ਅਮਰੀਕਾ ਵਿਚ ਲਾਪਤਾ ਜਹਾਜ਼ ਦਾ ਮਲਬਾ ਲੱਭਾ, 3 ਮੌਤਾਂ ਤੇ ਬਾਕੀ 7 ਦੀ ਭਾਲ ਜਾਰੀ

In ਅਮਰੀਕਾ
February 10, 2025
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਰਾਜ ਅਲਾਸਕਾ ਦੇ ਪੱਛਮੀ ਤੱਟ ਨੇੜੇ ਲਾਪਤਾ ਹੋਏ ਇਕ ਜਹਾਜ਼ ਦਾ ਮਲਬਾ ਲੱਭ ਜਾਣ ਦੀ ਖਬਰ ਹੈ। ਜਹਾਜ਼ ਵਿਚ ਪਾਇਲਟ ਸਮੇਤ 10 ਲੋਕ ਸਵਾਰ ਸਨ, ਜਿਨਾਂ ਵਿਚੋਂ 3 ਦੀਆਂ ਲਾਸ਼ਾਂ ਮਿਲ ਗਈਆਂ ਹਨ ਜਦ ਕਿ ਬਾਕੀ 7 ਦੀ ਭਾਲ ਜਾਰੀ ਹੈ। ਇਹ ਜਾਣਕਾਰੀ ਯੂ ਐਸ ਕੋਸਟ ਗਾਰਡ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਕੋਸਟ ਗਾਰਡ ਨੇ ਐਕਸ ਉਪਰ ਪਾਈ ਇਕ ਪੋਸਟ ਵਿਚ ਕਿਹਾ ਹੈ ਕਿ 3 ਵਿਅਕਤੀ ਜਹਾਜ਼ ਵਿਚ ਹੀ ਮ੍ਰਿਤਕ ਮਿਲੇ ਹਨ। ਜਹਾਜ਼ ਦਾ ਮਲਬਾ ਨੋਮ ਦੇ ਦੱਖਣ ਪੂਰਬ ਵਿਚ ਤਕਰੀਬਨ 34 ਮੀਲ ਦੂਰ ਮਿਲਿਆ। ਕੋਸਟ ਗਾਰਡ ਨੇ ਕਿਹਾ ਹੈ ਕਿ ਬਾਕੀ 7 ਵਿਅਕਤੀਆਂ ਦੀ ਹੋਣੀ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਤੇ ਅਸੀਂ ਇਸ ਦੁੱਖ ਦੀ ਘੜੀ ਵਿਚ ਪੀੜਤ ਪਰਿਵਾਰਾਂ ਦੇ ਨਾਲ ਖੜੇ ਹਾਂ। ਅਲਾਸਕਾ ਜਨਤਿਕ ਸੁਰੱਖਿਆ ਵਿਭਾਗ ਅਨੁਸਾਰ ਬਰਿੰਗ ਏਅਰ ਦੁਆਰਾ ਸੰਚਾਲਿਤ ਜਹਾਜ਼ ਨੇ ਊਨਾਲਾਕਲੀਟ, ਅਲਾਸਕਾ ਤੋਂ ਨੋਮ ਲਈ ਉਡਾਣ ਭਰੀ ਸੀ। ਉਪਰੰਤ ਸਮੁੰਦਰੀ ਤੱਟ ਤੋਂ 12 ਮੀਲ ਦੂਰ ਅਚਾਨਕ ਲਾਪਾਤ ਹੋ ਗਿਆ। ਲੈਫਟੀਨੈਂਟ ਬੈਨਜਾਮਿਨ ਮੈਕਇਨਟਾਇਰ ਕੋਬਲ ਨੇ ਕਿਹਾ ਹੈ ਕਿ ਹਾਦਸੇ ਦਾ ਕਾਰਨ ਅਜੇ ਸਪਸ਼ਟ ਨਹੀਂ ਹੈ। ਜਹਾਜ਼ ਵਿਚ ਸਵਾਰ ਸਾਰੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਬਚਾਅ ਤੇ ਰਾਹਤ ਕਾਰਜ ਅਜੇ ਜਾਰੀ ਹਨ। ਫਾਇਰ ਵਿਭਾਗ ਅਨੁਸਾਰ ਯੂ ਐਸ ਕੋਸਟ ਗਾਰਡ ਦੀ ਮਦਦ ਨਾਲ ਰਾਜ ਦੇ ਪੱਛਮੀ ਤੱਟ ਦੇ ਨਾਲ ਲਾਪਤਾ ਵਿਅਕਤੀਆਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹੈ ਪਰੰਤੂ ਖਰਾਬ ਮੌਸਮ ਕਾਰਨ ਬਚਾਅ ਤੇ ਰਾਹਤ ਕੋਸ਼ਿਸ਼ਾਂ ਵਿਚ ਰੁਕਾਵਟ ਪਈ ਹੈ।

Loading