ਅਮਰੀਕਾ : ਰਾਸ਼ਟਰਪਤੀ ਚੋਣਾਂ ਵਿੱਚ ਭਾਰਤੀ ਭਾਈਚਾਰਾ ਬਣਿਆ ‘ਸਿਆਸੀ ਤਾਕਤ’

In ਖਾਸ ਰਿਪੋਰਟ
September 12, 2024
ਦੁਨੀਆਂ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਵਿੱਚ ਭਾਰਤੀ ਭਾਈਚਾਰਾ ਨਾ ਸਿਰਫ਼ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਆਪਣੀ ਕਾਬਲੀਅਤ ਨੂੰ ਸਾਬਤ ਕਰ ਚੁੱਕਿਆ ਹੈ, ਸਗੋਂ ਹੁਣ ਇੱਕ ‘ਸਿਆਸੀ ਤਾਕਤ’ ਵਜੋਂ ਵੀ ਉੱਭਰ ਰਿਹਾ ਹੈ। ਅਮਰੀਕਾ ’ਚ ਰਾਸ਼ਟਰਪਤੀ ਚੋਣ ਲਈ ਵੋਟਿੰਗ 5 ਨਵੰਬਰ ਨੂੰ ਹੋਵੇਗੀ, ਮਤਲਬ ਸਿਰਫ਼ 2 ਮਹੀਨੇ ਬਾਕੀ ਹਨ। ਮਰਦਮਸ਼ੁਮਾਰੀ ਦੀ ਰਿਪੋਰਟ ਦੇ ਅਨੁਸਾਰ, ਲਗਭਗ 42 ਲੱਖ ਭਾਰਤੀ ਅਮਰੀਕੀਆਂ ਦੀ ਆਬਾਦੀ ਹੈ, ਜਿਨ੍ਹਾਂ ਵਿੱਚੋਂ ਲਗਭਗ 27 ਲੱਖ ਅਮਰੀਕੀ ਨਾਗਰਿਕ ਹਨ, ਜਿਨ੍ਹਾਂ ਨੂੰ ਵੋਟ ਦਾ ਅਧਿਕਾਰ ਹੈ। ਸਿੱਖਿਅਤ ਅਤੇ ਪੇਸ਼ੇਵਰ ਹੋਣ ਕਾਰਨ ਭਾਰਤੀ ਭਾਈਚਾਰਾ ਅਮਰੀਕੀ ਸਮਾਜ ਵਿੱਚ ਆਪਣਾ ਮਾਣ-ਸਨਮਾਨ ਕਮਾ ਰਿਹਾ ਹੈ ਅਤੇ ਵਿਸ਼ੇਸ਼ ਮਹੱਤਵ ਵੀ ਹਾਸਲ ਕਰ ਰਿਹਾ ਹੈ। ਚੋਣ ਪ੍ਰਚਾਰ ਦੇ ਆਖ਼ਰੀ ਪੜਾਅ ਵਿੱਚ ਭਾਰਤੀ ਅਮਰੀਕੀ ਭਾਈਚਾਰੇ ਦੇ ਵੱਖ-ਵੱਖ ਸਮੂਹਾਂ ਦੇ ਸਰਗਰਮ ਹੋਣ ਨਾਲ ਚੋਣਾਂ ਬਹੁਤ ਦਿਲਚਸਪ ਹੋ ਗਈਆਂ ਹਨ। ਕੁਝ ਪ੍ਰਭਾਵਸ਼ਾਲੀ ਲੋਕਾਂ ਦੇ ਸਮੂਹ ਨੇ ‘ਇੰਡੀਅਨ ਅਮਰੀਕਨ ਫਾਰ ਹੈਰਿਸ’ ਮੁਹਿੰਮ ਸ਼ੁਰੂ ਕੀਤੀ ਹੈ। ਇਹ ਗਰੁੱਪ ਭਾਰਤੀ-ਅਫਰੀਕੀ ਮੂਲ ਦੀ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਦਾ ਸਮਰਥਨ ਕਰ ਰਿਹਾ ਹੈ। ਦੂਜੇ ਪਾਸੇ ਇੱਕ ਹੋਰ ਸੰਸਥਾ ‘ਫਾਊਂਡੇਸ਼ਨ ਫਾਰ ਇੰਡੀਆ ਐਂਡ ਡਾਇਸਪੋਰਾ ਸਟੱਡੀਜ਼’ ਨੇ ‘ਇੰਡੋ-ਅਮਰੀਕਨ ਵੋਟਸ ਮੈਟਰ’ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦਾ ਉਦੇਸ਼ ਚੋਣਾਂ ਵਿੱਚ ਭਾਰਤੀ ਅਮਰੀਕੀ ਵੋਟਰਾਂ ਦੀ ਹਿੱਸੇਦਾਰੀ ਨੂੰ ਵਧਾਉਣਾ ਹੈ। ਹਾਲ ਹੀ ਦੇ ਓਪੀਨੀਅਨ ਪੋਲ ਵਿੱਚ ਕਮਲਾ ਨੇ ਕੁਝ ਰਾਜਾਂ ਵਿੱਚ ਲੋਕਪ੍ਰਿਯਤਾ ਦੇ ਮਾਮਲੇ ਵਿੱਚ ਟਰੰਪ ਨੂੰ ਪਛਾੜ ਦਿੱਤਾ ਹੈ। ਪਰ ਭਾਰਤੀ ਮੂਲ ਦੀਆਂ ਕੁਝ ਮਸ਼ਹੂਰ ਹਸਤੀਆਂ ਨੇ ਡੋਨਾਲਡ ਟਰੰਪ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ, ਜਿਸ ਵਿੱਚ ਵਿਵੇਕ ਰਾਮਾਸਵਾਮੀ, ਨਿੱਕੀ ਹੈਲੀ ਅਤੇ ਡੈਮੋਕ੍ਰੇਟਿਕ ਪਾਰਟੀ ਦੀ ਸਾਬਕਾ ਨੇਤਾ ਤੁਲਸੀ ਗਬਾਰਡ ਮੋਹਰੀ ਹਨ। ਰਿਪਬਲਿਕਨ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜ ਰਹੀ ਸੈਨੇਟਰ ਜੇਡੀ ਵਾਂਸ ਦੀ ਪਤਨੀ ਊਸ਼ਾ ਚਿਲੁਕਾਰੀ ਵਾਂਸ ਭਾਰਤੀ ਮੂਲ ਦੀ ਹੈ ਅਤੇ ਚੋਣ ਪ੍ਰਚਾਰ ਵਿੱਚ ਪ੍ਰਮੁੱਖ ਹੋ ਗਈ ਹੈ। ਕਿਸੇ ਵੀ ਪਾਰਟੀ ਨੂੰ ਜਿੱਤਣ ਲਈ 270 ਦੇ ਜਾਦੂਈ ਅੰਕੜੇ ਨੂੰ ਛੂਹਣਾ ਹੋਵੇਗਾ। ਉਸ ਲਈ ‘ਸਵਿੰਗ ਸਟੇਟਸ’ ਜਾਂ ‘ਬੈਟਲ ਗਰਾਊਂਡ’ ਦੇ ਨਤੀਜੇ ਫੈਸਲਾਕੁੰਨ ਸਾਬਤ ਹੋ ਸਕਦੇ ਹਨ। ‘ਸਵਿੰਗ ਸਟੇਟਸ’ ਵਿੱਚ ਭਾਰਤੀ ਅਮਰੀਕੀਆਂ ਦੀ ਵੱਡੀ ਆਬਾਦੀ ਹੈ। ਉੱਤਰੀ ਕੈਰੋਲੀਨਾ, ਵਿਸਕਾਨਸਿਨ, ਜਾਰਜੀਆ, ਮਿਸ਼ੀਗਨ, ਐਰੀਜ਼ੋਨਾ, ਪੈਨਸਿਲਵੇਨੀਆ ਨੂੰ ਪ੍ਰਮੁੱਖ ‘ਸਵਿੰਗ ਸਟੇਟਸ’ ਮੰਨਿਆ ਜਾਂਦਾ ਹੈ, ਇੱਥੇ ਵੋਟਰਾਂ ਦਾ ਰਵੱਈਆ ਸਪੱਸ਼ਟ ਨਹੀਂ ਹੈ। ਜਿਸ ਪਾਰਟੀ ਨੂੰ ਉਹ ਵੋਟ ਦਿੰਦੇ ਹਨ, ਉਸ ਦੀ ਜਿੱਤ ਯਕੀਨੀ ਹੁੰਦੀ ਹੈ। ‘ਇੰਡੀਆ ਫੈਕਟਰ’ ਦੀ ਮਹੱਤਵਪੂਰਨ ਭੂਮਿਕਾ: ਇਸ ਵਾਰ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵਿੱਚ ‘ਇੰਡੀਆ ਫੈਕਟਰ’ ਦਾ ਦਬਦਬਾ ਦਿਖਾਈ ਦੇ ਰਿਹਾ ਹੈ। ਟਰੰਪ ਦੀ ਚੋਣ ਮੁਹਿੰਮ ਨੂੰ ਸੰਭਾਲਣ ਵਾਲਿਆਂ ਨੂੰ ਲੱਗਦਾ ਹੈ ਕਿ ਕਮਲਾ ਹੇਰਿਸ ਘੱਟ ਗਿਣਤੀ ਵੋਟਰਾਂ ਭਾਵ ਅਮਰੀਕਾ ਵਿੱਚ ਰਹਿੰਦੇ ਭਾਰਤੀਆਂ ਨੂੰ ਆਕਰਸ਼ਿਤ ਕਰ ਸਕਦੀ ਹੈ। ਇਸ ਦੇ ਨਾਲ ਹੀ ਡੈਮੋਕਰੇਟਿਕ ਪੱਖ ਤੋਂ ਕਮਲਾ ਹੈਰਿਸ ਪਹਿਲਾਂ ਹੀ ਉਪ ਰਾਸ਼ਟਰਪਤੀ ਵਜੋਂ ਭਾਰਤੀ ਅਮਰੀਕੀ ਭਾਈਚਾਰੇ ਵਿੱਚ ਹਰਮਨ ਪਿਆਰੇ ਹਨ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਓਹੀਓ ਦੇ ਸੈਨੇਟਰ ਜੇਡੀ ਵੈਨਸ ਨੂੰ 2024 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਉਪ ਰਾਸ਼ਟਰਪਤੀ ਲਈ ਨਾਮਜ਼ਦ ਕੀਤਾ ਹੋਇਆ ਹੈ। ਇਸ ਨਾਲ ਭਾਰਤੀ ਅਮਰੀਕੀ ਭਾਈਚਾਰਾ ਫਿਰ ਤੋਂ ਚਰਚਾ ’ਚ ਆ ਗਿਆ ਹੈ, ਕਿਉਂਕਿ ਵੈਨਸ ਦੀ ਪਤਨੀ ਭਾਰਤੀ ਮੂਲ ਦੀ ਊਸ਼ਾ ਚਿਲੁਕੁਰੀ ਹੈ। ਵੈਨਸ ਦੀ ਉਮੀਦਵਾਰੀ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਅਗਲੇ ਚਾਰ ਸਾਲਾਂ ਤੱਕ ਭਾਰਤੀ ਮੂਲ ਦੇ ਕਿਸੇ ਵਿਅਕਤੀ ਦੇ ਵ੍ਹਾਈਟ ਹਾਊਸ ਵਿੱਚ ਮੌਜੂਦ ਰਹਿਣ ਦੀ ਉਮੀਦ ਹੈ। ਬਾਈਡਨ ਦੇ ਚੋਣ ਮੈਦਾਨ ਵਿਚੋਂ ਹਟਣ ਤੋਂ ਬਾਅਦ ਕਮਲਾ ਹੈਰਿਸ ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕਰੇਟਸ ਦੀ ਸਭ ਤੋਂ ਮਜ਼ਬੂਤ ਉਮੀਦਵਾਰ ਬਣ ਗਈ ਹੈ। ਜੇ ਕਮਲਾ ਹੈਰਿਸ ਰਾਸ਼ਟਰਪਤੀ ਬਣ ਜਾਂਦੀ ਹੈ ਤਾਂ ਭਾਰਤੀ ਅਮਰੀਕੀਆਂ ਨੂੰ ਆਪਣਾ ਪਹਿਲਾ ਰਾਸ਼ਟਰਪਤੀ ਮਿਲੇਗਾ। ਜੇਕਰ ਟਰੰਪ ਜਿੱਤ ਜਾਂਦੇ ਹਨ ਤਾਂ ਊਸ਼ਾ ਵਾਈਟ ਹਾਊਸ ’ਚ ਜੇਡੀ ਵੈਨਸ ਦੀ ਪਤਨੀ ਦੇ ਰੂਪ ’ਚ ਰਹੇਗੀ। ਦੋਵਾਂ ਪਾਰਟੀਆਂ ਦੇ ਰਾਜਨੀਤਿਕ ਕਾਰਕੁਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪ੍ਰਤੀਨਿਧਤਾ ਵਿੱਚ ਵਾਧਾ ਇੱਕ ਵੋਟਰ ਸਮੂਹ ਨਾਲ ਜੁੜਨ ਦੀ ਕੋਸ਼ਿਸ਼ ਦੇ ਅਨੁਸਾਰ ਹੋਵੇਗਾ ਜਿਸ ਨੂੰ ਲੰਬੇ ਸਮੇਂ ਤੋਂ ਅਣਡਿੱਠ ਕੀਤਾ ਗਿਆ ਹੈ। 2024 ਦੀ ਰਾਸ਼ਟਰਪਤੀ ਚੋਣ ਦੇ ਪਹਿਲੇ ਗੇੜ ਵਿੱਚ ਦੋ ਭਾਰਤੀ ਅਮਰੀਕੀਆਂ ਨਿੱਕੀ ਹੇਲੀ ਅਤੇ ਵਿਵੇਕ ਰਾਮਾਸਵਾਮੀ ਨੇ ਆਪਣਾ ਦਾਅਵਾ ਪੇਸ਼ ਕੀਤਾ ਸੀ। ਹਾਲਾਂਕਿ, ਬਾਅਦ ਵਿੱਚ ਉਹ ਪਿੱਛੇ ਹਟ ਗਏ ਅਤੇ ਦੋਵਾਂ ਨੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ। ਬਦਲਦੀ ਨਜ਼ਰ ਆ ਰਹੀ ਹੈ ਤਸਵੀਰ : ਕਮਲਾ ਹੈਰਿਸ ਅਮਰੀਕਾ ਦੀ ਕਿਸੇ ਵੱਡੀ ਸਿਆਸੀ ਪਾਰਟੀ ਤੋਂ ਟਿਕਟ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮੂਲ ਦੀ ਨੇਤਾ ਬਣ ਗਈ ਹੈ ਅਤੇ ਜੇਕਰ ਉਹ ਜਿੱਤ ਜਾਂਦੀ ਹੈ ਤਾਂ ਉਹ ਰਾਸ਼ਟਰਪਤੀ ਬਣਨ ਵਾਲੀ ਅਮਰੀਕਾ ਦੀ ਪਹਿਲੀ ਮਹਿਲਾ ਨੇਤਾ ਹੋਵੇਗੀ, ਜਿਸ ਨਾਲ ਕਿਆਸ ਅਰਾਈਆਂ ਵਧ ਜਾਣਗੀਆਂ। ਕਿਆਸ ਲਗਾਏ ਜਾ ਰਹੇ ਸਨ ਕਿ ਕਮਲਾ ਹੈਰਿਸ ਨੂੰ ਭਾਰਤੀ ਅਮਰੀਕੀ ਭਾਈਚਾਰੇ ਤੋਂ ਕਾਫ਼ੀ ਸਮਰਥਨ ਮਿਲੇਗਾ। ਪਰ, ਕਮਲਾ ਹੈਰਿਸ ਨੂੰ ਇਹ ਸਮਰਥਨ ਹਾਸਲ ਕਰਨ ਵਿੱਚ ਕਾਫ਼ੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਆਸੀ ਪਰਦੇ ’ਤੇ ਕਾਫ਼ੀ ਬਦਲੀ ਤਸਵੀਰ ਦਿਖਾਈ ਦੇ ਰਹੀ ਹੈ। ਕੁਝ ਭਾਰਤੀ ਅਮਰੀਕੀਆਂ ਦਾ ਝੁਕਾਅ ਉਸ ਦੇ ਵਿਰੋਧੀ ਡੋਨਾਲਡ ਟਰੰਪ ਵੱਲ ਹੈ। ਟਰੰਪ ਦੀਆਂ ਟੈਕਸ ਨੀਤੀਆਂ, ਛੋਟੇ ਕਾਰੋਬਾਰਾਂ ’ਤੇ ਉਨ੍ਹਾਂ ਦਾ ਧਿਆਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੇ ਨਜ਼ਦੀਕੀ ਸੰਬੰਧਾਂ ਵਰਗੇ ਤੱਥਾਂ ਨੇ ਭਾਰਤੀ ਭਾਈਚਾਰੇ ਨੂੰ ਟਰੰਪ ਵੱਲ ਖਿੱਚਿਆ ਹੈ। ਸੰਯੁਕਤ ਰਾਜ ਵਿੱਚ ਭਾਰਤੀ ਭਾਈਚਾਰੇ ਦਾ ਡੂੰਘਾ ਪ੍ਰਭਾਵ : ਭਾਰਤੀ ਅਮਰੀਕੀ ਹੁਣ ਅਮਰੀਕਾ ਵਿੱਚ ਇੱਕ ਮਹੱਤਵਪੂਰਨ ਵੋਟਰ ਸਮੂਹ ਬਣ ਗਏ ਹਨ, ਜਿਨ੍ਹਾਂ ਦੀ ਗਿਣਤੀ 1990 ਦੇ ਦਹਾਕੇ ਦੇ ਸ਼ੁਰੂ ਤੋਂ ਦਸ ਗੁਣਾ ਵੱਧ ਗਈ ਹੈ। ਅੰਕੜਿਆਂ ਅਨੁਸਾਰ, ਕਰੀਬ 27 ਲੱਖ ਯੋਗ ਭਾਰਤੀ ਅਮਰੀਕੀ ਵੋਟਰ ਹਨ, ਜੋ ਕਿਸੇ ਸਿਆਸਤਦਾਨ ਦੀ ਜਿੱਤ ਜਾਂ ਹਾਰ ’ਤੇ ਪ੍ਰਭਾਵ ਪਾ ਸਕਦੇ ਹਨ। ਏਸ਼ੀਆਈ ਅਮਰੀਕੀ ਹੁਣ ਦੇਸ਼ ਭਰ ਵਿੱਚ ਯੋਗ ਵੋਟਰਾਂ ਦਾ 6.1% ਬਣਦੇ ਹਨ। ਹਾਲੀਆ ਪੋਲਿੰਗ ਡੇਟਾ ਇਹਨਾਂ ਤਬਦੀਲੀਆਂ ’ਤੇ ਰੌਸ਼ਨੀ ਪਾਉਂਦਾ ਹੈ। ਡੇਟਾ ਦੇ ਇੱਕ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਭਾਰਤੀ ਅਮਰੀਕੀਆਂ ਦੀ ਪ੍ਰਤੀਸ਼ਤਤਾ, ਜਿਨ੍ਹਾਂ ਨੇ ਹਮੇਸ਼ਾ ਡੈਮੋਕ੍ਰੇਟਿਕ ਪਾਰਟੀ ਨੂੰ ਵੋਟ ਦਿੱਤੀ ਹੈ, 2020 ਵਿੱਚ 54% ਤੋਂ ਘਟ ਕੇ 2024 ਵਿੱਚ 47% ਰਹਿਣ ਦੀ ਉਮੀਦ ਹੈ। ਇਸ ਦੇ ਉਲਟ, ਰਿਪਬਲਿਕਨ ਵਜੋਂ ਪਛਾਣ ਕਰਨ ਵਾਲੇ ਭਾਰਤੀ ਅਮਰੀਕੀ ਵੋਟਰਾਂ ਦੀ ਗਿਣਤੀ ਉਸੇ ਸਮੇਂ ਦੌਰਾਨ 16% ਤੋਂ ਵਧ ਕੇ 21% ਹੋ ਗਈ ਹੈ। ਇਸ ਤੋਂ ਇਲਾਵਾ, ਭਾਰਤੀ ਅਮਰੀਕੀ ਵੋਟਰਾਂ ਵਿੱਚ ਕਮਲਾ ਹੈਰਿਸ ਦੀ ਲੋਕਪ੍ਰਿਅਤਾ 2022 ਵਿੱਚ 62% ਤੋਂ ਘਟ ਕੇ ਜੁਲਾਈ 2024 ਵਿੱਚ 54% ਰਹਿਣ ਦੀ ਉਮੀਦ ਹੈ। ਅਮਰੀਕੀ ਜਨਗਣਨਾ ਦੇ ਤਾਜ਼ਾ ਅੰਕੜਿਆਂ ਅਨੁਸਾਰ, ਭਾਰਤੀ ਅਮਰੀਕੀਆਂ ਦੀ ਔਸਤ ਘਰੇਲੂ ਆਮਦਨ 123,700 ਡਾਲਰ ਹੈ, ਜੋ ਕਿ 63,922 ਡਾਲਰ ਦੀ ਰਾਸ਼ਟਰੀ ਔਸਤ ਤੋਂ ਲਗਭਗ ਦੁੱਗਣੀ ਹੈ। ਅਮਰੀਕਾ ਵਿੱਚ ਹਰ ਪੰਜਵੇਂ ਯੂਨੀਕੋਰਨ ਦਾ ਸੀ.ਈ.ਓ. ਭਾਰਤੀ ਮੂਲ ਦਾ ਹੈ ਅਤੇ ਅੰਤਰਰਾਸ਼ਟਰੀ ਪ੍ਰਭਾਵ ਵਾਲੀਆਂ ਕਈ ਵੱਡੀਆਂ ਅਮਰੀਕੀ ਕੰਪਨੀਆਂ ਦੇ ਸੀ.ਈ.ਓ. ਵੀ ਭਾਰਤੀ ਹਨ, ਜਿਸ ਕਾਰਨ ਭਾਰਤੀ ਮੂਲ ਦੇ ਵੋਟਰਾਂ ਦਾ ਪ੍ਰਭਾਵ ਕਾਫ਼ੀ ਵਧਦਾ ਹੈ ਅਤੇ ਵੋਟਰਾਂ ਦੀਆਂ ਕਈ ਹੋਰ ਸ਼੍ਰੇਣੀਆਂ ’ਤੇ ਵੀ ਇਸ ਦਾ ਪ੍ਰਭਾਵ ਪੈਂਦਾ ਹੈ। ਭਾਰਤੀ ਅਮਰੀਕੀਆਂ ਵਿੱਚ ਵਖਰੇਵਾਂ: ਜੇ ਹੁਣ ਭਾਰਤੀ ਅਮਰੀਕੀਆਂ ਭਾਵ ਅਮਰੀਕਾ ਵਿੱਚ ਵਸੇ ਭਾਰਤੀਆਂ ਵਿੱਚ ਆਪਸੀ ਵਖਰੇਂਵੇਂ ਦਾ ਵੇਰਵਾ ਨਾ ਦਿੱਤਾ ਤਾਂ ਇਹ ਗੱਲ ਅਧੂਰੀ ਰਹੇਗੀ। ਇਸ ਵਾਰ ਚੋਣਾਂ ਵਿੱਚ ਭਾਰਤੀ ਅਮਰੀਕੀ ਭਾਈਚਾਰੇ ਵਿੱਚ ਵਖਰੇਂਵਾਂ ਹੋਰ ਵੀ ਸਪੱਸ਼ਟ ਦਿਖਾਈ ਦੇ ਰਿਹਾ ਹੈ। ਇਤਿਹਾਸਕ ਤੌਰ ’ਤੇ ਡੈਮੋਕਰੇਟਸ ਵੱਲ ਝੁਕਾਅ ਹੋਣ ਦੇ ਬਾਵਜੂਦ, ਹਾਲ ਹੀ ਦੇ ਰੁਝਾਨ ਰਿਪਬਲਿਕਨਾਂ ਵੱਲ ਵੱਧ ਰਹੇ ਹਨ ਤੇ ਇਸ ਵਖਰੇਂਵੇਂ ਨੂੰ ਦਰਸਾਉਂਦੇ ਹਨ। ਕੈਲੀਫ਼ੋਰਨੀਆ ਦੀ 53 ਸਾਲਾ ਰਸ਼ੀਨਾ ਹੁਮਾਯੂੰ ਨੇ ਟਿੱਪਣੀ ਕੀਤੀ ਹੈ ਕਿ ਸਾਡੇ ਭਾਈਚਾਰੇ ਦੀਆਂ ਵੋਟਾਂ ਕਦੇ ਵੀ ਪਾਰਟੀ ਲਾਈਨਾਂ ’ਤੇ ਇੰਨੀ ਤਿੱਖੀ ਵੰਡ ਦਾ ਸ਼ਿਕਾਰ ਨਹੀਂ ਸੀ ਹੋਈਆਂ। ਜਦੋਂ ਕਿ ਮੈਂ ਡੈਮੋਕਰੇਟਸ ਦਾ ਸਮਰਥਨ ਕਰ ਰਹੀ ਹਾਂ, ਮੇਰੇ ਬਹੁਤ ਸਾਰੇ ਸਾਥੀ ਅਤੇ ਦੋਸਤ ਜੋ ਪਹਿਲਾਂ ਡੈਮੋਕਰੇਟਿਕ ਸਮਰਥਕ ਸਨ, ਹੁਣ ਰਿਪਬਲੀਕਨ ਵੱਲ ਝੁਕ ਰਹੇ ਹਨ। ਇਸੇ ਤਰ੍ਹਾਂ ਯੂਨੀਵਰਸਿਟੀ ਆਫ਼ ਇਲੀਨੋਇਸ ਦੀ ਵਿਦਿਆਰਥਣ ਪੂਜਾ ਖੇਮਕਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਗ੍ਰੀਨ ਕਾਰਡ ਦੇਣ ਦੇ ਟਰੰਪ ਦੇ ਪ੍ਰਸਤਾਵ ਨੂੰ ਆਕਰਸ਼ਕ ਦੱਸਿਆ ਹੈ। ਭਾਰਤੀ ਵਿਦਿਆਰਥੀ ਮਹਿਸੂਸ ਕਰਦੇ ਹਨ ਕਿ ਭਾਵੇਂ ਸਾਡੀਆਂ ਜੜ੍ਹਾਂ ਭਾਰਤ ਵਿੱਚ ਹਨ, ਪਰ ਸਾਡਾ ਭਵਿੱਖ ਅਮਰੀਕਾ ਵਿੱਚ ਹੈ। ਗ੍ਰੀਨ ਕਾਰਡ ਉਸ ਭਵਿੱਖ ਦੀ ਟਿਕਟ ਹੈ। ਭਾਰਤੀ ਵੋਟਰਾਂ ਦੀ ਆਬਾਦੀ ਵਧੀ: ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵਿੱਚ ਭਾਰਤੀਆਂ ਦੇ ਮਹੱਤਵਪੂਰਨ ਯੋਗਦਾਨ ਦਾ ਸਭ ਤੋਂ ਵੱਡਾ ਅਤੇ ਪਹਿਲਾ ਕਾਰਨ ਅਮਰੀਕਾ ਵਿੱਚ ਭਾਰਤੀ ਵੋਟਰਾਂ ਦੀ ਵਧਦੀ ਆਬਾਦੀ ਹੈ। ਅਮਰੀਕਾ ਵਿੱਚ ਪ੍ਰਵਾਸ ਮਾਮਲਿਆਂ ਦੀ ਸੰਸਥਾ ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਦਹਾਕਿਆਂ ਵਿੱਚ ਅਮਰੀਕਾ ਵਿੱਚ ਭਾਰਤੀ ਅਮਰੀਕੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਅੱਸੀਵਿਆਂ ਵਿੱਚ ਪਹਿਲੀ ਵਾਰ ਭਾਰਤੀ ਅਮਰੀਕੀ ਵੋਟਰਾਂ ਨੂੰ ਆਬਾਦੀ ਦੇ ਹਿੱਸੇ ਵਜੋਂ ਗਿਣਿਆ ਗਿਆ ਸੀ। ਇਸ ਤੋਂ ਬਾਅਦ ਇਨ੍ਹਾਂ ਦੀ ਆਬਾਦੀ ਵਧ ਗਈ। ਅੰਕੜਿਆਂ ਅਨੁਸਾਰ ਅਮਰੀਕਾ ਦੀ ਆਬਾਦੀ ਲਗਭਗ 32.82 ਕਰੋੜ ਹੈ। ਜਦੋਂ ਕਿ ਇਨ੍ਹਾਂ ਵਿੱਚ ਪਰਵਾਸੀਆਂ ਦੀ ਗਿਣਤੀ 4.5 ਕਰੋੜ ਦੇ ਕਰੀਬ ਹੈ, ਜੋ ਕਿ ਕੁੱਲ ਆਬਾਦੀ ਦਾ ਲਗਭਗ 14% ਹੈ। 2010 ਤੋਂ 2017 ਦਰਮਿਆਨ ਕੁੱਲ 8 ਲੱਖ ਭਾਰਤੀ ਪ੍ਰਵਾਸੀ ਅਮਰੀਕਾ ਵਿੱਚ ਵਸੇ। ਇਹ ਦੂਜੇ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਵੱਧ ਹੈ। ਸਭ ਤੋਂ ਵੱਧ ਅਮਰੀਕਾ ਪਹੁੰਚਣ ਵਾਲੇ ਪਰਵਾਸੀਆਂ ਵਿੱਚ ਚੀਨ ਦਾ ਪਹਿਲਾ ਸਥਾਨ ਹੈ। ਉਥੇ 28 ਲੱਖ ਤੋਂ ਵੱਧ ਪ੍ਰਵਾਸੀ ਮੌਜੂਦ ਹਨ। ਜਦਕਿ ਦੂਜੇ ਸਥਾਨ ’ਤੇ ਭਾਰਤੀਆਂ ਦੀ ਗਿਣਤੀ 26 ਲੱਖ ਤੋਂ ਵੱਧ ਹੈ। ਅਮਰੀਕਾ ਵਿੱਚ ਹਰ 6 ਪਰਵਾਸੀਆਂ ਵਿੱਚੋਂ 1 ਭਾਰਤੀ ਹੈ। ਇਹ ਇੱਕ ਵੱਡਾ ਕਾਰਨ ਹੈ, ਜੋ ਰਾਸ਼ਟਰਪਤੀ ਚੋਣਾਂ ਵਿੱਚ ਨਤੀਜਾ ਬਦਲ ਸਕਦਾ ਹੈ। ਕਾਫ਼ੀ ਸ਼ਕਤੀਸ਼ਾਲੀ ਹਨ ਅਮਰੀਕੀ ਭਾਰਤੀ : ਇੱਕ ਹੋਰ ਕਾਰਨ ਅਮਰੀਕਾ ਵਿੱਚ ਉੱਚ ਅਹੁਦਿਆਂ ’ਤੇ ਭਾਰਤੀ ਅਮਰੀਕੀਆਂ ਦੀ ਮੌਜੂਦਗੀ ਹੈ। ਆਮ ਤੌਰ ’ਤੇ, ਸਿੱਖਿਆ ਅਤੇ ਕੰਮ ਕਾਰਨ, ਭਾਰਤੀ ਉੱਥੇ ਰਹਿੰਦੇ ਹਨ ਅਤੇ ਨਾਗਰਿਕਤਾ ਪ੍ਰਾਪਤ ਕਰਦੇ ਹਨ। ਇਹੀ ਕਾਰਨ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਆਪਣੀ ਹੋਂਦ ਲਈ ਵੱਡੀਆਂ ਪੀੜ੍ਹੀਆਂ ਦੇ ਪਿੱਛੇ ਲੱਗ ਕੇ ਉੱਚੇ ਅਹੁਦੇ ਹਾਸਲ ਕਰਦੀਆਂ ਹਨ। ਉਹ ਰਾਜਨੀਤੀ ਵਿੱਚ ਵੀ ਅਹਿਮ ਅਹੁਦਿਆਂ ’ਤੇ ਰਹੇ ਹਨ। ਕਮਲਾ ਹੈਰਿਸ ਇਸ ਦੀ ਵੱਡੀ ਉਦਾਹਰਣ ਹੈ। ਇਮੀਗ੍ਰੇਸ਼ਨ ਅਤੇ ਰਾਸ਼ਟਰੀਅਤਾ ਐਕਟ 1965: ਸਾਲ 1965 ਦੌਰਾਨ ਅਮਰੀਕਾ ਵਿੱਚ ਇਮੀਗ੍ਰੇਸ਼ਨ ਅਤੇ ਰਾਸ਼ਟਰੀਅਤਾ ਐਕਟ ਪਾਸ ਕੀਤਾ ਗਿਆ ਸੀ। ਇਸ ਤਹਿਤ ਵਿਦੇਸ਼ੀਆਂ ਨੂੰ ਅਮਰੀਕਾ ਆਉਣ ਵਿੱਚ ਛੋਟ ਮਿਲਣੀ ਸ਼ੁਰੂ ਹੋ ਗਈ। ਇਸ ਐਕਟ ਦਾ ਮੁੱਖ ਕਾਰਨ ਉਸ ਸਮੇਂ ਅਮਰੀਕੀ ਪ੍ਰਤੀਨਿਧੀ ਸਭਾ ਵਿੱਚ ਭਾਰਤੀ ਮੂਲ ਦੇ ਵਿਅਕਤੀ ਦਲੀਪ ਸਿੰਘ ਸੌਂਦ ਦੀ ਮੌਜੂਦਗੀ ਸੀ। ਦਲੀਪ ਸਿੰਘ ਸੌਂਦ ਦਾ ਜਨਮ ਪੰਜਾਬ ਵਿੱਚ ਹੋਇਆ, ਜੋ ਬਾਅਦ ਵਿੱਚ ਕੈਲੀਫ਼ੋਰਨੀਆ ਵਿੱਚ ਆ ਕੇ ਵੱਸ ਗਿਆ ਅਤੇ ਇਸ ਐਕਟ ਲਈ ਕੰਮ ਕੀਤਾ ਤਾਂ ਜੋ ਵਿਦੇਸ਼ੀ ਵੀ ਅਮਰੀਕਾ ਵਿੱਚ ਵੱਸ ਸਕਣ। ਅਮਰੀਕਾ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਆਈ.ਟੀ. ਸੈਕਟਰ ਨਾਲ ਜੁੜੇ ਹੋਏ ਹਨ। ਇਸ ਸਬੰਧੀ ਇੰਡੀਅਨ ਐਕਸਪੈੱ੍ਰਸ ਵਿੱਚ ਪ੍ਰਕਾਸ਼ਿਤ ਰਿਪੋਰਟ ਵਿੱਚ ਤਿੰਨ ਲੇਖਕਾਂ ਦੀ ਸਾਂਝੀ ਕਿਤਾਬ ‘ਦਿ ਅਦਰ ਵਨ ਪਰਸੈਂਟ: ਇੰਡੀਅਨਜ਼ ਇਨ ਅਮਰੀਕਾ’ ਦੇ ਹਵਾਲੇ ਨਾਲ ਕਈ ਗੱਲਾਂ ਦੱਸੀਆਂ ਗਈਆਂ ਹਨ। ਉਦਾਹਰਣ ਵਜੋਂ, ਅਮਰੀਕਾ ਦੀਆਂ 8 ਸਭ ਤੋਂ ਵੱਡੀਆਂ ਆਈ.ਟੀ. ਕੰਪਨੀਆਂ ਭਾਰਤੀ ਅਮਰੀਕੀਆਂ ਦੁਆਰਾ ਬਣਾਈਆਂ ਗਈਆਂ ਹਨ। ਮਾਈਕ੍ਰੋਸਾਫਟ, ਅਡੋਬ, ਆਈਬੀਐਮ ਅਤੇ ਮਾਸਟਰਕਾਰਡ ਵਰਗੀਆਂ ਫਾਰਚੂਨ 500 ਕੰਪਨੀਆਂ ਦੇ ਸੀਈਓ ਭਾਰਤੀ ਮੂਲ ਦੇ ਅਮਰੀਕੀ ਲੋਕ ਹਨ। ਮੈਡੀਕਲ ਖੇਤਰ ਵਿੱਚ ਵੀ ਭਾਰਤੀ ਅਮਰੀਕੀ ਅੱਗੇ ਹਨ। ਉੱਥੇ, ਹਰ 7 ਡਾਕਟਰਾਂ ਵਿੱਚੋਂ 1 ਭਾਰਤੀ ਮੂਲ ਦਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੀ ਡਾਕਟਰ ਖੁਦ ਭਾਰਤੀ ਸੀਮਾ ਵਰਮਾ ਹੈ। ਇਸ ਤੋਂ ਬਾਅਦ ਵੀ ਇਹ ਸੂਚੀ ਖਤਮ ਨਹੀਂ ਹੁੰਦੀ। ਹੁਣ ਭਾਰਤੀ ਮੂਲ ਦੇ ਬਹੁਤ ਸਾਰੇ ਲੋਕ ਹੋਟਲ-ਰੈਸਟੋਰੈਂਟ ਅਤੇ ਇੱਥੋਂ ਤੱਕ ਕਿ ਮਾਡਲਿੰਗ ਅਤੇ ਅਮਰੀਕੀ ਟੀ.ਵੀ. ਉਦਯੋਗ ਵਿੱਚ ਸ਼ਾਮਲ ਹੋ ਰਹੇ ਹਨ। ਇਹੀ ਕਾਰਨ ਹੈ ਕਿ ਇਸ ਚੋਣ ਵਿੱਚ ਭਾਰਤੀ ਮੂਲ ਦੇ ਵੋਟਰਾਂ ਨੂੰ ਲੁਭਾਉਣ ਦੀ ਦੌੜ ਲੱਗੀ ਹੋਈ ਹੈ।

Loading