ਸੈਕਰਾਮੈਂਟੋ,ਕੈਲੀਫ਼ੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਵੱਲੋਂ 200 ਤੋਂ ਵਧ ਗੈਰ ਕਾਨੂੰਨੀ ਆਨ ਲਾਈਨ ਫ਼ਾਰਮੇਸੀ ਵੈੱਬਸਾਈਟਾਂ ਬੰਦ ਕਰ ਦਿੱਤੀਆਂ ਗਈਆਂ ਹਨ । ਇਨ੍ਹਾਂ ਵੈੱਬਸਾਈਟਾਂ ਉੱਪਰ ਭਾਰਤ ਵਿਚਲੇ ਕ੍ਰਿਮੀਨਲ ਨੈੱਟਵਰਕ ਨਾਲ ਸਬੰਧ ਹੋਣ ਦੇ ਦੋਸ਼ ਲਾਏ ਗਏ ਹਨ ਜਿਨ੍ਹਾਂ ਕਾਰਨ ਅਮਰੀਕਾ ਵਿੱਚ ਓਵਰਡੋਜ਼ ਕਾਰਨ ਮੌਤਾਂ ਹੋਈਆਂ ਹਨ। ਡਰੱਗ ਇਨਫ਼ੋਰਸਮੈਂਟ ਐਡਮਨਿਸਟ੍ਰੇਸ਼ਨ ( ਡੀ. ਈ. ਏ.) ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਹ ਵੈੱਬਸਾਈਟਾਂ ਇੱਕ ਅੰਤਰਰਾਸ਼ਟਰੀ ਕ੍ਰਿਮੀਨਲ ਸੰਗਠਨ ਨਾਲ ਜੁੜੀਆਂ ਹੋਈਆਂ ਹਨ ਜਿਸ ਕਾਰਨ ਕਥਿਤ ਤੌਰ ’ਤੇ ਓਵਰਡੋਜ਼ ਕਾਰਨ 6 ਮੌਤਾਂ ਹੋਈਆਂ ਹਨ ਤੇ 4 ਲੋਕ ਓਵਰਡੋਜ਼ ਕਾਰਨ ਬਿਮਾਰ ਹੋਏ ਹਨ। ਬਿਆਨ ਅਨੁਸਾਰ ਇਸ ਸਬੰਧੀ 2022 ਤੋਂ ਜਾਂਚ ਸ਼ੁਰੂ ਕੀਤੀ ਗਈ ਸੀ। ਇਸ ਸਾਲ 27 ਜਨਵਰੀ ਨੂੰ ਡਰੱਗ ਇਨਫ਼ੋਰਸਮੈਂਟ ਐਡਮਨਿਸਟ੍ਰੇਸ਼ਨ ਨੇ ਤਾਲਮੇਲ ਨਾਲ ਆਪ੍ਰੇਸ਼ਨ ਸ਼ੁਰੂ ਕੀਤਾ ਸੀ ਜਿਸ ਤਹਿਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀਆਂ ਅਨੁਸਾਰ ਜਨਤਿਕ ਸਿਹਤ ਦੀ ਸੁਰੱਖਿਆ ਲਈ ਚੁੱਕੇ ਗਏ ਕਦਮਾਂ ਤਹਿਤ ਡੀ. ਏ. ਈ. ਰਜਿਸਟਰਾਰ
ਕੋਲ ਦਰਜ 5 ਫ਼ਰਮਾਂ ਦੇ ਤੁਰੰਤ ਮੁਅੱਤਲੀ ਆਦੇਸ਼ ਜਾਰੀ ਕੀਤੇ ਗਏ ਤੇ ਇੱਕ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਸੰਘੀ ਅਧਿਕਾਰੀਆਂ ਅਨੁਸਾਰ ਜਿਨ੍ਹਾਂ ਆਨ ਲਾਈਨ ਫ਼ਾਰਮੇਸੀ ਵੈੱਬਸਾਈਟਾਂ ਨੂੰ ਬੰਦ ਕੀਤਾ ਗਿਆ ਹੈ ਉਨ੍ਹਾਂ ਉੱਪਰ ਨਸ਼ੀਲੀਆਂ ਤੇ ਫ਼ਰਜ਼ੀ ਦਵਾਈਆਂ ਸਪਲਾਈ ਕਰਨ ਦੇ ਦੋਸ਼ ਹਨ। ਇਹ ਦਵਾਈਆਂ ਬਿਨਾਂ ਯੋਗ ਫ਼ਾਰਮੂਲੇ ਦੇ ਵੇਚੀਆਂ ਗਈਆਂ।
![]()
