ਅਮਰੀਕਾ ਵੱਲੋਂ 487 ਹੋਰ ਭਾਰਤੀ ਭੇਜੇ ਜਾਣਗੇ ਵਾਪਸ

In ਮੁੱਖ ਖ਼ਬਰਾਂ
February 08, 2025
ਨਵੀਂ ਦਿੱਲੀ, 8 ਫਰਵਰੀ : ਭਾਰਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਹੱਥਕੜੀ ਲਗਾ ਕੇ ਗ਼ੈਰ-ਕਾਨੂੰਨੀ ਵਿਅਕਤੀਆਂ ਨੂੰ ਵਾਪਸ ਭੇਜੇ ਜਾਣ ਦੇ ਮੁੱਦੇ ’ਤੇ ਅਮਰੀਕਾ ਕੋਲ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਇਹ ਵੀ ਕਿ ਅਜਿਹੇ ਮਾੜੇ ਸਲੂਕ ਤੋਂ ਬਚਿਆ ਜਾ ਸਕਦਾ ਸੀ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਅਮਰੀਕੀ ਅਧਿਕਾਰੀਆਂ ਵੱਲੋਂ 487 ਭਾਰਤੀ ਨਾਗਰਿਕਾਂ ਨੂੰ ਮੁਲਕ ’ਚੋਂ ਕੱਢੇ ਜਾਣ ਸਬੰਧੀ ਸੂਚੀ ਤਿਆਰ ਕਰ ਲਈ ਹੈ ਜਿਨ੍ਹਾਂ ਵਿਚੋਂ 298 ਵਿਅਕਤੀਆਂ ਦਾ ਬਿਉਰਾ ਭਾਰਤ ਨਾਲ ਸਾਂਝਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੀ ਤਸਦੀਕ ਕੀਤੀ ਜਾ ਰਹੀ ਹੈ। ਮਿਸਰੀ ਦਾ ਇਹ ਬਿਆਨ ਅਮਰੀਕਾ ਵੱਲੋਂ 104 ਗ਼ੈਰ-ਕਾਨੂੰਨੀ ਭਾਰਤੀਆਂ ਨੂੰ ਫੌਜੀ ਜਹਾਜ਼ ’ਚ 40 ਘੰਟੇ ਦੀ ਉਡਾਣ ਦੌਰਾਨ ਹੱਥਕੜੀ ਲਗਾ ਕੇ ਵਾਪਸ ਭੇਜੇ ਜਾਣ ’ਤੇ ਪੈਦਾ ਹੋਏ ਵਿਵਾਦ ਦੌਰਾਨ ਆਇਆ ਹੈ। ਸੂਤਰਾਂ ਨੇ ਕਿਹਾ ਕਿ 487 ਦੀ ਸੂਚੀ ਹੁਣੇ ਮਿਲੀ ਹੈ ਅਤੇ ਇਹ ਉਨ੍ਹਾਂ 96 ਵਿਅਕਤੀਆਂ ਤੋਂ ਵੱਖਰੀ ਹੈ ਜਿਨ੍ਹਾਂ ਨੂੰ ਅਮਰੀਕਾ ’ਚੋਂ ਕੱਢੇ ਜਾਣ ਲਈ ਪਹਿਲਾਂ ਹੀ ਤਸਦੀਕ ਕੀਤਾ ਜਾ ਚੁੱਕਿਆ ਹੈ। ਇਹ 96 ਵਿਅਕਤੀ ਉਨ੍ਹਾਂ 204 ਭਾਰਤੀਆਂ ਦੇ ਪਹਿਲੇ ਬੈਚ ’ਚ ਸ਼ਾਮਲ ਹਨ ਜਿਨ੍ਹਾਂ ’ਚੋਂ 104 ਇਕ ਦਿਨ ਪਹਿਲਾਂ ਮੁਲਕ ਆ ਚੁੱਕੇ ਹਨ। ਮਿਸਰੀ ਨੇ ਗੈਰ-ਕਾਨੂੰਨੀ ਪਰਵਾਸੀਆਂ ਨੂੰ ਵਾਪਸ ਭੇਜੇ ਜਾਣ ਨਾਲ ਸਬੰਧਤ ਸਵਾਲਾਂ ’ਤੇ ਕਿਹਾ, ‘‘ਅਸੀਂ ਆਪਣੀਆਂ ਚਿੰਤਾਵਾਂ ਤੋਂ ਅਮਰੀਕਾ ਨੂੰ ਜਾਣੂ ਕਰਵਾ ਦਿੱਤਾ ਹੈ।’’ ਉਨ੍ਹਾਂ ਕਿਹਾ ਕਿ ਹੱਥਕੜੀਆਂ ਲਗਾ ਕੇ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਡਿਪੋਰਟ ਕਰਨ ਦੀ ਅਮਰੀਕੀ ਨੀਤੀ 2012 ਤੋਂ ਲਾਗੂ ਹੈ। ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ 2012 ’ਚ ਭਾਰਤੀਆਂ ਨੂੰ ਹੱਥਕੜੀਆਂ ਲਗਾ ਕੇ ਮੁਲਕ ਭੇਜੇ ਜਾਣ ’ਤੇ ਉਸ ਸਮੇਂ ਸਰਕਾਰ ਵੱਲੋਂ ਕੋਈ ਇਤਰਾਜ਼ ਦਰਜ ਕਰਵਾਇਆ ਗਿਆ ਸੀ ਤਾਂ ਵਿਦੇਸ਼ ਸਕੱਤਰ ਨੇ ਕਿਹਾ, ‘‘ਮੈਨੂੰ ਨਹੀਂ ਜਾਪਦਾ ਕਿ ਕੋਈ ਵਿਰੋਧ ਜਤਾਇਆ ਗਿਆ ਸੀ। ਸਾਡੇ ਕੋਲ ਇਤਰਾਜ਼ ਜਤਾਏ ਜਾਣ ਸਬੰਧੀ ਕੋਈ ਰਿਕਾਰਡ ਨਹੀਂ ਹੈ।’’ ਮਿਸਰੀ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੱਲੋਂ ਵੀਰਵਾਰ ਨੂੰ ਸੰਸਦ ’ਚ ਦਿੱਤੇ ਗਏ ਬਿਆਨ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ, ‘‘ਵਿਦੇਸ਼ ਮੰਤਰੀ ਨੇ ਅਮਰੀਕੀ ਨੇਮਾਂ ਸਬੰਧੀ ਤੈਅ ਪ੍ਰਕਿਰਿਆ ਤੋਂ ਜਾਣੂ ਕਰਵਾਇਆ ਸੀ ਜਿਸ ਬਾਰੇ ਇਮੀਗਰੇਸ਼ਨ ਤੇ ਕਸਟਮਜ਼ ਐੱਨਫੋਰਸਮੈਂਟ ਸਮੇਤ ਅਮਰੀਕੀ ਅਧਿਕਾਰੀਆਂ ਵੱਲੋਂ ਸਾਨੂੰ ਜਾਣਕਾਰੀ ਦਿੱਤੀ ਗਈ ਸੀ।’’ ਉਨ੍ਹਾਂ ਕਿਹਾ ਕਿ ਮੰਤਰੀ ਨੇ ਇਸ ਤੱਥ ਵੱਲ ਧਿਆਨ ਦਿਵਾਇਆ ਸੀ ਕਿ ਅਜਿਹੀ ਪ੍ਰਕਿਰਿਆ 2012 ਤੋਂ ਹੀ ਲਾਗੂ ਹੈ।

Loading