ਅਲਗੋਜ਼ੇ ਨਾਲ ਗਾਉਣ ਵਾਲੇ ਗਾਇਕਾਂ ਵਿਚ ਆਲਮ ਲੁਹਾਰ ਦਾ ਵਿਸ਼ੇਸ਼ ਸਥਾਨ

In ਮੁੱਖ ਲੇਖ
January 23, 2025
ਹਰਦਿਆਲ ਸਿੰਘ: ਲਹਿੰਦੇ ਪੰਜਾਬ ਦੇ ਜੋੜੀ (ਅਲਗੋਜ਼ੇ) ਨਾਲ ਗਾਉਣ ਵਾਲੇ ਗਾਇਕਾਂ ਵਿਚ ਆਲਮ ਲੁਹਾਰ ਦਾ ਇਕ ਵੱਖਰਾ ਅਤੇ ਵਿਸ਼ੇਸ਼ ਸਥਾਨ ਹੈ । ਆਲਮ ਲੁਹਾਰ ਨੇ ਸਾਂਝੇ ਪੰਜਾਬ ਦੇ ਜ਼ਿਲ੍ਹਾ ਗੁਜਰਾਤ ਦੇ ਪਿੰਡ ਆਛ (ਨੇੜੇ ਕਸਬਾ ਕੋਟਲਾ ਅਰਬ ਅਲੀ ਖਾਨ) ਵਿਖੇ 22 ਅਗਸਤ 1928 ਨੂੰ ਮੁਸਲਮਾਨ ਲੁਹਾਰਾਂ ਦੇ ਘਰ ਜਨਮ ਲਿਆ | ਉਸ ਦੇ ਪਿਤਾ ਦਾ ਨਾਂਅ ਜੁੰਮਾ ਖਾਂ ਸੀ, ਜੋ ਲੁਹਾਰਾ ਕੰਮ ਕਰਦਾ ਸੀ | ਉਸ ਦੇ ਪਿੰਡ ਆਛ ਦੇ ਨੇੜੇ ਪਿੰਡ ਗੋਛ ਪੈਂਦਾ ਹੈ । ਇਸ ਕਰਕੇ ਆਮਤੌਰ 'ਤੇ ਆਛਗੋਛ ਬੋਲਿਆ ਜਾਂਦਾ ਹੈ ।ਆਲਮ ਦਾ ਪੂਰਾ ਨਾਂਅ ਮੁਹੰਮਦ ਆਲਮ ਸੀ।ਉਸ ਨੇ ਰਸਮੀ ਤੌਰ 'ਤੇ ਕੋਈ ਸਕੂਲੀ ਵਿੱਦਿਆ ਪ੍ਰਾਪਤ ਨਹੀਂ ਕੀਤੀ ਅਤੇ ਨਾ ਹੀ ਕਿੱਧਰੋਂ ਕੋਈ ਸੰਗੀਤ ਦੀ ਸਿੱਖਿਆ ਹਾਸਲ ਕੀਤੀ ।ਉਸ ਸਮੇਂ ਪਿੰਡਾਂ ਵਿਚ ਨਵਾਬ ਘੁਮਾਰ ਦੀ ਗਾਇਕੀ ਦਾ ਬੋਲਬਾਲਾ ਸੀ ਅਤੇ ਗ੍ਰਾਮੋਫ਼ੋਨ ਦੇ ਤਵਿਆਂ ਵਿਚ ਵੀ ਉਸ ਦੀ ਆਵਾਜ਼ ਥਾਂ-ਥਾਂ ਗੂੰਜਦੀ ਸੀ।ਇਸ ਦਾ ਪ੍ਰਭਾਵ ਆਲਮ 'ਤੇ ਵੀ ਪਿਆ ।ਨਵਾਬ ਘੁਮਾਰ ਦਾ ਪੜਪੋਤਰਾ ਫੈਸਲ ਘੁਮਾਰ ਤਾਂ ਕਹਿੰਦਾ ਹੈ ਕਿ ਆਲਮ ਸਾਹਿਬ ਨੇ ਮੇਰੇ ਪੜਦਾਦਾ ਤੋਂ ਸੰਗੀਤ ਦੀ ਸਿੱਖਿਆ ਲਈ । ਸਿੱਖਿਆ ਲਈ ਜਾਂ ਨਾ ਪਰੰਤੂ ਆਲਮ ਦੀ ਆਰੰਭਕ ਗਾਇਨ ਸ਼ੈਲੀ ਨਵਾਬ ਵਰਗੀ ਹੀ ਹੈ । ਬਚਪਨ ਤੋਂ ਹੀ ਉਸ ਦੀ ਰੁਚੀ ਗਾਇਕੀ ਵੱਲ ਹੋ ਗਈ ਸੀ ।ਸੱਤ-ਅੱਠ ਸਾਲ ਦੀ ਉਮਰ ਵਿਚ ਸੱਥ ਵਿਚ ਬੈਠੇ ਵਡੇਰੀ ਉਮਰ ਦੇ ਬੰਦੇ ਉਸ ਤੋਂ ਗੀਤ ਸੁਣਦੇ ।ਇਸ ਤਰ੍ਹਾਂ ਉਸ ਦਾ ਹੌਸਲਾ ਵਧਦਾ ਗਿਆ।1940 ਵਿਚ ਆਲਮ ਦਾ ਪਰਿਵਾਰ 'ਲਾਲਾਮੂਸਾ' ਚਲਾ ਗਿਆ । ਪਿੰਡਾਂ ਦੀਆਂ ਸੱਥਾਂ ਵਿਚ ਪ੍ਰਸਿੱਧੀ ਮਿਲਣ ਤੋਂ ਬਾਅਦ ਉਹ ਹੌਸਲਾ ਕਰਕੇ ਲਾਹੌਰ ਪਹੁੰਚ ਗਿਆ ।ਉਥੋਂ ਦੀ ਫਲ ਮੰਡੀ ਵਿਚ ਜਾ ਕੇ ਗਾਉਣਾ ਸ਼ੁਰੂ ਕਰ ਦਿੰਦਾ ।ਲੋਕ ਉਸ ਨੂੰ ਇਨਾਮ ਦਿੰਦੇ ।ਇਥੇ ਹੀ ਉਸ ਨੂੰ ਰਿਕਾਰਡਿੰਗ ਕੰਪਨੀ ਦਾ ਇੱਕ ਅਧਿਕਾਰੀ ਮਿਲਿਆ ।ਉਸ ਦੀ ਗਾਇਕੀ ਸੁਣ ਕੇ ਪੁੱਛਿਆ ਕਿ ਤਵਾ ਰਿਕਾਰਡ ਕਰਵਾਏਂਗਾ? ਇਸ ਤਰ੍ਹਾਂ 1941-42 ਦੌਰਾਨ ਤੇਰਾਂ ਕੁ ਸਾਲ ਦੀ ਉਮਰ ਵਿਚ ਆਲਮ ਦੀ ਪਹਿਲੀ ਰਿਕਾਰਡਿੰਗ ਹੋਈ ਜੋ ਐਚ.ਐਮ.ਵੀ. ਰਿਕਾਰਡਿੰਗ ਕੰਪਨੀ ਨੇ 'ਰੀਗਲ' ਲੇਵਲ ਅਧੀਨ ਰਿਲੀਜ਼ ਕੀਤੀ । ਤਵਾ ਨੰ: ਆਰ.ਐਲ.3099 ਮਿਰਜ਼ੇ ਦੀ ਗਾਥਾ ਨਾਲ ਸੰਬੰਧਤ ਹੈ, ਜਿਸ ਦੇ ਬੋਲ ਹਨ 'ਸੁੱਤਾ ਮਿਰਜ਼ਾ ਉਠਿਆ', 'ਬੁਰਾ ਕੀਤਾ ਸਾਹਿਬਾਂ' | ਇਸ ਤੋਂ ਬਾਅਦ ਰਿਕਾਰਡਿੰਗ ਦਾ ਸਿਲਸਿਲਾ ਲਗਾਤਾਰ ਚਲਦਾ ਰਿਹਾ । ਇਸ ਤੋਂ ਬਾਅਦ ਵੱਖ-ਵੱਖ ਕੰਪਨੀਆਂ, ਰੇਡੀਓ, ਟੈਲੀਵੀਜ਼ਨ ਅਤੇ ਫ਼ਿਲਮਾਂ ਵਿਚ ਉਸ ਦੀ ਆਵਾਜ਼ ਵਿਚ ਢੇਰਾਂ ਦੇ ਢੇਰ ਰਿਕਾਰਡਿੰਗ ਹੋਈ । ਆਲਮ ਦੀ ਸਮੁੱਚੀ ਗਾਇਕੀ ਨੂੰ ਮੋਟੇ ਰੂਪ ਵਿਚ ਅਸੀਂ ਚਾਰ ਵਰਗਾਂ ਵਿਚ ਵੰਡ ਸਕਦੇ ਹਾਂ ੳ) ਲੋਕ ਗਾਥਾਵਾਂ-ਪੂਰਨ, ਹੀਰ, ਮਿਰਜ਼ਾ, ਯੂਸਫ-ਜੁਲੈਖਾਂ, ਸੈਫਉਲਮਲੂਕ, ਢੋਲ ਸੰਮੀ, ਦੁੱਲਾ, ਪੀਰ ਮੁਰਾਦੀਆ ਆਦਿ । ਅ) ਹੋਰ ਲੋਕ ਕਾਵਿ ਰੂਪ-ਟੱਪੇ, ਮਾਹੀਆ, ਬਾਰਾਂਮਾਹ, ਜੁਗਨੀ ਆਦਿ । ੲ) ਪੰਜਾਬੀ ਗੀਤ-'ਵਾਜਾਂ ਮਾਰੀਆਂ, ਦਿਲ ਵਾਲਾ ਦੁੱਖੜਾ, ਹੁਣ ਕੀ ਮੇਰਾ ਜ਼ੋਰ ਨੀ ਗੁੱਡੀਏ, ਮੈਂ ਵਿਆਹ ਕਰਕੇ ਪਛਤਾਇਆ ਆਦਿ । ਸ) ਦੋਗਾਣੇ-ਦੋਗਾਣੇ ਜ਼ਿਆਦਾਤਰ ਲੋਕ ਕਾਵਿ ਵਿਚੋਂ ਹੀ ਲਏ ਗਏ ਹਨ । ਇਨ੍ਹਾਂ ਵਿਚ ਨਜ਼ੀਰ ਬੇਗ਼ਮ, ਬਾਲੀ ਜੱਟੀ ਆਦਿ ਔਰਤ ਗਾਇਕਾਵਾਂ ਨੇ ਉਸ ਦਾ ਸਾਥ ਦਿੱਤਾ ਹੈ । ਇਥੇ ਅਸੀਂ ਆਲਮ ਦੀ ਉਸ ਗਾਇਕੀ ਦੀ ਹੀ ਚਰਚਾ ਕਰਾਂਗੇ ਜਿਹੜੀ ਲੋਕ ਗਾਥਾਵਾਂ ਨਾਲ ਸੰਬੰਧਿਤ ਵਿਸ਼ੇ ਅਧੀਨ ਆਉਂਦੀ ਹੈ, ਭਾਵ ਜੋ ਜੋੜੀ (ਅਲਗੋਜ਼ਿਆਂ) ਨਾਲ ਗਾਈ ਹੋਈ ਹੈ ।ਆਲਮ ਦੀ ਅਲਗੋਜ਼ਿਆਂ ਨਾਲ ਗਾਈ ਹੋਈ ਬਹੁਤ ਸਾਰੀ ਰਿਕਾਰਡਿੰਗ ਮਿਲਦੀ ਹੈ ।ਪੂਰਨ, ਢੋਲ ਸੰਮੀ, ਮਿਰਜ਼ਾ, ਹੀਰ, ਦੁੱਲਾ ਆਦਿ ਲੋਕ ਗਾਥਾਵਾਂ ਤੋਂ ਇਲਾਵਾ ਜੁਗਨੀ, ਬਾਰਾਂਮਾਹ ਆਦਿ ਰਚਨਾਵਾਂ ਅਲਗੋਜ਼ਿਆਂ ਨਾਲ ਹੀ ਗਾਈਆਂ ਹੋਈਆਂ ਹਨ । ਇਸ ਸਾਰੀ ਰਿਕਾਰਡਿੰਗ ਵਿਚ ਆਲਮ ਦੀ ਇਕੱਲੇ ਦੀ ਹੀ ਆਵਾਜ਼ ਹੈ, ਉਸ ਦਾ ਕੋਈ 'ਪਾਛੂ' ਨਹੀਂ ਹੈ । ਚਿਮਟਾ ਉਸ ਦਾ ਪਸੰਦੀਦਾ ਸਾਜ਼ ਸੀ, ਜੋ ਮਹਿਬੂਬ ਵਾਂਗ ਹਮੇਸ਼ਾ ਉਸ ਦੇ ਨਾਲ ਰਿਹਾ । ਜੋੜੀ 'ਤੇ ਆਲਮ ਦਾ ਸਾਥ ਵੱਖ-ਵੱਖ ਸਮੇਂ ਤੇ ਵੱਖ-ਵੱਖ ਜੋੜੀ ਵਾਦਕਾਂ ਵਲੋਂ ਦਿੱਤਾ ਗਿਆ ਹੈ ।ਇਨ੍ਹਾਂ ਵਿਚ ਫ਼ਜ਼ਲ ਕਰੀਮ ਕਸਾਈ ਸਰਾਏ ਆਲਮਗੀਰ ਵਾਲਾ, ਚੌਧਰੀ ਅਬਦੁੱਲ ਗਨੀ ਲਾਇਲਪੁਰ ਵਾਲਾ, ਮੁਹੰਮਦ ਸ਼ਫੀ ਵਾੜੇ ਵਾਲਾ, ਰਹਿਮਾ ਨਾਈ ਅਲੀ ਚੱਕ ਵਾਲਾ, ਫਤੇ ਮੁਹੰਮਦ ਝੰਡੇਆਲ ਵਾਲਾ ਆਦਿ ਸ਼ਾਮਿਲ ਹਨ ।ਫ਼ਜ਼ਲ ਕਰੀਮ ਕਸਾਈ ਨੇ ਜ਼ਿਆਦਾ ਸਾਥ ਨਿਭਾਇਆ ਹੈ । ਆਲਮ ਨੇ ਆਪਣੀ ਰਿਕਾਰਡਿੰਗ ਵਿਚ ਰਚਨਾ ਦਾ ਆਰੰਭ ਖੂਬਸੂਰਤ ਪ੍ਰਸੰਗਾਂ ਦੀ ਪੇਸ਼ਕਾਰੀ ਨਾਲ ਕੀਤਾ ਹੋਇਆ ਹੈ ।ਆਪਣੇ ਆਪ ਨੂੰ 'ਮਸ਼ਕੀਨ ਲੁਹਾਰ' ਆਖਦਾ ਹੋਇਆ ਉਹ ਬੜੇ ਸੰਖੇਪ ਵਿਚ ਕਾਵਿ ਨੁਮਾ ਵਾਰਤਕ ਰਾਹੀਂ ਰਚਨਾ ਦਾ ਸਾਰੰਸ਼ ਬਿਆਨ ਕਰਦਾ ਹੈ । ਵਿਸ਼ੇ ਨਾਲ ਸੰਬੰਧਤ ਇਕ ਤਸਵੀਰ ਸਰੋਤਿਆਂ ਦੀਆਂ ਅੱਖਾਂ ਅੱਗੇ ਰੂਪਮਾਨ ਹੋ ਜਾਂਦੀ ਹੈ ।ਇਕ ਦੋ ਉਦਾਹਰਣਾਂ ਪੇਸ਼ ਹਨ- • 'ਮਸ਼ਕੀਨ ਲੁਹਾਰ ਆਛਗੋਛੀ ਆਂਹਦੈ ਜੀ, ਗੁਰੂ ਨੇ ਕਿਹਾ ਚੇਲਿਆਂ ਨੂੰ, ਜਾਓ ਕਿਤੋਂ ਪਾਣੀ ਲਿਆਓ, ਮੈਂ ਛਿੰਝ ਕਰੂਲੀਆਂ ਕਰਕੇ ਰੱਬ ਰੱਬ ਕਰ ਲਾਂ । ਚੇਲਿਆਂ ਨੇ ਜਾ ਕੇ ਡੋਰੀਆਂ ਸੁੱਟੀਆਂ ਖੂਹ ਦੇ ਵਿਚ, ਅੱਗੋਂ ਪੂਰਨ ਦੀ ਲੋਥ ਵਿਚੋਂ ਅਵਾਜ਼ ਆਉਂਦੀ ਏ ।ਚੇਲੇ ਉਹਨੂੰ ਕਿਵੇਂ ਬਾਹਰ ਕੱਢਦੇ ਨੇ? ਗੁਰੂ ਕਿਵੇਂ ਖੂਹ ਤੇ ਜਾ ਕੇ ਕੀ ਕਰਦੈ? ਹਲਾ ਬਈ, ਫ਼ਜ਼ਲ ਕਰੀਮ ਕਸਾਈਆ, ਸਰਾਏ ਆਲਮਗੀਰ ਵਾਲਿਆ, ਉਹ ਕੀ ਆਂਹਦੈ...? • 'ਮਸ਼ਕੀਨ ਲੁਹਾਰ ਆਛਗੋਛੀ ਆਂਹਦੈ ਜੀ, ਦੁੱਲਾ ਜੁਆਨ ਬਾਹਰੋਂ ਆਉਂਦਾ ਏ, ਮਾਤਾ ਲੱਧੀ ਉਹਨੂੰ ਮੱਤ ਲੱਗੀ ਦੇਣ ।ਉਹ ਕਿਹੜੀ ਮੱਤ ਦਿੰਦੀ ਐ? ਹਲਾ ਬਈ ਮੁਹੰਮਦ ਸ਼ਫੀ ਵਾੜੇ ਆਲਿਆ ਕੀ ਆਂਹਦੀ ਏ ਮਾਤਾ ਲੱਧੀ...?'' • 'ਮਸ਼ਕੀਨ ਲੁਹਾਰ ਆਛਗੋਛੀ ਆਂਹਦੈ ਜੀ, ਪੀਰਾਂ ਦਿੱਤਾ ਬਾਰਾਂਮਾਹ ਲਿਖਦੈ, ਉਹ ਕਿਹੜੇ ਬਾਰਾਂ ਮਾਹ ਲਿਖਦੈ? ਹਲਾ ਬਈ ਚੌਧਰੀ ਅਬਦੁੱਲ ਗਨੀ ਲਾਇਲਪੁਰ ਆਲਿਆ, ਉਹ ਕੀ ਆਖਦੈ...? ਪ੍ਰਸੰਗ ਤੋਂ ਬਾਅਦ ਜੋੜੀ ਦੇ ਨਾਲ ਦੂਸਰੇ ਸਾਜ਼ ਸ਼ੁਰੂ ਹੋ ਜਾਂਦੇ ਹਨ ਤੇ ਸਰੋਤੇ ਝੂਮਣ ਲੱਗ ਜਾਂਦੇ ਹਨ । ਕਈ ਰਚਨਾਵਾਂ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਆਲਮ ਪਰੰਪਰਿਕ ਗਾਇਕਾਂ ਵਾਂਗ ਪ੍ਰਸੰਗ ਤੋਂ ਬਾਅਦ ਦੋ ਤੁਕੇ ਜਾਂ ਚੌ ਤੁਕੇ ਬੰਦਾਂ ਦਾ ਪ੍ਰਯੋਗ ਕਰਦਾ ਹੈ ।ਇਸ ਨਾਲ ਪ੍ਰਭਾਵ ਹੋਰ ਵਧ ਜਾਂਦਾ ਹੈ। • 'ਮੈਨੂੰ ਸਭੇ ਪੀੜਾਂ ਨੇ ਮੰਦੀਆਂ, ਪਰ ਬੁਰੀ ਭਾਈਆਂ ਦੀ ਪੀੜ | ਪੁੱਤਰ ਮੋਏ ਨਾ ਭੁੱਲਦੇ ਆਲਮਾ, ਭਾਵੇਂ ਹੋ ਕੇ ਮਰਨ ਫ਼ਕੀਰ | ਖਾਧਿਆਂ ਤਾਮ ਨਾ ਰੱਜਦਾ, ਠੱਲਿ੍ਹਆਂ ਨੀ ਰਹਿੰਦਾ ਨੀਰ | ਕਾਹਨੂੰ ਭੈਣਾਂ ਨੇ ਜਿਉਂਦੀਆਂ, ਵਿਛੜ ਜਾਣ ਜਿਨ੍ਹਾਂ ਦੇ ਵੀਰ | (ਮਿਰਜ਼ਾ) • 'ਮਾਂ ਦੁੱਲੇ ਦੀ ਵਰਜਦੀ, ਉਹਨੂੰ ਮੱਤਾਂ ਦੇ ਸਮਝਾ | ਤੈਨੂੰ ਸ਼ੇਰਨੀ ਅੱਗੇ ਮੈਂ ਸੁਟਿਆ, ਤੈਨੂੰ ਰੱਖਿਐ ਆਪ ਖ਼ੁਦਾ | (ਦੁੱਲਾ) ਆਲਮ ਬੜੇ ਫ਼ਖ਼ਰ ਨਾਲ ਆਪਣੇ ਆਪ ਨੂੰ 'ਲੁਹਾਰ' ਅਖਵਾਉਂਦਾ ਸੀ । ਆਪਣੀਆਂ ਰਚਨਾਵਾਂ ਦੇ ਪ੍ਰਸੰਗ ਤਾਂ ਉਹ ਸ਼ੁਰੂ ਹੀ 'ਮਸ਼ਕੀਨ ਲੁਹਾਰ ਆਛਗੋਛੀ ਆਂਹਦੈ ਜੀ' ਤੋਂ ਕਰਦਾ ਹੈ ।ਰਚਨਾਵਾਂ ਦੇ ਵਿਚ ਵਿਚ ਵੀ ਵਾਰ ਵਾਰ ਉਹ ਇਸ ਸ਼ਬਦ ਦੀ ਵਰਤੋਂ ਕਰਦਾ ਹੈ ।ਕਿਤੇ ਕਿਤੇ ਤਾਂ ਉਸ ਨੇ ਲੁਹਾਰੇ ਕੰਮ ਦੀ ਵੀ ਸਰਾਹੁਣਾ ਕੀਤੀ ਹੈ ।ਜੁਗਨੀ ਦੇ ਇਕ ਬੰਦ ਵਿਚ ਕਹਿੰਦਾ ਹੈ। • 'ਇਹ ਜਵਾਨੀ ਚਾਰ ਦਿਹਾੜੇ, ਖੁਸ਼ੀਆਂ ਨਾਲ ਹੰਢਾਈਏ । ਜ਼ਿੰਦਗੀ ਦਾ ਕੋਈ ਮਾਣ ਨਹੀਂ, ਭਾਵੇਂ ਭਲਕੇ ਹੀ ਮਰ ਜਾਈਏ । ਸੱਪਾਂ ਦੇ ਪੁੱਤਰ ਯਾਰ ਨੀ ਬਣਦੇ, ਚੂਲੀਏਾ ਦੁੱਧ ਪਿਲਾਈਏ । ਗਈ ਜਵਾਨੀ ਫੇਰ ਨੀ ਆਉਣੀ, ਲੱਖ ਖ਼ੁਰਾਕਾਂ ਖਾਈਏ । ਓ ਛੱਡ ਲੁਹਾਰਾ ਗਾਉਣ ਦਾ ਖਹਿੜਾ, 'ਤੇ ਸੰਨ੍ਹੀ ਥੋੜ੍ਹਾ ਵਾਹੀਏ । ਓ ਸਾਈਾ ਮੇਰਿਆ ਜੁਗਨੀ... ... 1970 ਵਿਚ ਆਪਣੀ ਗਾਇਕੀ ਦੇ ਸਿਰ 'ਤੇ ਆਲਮ ਵਿਦੇਸ਼ਾਂ ਤੱਕ ਪਹੁੰਚਿਆ । ਜਿਥੇ ਉਸ ਨੇ ਪੰਜਾਬੀ ਸਰੋਤਿਆਂ ਦੇ ਨਾਲ ਨਾਲ ਵਿਦੇਸ਼ੀ ਸਰੋਤਿਆਂ ਨੂੰ ਵੀ ਪ੍ਰਭਾਵਿਤ ਕੀਤਾ ।ਪੈਸਾ ਅਤੇ ਸ਼ੁਹਰਤ ਦੋਵੇਂ ਕਮਾਏ । ਉਸ ਨੇ ਇੰਗਲੈਂਡ, ਕੈਨੇਡਾ, ਨਾਰਵੇ, ਅਮਰੀਕਾ, ਜਰਮਨੀ ਆਦਿ ਦੇਸਾਂ ਵਿਚ ਆਪਣੀ ਗਾਇਕੀ ਦੀ ਧਾਕ ਜਮਾਈ । ਗਾਇਕੀ ਸਦਕਾ ਹੀ ਆਲਮ ਦੀ ਪਾਕਿਸਤਾਨੀ ਪੰਜਾਬੀ ਫ਼ਿਲਮਾਂ ਤੱਕ ਪਹੁੰਚ ਹੋਈ ।ਉਸ ਨੇ ਬਹੁਤ ਸਾਰੀਆਂ ਫ਼ਿਲਮਾਂ ਵਿਚ ਪਿੱਠਵਰਤੀ ਗਾਇਕ ਵਜੋਂ ਗਾਇਆ ।ਕੁੱਝ ਫ਼ਿਲਮਾਂ ਵਿਚ ਉਸ ਦੇ ਅਖਾੜੇ ਫ਼ਿਲਮਾਏ ਗਏ ।ਬਾਅਦ ਵਿਚ ਉਸ ਨੇ ਕੁਝ ਫ਼ਿਲਮਾਂ ਦਾ ਨਿਰਮਾਣ ਵੀ ਕੀਤਾ । ਆਲਮ ਦੇ ਗਾਏ ਅਨੇਕਾਂ ਗੀਤਾਂ ਵਿਚੋਂ ਕੁਝ ਇਕ ਦੇ ਮੁੱਖੜੇ ਇਸ ਪ੍ਰਕਾਰ ਹਨ- • 'ਗੁਰੂ ਹੁਕਮ ਦਿੱਤਾ ਸੀ ਚੇਲਿਆਂ, ਲਿਆਓ ਜਲ ਸ਼ਤਾਬ । ਮੈਂ ਕਰ ਕੇ ਛਿੰਝ ਕਰੂਲੀਆਂ, ਕਰਾਂ ਸਾਹਿਬ ਨੂੰ ਯਾਦ । • 'ਚਿਮਨੀ ਬੇਗ਼ਮ ਚੜ੍ਹ ਪਈ, ਉਸ ਕਰ ਲਈ ਧਾਅ ਓ ਧਾਅ । ਉਹਦਾ ਪਹਿਲਾ ਡੇਰਾ ਸ਼ਾਹਦਰੇ, ਦੂਜਾ ਦੂਲੇ ਦੀ ਬਾਰ ਵਿਚ ਲਾ । • 'ਮਾਤਾ ਲੱਧੀ ਪਈ ਬੋਲਦੀ, ਆਂਹਦੀ ਸੁਣ ਦੁਲਿਆ ਸਰਦਾਰ ਓਏ | ਬਾਹਮਣ ਦਾ ਪੁੱਤਰ ਨਾ ਛੇੜੀਏ, ਜਦੋਂ ਉਤਰੇ ਹੋਣ ਸਰਾਧ ਓਏ । • 'ਨੀ ਤੂੰ ਦੇਖ ਜੰਡੋਰਾ ਬਾਰ ਦਾ, ਏਹਦੀ ਕੈਸੀ ਛਾਂ ਬਣੀ । ਇਹਦੀਆਂ ਕੋਰਾਂ ਨਾਲ ਜ਼ਮੀਨ ਦੇ, ਜਿੱਥੇ ਪੈਂਦੀ ਨਹੀਂ ਕਣੀ । ਘੋੜੀ ਕਿਉਂ ਦੁਪਹਿਰੀਂ ਮਾਰੀਏ, ਕਿਹੜੀ ਸਿਰ ਤੇ 'ਫਾਤ ਬਣੀ । ਤੈਨੂੰ ਲੈ ਚੱਲਾਂ ਦਿਨ ਡੀਗੜੇ, ਤੂੰ ਦਾਨਾਬਾਦ ਵੜੀਂ । • 'ਲਿਖ ਕੇ ਸੰਮੀ ਉਠ ਖਲੋਤੀ, ਬੰਦ ਕਰ ਮੋਹਰ ਲਗਾਈ । ਚਿੱਠੀ ਦਰਦ ਫਿਰਾਕਾਂ ਵਾਲੀ, ਹੀਰੇ ਦੇ ਗਲ ਪਾਈ । • 'ਚੜ੍ਹਦੇ ਚੇਤਰ ਚੇਤਾ ਮੇਰਾ ਭੁੱਲ ਗਿਆ ਦਿਲਬਰ ਨੂੰ ਨਾ ਆਇਓਾ ਨਾ ਕੋਲ ਬੁਲਾਵੇਂ, ਬੈਠਾ ਮੱਲ ਕਬਰ ਨੂੰ । ਤੀਲੀ ਲਾ ਕੇ ਫੂਕ ਦਿਆਂ ਜੇ, ਸੋਹਣੇ ਬਾਝੋਂ ਘਰ ਨੂੰ । ਮਿਲਣ ਪਿਆਰੇ ਪੀਰਾਂ ਦਿੱਤਿਆ, ਪੈ ਜੇ ਠੰਢ ਜਿਗਰ ਨੂੰ । ਆਲਮ ਜਿੱਧਰ ਨੂੰ ਵੀ ਵਗਿਆ ਹੈ, ਦਰਿਆ ਬਣ ਕੇ ਵਗਿਆ ਹੈ । ਭਾਵੇਂ ਲੋਕ ਗਾਥਾਵਾਂ ਦੀ ਗੱਲ ਹੋਵੇ ਭਾਵੇਂ ਲੋਕ ਗੀਤਾਂ ਜਾਂ ਉਸ ਦੇ ਆਪਣੇ ਲਿਖੇ ਗੀਤਾਂ ਦੀ ਜਾਂ ਫੇਰ ਦੋਗਾਣਿਆਂ ਦੀ ।ਉਸ ਨੇ ਆਪਣੀ ਵਿਲੱਖਣ ਆਵਾਜ਼ ਅਤੇ ਵਿਸ਼ੇਸ਼ ਅੰਦਾਜ਼ ਰਾਹੀਂ ਅਨੇਕਾਂ ਰਚਨਾਵਾਂ ਨੂੰ ਅਮਰ ਬਣਾ ਦਿੱਤਾ ਹੈ । ਆਪਣੇ ਸੰਗੀਤ ਸਫ਼ਰ ਦੇ ਨਾਲ ਨਾਲ ਆਲਮ ਨੇ ਆਪਣੇ ਪਰਿਵਾਰਕ ਜੀਵਨ ਦੀਆਂ ਜ਼ਿੰਮੇਵਾਰੀਆਂ ਨੂੰ ਬਾਖ਼ੂਬੀ ਨਿਭਾਇਆ ।|ਉਸ ਨੇ ਚਾਰ ਵਿਆਹ ਕਰਵਾਏ ।ਚਾਰ ਪਤਨੀਆਂ ਤੋਂ ਉਸ ਦੇ ਘਰ ਅੱਠ ਪੁੱਤਰਾਂ ਅਤੇ ਪੰਜ ਧੀਆਂ ਨੇ ਜਨਮ ਲਿਆ ।ਪੁੱਤਰਾਂ ਵਿਚੋਂ ਮੁਹੰਮਦ ਆਰਿਫ਼ ਲੁਹਾਰ ਨੇ ਆਪਣੇ ਪਿਤਾ ਦੀਆਂ ਪੈੜਾਂ 'ਤੇ ਚੱਲ ਕੇ ਆਪਣੀ ਵੱਖਰੀ ਹੋਂਦ ਸਥਾਪਿਤ ਕੀਤੀ ।ਲਹਿੰਦੇ ਪੰਜਾਬ ਵਿਚ ਅੱਜ ਆਰਿਫ਼ ਲੁਹਾਰ ਦਾ ਨਾਂਅ ਧਰੂ ਤਾਰੇ ਵਾਂਗ ਚਮਕਦਾ ਹੈ । ਦੁਨੀਆ ਭਰ ਵਿਚ ਪੰਜਾਬੀ ਗਾਇਕੀ ਦੇ ਝੰਡੇ ਗੱਡਣ ਵਾਲੇ ਇਸ ਫੱਕਰ ਗਾਇਕ ਦੀ ਜੀ.ਟੀ. ਰੋਡ 'ਤੇ ਪਿੰਡ ਸ਼ਾਮ ਕੀ ਭੱਟੀਆਂ ਵਿਖੇ ਅਚਾਨਕ ਇਕ ਕਾਰ ਹਾਦਸੇ ਵਿਚ 3 ਜੁਲਾਈ 1979 ਨੂੰ ਮੌਤ ਹੋ ਗਈ ।ਉਸ ਨੂੰ ਲਾਲਾਮੂਸਾ ਦੇ ਕਬਰਸਤਾਨ ਵਿਚ ਦਫ਼ਨਾਇਆ ਗਿਆ, ਜਿਥੇ ਉਸ ਦਾ ਮਕਬਰਾ ਬਣਿਆ ਹੋਇਆ ਹੈ | ਤਤਕਾਲੀ ਰਾਸ਼ਟਰਪਤੀ ਜਰਨਲ ਜ਼ਿਆਉਲਹੱਕ ਨੇ 1979 ਵਿਚ ਮੌਤ ਤੋਂ ਬਾਅਦ ਉਸ ਨੂੰ ਕਲਾ ਤੇ ਥੀਏਟਰ ਦੇ ਖੇਤਰ ਵਿਚ ਪਾਕਿਸਤਾਨ ਦਾ ਸਭ ਤੋਂ ਵੱਡਾ ਪੁਰਸਕਾਰ 'ਪਰਾਈਡ ਆਫ਼ ਪਰਫਾਰਮੈਂਸ' ਦੇਣ ਦਾ ਐਲਾਨ ਕੀਤਾ ।ਜਿਸਨੂੰ ਉਸ ਦੇ ਪੁੱਤਰ ਮੁਹੰਮਦ ਆਰਿਫ਼ ਲੁਹਾਰ ਨੇ ਪ੍ਰਾਪਤ ਕੀਤਾ ।

Loading