ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੁਬੀਓ ਨੇ ਐਲਾਨ ਕੀਤਾ ਹੈ ਕਿ ਦੱਖਣੀ
ਸੁਡਾਨ ਦੇ ਸਾਰੇ ਪਾਸਪੋਰਟ ਧਾਰਕਾਂ ਦੇ ਵੀਜ਼ੇ ਰੱਦ ਕੀਤੇ ਜਾ ਰਹੇ ਹਨ। ਉਸ ਨੇ ਦੋਸ਼ ਲਾਇਆ ਹੈ ਕਿ ਦੱਖਣੀ ਸੁਡਾਨ ਦੀ ਆਰਜੀ
ਸਰਕਾਰ ਟਰੰਪ ਪ੍ਰਸ਼ਾਸਨ ਦੁਆਰਾ ਦੇਸ਼ ਵਿਚੋਂ ਕੱਢੇ ਸੁਡਾਨੀਆਂ ਨੂੰ ਵਾਪਿਸ ਲੈਣ ਤੋਂ ਨਾਂਹ ਕਰ ਰਹੀ ਹੈ। ਇਹ ਪਹਿਲੀ ਘਟਨਾ ਹੈ
ਜਿਸ ਵਿਚ ਟਰੰਪ ਪ੍ਰਸ਼ਾਸਨ ਦੁਆਰਾ ਕਿਸੇ ਇਕ ਦੇਸ਼ ਦੇ ਪਾਸਪਰੋਟ ਧਾਰਕਾਂ ਵਿਰੁੱਧ ਕਾਰਵਾਈ ਕਰਨ ਦਾ ਐਲਾਨ ਕੀਤਾ ਗਿਆ ਹੈ।
ਰਾਸ਼ਟਰਪਤੀ ਡੋਨਾਲਡ ਟਰੰਪ ਪਹਿਲਾਂ ਹੀ ਚਿਤਾਵਨੀ ਦੇ ਚੁੱਕੇ ਹਨ ਕਿ ਆਪਣੇ ਨਾਗਰਿਕਾਂ ਨੂੰ ਵਾਪਿਸ ਨਾ ਲੈਣ ਵਾਲੇ ਦੇਸ਼ਾਂ ਵਿਰੁੱਧ
ਕਾਰਵਾਈ ਕੀਤੀ ਜਾਵੇਗੀ। ਰੁਬੀਓ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਹੁਣ ਸਮਾ ਆ ਗਿਆ ਹੈ ਕਿ ਦੱਖਣੀ ਸੁਡਾਨ ਦੀ
ਆਰਜੀ ਸਰਕਾਰ ਅਮਰੀਕਾ ਦਾ ਲਾਹਾ ਲੈਣਾ ਬੰਦ ਕਰ ਦੇਵੇ। ਉਨਾਂ ਕਿਹਾ ਹੈ ਕਿ '' ਹਰੇਕ ਦੇਸ਼ ਨੂੰ ਹਰ ਹਾਲਤ ਵਿਚ ਆਪਣੇ
ਸ਼ਹਿਰੀ ਸਮਾਬੱਧ ਤਰੀਕੇ ਨਾਲ ਵਾਪਿਸ ਲੈਣੇ ਪੈਣਗੇ ਜਦੋਂ ਅਮਰੀਕਾ ਸਮੇਤ ਕੋਈ ਵੀ ਦੇਸ਼ ਉਨਾਂ ਨੂੰ ਕੱਢਣ ਦਾ ਫੈਸਲਾ ਕਰਦਾ ਹੈ।''
ਰੁਬੀਓ ਨੇ ਹੋਰ ਕਿਹਾ ਹੈ ਕਿ ਦੱਖਣੀ ਸੁਡਾਨ ਦੇ ਲੋਕਾਂ ਦਾ ਅਮਰੀਕਾ ਵਿਚ ਦਾਖਲਾ ਰੋਕਣ ਲਈ ਉਨਾਂ ਨੂੰ ਵੀਜ਼ੇ ਜਾਰੀ ਕਰਨਾ ਵੀ
ਬੰਦ ਕਰ ਦੇਵੇਗਾ। ਉਨਾਂ ਕਿਹਾ ਕਿ ਦੱਖਣੀ ਸੁਡਾਨ ਜਦੋਂ ਮੁਕੰਮਲ ਸਹਿਯੋਗ ਕਰਨਾ ਸ਼ੁਰੂ ਕਰ ਦੇਵੇਗਾ ਤਾਂ ਅਸੀਂ ਆਪਣੀ ਕਾਰਵਾਈ
ਉਪਰ ਪੁਨਰ ਵਿਚਾਰ ਕਰਾਂਗੇ। ਬਾਈਡਨ ਪ੍ਰਸ਼ਾਸਨ ਨੇ ਦੱਖਣੀ ਸੁਡਾਨੀ ਨਾਗਰਿਕਾਂ ਲਈ 2023 ਵਿਚ ਆਰਜੀ ਸੁਰੱਖਿਆ ਪ੍ਰੋਗਰਾਮ
ਸ਼ੁਰੂ ਕੀਤਾ ਸੀ ਜਿਸ ਤਹਿਤ ਦੱਖਣੀ ਸੁਡਾਨੀ ਨਾਗਰਿਕਾਂ ਨੂੰ ਅਮਰੀਕਾ ਵਿਚ ਪਨਾਹ ਮਿਲੀ ਹੋਈ ਹੈ। ਇਥੇ ਜਿਕਰਯੋਗ ਹੈ ਕਿ
ਦੱਖਣੀ ਸੁਡਾਨ ਵਿਚ ਪਿਛਲੇ ਹਫਤੇ ਪਹਿਲੇ ਉੱਪ ਰਾਸ਼ਟਰਪਤੀ ਰੀਕ ਮੈਚਰ ਨੂੰ ਘਰ ਵਿਚ ਨਜਰਬੰਦ ਕਰ ਦੇਣ ਉਪਰੰਤ ਗ੍ਰਹਿ
ਯੁੱਧ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।