ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕੀ ਟ੍ਰਾਂਸਪੋਰਟੇਸ਼ਨ ਵਿਭਾਗ (ਡੀ.ਓ.ਟੀ.) ਅਤੇ ਫੈਡਰਲ ਮੋਟਰ ਕੈਰੀਅਰ ਸੇਫ਼ਟੀ ਐਡਮਿਨਿਸਟ੍ਰੇਸ਼ਨ (ਐਫ਼.ਐਮ.ਸੀ.ਐਸ.ਏ.) ਨੇ ਨਾਨ ਡੋਮੀਸਾਇਲ ਕਮਰਸ਼ੀਅਲ ਡਰਾਈਵਰ ਲਾਇਸੰਸ (ਸੀ.ਡੀ.ਐਲ.) ਅਤੇ ਲਰਨਰ ਪਰਮਿਟ (ਸੀ.ਐਲ.ਪੀ.) ਲਈ ਨਵੇਂ ਨਿਯਮ ਜਾਰੀ ਕੀਤੇ ਹਨ।
ਨਵੇਂ ਨਿਯਮਾਂ ਅਨੁਸਾਰ ਪਰਵਾਸੀ ਨਾਗਰਿਕਾਂ ਲਈ ਹੁਣ ਲਾਜ਼ਮੀ ਹੈ ਕਿ ਉਹ ਰੁਜ਼ਗਾਰ-ਅਧਾਰਤ ਵੀਜ਼ਾ ਸ਼੍ਰੇਣੀ ਵਿੱਚ ਹੀ ਇੱਥੇ ਆਏ ਹੋਣ। ਬਿਨੈਕਾਰ ਨੂੰ ਵੈਲਿਡ ਵਿਦੇਸ਼ੀ ਪਾਸਪੋਰਟ ਅਤੇ ਵੈਲਿਡ ਆਗਮਨ/ਰਵਾਨਗੀ ਰਿਕਾਰਡ (ਆਈ-94) ਦੇਣਾ ਲਾਜ਼ਮੀ ਹੋਵੇਗਾ।
ਇਸ ਤੋਂ ਇਲਾਵਾ ਰਾਜਾਂ ਦੇ ਡਰਾਈਵਰ ਲਾਇਸੰਸ ਵਿਭਾਗਾਂ ਨੂੰ ਐਸ.ਏ.ਵੀ.ਈ.(ਸਿਸਟੇਮੈਟਿਕ ਏਲੀਅਨ ਵੈਰੀਫਿਕੇਸ਼ਨ ਫ਼ਾਰ ਐਨਟਾਈਟਲਮੈਂਟਸ) ਵਰਗੇ ਸਿਸਟਮ ਰਾਹੀਂ ਇਮੀਗ੍ਰੇਸ਼ਨ ਸਟੇਟਸ ਦੀ ਜਾਂਚ ਕਰਨੀ ਪਵੇਗੀ। ਇਹ ਦਸਤਾਵੇਜ਼ ਘੱਟੋ-ਘੱਟ ਦੋ ਸਾਲਾਂ ਲਈ ਸੰਭਾਲ ਕੇ ਰੱਖਣੇ ਪੈਣਗੇ। ਸੀ.ਡੀ.ਐਲ./ਸੀ.ਐਲ.ਪੀ. ਦੀ ਮਿਆਦ ਆਈ-94 ਦੇ ਖਤਮ ਹੋਣ ਦੀ ਮਿਤੀ ਜਾਂ ਇੱਕ ਸਾਲ (ਜੋ ਵੀ ਪਹਿਲਾਂ ਆਵੇ) ਤੱਕ ਹੀ ਰਹੇਗੀ। ਇਸ ਦੀ ਰੀਨਿਊਅਲ ਸਿਰਫ਼ ਸਾਹਮਣੇ ਹਾਜ਼ਰ ਹੋ ਕੇ ਕਰਵਾਈ ਜਾ ਸਕੇਗੀ। ਜੇਕਰ ਕਿਸੇ ਵਿਅਕਤੀ ਦੀ ਇਮੀਗ੍ਰੇਸ਼ਨ ਯੋਗਤਾ ਖਤਮ ਹੋ ਜਾਏ, ਉਸ ਦਾ ਸੀ.ਡੀ.ਐਲ./ਸੀ.ਐਲ.ਪੀ. ਡਾਊਨਗ੍ਰੇਡ ਜਾਂ ਰੱਦ ਕਰ ਦਿੱਤਾ ਜਾਵੇਗਾ। ਇਹ ਨਿਯਮ ਇੰਟਰਇਮ ਫਾਈਨਲ ਰੂਲ ਰਾਹੀਂ ਜਾਰੀ ਹੋਏ ਹਨ ਜੋ ਜਲਦੀ ਹੀ ਫੈਡਰਲ ਰਜਿਸਟਰ ਵਿੱਚ ਪ੍ਰਕਾਸ਼ਤ ਹੋਣਗੇ ਤੇ ਪ੍ਰਕਾਸ਼ਿਤ ਹੋਣ ਮਗਰੋਂ 60 ਦਿਨਾਂ ਦੀ ਪਬਲਿਕ ਕਮੈਂਟ ਪੀਰੀਅਡ ਹੋਵੇਗੀ।
ਡੀ.ਓ.ਟੀ. ਦੇ ਅਨੁਸਾਰ ਕਈ ਕੇਸਾਂ ਵਿੱਚ ਨਾਨ ਡੋਮੀਸਾਇਲ ਸੀ.ਡੀ.ਐਲ. ਉਨ੍ਹਾਂ ਲੋਕਾਂ ਨੂੰ ਜਾਰੀ ਹੋਏ ਜੋ ਹੁਣ ਕਾਨੂੰਨੀ ਸਟੇਟਸ ਵਿੱਚ ਨਹੀਂ ਸਨ ਜਾਂ ਜਿਨ੍ਹਾਂ ਦੇ ਕਾਗਜ਼ਾਤ ਐਕਸਪਾਇਰ ਹੋ ਚੁੱਕੇ ਸਨ। ਬੀਤੇ ਸਮੇਂ ’ਚ ਹੋਏ ਕੁਝ ਜਾਨਲੇਵਾ ਹਾਦਸਿਆਂ ਵਿੱਚ ਵੀ ਕੁਝ ਅਜਿਹੇ ਡਰਾਈਵਰ ਵੀ ਸ਼ਾਮਲ ਸਨ, ਜਿਸ ਕਾਰਨ ਪ੍ਰਸ਼ਾਸਨ ਨੇ ਨਿਯਮਾਂ ਨੂੰ ਹੋਰ ਸਖ਼ਤ ਬਣਾਉਣ ਦਾ ਫੈਸਲਾ ਲਿਆ ਹੈ। ਡੀ.ਓ.ਟੀ. ਦਾ ਕਹਿਣਾ ਹੈ ਕਿ ਵਿਭਾਗ ਦੀਆਂ ਇਹ ਖ਼ਾਮੀਆਂ ਸੜਕ ਸੁਰੱਖਿਆ ਲਈ ਖ਼ਤਰਾ ਬਣ ਰਹੇ ਸਨ।
ਹੁਣ ਜੇਕਰ ਤੁਹਾਡੇ ਕੋਲ ਨਾਨ ਡੋਮੀਸਾਇਲ ਸੀ.ਡੀ.ਐਲ./ਸੀ.ਐਲ.ਪੀ. ਹੈ ਜਾਂ ਤੁਸੀਂ ਇਸ ਲਈ ਅਪਲਾਈ ਕਰ ਰਹੇ ਹੋ ਤਾਂ ਤੁਹਾਨੂੰ ਵੈਲਿਡ ਰੋਜ਼ਗਾਰ-ਅਧਾਰਤ ਵੀਜ਼ਾ ਸਟੇਟਸ ਰੱਖਣਾ ਲਾਜ਼ਮੀ ਹੈ। ਤੁਹਾਨੂੰ ਆਪਣਾ ਪਾਸਪੋਰਟ ਅਤੇ ਆਈ-94 ਰਿਕਾਰਡ ਹਮੇਸ਼ਾ ਅਪਡੇਟ ਅਤੇ ਵੈਲਿਡ ਰੱਖਣਾ ਪਵੇਗਾ। ਤੁਹਾਨੂੰ ਐਸ.ਏ.ਵੀ.ਈ. ਜਾਂ ਕਿਸੇ ਹੋਰ ਸਰਕਾਰੀ ਸਿਸਟਮ ਰਾਹੀਂ ਆਪਣੀ ਯੋਗਤਾ ਸਾਬਤ ਕਰਨੀ ਪਵੇਗੀ। ਇਸ ਤੋਂ ਇਲਾਵਾ ਸੀ.ਡੀ.ਐਲ./ਸੀ.ਐਲ.ਪੀ. ਦੀ ਰੀਨਿਊਅਲ ਲਈ ਖੁਦ ਹਾਜ਼ਰ ਹੋਣਾ ਪਵੇਗਾ। ਆਪਣੇ ਦਸਤਾਵੇਜ਼ਾਂ ਦੀ ਮਿਆਦ ਸਮੇਂ ਸਿਰ ਚੈੱਕ ਕਰਦੇ ਰਹੋ ਤਾਂ ਜੋ ਲਾਇਸੰਸ ਅਯੋਗ ਨਾ ਹੋ ਜਾਵੇ। ਜੇ ਰਾਜ ਦਾ ਲਾਇਸੰਸਿੰਗ ਵਿਭਾਗ ਪਤਾ ਲਗਾ ਲਵੇ ਕਿ ਤੁਸੀਂ ਹੁਣ ਯੋਗ ਨਹੀਂ ਹੋ ਤਾਂ ਤੁਹਾਡਾ ਸੀ.ਡੀ.ਐਲ./ਸੀ.ਐਲ.ਪੀ. ਤੁਰੰਤ ਡਾਊਨਗ੍ਰੇਡ ਜਾਂ ਰੱਦ ਕੀਤਾ ਜਾ ਸਕਦਾ ਹੈ।