ਅਮਰੀਕੀ ਪਾਸਪੋਰਟ, ਜੋ ਕਦੇ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਵਿਚੋਂ ਇੱਕ ਸੀ, ਹੁਣ ਪਹਿਲੀ ਵਾਰ ਹੇਨਲੇ ਪਾਸਪੋਰਟ ਇੰਡੈਕਸ ਦੀ ਸਿਖਰਲੀ 10 ਦੀ ਸੂਚੀ ਵਿਚੋਂ ਬਾਹਰ ਹੋ ਗਿਆ ਹੈ। ਇਹ 20 ਸਾਲ ਪਹਿਲਾਂ ਹੇਨਲੇ ਪਾਸਪੋਰਟ ਇੰਡੈਕਸ ਦੀ ਸਥਾਪਨਾ ਤੋਂ ਬਾਅਦ ਪਹਿਲੀ ਵਾਰ ਹੈ ਜਦੋਂ ਅਮਰੀਕੀ ਪਾਸਪੋਰਟ ਨੂੰ ਇਹ ਵੱਡਾ ਝਟਕਾ ਲੱਗਾ ਹੈ। ਹੁਣ ਇਹ 12ਵੇਂ ਸਥਾਨ ’ਤੇ ਹੈ ਅਤੇ ਮਲੇਸ਼ੀਆ ਨਾਲ ਬਰਾਬਰੀ ’ਤੇ ਖੜ੍ਹਾ ਹੈ। ਅਮਰੀਕੀ ਪਾਸਪੋਰਟ ਵਾਲੇ ਹੁਣ ਦੁਨੀਆ ਦੇ 227 ਦੇਸ਼ਾਂ ਵਿਚੋਂ ਸਿਰਫ਼ 180 ਦੇਸ਼ਾਂ ਵਿਚ ਬਿਨਾਂ ਵੀਜ਼ਾ ਜਾ ਸਕਦੇ ਹਨ। ਇਹ ਇੱਕ ਦਹਾਕੇ ਪਹਿਲਾਂ ਦੀ ਇਸ ਦੀ ਸਿਖਰਲੀ ਰੈਂਕਿੰਗ ਤੋਂ ਬਹੁਤ ਵੱਖਰਾ ਹੈ। ਇਸ ਖ਼ਬਰ ਨੇ ਅਮਰੀਕੀ ਨੀਤੀਆਂ ਅਤੇ ਭੂ-ਰਾਜਨੀਤਕ ਸਥਿਤੀਆਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਹੇਨਲੇ ਪਾਸਪੋਰਟ ਇੰਡੈਕਸ, ਜੋ ਅੰਤਰਰਾਸ਼ਟਰੀ ਹਵਾਈ ਆਵਾਜਾਈ ਸੰਘ ਦੇ ਡਾਟੇ ਦੇ ਅਧਾਰ ’ਤੇ ਪਾਸਪੋਰਟਾਂ ਦੀ ਰੈਂਕਿੰਗ ਕਰਦਾ ਹੈ, ਨੇ ਦਿਖਾਇਆ ਕਿ ਅਮਰੀਕੀ ਪਾਸਪੋਰਟ ਦੀ ਰੈਂਕਿੰਗ ਵਿਚ ਗਿਰਾਵਟ ਦੇ ਕਈ ਕਾਰਨ ਹਨ। ਸਭ ਤੋਂ ਵੱਡਾ ਕਾਰਨ ਹੈ ਭੂ-ਰਾਜਨੀਤਕ ਗਤੀਸ਼ੀਲਤਾ ਅਤੇ ਦੋ-ਪੱਖੀ ਵੀਜ਼ਾ ਨੀਤੀਆਂ ਦੀ ਘਾਟ। ਅਮਰੀਕਾ ਨੇ ਬ੍ਰਾਜ਼ੀਲ ਵਿੱਚ ਵੀਜ਼ਾ-ਮੁਕਤ ਪਹੁੰਚ ਗੁਆ ਦਿੱਤੀ ਹੈ ਕਿਉਂਕਿ ਉਹ ਬ੍ਰਾਜ਼ੀਲ ਦੇ ਨਾਗਰਿਕਾਂ ਨੂੰ ਇਹ ਸਹੂਲਤ ਨਹੀਂ ਦੇ ਸਕਿਆ। ਇਸੇ ਤਰ੍ਹਾਂ, ਚੀਨ ਦੀ ਵਧਦੀ ਵੀਜ਼ਾ-ਮੁਕਤ ਯਾਤਰਾ ਸੂਚੀ ਅਤੇ ਵੀਅਤਨਾਮ ਦੀਆਂ ਨਵੀਆਂ ਵੀਜ਼ਾ ਸਹੂਲਤਾਂ ਵਿਚ ਵੀ ਅਮਰੀਕਾ ਨੂੰ ਸ਼ਾਮਲ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ, ਪਾਪੂਆ ਨਿਊ ਗਿਨੀ, ਮਿਆਂਮਾਰ ਅਤੇ ਸੋਮਾਲੀਆ ਵਰਗੇ ਦੇਸ਼ਾਂ ਦੀਆਂ ਨਵੀਆਂ ਈ-ਵੀਜ਼ਾ ਪ੍ਰਣਾਲੀਆਂ ਨੇ ਵੀ ਅਮਰੀਕੀ ਪਾਸਪੋਰਟ ਦੇ ਸਕੋਰ ਨੂੰ ਹੋਰ ਘਟਾ ਦਿੱਤਾ।
ਇਹ ਸਾਰੇ ਕਾਰਨ ਮਿਲ ਕੇ ਅਮਰੀਕੀ ਪਾਸਪੋਰਟ ਦੀ ਸ਼ਕਤੀ ਨੂੰ ਘਟਾਉਣ ਲਈ ਜ਼ਿੰਮੇਵਾਰ ਹਨ। ਜਦੋਂ ਦੁਨੀਆ ਦੇ ਹੋਰ ਦੇਸ਼ ਆਪਣੀਆਂ ਵੀਜ਼ਾ ਨੀਤੀਆਂ ਨੂੰ ਖੁੱਲ੍ਹਾ ਅਤੇ ਸੌਖਾ ਕਰ ਰਹੇ ਹਨ, ਅਮਰੀਕਾ ਦੀਆਂ ਸਖ਼ਤ ਨੀਤੀਆਂ ਨੇ ਇਸ ਦੀ ਸਾਖ ਨੂੰ ਨੁਕਸਾਨ ਪਹੁੰਚਾਇਆ ਹੈ।
ਅਮਰੀਕੀ ਪਾਸਪੋਰਟ ਦੀ ਗਿਰਾਵਟ ਦਾ ਇੱਕ ਹੋਰ ਪਹਿਲੂ ਹੈ ਅਮਰੀਕਾ ਦਾ ‘ਖੁੱਲ੍ਹਾਪਣ’। ਹੇਨਲੇ ਓਪਨਨੈੱਸ ਇੰਡੈਕਸ ਵਿੱਚ ਅਮਰੀਕਾ 77ਵੇਂ ਸਥਾਨ ’ਤੇ ਹੈ, ਜੋ ਇਸ ਦੀ ਯਾਤਰਾ ਸੁਤੰਤਰਤਾ ਨਾਲੋਂ ਕਿਤੇ ਪਿੱਛੇ ਹੈ। ਅਮਰੀਕੀ ਨਾਗਰਿਕ 180 ਦੇਸ਼ਾਂ ਵਿੱਚ ਵੀਜ਼ਾ-ਮੁਕਤ ਜਾ ਸਕਦੇ ਹਨ, ਪਰ ਅਮਰੀਕਾ ਸਿਰਫ਼ 46 ਦੇਸ਼ਾਂ ਦੇ ਨਾਗਰਿਕਾਂ ਨੂੰ ਬਿਨਾਂ ਵੀਜ਼ਾ ਦੇ ਅੰਦਰ ਆਉਣ ਦੀ ਇਜਾਜ਼ਤ ਦਿੰਦਾ ਹੈ। ਇਹ ਅਸਮਾਨਤਾ ਦਰਸਾਉਂਦੀ ਹੈ ਕਿ ਅਮਰੀਕਾ ਦੀਆਂ ਵੀਜ਼ਾ ਨੀਤੀਆਂ ਦੁਨੀਆ ਦੇ ਹੋਰ ਦੇਸ਼ਾਂ ਨਾਲੋਂ ਕਿਤੇ ਜ਼ਿਆਦਾ ਸਖ਼ਤ ਹਨ।
ਜਦੋਂ ਅਸੀਂ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਗੱਲ ਕਰਦੇ ਹਾਂ, ਤਾਂ ਸਿੰਗਾਪੁਰ ਸਭ ਤੋਂ ਅੱਗੇ ਹੈ, ਜਿਸ ਦੇ ਪਾਸਪੋਰਟ ਨਾਲ 193 ਦੇਸ਼ਾਂ ਵਿੱਚ ਵੀਜ਼ਾ-ਮੁਕਤ ਪਹੁੰਚ ਮਿਲਦੀ ਹੈ। ਇਸ ਤੋਂ ਬਾਅਦ ਦੱਖਣੀ ਕੋਰੀਆ (190) ਅਤੇ ਜਾਪਾਨ (189) ਦਾ ਨੰਬਰ ਆਉਂਦਾ ਹੈ। ਇਹ ਦੇਸ਼ ਆਪਣੀਆਂ ਖੁੱਲੀਆਂ ਵੀਜ਼ਾ ਨੀਤੀਆਂ ਅਤੇ ਅੰਤਰਰਾਸ਼ਟਰੀ ਸੰਬੰਧਾਂ ਦੇ ਕਾਰਨ ਸਿਖਰ ’ਤੇ ਹਨ।
ਇਸ ਸਾਲ ਦੀ ਰੈਂਕਿੰਗ ਵਿੱਚ ਪਾਕਿਸਤਾਨ 103ਵੇਂ ਸਥਾਨ ’ਤੇ ਹੈ, ਜੋ ਯਮਨ ਨਾਲ ਸਾਂਝਾ ਸਥਾਨ ਹੈ। ਇਸ ਨਾਲ ਪਾਕਿਸਤਾਨ ਦਾ ਪਾਸਪੋਰਟ ਦੁਨੀਆ ਦਾ ਚੌਥਾ ਸਭ ਤੋਂ ਕਮਜ਼ੋਰ ਪਾਸਪੋਰਟ ਬਣ ਗਿਆ ਹੈ। ਇਸ ਸੂਚੀ ਮੁਤਾਬਕ, ਪਾਕਿਸਤਾਨੀ ਪਾਸਪੋਰਟ ਧਾਰਕਾਂ ਨੂੰ 227 ਦੇਸ਼ਾਂ ਵਿਚੋਂ ਸਿਰਫ 31 ਦੇਸ਼ਾਂ ਵਿੱਚ ਬਿਨਾਂ ਵੀਜ਼ਾ ਦੇ ਜਾਣ ਦੀ ਆਜ਼ਾਦੀ ਹੈ।
ਪਾਕਿਸਤਾਨ ਤੋਂ ਹੇਠਾਂ ਕੇਵਲ ਤਿੰਨ ਦੇਸ਼ ਹਨ —ਇਰਾਕ (104ਵਾਂ): 29 ਦੇਸ਼ਾਂ ਵਿੱਚ ਬਿਨਾਂ ਵੀਜ਼ਾ ਦੇ ਪ੍ਰਵੇਸ਼। ਸੀਰੀਆ (105ਵਾਂ) ਸਿਰਫ਼ 26 ਦੇਸ਼ਾਂ ਵਿੱਚ ਐਂਟਰੀ। ਅਫ਼ਗਾਨਿਸਤਾਨ (106ਵਾਂ): ਸਭ ਤੋਂ ਕਮਜ਼ੋਰ ਪਾਸਪੋਰਟ, ਸਿਰਫ਼ 24 ਦੇਸ਼ਾਂ ਵਿੱਚ ਐਂਟਰੀ।
ਏਸ਼ੀਆਈ ਦੇਸ਼ਾਂ ਨੇ ਇਸ ਸੂਚੀ ਵਿੱਚ ਆਪਣਾ ਦਬਦਬਾ ਬਰਕਰਾਰ ਰੱਖਿਆ ਹੈ। ਸਿੰਗਾਪੁਰ ਦਾ ਪਾਸਪੋਰਟ ਦੁਨੀਆ ਦਾ ਸਭ ਤੋਂ ਮਜ਼ਬੂਤ, ਜਿਸ ਨਾਲ 193 ਦੇਸ਼ਾਂ ਵਿੱਚ ਬਿਨਾਂ ਵੀਜ਼ਾ ਦੇ ਐਂਟਰੀ ਮਿਲਦੀ ਹੈ। ਦੱਖਣੀ ਕੋਰੀਆ ਦੂਜੇ ਸਥਾਨ ‘ਤੇ (190 ਦੇਸ਼ਾਂ ’ਚ ਐਂਟਰੀ)। ਜਾਪਾਨ ਤੀਜੇ ਸਥਾਨ ’ਤੇ (189 ਦੇਸ਼ਾਂ ਤੱਕ ਪਹੁੰਚ)।
ਇਸ ਤੋਂ ਬਾਅਦ ਯੂਰਪੀ ਦੇਸ਼ਾਂ ਦਾ ਦਬਦਬਾ ਹੈ — ਜਰਮਨੀ, ਇਟਲੀ, ਸਪੇਨ, ਲਕਜ਼ਮਬਰਗ ਅਤੇ ਸਵਿਟਜ਼ਰਲੈਂਡ ਮਿਲ ਕੇ ਚੌਥੇ ਸਥਾਨ ’ਤੇ ਹਨ (188 ਦੇਸ਼ਾਂ ਵਿੱਚ ਐਂਟਰੀ)।
ਇਸ ਵਾਰ ਦੇ ਸਭ ਤੋਂ ਚੌਕਾਉਣ ਵਾਲੇ ਨਤੀਜਿਆਂ ’ਚੋਂ ਇੱਕ ਹੈ ਕਿ ਅਮਰੀਕਾ ਅਤੇ ਬ੍ਰਿਟੇਨ ਦੋਵੇਂ ਟੌਪ-10 ਤੋਂ ਬਾਹਰ ਹੋ ਗਏ ਹਨ। ਅਮਰੀਕੀ ਪਾਸਪੋਰਟ ਜੋ 2014 ਵਿੱਚ ਪਹਿਲੇ ਸਥਾਨ ’ਤੇ ਸੀ, ਹੁਣ ਮਲੇਸ਼ੀਆ ਨਾਲ 12ਵੇਂ ਸਥਾਨ ’ਤੇ ਆ ਗਿਆ ਹੈ।
ਭਾਰਤ ਦੀ ਰੈਂਕਿੰਗ ਵੀ ਘਟ ਗਈ ਹੈ। ਪਿਛਲੇ ਸਾਲ 80ਵਾਂ ਸਥਾਨ, ਹੁਣ 85ਵਾਂ ਸਥਾਨ।
ਇਸਦੇ ਉਲਟ, ਯੂਏਈ ਦਾ ਪਾਸਪੋਰਟ ਤੇਜ਼ੀ ਨਾਲ ਮਜ਼ਬੂਤ ਹੋ ਰਿਹਾ ਹੈ। ਇਸ ਨੇ 184 ਦੇਸ਼ਾਂ ਵਿੱਚ ਐਂਟਰੀ ਨਾਲ 8ਵਾਂ ਸਥਾਨ ਹਾਸਲ ਕਰ ਲਿਆ ਹੈ। ਕੁੱਲ ਮਿਲਾ ਕੇ, ਪਾਕਿਸਤਾਨ ਦਾ ਪਾਸਪੋਰਟ ਲਗਾਤਾਰ ਕਮਜ਼ੋਰ ਹੋ ਰਿਹਾ ਹੈ ਅਤੇ ਹੁਣ ਉਸਨੂੰ ਦੁਨੀਆ ਦੇ ਸਭ ਤੋਂ ਨਿਕੰਮੇ ਪਾਸਪੋਰਟਾਂ ’ਚ ਗਿਣਿਆ ਜਾ ਰਿਹਾ ਹੈ।
ਅਮਰੀਕਾ ਦੀਆਂ ਸਖ਼ਤ ਨੀਤੀਆਂ ਅਤੇ ਦੋ-ਪੱਖੀ ਸਮਝੌਤਿਆਂ ਦੀ ਘਾਟ ਨੇ ਇਸ ਨੂੰ ਪਿੱਛੇ ਧੱਕ ਦਿੱਤਾ ਹੈ। ਇਸ ਤੋਂ ਇਲਾਵਾ, ਅਮਰੀਕੀ ਨਾਗਰਿਕਾਂ ਲਈ ਵੀਜ਼ਾ-ਮੁਕਤ ਯਾਤਰਾ ਦੀ ਘਟਦੀ ਗਿਣਤੀ ਨੇ ਉਨ੍ਹਾਂ ਦੀ ਗਲੋਬਲ ਮੋਬਿਲਿਟੀ ’ਤੇ ਅਸਰ ਪਾਇਆ ਹੈ। ਜਦੋਂ ਸਿੰਗਾਪੁਰ, ਦੱਖਣੀ ਕੋਰੀਆ ਅਤੇ ਜਾਪਾਨ ਵਰਗੇ ਦੇਸ਼ਾਂ ਦੇ ਨਾਗਰਿਕ ਲਗਭਗ ਸਾਰੀ ਦੁਨੀਆ ਵਿੱਚ ਬਿਨਾਂ ਵੀਜ਼ਾ ਦੇ ਜਾ ਸਕਦੇ ਹਨ, ਅਮਰੀਕੀ ਨਾਗਰਿਕਾਂ ਨੂੰ ਹੁਣ ਕਈ ਦੇਸ਼ਾਂ ਵਿੱਚ ਵੀਜ਼ਾ ਲੈਣ ਲਈ ਜੱਦੋਜਹਿਦ ਕਰਨੀ ਪੈਂਦੀ ਹੈ। ਇਹ ਸਥਿਤੀ ਅਮਰੀਕੀ ਨੀਤੀਆਂ ’ਤੇ ਮੁੜ ਵਿਚਾਰ ਕਰਨ ਦੀ ਜ਼ਰੂਰਤ ਨੂੰ ਦਰਸਾਉਂਦੀ ਹੈ।
ਅਮਰੀਕਾ ਨੂੰ ਜੇ ਆਪਣੀ ਸਾਖ ਅਤੇ ਪਾਸਪੋਰਟ ਦੀ ਸ਼ਕਤੀ ਨੂੰ ਮੁੜ ਪ੍ਰਾਪਤ ਕਰਨਾ ਹੈ, ਤਾਂ ਉਸ ਨੂੰ ਆਪਣੀਆਂ ਵੀਜ਼ਾ ਨੀਤੀਆਂ ਨੂੰ ਖੁੱਲ੍ਹਾ ਕਰਨਾ ਹੋਵੇਗਾ ਅਤੇ ਦੋ-ਪੱਖੀ ਸਮਝੌਤਿਆਂ ’ਤੇ ਜ਼ਿਆਦਾ ਧਿਆਨ ਦੇਣਾ ਹੋਵੇਗਾ। ਨਹੀਂ ਤਾਂ, ਅਮਰੀਕੀ ਪਾਸਪੋਰਟ ਦੀ ਇਹ ਗਿਰਾਵਟ ਜਾਰੀ ਰਹੇਗੀ, ਜੋ ਨਾ ਸਿਰਫ ਅਮਰੀਕੀ ਨਾਗਰਿਕਾਂ ਲਈ, ਸਗੋਂ ਅਮਰੀਕਾ ਦੀ ਵਿਸ਼ਵਵਿਆਪੀ ਸਥਿਤੀ ਲਈ ਵੀ ਨੁਕਸਾਨਦੇਹ ਸਾਬਤ ਹੋ ਸਕਦੀ ਹੈ।