ਅਮਰੀਕਾ ਵਿੱਚ ਪ੍ਰਵਾਸੀ ਦੀ ਗ੍ਰਿਫ਼ਤਾਰੀ ਵਿੱਚ ਅੜਿੱਕਾ ਬਣੀ ਜੱਜ ਨੂੰ ਐਫ਼. ਬੀ. ਆਈ. ਨੇ ਕੀਤਾ ਗ੍ਰਿਫ਼ਤਾਰ

In ਅਮਰੀਕਾ
April 28, 2025
ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਟਰੰਪ ਪ੍ਰਸ਼ਾਸਨ ਦੇ ਨਿਆਂ ਪ੍ਰਣਾਲੀ ਨਾਲ ਚਲ ਰਹੇ ਟਕਰਾਅ ਦਰਮਿਆਨ ਧਮਾਕਾਖੇਜ਼ ਵਾਪਰੇ ਘਟਨਾਕ੍ਰਮ ਵਿੱਚ ਐਫ਼. ਬੀ. ਆਈ. ਵੱਲੋਂ ਮਿਲਵੌਕੀ ਕਾਊਂਟੀ ਦੀ ਇੱਕ ਜੱਜ ਨੂੰ ਇੱਕ ਪ੍ਰਵਾਸੀ ਦੀ ਗ੍ਰਿਫ਼ਤਾਰੀ ਵਿੱਚ ਕਥਿਤ ਤੌਰ ’ਤੇ ਅੜਿੱਕਾ ਪਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲੈਣ ਦੀ ਖ਼ਬਰ ਹੈ। ਇਹ ਜਾਣਕਾਰੀ ਐਫ਼. ਬੀ. ਆਈ. ਦੇ ਡਾਇਰੈਕਟਰ ਕਾਸ਼ ਪਟੇਲ ਵੱਲੋਂ ਸੋਸ਼ਲ ਮੀਡੀਆ ਉੱਪਰ ਪਾਈ ਇੱਕ ਪੋਸਟ ਵਿੱਚ ਦਿੱਤੀ ਗਈ ਹੈ ਹਾਲਾਂ ਕਿ ਬਾਅਦ ਵਿੱਚ ਇਹ ਪੋਸਟ ਹਟਾ ਦਿੱਤੀ ਗਈ ਹੈ। ਇਸ ਪੋਸਟ ਵਿੱਚ ਪਟੇਲ ਨੇ ਕਿਹਾ ਹੈ ਕਿ ਮਿਲਵੌਕੀ, ਵਿਸਕਾਨਸਿਨ ਦੀ ਜੱਜ ਹਨਾਹ ਡੂਗਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਟੇਲ ਅਨੁਸਾਰ ਜੱਜ ਨੇ ਜਾਣ-ਬੁੱਝ ਕੇ ਸੰਘੀ ਏਜੰਟਾਂ ਨੂੰ ਇੱਕ ਗੈਰ ਕਾਨੂੰਨੀ ਵਿਦੇਸ਼ੀ ਬਾਰੇ ਗੁੰਮਰਾਹ ਕੀਤਾ, ਜਿਸ ਵਿਦੇਸ਼ੀ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਸੀ। ਡੂਗਨ ਮਿਲਵੌਕੀ ਫ਼ੈਡਰਲ ਕੋਰਟ ਵਿੱਚ ਪੇਸ਼ ਹੋਈ ਜਿਥੇ ਵਕੀਲਾਂ ਵੱਲੋਂ ਕਿਹਾ ਗਿਆ ਕਿ ਸੁਣਵਾਈ ਤੋਂ ਪਹਿਲਾਂ ਉਹ ਜੱਜ ਨੂੰ ਹਿਰਾਸਤ ਵਿੱਚ ਰੱਖਣ ਦੇ ਹੱਕ ਵਿੱਚ ਨਹੀਂ ਹਨ। ਇਸ ਉਪਰੰਤ ਜੱਜ ਨੂੰ ਰਿਹਾਅ ਕਰ ਦਿੱਤਾ ਗਿਆ। ਉਸ ਦੀ ਅਗਲੀ ਪੇਸ਼ੀ 15 ਮਈ ਨੂੰ ਹੋਵੇਗੀ।

Loading