਣਵੱਤਾ ’ਤੇ ਸਵਾਲ ਅਤੇ ਅਦਾਲਤੀ ਝਾੜ
ਹਾਲਾਂਕਿ ਰਾਮਦੇਵ ਦੀ ਸਵਦੇਸ਼ੀ ਮੁਹਿੰਮ ਨੇ ਬਹੁਤ ਸਾਰੇ ਲੋਕਾਂ ਨੂੰ ਆਕਰਸ਼ਿਤ ਕੀਤਾ ਹੈ, ਪਰ ਪਤੰਜਲੀ ਦੇ ਉਤਪਾਦਾਂ ਦੀ ਗੁਣਵੱਤਾ ’ਤੇ ਸਵਾਲ ਵੀ ਉੱਠਦੇ ਰਹੇ ਹਨ। ਕਈ ਵਾਰ ਅਦਾਲਤਾਂ ਨੇ ਪਤੰਜਲੀ ਨੂੰ ਉਸ ਦੇ ਗੁੰਮਰਾਹਕੁੰਨ ਇਸ਼ਤਿਹਾਰਾਂ ਅਤੇ ਝੂਠੇ ਦਾਅਵਿਆਂ ਲਈ ਝਾੜ ਪਾਈ ਹੈ। ਉਦਾਹਰਣ ਵਜੋਂ, ਪਤੰਜਲੀ ਦੇ ਕੁਝ ਉਤਪਾਦਾਂ, ਜਿਵੇਂ ਕਿ ਕੋਰੋਨਿਲ, ਨੂੰ ਕੋਵਿਡ-19 ਦੇ ਇਲਾਜ ਦੇ ਤੌਰ ’ਤੇ ਪ੍ਰਚਾਰਿਆ ਗਿਆ ਸੀ, ਪਰ ਸਿਹਤ ਅਧਿਕਾਰੀਆਂ ਅਤੇ ਅਦਾਲਤਾਂ ਨੇ ਇਸ ਦੇ ਵਿਰੁੱਧ ਸਖਤ ਕਾਰਵਾਈ ਕੀਤੀ। ਇਸੇ ਤਰ੍ਹਾਂ, ਪਤੰਜਲੀ ਦੇ ਕਈ ਉਤਪਾਦਾਂ ਦੀ ਗੁਣਵੱਤਾ ਅਤੇ ਸ਼ੁੱਧਤਾ ’ਤੇ ਸਵਾਲ ਉੱਠੇ ਸਨ, ਜਿਸ ਕਾਰਨ ਖਪਤਕਾਰਾਂ ਦਾ ਇੱਕ ਵਰਗ ਉਸ ਦੇ ਉਤਪਾਦਾਂ ’ਤੇ ਸ਼ੱਕ ਕਰਦਾ ਹੈ।
ਇਸ ਦੇ ਬਾਵਜੂਦ, ਰਾਮਦੇਵ ਦੀ ਮਾਰਕੀਟਿੰਗ ਰਣਨੀਤੀ ਨੇ ਪਤੰਜਲੀ ਨੂੰ ਇੱਕ ਵੱਡਾ ਬ੍ਰਾਂਡ ਬਣਾਇਆ ਹੈ। ਪਰ ਸਵਾਲ ਇਹ ਹੈ ਕਿ ਕੀ ਸਵਦੇਸ਼ੀ ਦੀ ਆੜ ਵਿੱਚ ਵਿਕਣ ਵਾਲੇ ਇਹ ਉਤਪਾਦ ਸੱਚਮੁੱਚ ਉਸ ਗੁਣਵੱਤਾ ਨੂੰ ਪੂਰਾ ਕਰਦੇ ਹਨ, ਜਿਸ ਦੀ ਲੋਕ ਉਮੀਦ ਕਰਦੇ ਹਨ? ਕਈ ਮਾਹਿਰਾਂ ਦਾ ਮੰਨਣਾ ਹੈ ਕਿ ਪਤੰਜਲੀ ਦੇ ਕੁਝ ਉਤਪਾਦਾਂ ਵਿੱਚ ਵਿਦੇਸ਼ੀ ਸਮੱਗਰੀ ਦੀ ਵਰਤੋਂ ਵੀ ਹੁੰਦੀ ਹੈ, ਜੋ ਰਾਮਦੇਵ ਦੇ ਸਵਦੇਸ਼ੀ ਦਾਅਵੇ ਨੂੰ ਕਮਜ਼ੋਰ ਕਰਦੀ ਹੈ। ਇਸ ਤੋਂ ਇਲਾਵਾ, ਅਦਾਲਤੀ ਚਿਤਾਵਨੀਆਂ ਅਤੇ ਜੁਰਮਾਨਿਆਂ ਨੇ ਪਤੰਜਲੀ ਦੀ ਸਾਖ ਨੂੰ ਵੀ ਠੇਸ ਪਹੁੰਚਾਈ ਹੈ। ਖਪਤਕਾਰਾਂ ਦਾ ਇੱਕ ਵਰਗ ਇਹ ਸਵਾਲ ਕਰਦਾ ਹੈ ਕਿ ਕੀ ਪਤੰਜਲੀ ਦੇ ਉਤਪਾਦ ਸੱਚਮੁੱਚ ਵਿਦੇਸ਼ੀ ਬ੍ਰਾਂਡਾਂ ਨਾਲ ਮੁਕਾਬਲਾ ਕਰ ਸਕਦੇ ਹਨ। ਅਦਾਲਤੀ ਕਾਰਵਾਈਆਂ ਅਤੇ ਗੁਣਵੱਤਾ ਨਾਲ ਜੁੜੇ ਵਿਵਾਦਾਂ ਨੇ ਲੋਕਾਂ ਦੇ ਵਿਸ਼ਵਾਸ ਨੂੰ ਡਗਮਗਾਇਆ ਹੈ।
ਅੱਗੇ ਦੀ ਰਾਹ ਅਤੇ ਸਵਾਲ
ਲੋਕਾਂ ਦਾ ਕਹਿਣਾ ਹੈ ਕਿ ਸਵਦੇਸ਼ੀ ਦੀ ਮੁਹਿੰਮ ਨੂੰ ਜਾਰੀ ਰੱਖਣ ਲਈ ਪਤੰਜਲੀ ਨੂੰ ਆਪਣੇ ਉਤਪਾਦਾਂ ਦੀ ਗੁਣਵੱਤਾ ਸੁਧਾਰਨੀ ਪਵੇਗੀ ਅਤੇ ਅਦਾਲਤੀ ਵਿਵਾਦਾਂ ਤੋਂ ਬਚਣਾ ਪਵੇਗਾ। ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਸਿਰਫ਼ ਮਾਰਕੀਟਿੰਗ ਜਾਂ ਭਾਵਨਾਤਮਕ ਅਪੀਲਾਂ ਕਾਫੀ ਨਹੀਂ ਹਨ, ਉਤਪਾਦਾਂ ਦੀ ਸ਼ੁੱਧਤਾ ਅਤੇ ਪ੍ਰਭਾਵਸ਼ੀਲਤਾ ਵੀ ਜ਼ਰੂਰੀ ਹੈ।
ਇਸ ਦੇ ਨਾਲ ਹੀ, ਰਾਮਦੇਵ ਨੂੰ ਇਹ ਵੀ ਸਮਝਣਾ ਪਵੇਗਾ ਕਿ ਸਵਦੇਸ਼ੀ ਦਾ ਮਤਲਬ ਸਿਰਫ਼ ਵਿਦੇਸ਼ੀ ਉਤਪਾਦਾਂ ਦਾ ਬਾਈਕਾਟ ਨਹੀਂ, ਸਗੋਂ ਭਾਰਤੀ ਖਪਤਕਾਰਾਂ ਨੂੰ ਵਿਸ਼ਵ ਪੱਧਰੀ ਗੁਣਵੱਤਾ ਦੇਣਾ ਵੀ ਹੈ।