ਅਮਰੀਕਾ ਵੱਲੋਂ ਵਪਾਰਕ ਟਰੱਕ ਡਰਾਈਵਰਾਂ ਨੂੰ ਦਿੱਤੇ ਜਾਣ ਵਾਲੇ ਵਰਕ ਵੀਜ਼ਾ ’ਤੇ ਰੋਕ ਲਗਾਉਣ ਦਾ ਐਲਾਨ

In ਅਮਰੀਕਾ
August 22, 2025

ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕਾ ਸਰਕਾਰ ਹੁਣ ਸੜਕ ਸੁਰੱਖਿਆ ਅਤੇ ਭਾਸ਼ਾ ਸਮਰੱਥਾ (ਅੰਗਰੇਜ਼ੀ ਪੜ੍ਹਨ-ਸਮਝਣ ਦੀ ਸਮਰੱਥਾ) ਨੂੰ ਪਹਿਲ ਦੇ ਰਹੀ ਹੈ। ਅਧਿਕਾਰੀਆਂ ਮੁਤਾਬਿਕ ਇਹੀ ਕਾਰਕ ਸੜਕ ਹਾਦਸੇ ਰੋਕਣ ਲਈ ਅਹਿਮ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਵਿੱਚ ਮੌਜੂਦਾ ਸਮੇਂ 60 ਹਜ਼ਾਰ ਤੋਂ ਵੱਧ ਟਰੱਕ ਡਰਾਈਵਰਾਂ ਦੀ ਕਮੀ ਹੈ। ਇਸ ਦੇ ਬਾਵਜੂਦ ਅਮਰੀਕੀ ਸਰਕਾਰ ਨੇ ਵਪਾਰਕ ਟਰੱਕ ਡਰਾਈਵਰਾਂ ਨੂੰ ਦਿੱਤੇ ਜਾਣ ਵਾਲੇ ਵਰਕ ਵੀਜ਼ਾ ’ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾਉਣ ਦਾ ਫ਼ੈਸਲਾ ਲਿਆ ਹੈ। ਇਸ ਫ਼ੈਸਲੇ ਦਾ ਅਸਰ ਭਾਰਤ ਸਣੇ ਕਈ ਦੇਸ਼ਾਂ ਦੇ ਉਨ੍ਹਾਂ ਚਾਲਕਾਂ ’ਤੇ ਪਵੇਗਾ, ਜੋ ਅਮਰੀਕੀ ਟਰਾਂਸਪੋਰਟ ਸੈਕਟਰ ’ਚ ਕੰਮ ਕਰਨ ਦੀ ਉਮੀਦ ’ਚ ਬੈਠੇ ਸਨ।
ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਇੱਕ ਪੰਜਾਬੀ ਡਰਾਈਵਰ ਨੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦਿਆਂ ਟਰੱਕ ਗਲਤ ਦਿਸ਼ਾ ’ਚ ਮੋੜ ਦਿੱਤਾ ਸੀ, ਜਿਸ ਕਾਰਨ ਇੱਕ ਕਾਰ ’ਚ ਸਵਾਰ ਤਿੰਨ ਜਣੇ ਦਰੜੇ ਗਏ ਅਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਅਮਰੀਕੀ ਸਰਕਾਰ ਦਾ ਫ਼ੈਸਲਾ ਹੁਣ ਇਸ ਘਟਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਅਮਰੀਕੀ ਵਿਦੇਸ਼ ਮੰਤਰੀ ਮਾਰਕ ਰੂਬਿਓ ਨੇ ਇਹ ਐਲਾਨ ਕੀਤਾ ਕਿ ਇਹ ਕਦਮ ਕਿਸੇ ਖਾਸ ਦੇਸ਼ ਨੂੰ ਨਿਸ਼ਾਨਾ ਬਣਾਉਣ ਲਈ ਨਹੀਂ ਹੈ, ਬਲਕਿ ਵਿਦੇਸ਼ ਤੋਂ ਆਉਣ ਵਾਲੇ ਟਰੱਕ ਡਰਾਈਵਰਾਂ ਦੀ ਯੋਗਤਾ ਅਤੇ ਸੁਰੱਖਿਆ ਮਾਪਦੰਡਾਂ ਦੀ ਸਮੀਖਿਆ ਲਈ ਚੁੱਕਿਆ ਗਿਆ ਹੈ।
ਉਨ੍ਹਾਂ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਅਮਰੀਕੀ ਸੜਕਾਂ ’ਤੇ ਵੱਡੇ ਟਰੱਕ ਚਲਾਉਣ ਵਾਲੇ ਵਿਦੇਸ਼ੀ ਡਰਾਈਵਰਾਂ ਦੀ ਗਿਣਤੀ ਵਧਣ ਨਾਲ ਆਮ ਲੋਕਾਂ ਦੀ ਜਾਨ ਨੂੰ ਖ਼ਤਰਾ ਵਧ ਰਿਹਾ ਹੈ ਅਤੇ ਨਾਲ ਹੀ ਅਮਰੀਕੀ ਟਰੱਕ ਡਰਾਈਵਰਾਂ ਦੀ ਰੋਜ਼ੀ-ਰੋਟੀ ਵੀ ਪ੍ਰਭਾਵਿਤ ਹੋ ਰਹੀ ਹੈ।’’
ਸਟੇਟ ਡਿਪਾਰਟਮੈਂਟ ਨੇ ਦੱਸਿਆ ਕਿ ਸਾਰੇ ਵੀਜ਼ਾ ਧਾਰਕਾਂ ’ਤੇ ‘ਕੰਟੀਨਿਊਸ ਵੋਟਿੰਗ’ ਭਾਵਕਿ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਜੇਕਰ ਕੋਈ ਵੀ ਸੁਰੱਖਿਆ ਜਾਂ ਨਿਯਮ ਉਲੰਘਣਾ ਸਾਹਮਣੇ ਆਈ ਤਾਂ ਵੀਜ਼ਾ ਰੱਦ ਕਰ ਦਿੱਤਾ ਜਾਵੇਗਾ ਅਤੇ ਡਿਪੋਰਟੇਸ਼ਨ ਦੀ ਕਾਰਵਾਈ ਹੋ ਸਕਦੀ ਹੈ।
ਭਾਰਤੀ ਮੂਲ ਦੇ ਟਰੱਕ ਡਰਾਈਵਰ ਅਮਰੀਕਾ ਦੇ ਲੌਜਿਸਿਟਕਸ ਸੈਕਟਰ ’ਚ ਲਗਾਤਾਰ ਆਪਣੀ ਪ੍ਰਾਪਤੀਆਂ ਦਰਜ ਕਰਵਾਉਂਦੇ ਰਹਿੰਦੇ ਹਨ। ਨਵੇਂ ਵਰਕ ਵੀਜ਼ਾ ਫਿਲਹਾਲ ਜਾਰੀ ਨਹੀਂ ਹੋਣਗੇ, ਜਿਸ ’ਚ ਭਾਰਤੀ ਬਿਨੈਕਾਰਾਂ ਨੂੰ ਦੇਰੀ ਜਾਂ ਅਸਵੀਕਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਹਿਲਾਂ ਤੋਂ ਸਵੀਕਾਰੀ ਗਈ ਅਰਜ਼ੀ ਵਾਲੇ ਵੀਜ਼ਾ ਧਾਰਕਾਂ ਦੀ ਵੀ ਮੁੜ ਜਾਂਚ ਹੋ ਸਕਦੀ ਹੈ। ਜਿਨ੍ਹਾਂ ਦੀਆਂ ਅਰਜ਼ੀਆਂ ਲੰਬਿਤ ਹਨ, ਉਨ੍ਹਾਂ ਲਈ ਅਨਿਸ਼ਚਿਤਤਾ ਹੋਰ ਵਧ ਗਈ ਹੈ।

Loading