
ਸ਼ਰਮ ਅਲ-ਸ਼ੇਖ/ਏ.ਟੀ.ਨਿਊਜ਼: ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨ ਗਾਜ਼ਾ ਦੇ ਭਵਿੱਖ ਬਾਰੇ ਆਲਮੀ ਸਿਖਰ ਸੰਮੇਲਨ ਦੌਰਾਨ ਮੱਧ ਪੂਰਬ ’ਚ ਸਦਭਾਵਨਾ ਦੇ ਨਵੇਂ ਦੌਰ ਦਾ ਸੱਦਾ ਦਿੱਤਾ। ਉਨ੍ਹਾਂ ਹਮਾਸ ਨਾਲ ਅਮਰੀਕਾ ਦੀ ਸਾਲਸੀ ’ਚ ਹੋਈ ਜੰਗਬੰਦੀ ਦਾ ਜਸ਼ਨ ਮਨਾਉਣ ਲਈ ਇਜ਼ਰਾਇਲ ਦਾ ਦੌਰਾ ਕੀਤਾ ਅਤੇ ਖਿੱਤੇ ’ਚ ਵੱਡੇ ਪੱਧਰ ’ਤੇ ਸ਼ਾਂਤੀ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਕੀਤੀ। ਟਰੰਪ ਨੇ ਕਿਹਾ, ‘‘ਸਾਡੇ ਕੋਲ ਪੁਰਾਣੇ ਝਗੜੇ ਤੇ ਨਫਰਤਾਂ ਨੂੰ ਪਿੱਛੇ ਛੱਡਣ ਦਾ ਮੌਕਾ ਹੈ।’’ ਉਨ੍ਹਾਂ ਆਗੂਆਂ ਨੂੰ ਸੱਦਾ ਦਿੱਤਾ, ‘‘ਉਹ ਐਲਾਨ ਕਰਨ ਕਿ ਸਾਡਾ ਭਵਿੱਖ ਪਿਛਲੀਆਂ ਪੀੜ੍ਹੀਆਂ ਦੇ ਝਗੜਿਆਂ ਦੀ ਤਰ੍ਹਾਂ ਨਹੀਂ ਹੋਵੇਗਾ।’’ ਟਰੰਪ ਦੀ ਇਹ ਯਾਤਰਾ ਇਜ਼ਰਾਇਲ ਤੇ ਹਮਾਸ ਵਿਚਾਲੇ ਦੋ ਸਾਲ ਤੋਂ ਚੱਲ ਰਹੀ ਜੰਗ ਦੇ ਅੰਤ ਦੀ ਉਮੀਦ ਦਰਮਿਆਨ ਹੋ ਰਹੀ ਹੈ। ਟਰੰਪ ਨੇ ਮਿਸਰ ਸਿਖਰ ਸੰਮੇਲਨ ਤੋਂ ਇਲਾਵਾ ਯੇਰੂਸ਼ਲਮ ਦੇ ਨੈਸੇਟ ’ਚ ਵੀ ਸੰਬੋਧਨ ਕੀਤਾ। ਟਰੰਪ ਨੇ ਮਿਸਰ ਦੇ ਰਾਸ਼ਟਰਪਤੀ ਅਬਦੁਲ ਫਤਹਿ ਅਲ-ਸਿਸੀ ਦੀ ਮੌਜੂਦਗੀ ਵਿੱਚ ਕਿਹਾ, ‘‘ਸਾਰਿਆਂ ਨੇ ਕਿਹਾ ਸੀ ਕਿ ਅਜਿਹਾ ਹੋਣਾ ਸੰਭਵ ਨਹੀਂ ਹੈ ਪਰ ਇਹ ਹੋਣ ਵਾਲਾ ਹੈ ਤੇ ਇਹ ਤੁਹਾਡੀਆਂ ਅੱਖਾਂ ਸਾਹਮਣੇ ਹੋ ਰਿਹਾ ਹੈ।’’ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਵੀ ਸਮਾਗਮ ਲਈ ਸੱਦਾ ਦਿੱਤਾ ਗਿਆ ਸੀ ਪਰ ਉਨ੍ਹਾਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਕਿ ਇਹ ਯਹੂਦੀ ਛੁੱਟੀ ਦੇ ਬਹੁਤ ਨੇੜੇ ਹੈ।
ਭਾਰਤ ਦੇ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਸ਼ਰਮ ਅਲ ਸ਼ੇਖ ਵਿੱਚ ਗਾਜ਼ਾ ਸ਼ਾਂਤੀ ਸਿਖਰ ਸੰਮੇਲਨ ਦੌਰਾਨ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਹਿ ਅਲ-ਸੀਸੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ। ਕੀਰਤੀ ਵਰਧਨ ਨੇ ‘ਐਕਸ’ ’ਤੇ ਕਿਹਾ ਕਿ ਭਾਰਤ ਮੱਧ ਪੂਰਬ ਅੰਦਰ ਸ਼ਾਂਤੀ, ਸਥਿਰਤਾ ਅਤੇ ਸਥਾਈ ਸੁਰੱਖਿਆ ਪ੍ਰਤੀ ਆਪਣੀ ਅਤੁੱਟ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ।