ਅਮਰੀਕਾ ਵਿਚ ਵੱਡੀ ਪੱਧਰ ‘ਤੇ ਹੋਵੇਗੀ ਸੰਘੀ ਵਰਕਰਾਂ ਦੀ ਛਾਂਟੀ, ਟਰੰਪ ਨੇ ਮਸਕ ਦੀ ਹਾਜਰੀ ਵਿਚ ਆਦੇਸ਼ ਉਪਰ ਕੀਤੇ ਦਸਤਖਤ

In ਅਮਰੀਕਾ
February 13, 2025
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਵਿਚ ਵੱਡੀ ਪੱਧਰ 'ਤੇ ਸੰਘੀ ਵਰਕਰਾਂ ਦੀ ਛਾਂਟੀ ਲਈ ਰਾਹ ਪੱਧਰਾ ਹੋ ਗਿਆ ਹੈ। ਵਾਈਟ ਹਾਊਸ ਨੇ ਜਾਰੀ ਇਕ ਆਦੇਸ਼ ਵਿਚ ਕਿਹਾ ਹੈ ਕਿ ਏਜੰਸੀ ਦੇ ਮੁੱਖੀਆਂ ਨੂੰ ਹੁਕਮ ਦਿੱਤਾ ਜਾਂਦਾ ਹੈ ਕਿ ਉਹ ਸੰਘੀ ਵਰਕ ਫੋਰਸ ਦੇ ਆਕਾਰ ਨੂੰ ਸੀਮਿਤ ਕਰਨ ਤੇ ਜਰੂਰੀ ਅਹੁੱਦਿਆਂ ਉਪਰ ਨਿਯੁਕਤੀਆਂ ਨੂੰ ਘਟਾਉਣ ਲਈ ਸਰਕਾਰ ਦੇ ਕੁਸ਼ਲਤਾ ਵਿਭਾਗ ''ਡੌਜ'' ਨਾਲ ਤਾਲਮੇਲ ਤੇ ਸਲਾਹ ਕਰਨ। ਵਾਈਟ ਹਾਊਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਘੀ ਵਰਕ ਫੋਰਸ ਘਟਾਉਣ ਸਬੰਧੀ ਆਦੇਸ਼ ਉਪਰ ਦਸਤਖਤ ਪੱਤਰਕਾਰਾਂ ਦੇ ਓਵਾਲ ਦਫਤਰ ਵਿਚੋਂ ਬਾਹਰ ਚਲੇ ਜਾਣ ਉਪਰੰਤ ਕੀਤੇ ਹਨ। ਇਸ ਮੌਕੇ ਓਵਾਲ ਦਫਤਰ ਵਿਚ ਅਰਬਪਤੀ ਸਪੇਸ - ਐਕਸ ਸੀ ਈ ਓ ਐਲਨ ਮਸਕ ਵੀ ਹਾਜਰ ਸਨ। ਆਦੇਸ਼ ਵਿਚ ਕਿਹਾ ਗਿਆ ਹੈ ਕਿ ਏਜੰਸੀ ਮੁੱਖੀ ਫੌਰੀ ਵੱਡੀ ਪੱਧਰ 'ਤੇ ਸੰਘੀ ਮੁਲਾਜ਼ਮਾਂ ਦੀ ਗਿਣਤੀ ਘਟਾਉਣ ਦੀਆਂ ਤਿਆਰੀਆਂ ਸ਼ੁਰੂ ਕਰਨਗੇ ਤੇ ਇਸ ਸਬੰਧੀ ਅਨੁਕੂਲ ਕਾਨੂੰਨ ਦੀ ਵਰਤੋਂ ਕਰਨਗੇ। ਇਸ ਮੌਕੇ ਟਰੰਪ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਅਯੋਗ ਤੇ ਭ੍ਰਿਸ਼ਟਾਚਾਰ ਦੀ ਅਲਾਮਤ ਉਪਰ ਅਰਬਾਂ ਡਾਲਰ ਖਰਚ ਕਰ ਚੁੱਕੇ ਹਾਂ। ਉਨਾਂ ਕਿਹਾ ਡੌਜ ਦੀ ਕੋਸ਼ਿਸ਼ ਪੈਸੇ ਦੀ ਦੁਰਵਰਤੋਂ ਨੂੰ ਰੋਕਣਾ ਹੈ। ਪੱਤਰਕਾਰਾਂ ਨਾਲ ਆਪਣੀ 30 ਮਿੰਟਾਂ ਦੀ ਗੱਲਬਾਤ ਦੌਰਾਨ ਟਰੰਪ ਤੇ ਮਸਕ ਨੇ ਇਸ ਦੁਰਵਰਤੋਂ ਨੂੰ ਵਾਰ ਵਾਰ ''ਫਰਾਡ'' ਕਿਹਾ। ਟਰੰਪ ਦੇ ਦੂਸਰੇ ਕਾਰਜਕਾਲ ਦੌਰਾਨ ਅਹੁੱਦਾ ਸੰਭਾਲਣ ਉਪਰੰਤ ਐਲਨ ਮਸਕ ਪਹਿਲੀ ਵਾਰ ਓਵਾਲ ਦਫਤਰ ਵਿਚ ਰਾਸ਼ਟਰਪਤੀ ਨਾਲ ਨਜਰ ਆਏ। ਉਨਾਂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਡੌਜ ਦੀ ਜਵਾਬਦੇਹੀ ਦਾ ਬਚਾਅ ਕੀਤਾ ਤੇ ਕਿਹਾ ਕਿ ਉਹ ਅਜਿਹਾ ਕੰਮ ਨਹੀਂ ਕਰਨਗੇ ਜਿਸ ਨਾਲ ਹਿੱਤਾਂ ਦਾ ਟਕਰਾਅ ਪੈਦਾ ਹੁੰਦਾ ਹੋਵੇ। ਉਨਾਂ ਕਿਹਾ ਕਿ ਸਮੁੱਚੀ ਕਾਰਵਾਈ ਜਨਤਿਕ ਹੈ।

Loading