ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੁਬੀਓ ਨੇ ਐਲਾਨ ਕੀਤਾ ਹੈ ਕਿ ਦੱਖਣੀ ਸੁਡਾਨ ਦੇ ਸਾਰੇ ਪਾਸਪੋਰਟ ਧਾਰਕਾਂ ਦੇ ਵੀਜ਼ੇ ਰੱਦ ਕੀਤੇ ਜਾ ਰਹੇ ਹਨ। ਉਸ ਨੇ ਦੋਸ਼ ਲਾਇਆ ਹੈ ਕਿ ਦੱਖਣੀ ਸੁਡਾਨ ਦੀ ਆਰਜ਼ੀ ਸਰਕਾਰ ਟਰੰਪ ਪ੍ਰਸ਼ਾਸਨ ਦੁਆਰਾ ਦੇਸ਼ ਵਿਚੋਂ ਕੱਢੇ ਸੁਡਾਨੀਆਂ ਨੂੰ ਵਾਪਿਸ ਲੈਣ ਤੋਂ ਨਾਂਹ ਕਰ ਰਹੀ ਹੈ। ਇਹ ਪਹਿਲੀ ਘਟਨਾ ਹੈ ਜਿਸ ਵਿੱਚ ਟਰੰਪ ਪ੍ਰਸ਼ਾਸਨ ਦੁਆਰਾ ਕਿਸੇ ਇੱਕ ਦੇਸ਼ ਦੇ ਪਾਸਪੋਰਟ ਧਾਰਕਾਂ ਵਿਰੁੱਧ ਕਾਰਵਾਈ ਕਰਨ ਦਾ ਐਲਾਨ ਕੀਤਾ ਗਿਆ ਹੈ।
ਰਾਸ਼ਟਰਪਤੀ ਡੋਨਾਲਡ ਟਰੰਪ ਪਹਿਲਾਂ ਹੀ ਚਿਤਾਵਨੀ ਦੇ ਚੁੱਕੇ ਹਨ ਕਿ ਆਪਣੇ ਨਾਗਰਿਕਾਂ ਨੂੰ ਵਾਪਿਸ ਨਾ ਲੈਣ ਵਾਲੇ ਦੇਸ਼ਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਰੁਬੀਓ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਦੱਖਣੀ ਸੁਡਾਨ ਦੀ ਆਰਜ਼ੀ ਸਰਕਾਰ ਅਮਰੀਕਾ ਦਾ ਲਾਹਾ ਲੈਣਾ ਬੰਦ ਕਰ ਦੇਵੇ। ਉਨ੍ਹਾਂ ਕਿਹਾ ਹੈ ਕਿ ਹਰੇਕ ਦੇਸ਼ ਨੂੰ ਹਰ ਹਾਲਤ ਵਿੱਚ ਆਪਣੇ ਸ਼ਹਿਰੀ ਸਮਾਬੱਧ ਤਰੀਕੇ ਨਾਲ ਵਾਪਿਸ ਲੈਣੇ ਪੈਣਗੇ ਜਦੋਂ ਅਮਰੀਕਾ ਸਮੇਤ ਕੋਈ ਵੀ ਦੇਸ਼ ਉਨ੍ਹਾਂ ਨੂੰ ਕੱਢਣ ਦਾ ਫ਼ੈਸਲਾ ਕਰਦਾ ਹੈ। ਰੁਬੀਓ ਨੇ ਹੋਰ ਕਿਹਾ ਹੈ ਕਿ ਦੱਖਣੀ ਸੁਡਾਨ ਦੇ ਲੋਕਾਂ ਦਾ ਅਮਰੀਕਾ ਵਿੱਚ ਦਾਖਲਾ ਰੋਕਣ ਲਈ ਉਨ੍ਹਾਂ ਨੂੰ ਵੀਜ਼ੇ ਜਾਰੀ ਕਰਨਾ ਵੀ ਬੰਦ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਦੱਖਣੀ ਸੁਡਾਨ ਜਦੋਂ ਮੁਕੰਮਲ ਸਹਿਯੋਗ ਕਰਨਾ ਸ਼ੁਰੂ ਕਰ ਦੇਵੇਗਾ ਤਾਂ ਅਸੀਂ ਆਪਣੀ ਕਾਰਵਾਈ
ਉਪਰ ਪੁਨਰ ਵਿਚਾਰ ਕਰਾਂਗੇ। ਬਾਈਡੇਨ ਪ੍ਰਸ਼ਾਸਨ ਨੇ ਦੱਖਣੀ ਸੁਡਾਨੀ ਨਾਗਰਿਕਾਂ ਲਈ 2023 ਵਿੱਚ ਆਰਜ਼ੀ ਸੁਰੱਖਿਆ ਪ੍ਰੋਗਰਾਮ ਸ਼ੁਰੂ ਕੀਤਾ ਸੀ ਜਿਸ ਤਹਿਤ ਦੱਖਣੀ ਸੁਡਾਨੀ ਨਾਗਰਿਕਾਂ ਨੂੰ ਅਮਰੀਕਾ ਵਿੱਚ ਪਨਾਹ ਮਿਲੀ ਹੋਈ ਹੈ। ਇਥੇ ਜਿਕਰਯੋਗ ਹੈ ਕਿ ਦੱਖਣੀ ਸੁਡਾਨ ਵਿੱਚ ਪਿਛਲੇ ਹਫ਼ਤੇ ਪਹਿਲੇ ਉੱਪ ਰਾਸ਼ਟਰਪਤੀ ਰੀਕ ਮੈਚਰ ਨੂੰ ਘਰ ਵਿੱਚ ਨਜ਼ਰਬੰਦ ਕਰ ਦੇਣ ਉਪਰੰਤ ਗ੍ਰਹਿ
ਯੁੱਧ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
![]()
