ਵਿਦੇਸ਼ੀ ਹਮਲਾਵਰਾਂ ਦੇ ਨਾਲ ਇਸਲਾਮ ਵਿੱਚ ਸੂਫ਼ੀਆਂ ਦੀ ਆਮਦ ਭਾਰਤ ਵਿੱਚ 1192 ਦੀ ਮੰਨੀ ਜਾਂਦੀ ਹੈ। ਸਮੂਹ ਧਰਮਾਂ ਦੇ ਮੁਲੰਕਣ ਨਾਲ ਸ਼ਾਂਤੀ ਲਈ ਵਿਚਕਾਰਲਾ ਰਸਤਾ ਲੱਭਣ ਲਈ ਭਗਤੀ ਲਹਿਰ ਉੱਠੀ। ਇਸ ਲਹਿਰ ਦਾ ਆਰੰਭ ਮੱਧ ਕਾਲੀਨ ਸੱਤਵੀਂ ਸਦੀ ਵਿੱਚ ਦੱਖਣ ਭਾਰਤ ਵਿੱਚ ਹੋਇਆ। ਅੱਗੇ ਉੱਤਰੀ ਭਾਰਤ ਅਤੇ ਮੱਧ ਏਸ਼ੀਆ ਤੱਕ ਫੈਲ ਗਈ। ਇਹ ਲਹਿਰ ਸਮੇਂ ਦੇ ਪ੍ਰਚਲਤ ਝੂਠੇ ਕਰਮਕਾਂਡਾ, ਵਹਿਮਾਂ, ਭਰਮਾਂ ਅਤੇ ਮੂਰਤੀ ਪੂਜਾ ਦੇ ਵਿਰੋਧ ਵਿੱਚ ਖੜੀ ਹੋਈ। ਭਗਤਾਂ, ਨਾਥਾਂ, ਯੋਗੀਆਂ ਅਤੇ ਸੂਫ਼ੀਆਂ ਦੀ ਤਰਜ਼ ’ਤੇ ਸਨਾਤਨੀ ਬੋਲੀ ਦੀ ਥਾਂ ’ਤੇ ਲੋਕ ਭਾਸ਼ਾ ਸੰਤ ਭਾਸ਼ਾ ਰਾਹੀਂ ਰਾਗਾਂ ਵਿੱਚ ਗਾ ਕੇ ਪ੍ਰਚਾਰ ਕੀਤਾ। ਦੂਰ ਦੁਰਾਡੇ ਜਾ ਕੇ ਪ੍ਰਚਾਰ ਕਰਨ ਨਾਲ ਪ੍ਰਚਾਰਕਾਂ ਦੀ ਹਰਮਨ ਪਿਆਰਤਾ ਵੱਧਦੀ ਗਈ। ਭਾਵੇਂ ਸੂਫ਼ੀ ਘੱਟ ਗਿਣਤੀ ਵਿੱਚ ਸਨ, ਪਰ ਖੁੱਲੇ੍ਹ ਵਿਚਾਰਾਂ ਦੇ ਸਨ। ਉਹ ਧਾਰਮਿਕ ਬੰਧਨਾਂ ਵਿੱਚ ਨਹੀਂ ਬੱਝੇ ਸਨ। ਉਹਨਾਂ ਨੇ ਮਨੁੱਖਤਾ ਵਿੱਚ ਪਿਆਰ ਦੀ ਗੱਲ ਤੋਰੀ। ਸਾਂਝੇ ਸੱਭਿਆਚਾਰ ਨੂੰ ਅਪਣਾਇਆ। ਉਹ ਛੇਤੀ ਹੀ ਸਥਾਪਤ ਹੋ ਗਏ। ਉਹਨਾਂ ਦੀ ਜਿੰਦਦਿਲੀ ਤੋਂ ਪ੍ਰਭਾਵਤ ਹੋ ਕੇ ਲੋਕ ਉਹਨਾਂ ਦੀਆਂ ਖ਼ਾਨਗਾਹਾਂ ਵੱਲ ਖਿੱਚੇ ਗਏ। ਹੇਠਲੇ ਵਰਗਾਂ ਨਾਲ ਉਹਨਾਂ ਦੀ ਨੇੜਤਾ ਵਧਣ ਲੱਗੀ।
ਪੰਜਾਬੀ ਕਵਿਤਾ ਵਿੱਚ ਸੂਫ਼ੀਆਂ ਦੀ ਵੱਡੀ ਦੇਣ ਹੈ। ਪੰਜਾਬੀ ਕਵਿਤਾ ਦੀ ਗੱਲ ਸੂਫ਼ੀ ਕਵਿਤਾ ਤੋਂ ਬਿਨਾਂ ਅਧੂਰੀ ਹੈ। ਸੂਫ਼ੀ ਕਵਿਤਾ ਵਿੱਚ ਤੌਬਾ, ਪ੍ਰਹੇਜ਼, ਬਿਰਹਾ, ਤਿਆਗ, ਗਰੀਬੀ, ਰੱਬ ਵਿੱਚ ਭਰੋਸਾ, ਸੰਤੁਸ਼ਟੀ ਉਪਰੰਤ ਅਧਿਆਤਮਕ ਵਿਸ਼ੇ ਹਨ। ਬਹੁਤ ਸਾਰੇ ਸੂਫ਼ੀ ਕਵੀਆਂ ਨੇ ਅਥਾਹ ਰਹੱਸ ਦੇ ਆਪਣੇ ਅਨੁਭਵਾਂ ਨੂੰ ਬਿਆਨ ਕਰਨ ਲਈ ਕਵਿਤਾ ਦਾ ਇੱਕ ਮਾਧਿਅਮ ਚੁਣਿਆ ਹੈ, ਜਾਂ ਆਪਣੇ ਚੇਲਿਆਂ ਨੂੰ ਸੰਕੇਤ ਲੇਖ ਲਿਖਣ ਲਈ ਅੱਖਰੀ ਆਦੇਸ਼ ਦਿੱਤਾ। ਰਹੱਸਵਾਦੀ ਆਦੇਸ਼ ਦੇ ਗਠਨ ਨਾਲ ਵੱਖ ਵੱਖ ਸਥਿਤੀਆਂ ਵਿੱਚ ਸੂਫ਼ੀਆਂ ਦੇ ਵਿਵਹਾਰ ਬਾਰੇ ਪੁਸਤਕਾਂ ਹੋਂਦ ਵਿੱਚ ਆਈਆਂ ਤੇ ਮਹੱਤਵਪੂਰਨ ਬਣ ਗਈਆਂ। ਬਾਅਦ ਵਿੱਚ ਰਹੱਸਵਾਦੀਆਂ ਨੇ ਟਕਸਾਲੀ ਸ੍ਰੋਤਾਂ ਤੇ ਵਿਆਪਕ ਟਿੱਪਣੀਆਂ ਕੀਤੀਆਂ।
ਇਸਲਾਮੀ ਸਾਹਿਤ ਵਿੱਚ ਸੂਫ਼ੀ ਵਾਦ ਦਾ ਇੱਕ ਵੱਡਾ ਯੋਗਦਾਨ ਹੈ। ਮਨਮੋਹਕ ਛੋਟੀਆਂ ਅਰਬੀ ਪ੍ਰੇਮ ਕਵਿਤਾਵਾਂ ਨਾਲ ਸ਼ੁਰੂ ਹੈ ਇਸਲਾਮੀ ਸਾਹਿਤ। ਜੋ ਰਹੱਸਵਾਦੀ ਸੰਗੀਤ ਸਮਾਰੋਹਾਂ ਵਿੱਚ ਬੜੀ ਸ਼ਿੱਦਤ ਨਾਲ ਗਾਇਆ ਜਾਂਦਾ ਹੈ। ਜੋ ਪਿਆਰੇ ਨਾਲ ਮਿਲਾਪ ਲਈ ਆਤਮਾ ਦੀ ਇੱਛਾ ਨੂੰ ਦਰਸਾਉਂਦਾ ਹੈ। ਜ਼ਿਆਦਾਤਰ ਫਾਰਸੀ ਕਵਿਤਾਵਾਂ ਵਿੱਚ ਪ੍ਰਚਲਤ ਪਿਆਰ ਸਬੰਧ ਇਹ ਹੈ ਕਿ ਪ੍ਰੀਤਮ ਇੱਕ ਆਦਮੀ ਹੈ ਅਤੇ ਪ੍ਰੇਮੀ ਹੈ। ਮਨੁੱਖ ਇੱਕ ਔਰਤ ਉਸ ਨੂੰ ਭਾਲਦੀ ਹੈ। ਹੀਰ ਉਹ ਰੂਹ ਹੈ ਜੋ ਬ੍ਰਹਮ ਪਿਆਰੇ ਨੂੰ ਭਾਲਦੀ ਹੈ। ਸੂਫ਼ੀ ਕਾਵਿ ਦੀ ਵਿਸ਼ੇਸ਼ਤਾ ਰੱਬ ਦੀ ਉਸਤਤ ਵਿੱਚ ਭਜਨ ਹੈ। ਜੋ ਦੁਹਰਾਉ ਦੀਆਂ ਜ਼ੰਜੀਰਾਂ ਵਿੱਚ ਪ੍ਰਗਟ ਕੀਤੀ ਜਾਂਦੀ ਹੈ।
ਹੱਥਲੇ ਲੇਖ ਵਿੱਚ ਸੂਫ਼ੀ ਕਵੀ ਅਲੀ ਹੈਦਰ ਮੁਲਤਾਨੀ ਦੇ ਜੀਵਨ ਅਤੇ ਰਚਨਾ ’ਤੇ ਵਿਚਾਰ ਕੀਤੀ ਜਾ ਰਹੀ ਹੈ। ਉਹ ਪੰਜਾਬ ਦੇ ਸਾਹਿਤਕ ਅਤੇ ਸੱਭਿਆਚਾਰਕ ਖੇਤਰ ਵਿੱਚ ਇੱਕ ਇਤਿਹਾਸਕ ਮਹੱਤਵਪੂਰਨ ਹਸਤੀ ਸੀ। ਪੰਜਾਬੀ ਬੋਲੀ ਵਿੱਚ ਇੱਕ ਸੂਫ਼ੀ ਕਵੀ ਵਜੋਂ ਉਸ ਨੇ ਆਪਣੇ ਯੋਗਦਾਨ ਵਿੱਚ ਸਾਹਿਤਕ ਪਰੰਪਰਾਵਾਂ ਉੱਤੋਂ ਸਦੀਵੀ ਪ੍ਰਭਾਵ ਛੱਡਿਆ ਹੈ। ਉਸ ਦੀ ਲੇਖਣੀ ਆਪਣੇ ਸਮੇਂ ਦੇ ਸਮਾਜਿਕ, ਰਾਜਨੀਤਿਕ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਸ਼ਮੂਲੀਅਤ ਕਰਕੇ ਪ੍ਰਸਿੱਧ ਹੋਈ। 18ਵੀਂ ਸਦੀ ਦੇ ਪੰਜਾਬ ਦੀਆਂ ਜਟਿਲਤਾਵਾਂ ਅਤੇ ਜੀਵੰਤਤਾ ਦੋਵਾਂ ਨੂੰ ਦਰਸਾਉਂਦੀ ਹੈ। ਉਹ ਪੰਜਾਬੀ ਅਤੇ ਸਹਿਰੀਕੀ ਦਾ ਮਸ਼ਹੂਰ ਸੂਫ਼ੀ ਕਵੀ ਹੈ।
ਉਸ ਨੇ ਆਪਣੀ ਜਿੰਦਗੀ ਦਾ ਵਧੇਰੇ ਸਮਾਂ ਆਪਣੇ ਪਿੰਡ ਚੌਂਤਰਾਂ ਤਹਿਸੀਲ ਪੀਰ ਮਹਿਲਾ ਜ਼ਿਲ੍ਹਾ ਟੋਬਾ ਟੇਕ ਸਿੰਘ ਪਾਕਿਸਤਾਨ ਵਿੱਚ ਗੁਜ਼ਾਰਿਆ। ਉਸ ਦਾ ਜਨਮ 10 ਮਈ 1690 ਨੂੰ ਹੋਇਆ। ਪਿਤਾ ਦਾ ਨਾਉਂ ਸ਼ੇਖ ਮੁਹੰਮਦ ਅਮੀਨ ਸੀ। ਅਲੀ ਗਿਲਾਨੀ ਸੱਯਦ ਸੀ। ਉਹ ਅਰਬੀ ਅਤੇ ਫ਼ਾਰਸੀ ਦਾ ਵਿਦਵਾਨ ਸੀ। ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਮੌਤ 3 ਮਾਰਚ 1707 ਨੂੰ ਹੋਈ। ਉਸ ਤੋਂ ਬਾਅਦ ਰਾਜਨੀਤਿਕ ਉਥਲ ਪੁਥਲ ਦੇ ਸਮੇਂ ਉਸ ਨੇ ਸੂਫ਼ੀ ਕਾਵਿ ’ਤੇ ਦਿਲ ਖੋਲ ਕੇ ਰਚਨਾ ਕੀਤੀ। ਉਸ ਨੂੰ ਅਰਬੀ ਫ਼ਾਰਸੀ ਵਿੱਚ ਖਾਸ ਮੁਹਾਰਤ ਪ੍ਰਾਪਤ ਸੀ। ਲੁਤਫ਼ ਅਲੀ ਬਹਾਵਲਪੁਰੀ ਉਸ ਦਾ ਸ਼ਾਗਿਰਦ ਸੀ।
ਕੁਝ ਸਮਾਂ ਪਹਿਲਾਂ ਮੁਲਤਾਨੀ ਦੇ ਕਲਾਮ ਤੋਂ ਆਮ ਲੋਕ ਅਣਜਾਣ ਸਨ। ਰਾਹੀ ਰਾਹ ਜਾਂਦੇ ਫਕੀਰ ਗਲੀਆਂ ਵਿੱਚ ਉਸ ਦਾ ਕਲਾਮ ਗਾਉਂਦੇ ਜਾਂਦੇ ਸਨ। ਲੋਕਾਂ ਨੇ ਇਸ ਵੱਲ ਕੋਈ ਧਿਆਨ ਨਾ ਦਿੱਤਾ ਕਿ ਫਕੀਰ ਕੀ ਗਾਉਂਦੇ ਹਨ? ਹੈਦਰ ਇੱਕ ਕਵੀ ਦੇ ਰੂਪ ਵਿੱਚ ਆਮ ਲੋਕਾਂ ਲਈ ਅਣਜਾਣ ਸੀ। ਸੰਨ 1898 ਵਿੱਚ ਲਾਹੌਰ ਦੇ ਮਲਿਕ ਫਜਲਦੀਨ ਨੇ ਜਦ ਉਸ ਦਾ ਕਲਾਮ ਧਿਆਨ ਨਾਲ ਸੁਣਿਆ ਤਾਂ ਬਹੁਤ ਪ੍ਰਭਾਵਿਤ ਹੋਇਆ। ਉਸ ਨੇ ਹੈਦਰ ਦੀਆਂ ਰਚਨਾਵਾਂ ਨੂੰ ਇਕੱਠਾ ਕਰਕੇ ਮੁਕੰਮਲ ਮਜਮੂਆਂ ਅਬਜਾਤ ਅਲੀ ਹੈਦਰ ਛਪਵਾਇਆ। ਉਸਦੇ ਜੀਵਨ ਬਾਰੇ ਬਹੁਤੀ ਜਾਣਕਾਰੀ ਨਹੀਂ ਮਿਲਦੀ। ਲੋਕਾਂ ਨੂੰ ਅਤੇ ਉਸ ਦੇ ਵੰਸ਼ਜਾਂ ਨੂੰ ਉਸ ਦੇ ਜੀਵਨ ਅਤੇ ਸਾਹਿਤ ਬਾਰੇ ਪਤਾ ਨਹੀਂ ਹੈ। ਉਸ ਦੀ ਰਚਨਾ ਦੇ ਹਵਾਲੇ ਨਾਲ ਉਸ ਬਾਰੇ ਪਤਾ ਲੱਗਦਾ ਹੈ ਜਿਵੇਂ ਉਹ ਕਹਿੰਦਾ ਹੈ ਕਿ ਮੈਂ ਸੱਯਦ ਨਹੀਂ ਅਤੇ ਨਾ ਹੀ ਵਿਦੇਸ਼ੀ ਹੈ। ਜਦਕਿ ਉਸ ਦੇ ਵੰਸ਼ਜ ਉਸ ਬਾਰੇ ਅਜਿਹਾ ਐਲਾਨ ਕਰਦੇ ਹਨ।
ਆਪਣੇ ਪੀਰ ਮੁਰਸ਼ਦ ਬਾਰੇ ਲਿਖਦਾ ਹੈ:
ਮੈਂ ਕੁੱਤਾ ਬਣ ਆਲ ਰਸੂਲ ਨਜੀਬ ਦਾ,
ਪਾਹਰਾਂ ਹਾਂ ਘਰ ਬਾਰ ਉੱਤੇ
ਉਪਰ ਅੱਗੋਂ ਉਹ ਅੰਧੇਰੀ,
ਮੈਂ ਹੋਂਦੀਆਂ ਏਸ ਦਰਬਾਰ ਉੱਤੇ
ਪਰ ਅਹਲੇ ਉਲਮਾ ਦੀ ਇੱਜ਼ਤ ਰੱਖਣ
ਵਾਜਿਬ ਹੈ ਸੰਸਾਰ ਉੱਤੇ
ਹੈਦਰ ਉਲਮਾਂ ਵਾਰਸੇ ਅੰਬੀਆਂ
ਕੌਣ ਹੋਵੇ ਇਨਕਾਰ ਉੱਤੇ।
ਮੈਂ ਉੱਚੇ ਨਬੀ ਆਲ ਰਸੂਲ ਦਾ ਇੱਕ ਕੁੱਤਾ ਹਾਂ। ਉਸਦੇ ਘਰ ਬਾਹਰ ਤੇ ਪਹਿਰਾ ਦਿੰਦਾ ਹਾਂ। ਨਜ਼ਰ ਰੱਖਦਾ ਹਾਂ। ਉਹਨਾਂ ਦੇ ਦਰਬਾਰ ਉੱਤੋਂ ਮੈਂ ਤੂਫ਼ਾਨ ਬਣ ਕੇ ਲੰਘਦਾ ਹਾਂ। ਉਹਨਾਂ ਦੇ ਨਾਉਂ ਦਾ ਵੀ ਮੈਂ ਗੁਲਾਮ ਹਾਂ। ਇਹਨਾਂ ਸੱਜਣਾਂ ਦੀ ਦਿਆਲਤਾ ਦਾ ਵੀ ਭਾਵ ਸੱਯਦਾਂ ਦਾ ਸਤਿਕਾਰ ਬਰਕਰਾਰ ਰੱਖਣਾ ਸੰਸਾਰ ਵਿੱਚ ਸਹੀ ਨਹੀਂ ਹੈ। ਹੋਰ ਸਪਸ਼ਟ ਕਰਦਾ ਹੈ ਕਿ ਜੇਕਰ ਅਲੀ ਹੈਦਰ ਸੱਯਦ ਵਿਦਵਾਨ ਹੁੰਦਾ, ਉਹ ਆਪਣੇ ਆਪ ਨੂੰ ਕੁੱਤਾ ਨਾ ਆਖਦਾ। ਸਗੋਂ ਸੱਯਦਾਂ ਦੇ ਦਰਵਾਜੇ ਉਸ ਦਾ ਸਨਮਾਨ ਹੁੰਦਾ। ਇਹ ਸਿੱਧ ਕਰਦਾ ਹੈ ਕਿ ਹੈਦਰ ਇੱਕ ਭਾਰਤੀ ਸੀ ਨਾ ਕਿ ਵਿਦੇਸ਼ੀ ਸੱਯਦਾਂ ਵਿਚੋਂ ਸੀ। ਹੈਦਰ ਸੱਯਦਾਂ ਕੋਲੋਂ ਡਰਦਾ ਹੈ। ਆਪਣੇ ਆਪ ਨੂੰ ਨੀਂਵਾਂ ਸਮਝਦਾ ਹੈ। ਉਹਨਾਂ ਦਾ ਸਤਾਇਆ ਹੋਇਆ ਹੈ ਪਰ ਸਿੱਖਿਅਤ ਵਿਦਵਾਨਾਂ ਦਾ ਸਤਿਕਾਰ ਕਰਦਾ ਹੈ। ਉਹ ਇੱਕ ਮੰਨੇ ਹੋਏ ਕਾਦਰੀ ਫਿਰਕੇ ਦੇ ਮੋਢੀ ਸ਼ਾਹ ਮੁਹਈਉਦੀਨ ਦਾ ਜ਼ਿਕਰ ਆਪਣੇ ਕਾਵਿ ਵਿੱਚ ਕਰਦੇ ਹਨ ਕਿ
-ਕਾਫ਼ ਕਿਹਾ ਗਮ ਖ਼ੌਫ ਅਸਾਂ ਨੂੰ ਜੇ ਸ਼ਾਹ ਮੁੲਉਦੀਨ ਅਸਾਡੜਾ ਏ
ਸ਼ਾਹ ਅਬਦੁਲ ਕਾਦਿਰ ਜਿੰਨਾਂ ਦਾ ਜੇ, ਲੁਤਫ ਅਮੀਨ ਅਸਾਡੜਾ ਏ।
ਅਲੀ ਹੈਦਰ ਕਿਆ ਪ੍ਰਵਾਹ ਕਿਸੇ ਦੀ,
ਜੇ ਸ਼ਾਹ ਮੁਹਈਦੀਨ ਅਸਾਡੜਾ ਏ।
ਭਾਵ ਅਲੀ ਹੈਦਰ ਸਾਨੂੰ ਕਿਸੇ ਹੋਰ ਦੀ ਕੀ ਪ੍ਰਵਾਹ ਜੇ ਸ਼ਾਹ ਮੁਹਈਉਦੀਨ ਸਾਡਾ ਹੈ।
ਮੁਲਤਾਨੀ ਨੇ ਆਪਣੇ ਹੁਨਰ ਦੀ ਰੁਚੀ ਲਗਨ ਅਤੇ ਮਿਹਨਤ ਸ਼ਰੀਅਤ ਤੋਂ ਪ੍ਰਾਪਤ ਕੀਤੀ ਹੈ। ਮੱਕੇ ਅਤੇ ਹਜ ਦੀ ਜਿੱਥੇ ਉਸ ਲਈ ਖਾਸ ਖਾਸ ਅਹਿਮੀਅਤ ਹੈ, ਉਥੋਂ ਉਹ ਕਲਮਾਂ ਪੜ੍ਹਨ ਨੂੰ ਵੀ ਤਰਜੀਹ ਦਿੰਦਾ ਹੈ। ਹੋਰ ਸੂਫ਼ੀ ਸਾਧਕਾਂ ਵਾਂਗ ਉਹ ਕਲਮੀ ਪੜ੍ਹਨ ਵਿੱਚ ਵਿਸ਼ਵਾਸ ਰੱਖਣ ਵਾਲਾ, ਹਜ਼ਰਤ ਮੁਹੰਮਦ ਸਾਹਿਬ ਵਿੱਚ ਪੂਰਨ ਸ਼ਰਧਾ ਰੱਖਣ ਵਾਲਾ ਪਵਿੱਤਰ ਕੁਰਾਨ ਦੀ ਸਿੱਖਿਆ ਅਤੇ ਖੁਦਾ ’ਤੇ ਭਰੋਸਾ ਰੱਖਣ ਵਾਲਾ ਅਧਿਆਪਕ ਪਾਂਧੀ ਹੈ। ਇਸ ਨਾਲ ਹੀ ਉਹ ਇਸ ਸੱਚੇ ਇਸ਼ਕ ਦੀ ਮੰਜ਼ਲ ਵੱਲ ਵਧਦਾ ਕਹਿੰਦਾ ਹੈ –
ਖੇ-ਖਲਕ ਖੁਦਾ ਦੀ ਇਲਮ ਪੜ੍ਹਦੀ ਸਾਨੂੰ ਇੱਕਾ ਮਤਾਲੇ ਯਾਰ ਦਾ ਏ
ਜਿੰਨਾ ਖੋਲ ਕੇ ਇਸ਼ਕ ਕਿਤਾਬ ਡਿੱਠੀ, ਸੀਗੇ ਸਰਫ ਦੇ ਸਭ ਵਿਸਾਰ ਦਾ ਏ
ਜਿੰਨਾ ਯਾਰ ਦਾ ਨਾਮ ਦਾ ਸਬਕ ਪੜਿ੍ਹਆ, ਇਥੇ ਜਾਏ ਨਾ ਸਬਰ ਕਰਾਰ ਦਾ ਏ।
ਹੈਦਰ ਮੁੱਲਾਂ ਨੂੰ ਫ਼ਿਕਰ ਨਿਮਾਜ਼ ਦਾ ਏ, ਇਹਨਾਂ ਆਸ਼ਿਕਾਂ ਤਲਬ ਦੀਦਾਰ ਦਾ ਏ।
ਭਾਵ ਪਰਮਾਤਮਾ ਦੇ ਜੀਵ ਗਿਆਨ ਅਧਿਐਨ ਕਰਦੇ ਹਨ ਪਰ ਸਾਡੇ ਕੋਲ ਕੇਵਲ ਉਹ ਹੈ ਪ੍ਰੀਤਮ ਦਾ ਅਧਿਐਨ ਜੋ ਕਿਤਾਬ ਖੋਲ੍ਹਿਆ ਅਤੇ ਦੇਖਿਆ ਹੈ ਜੋ ਕਿ ਉਹ ਪਿਆਰ ਵਿੱਚ ਸਭ ਖਰਚਾ ਕਰਨ ਲਈ ਤਿਆਰ ਹੈ। ਜਿਸ ਨੇ ਪ੍ਰੀਤਮ ਦਾ ਪਾਠ ਪੜਿ੍ਹਆ ਹੈ। ਸ਼ਾਂਤੀ ਹੈ, ਸੰਤੋਖ ਹੈ। ਹੈਦਰ ਪੁਜਾਰੀ ਨੂੰ ਪ੍ਰਾਰਥਨਾ ਬਾਰੇ ਸੋਚਣਾ ਪੈਂਦਾ ਹੈ ਪਰ ਇਹ ਪ੍ਰੇਮੀ ਸਿਰਫ਼ ਇੱਛਾ ਰੱਖਦੇ ਹਨ ਪਿਆਰ ਪ੍ਰਗਟ ਕਰਨ ਦੀ।
ਹੋਰ ਹਵਾਲਿਆਂ ਵਿੱਚ:-
ਕਾਅਬੇ ਦਾ ਰਾਹ ਦੇਖਾਓ ਮੈਨੂੰ, ਰਾਹ ਨਾ ਗੈਰ ਦਾ ਦੇਵਣਾ ਏ
ਮੀਨ ਤੇ ਨੂਨ ਗਵਾਹੀ ਦੇਂਦੇ, ਮੰਨ ਸ਼ਰਾਅ ਦਾ ਕਾਇਦਾ ਏ
ਅਲੀ ਹੈਦਰ ਨੂੰ ਤਕਵਾਂ ਰੱਬ ਦਾ ੲ
ਕਲਮੇ ਪਾਕਿ ਦਾ ਜਿਕਰ ਕਰੇਨੀਆ ਮੈਂ
ਜਦ ਉਹ ਪਰਮਾਤਮਾ ਨਾਲ ਇੱਕਮਿੱਕਤਾ ਹਾਸਲ ਕਰ ਲੈਂਦਾ ਹੈ ਤਾਂ ਕਹਿ ਉੱਠਦਾ ਹੈ :
ਇਸ਼ਕ ਤੋਂ ਜੰਮਿਆ ਸੁਭਾਅ ਵੇ ਕਾਜੀ
ਯਾਰ ਦਾ ਹੱਜ ਕਰੇਨੀ ਆ ਮੈਂ
ਜਾਂ ਫਿਰ :-
ਬੇ ਬੇ ਦੀ ਬੈ ਨ ਵੱਸ ਮੁੱਲਾ ਉਹੋ ਆਲਿਫ਼ ਸਿੱਧਾ ਖਮ ਘੱਤ ਆਇਆ
ਉਹ ਯਾਰ ਗਲਵੱਕੜੀ ਰਾਤ ਵਾਲਾ, ਹੁਣ ਭੇਸ ਵਟਾ ਕੇ ਵਤ ਆਇਆ।
ਸੋਹਣਾ ਮੀਮ ਦੀ ਚਾਦਰ ਪਹਣ ਕੀ ਜੀ ਕੇਹਾ ਜੁਲਫ਼ਾਂ ਦਾ ਘੂੰਘਟ ਘਤ ਆਇਆ
ਅਲੀ ਹੈਦਰ ਉਹ ਯਾਰ ਪਿਆਰਾ ਹੁਣ ਅਹਿਮਦ ਬਣਕੇ ਵਤ ਆਇਆ।
ਹੇ ਪੁਜਾਰੀ ਮੈਨੂੰ ਮੋੜਵੀਂ ਕ੍ਰਿਪਾਨ ਨਾ ਦਿਖਾ, ਕਿਉਂਕਿ ਇਹ ਸਿੱਧੀ ਆਲਿਫ਼ ਹੈ। ਜੋ ਵਾਪਿਸ ਮੁੜ ਆਈ ਏ। ਦੋਸਤੋ ਬੀਤੀ ਰਾਤ ਆਪਣਾ ਪਹਿਰਾਵਾ ਬਦਲਣ ਵਾਲਾ ਫਿਰ ਆ ਗਿਆ ਹੈ। ਮੀਮ ਦੀ ਸ਼ਾਲ ਪਹਿਨਣ ਵਾਲਾ ਸੁੰਦਰ ਦੋਸਤ ਆਪਣੇ ਘੂੰਘਟ ਵਿੱਚ ਵਾਪਿਸ ਆ ਗਿਆ ਹੈ। ਅਲੀ ਹੈਦਰ ਉਹ ਦੋਸਤ ਪਿਆਰਾ ਹੁਣ ਅਹਿਮਦ ਬਣ ਕੇ ਆਇਆ ਹੈ।
ਹੈਦਰ ਪਹਿਲੇ ਸੂਫ਼ੀ ਕਵੀ ਹਨ, ਜਿਹਨਾਂ ਨੇ ਕੌਮੀ ਜਾਗ੍ਰਿਤੀ ਦੀ ਗੱਲ ਕੀਤੀ ਹੈ। ਉਹ ਨਾਦਰ ਸ਼ਾਹ ਦੇ ਹਮਲੇ ਅਤੇ ਹਿੰਦੁਸਤਾਨੀਆਂ ਦੀ ਆਪਸੀ ਫੁੱਟ, ਨਾਇਤਫਾਕੀ , ਖੁਦਗਰਜੀ ਅਤੇ ਕਾਇਰਤਾ ਨੂੰ ਖੂਬ ਭੰਡਦਾ ਹੈ। ਨਾਦਰਸ਼ਾਹ ਦਾ ਦਿੱਲੀ ਦੇ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ’ਤੇ 1739 ਈਸਵੀ ਦਾ ਹਮਲਾ ਅਤੇ ਉਸ ਹਮਲੇ ਦੀ ਤਬਾਹੀ ਅਤੇ ਬਰਬਾਦੀ ਨੂੰ ਦੇਖ ਕੇ ਉਸ ਦਾ ਮਨ ਦੁਖੀ ਹੋਇਆ। ਇਹ ਹਮਲਾ ਵੀ ਨਿਜਾਮ ਉਲ ਮਲਕ ਦੇ ਇਸ਼ਾਰੇ ’ਤੇ ਕੀਤਾ ਗਿਆ ਸੀ।, ਜੋ ਗਦਾਰ ਸੀ। ਹੈਦਰ ਗਦਾਰਾਂ ਨੂੰ ਲਾਹਨਤਾਂ ਪਾਉਂਦਾ ਹੈ :
ਬੇ ਬਿਖ ਜਹਿਰ ਨਹੀਂ ਜੋ ਖਾਹ ਮਰਨ, ਕੁਝ ਸ਼ਰਮ ਨਹੀਂ ਹਿੰਦੁਸਤਾਨੀਆਂ ਨੂੰ
ਕਿਆ ਹਯਾ ਇਹਨਾਂ ਰਾਜਿਆਂ ਨੂੰ ਕੁਝ ਲਜ ਨਹੀਂ ਤੁਰਾਨੀਆਂ ਨੂੰ
ਭੈੜੇ ਭਰ ਭਰ ਦੇਵਣ ਖਜਾਨੇ ਫਾਰਸੀਆਂ ਖੁਰਾਸਾਨੀਆਂ ਨੂੰ
ਛੂਣੀਆਂ ਪਾਣੀਆਂ ਨੱਕ ਡੋਬਣ ਜੋ ਲਹਿਵਨ ਨਾ ਵੱਡਿਆ ਪਾਣੀਆਂ ਨੂੰ
ਹੈਦਰ ਇੱਕ ਚੇਤਨ ਤੇ ਜਾਗਰੂਕ ਕਵੀ ਵਾਂਗ ਦੇਸ਼ ਅਤੇ ਦੇਸ਼ ਵਾਸੀਆਂ ਦੀ ਖੁਸ਼ਹਾਲੀ ਦੀ ਕਾਮਨਾ ਕਰਦਾ ਹੈ। ਦੇਸ਼ ਦੇ ਆਸ਼ਕਾਂ ਸਦਕਾ ਪ੍ਰਤੀ ਉਸਦੇ ਮਨ ਵਿੱਚ ਖਾਸ ਸਤਿਕਾਰ ਹੈ:
ਖੇ ਖੁਸ਼ੀ ਵਸੇ ਇਹ ਦੇਸ਼ ਰਾਵੀ, ਜਿੱਥੇ ਵਸਦੀਆਂ ਕੁਲ ਕਵਾਰੀਆਂ ਨੇ
ਘੜਾ ਘਿੰਨ ਕੇ ਢਾਕਾਂ ਤੋਂ ਚਾੜਨ , ਉਹ ਤਾਂ ਦੋ ਨੈਣਾਂ ਦੀਆਂ ਮਾਰੀਆਂ ਨੇ।
ਵੰਜ ਵੇਜ਼ ਨੀਗਰਾ ਛੇੜ ਨਾਹੀ, ਮਤਾਂ ਆਵਣ ਅਸਾਡੀਆਂ ਵਾਰੀਆਂ ਨੇ।
ਓੜਕ ਇਸ਼ਕ ਕੁੰਨੋ ਅਲੀ ਹੈਦਰ ਕੀ ਹਾਸਿਲ ਜੇ ਜਿੱਤੀਆਂ ਬਾਜੀਆਂ ਹਾਰੀਆਂ ਨੇ।
ਮੁਲਤਾਨੀ ਨੇ ਕਾਵਿ ਸ਼ੈਲੀ ਵਿੱਚ ਅਰਬੀ ਫਾਰਸੀ ਦੀ ਵਰਤੋ ਕਰਕੇ ਪੰਜਾਬੀ ਕਾਵਿ ਨੂੰ ਹੋਰ ਵੀ ਅਮੀਰੀ ਬਖਸ਼ੀ ਹੈ। ਜਿਸ ਦੇ ਸ਼ਬਦ ਉਸ ਦੀ ਭਾਸ਼ਾ ਨੂੰ ਇੱਕ ਕਿਸਮ ਦੀ ਚਮਕ ਪ੍ਰਦਾਨ ਕਰਦੇ ਹਨ। ਇਸ ਮੁਹਾਰਤ ਨੂੰ ਦਰਸਾਉਂਦਾ ਉਸ ਦਾ ਕਾਵਿ ਹੈ।
ਸਰੀਰਕ ਪਿਆਰ ਅਧਿਆਤਮਕ ਪਿਆਰ ਲਈ ਉਸ ਦਾ ਆਦਰਸ਼ ਸੀ। ਇਹ ਦਰਸਾਉਣ ਲਈ ਉਸ ਦਾ ਕਾਵਿ ਹੈ :
ਸ਼ੀਨ ਸ਼ਕਰੰਜੀ ਯਾਰ ਦੀ ਮੈਨੂੂੰ ਤਲਬ ਕੀਤਾ ਸਭ ਸ਼ੀਰ ਸ਼ਕਰ,
ਜੰਗ ਸ਼ਕਰ ਦੇ ਸ਼ਕਰ ਵੰਡਾ ਜੇ ਐਂਵੇ ਕਰੇ ਰੱਬ ਸ਼ੀਰ ਸ਼ਕਰ
ਰਾਂਝਣ ਖਰੀ ਤੇ ਹੀਰ ਸ਼ਕਰ ਰੱਬ ਫੇਰ ਕਰੇ ਸ਼ੀਰ ਸ਼ਕਰ
ਹੈਦਰ ਗੁੱਸਾ ਪੀਣੇ ਤਾਂ ਆਖੇ ਪੀਓ ਮਿੱਠਾ ਲਬ ਸ਼ੀਰ ਸ਼ਕਰ।
ਮੇਰੇ ਦੋਸਤ ਦਾ ਗੁੱਸਾ ਮੇਰੇ ਲਈ ਕੋੜਾ ਹੈ। ਇਸ ਨੇ ਸਾਡੀ ਦੋਸਤੀ ਨੂੰ ਕੋੜਾ ਬਣਾ ਦਿੱਤਾ। ਮੈਂ ਗੰਜ ਸ਼ਕਰ ਦੀ ਖੰਡ ਵੰਡਾਂਗਾ। ਬਾਸ਼ਰਤੇ ਰੱਬ ਸ਼ਾਂਤੀ ਬਖਸ਼ੇ। ਰਾਝਾਂ ਚੌਲ ਤੇ ਹੀਰ ਖੰਡ ਹੈ। ਪਰਮਾਤਮਾ ਜਲਦੀ ਇਹਨਾਂ ਦਾ ਮਿਲਾਪ ਕਰਾਵੇ। ਜਿਸ ਚੀਜ਼ ਦੀ ਅਸੀਂ ਖੋਜ ਕਰਦੇ ਹਾਂ ਉਹ ਹਰੇਕ ਬਲ ਤੇ ਮੌਜੂਦ ਹੈ। ਭਾਵ ਪਰਮਾਤਮਾ ਦਾ ਨਾਉਂ। ਉਸਦੀ ਮਿੱਤਰਤਾ ਦਾ ਪਿਆਲਾ ਪੀਓ। ਹੈਦਰ ਜੇ ਉਹ ਆਪਣੇ ਗੁੱਸੇ ਤੇ ਕਾਬੂ ਰੱਖੇ ਤਾਂ ਕਹੇਗਾ ਕਿ ਬੁੱਲਾਂ ਦੀ ਮਿੱਠੀ ਖੰਡ ਨਾਲ ਦੋਸਤੀ ਪੀ।
ਉਸ ਦੀ ਰਚਨਾ ਦੀ ਅਮੀਰੀ ਦਾ ਨਮੂਨਾ ਹੈ ਕਿ
ਸ਼ੀਨ ਸ਼ਰਾਬ ਦੇ ਮਸਤ ਰਹਣ ਕੇਹੇ,
ਲੈਣ ਤੈਂਡੜੇ ਮਤਵਾਲੜੇ ਨੇ।
ਸ਼ਰਥ ਸਫ਼ੈਦ ਸਿਆਹ ਦੁੰਬਾਲੜੇ
ਬਾਝ ਕੱਜਲ ਦੇ ਐਂਵੇ ਕਾਲੜੇ ਨੇ
ਨਾਲ ਨਿਗਾਹ ਦੇ ਮਸਤ ਕਰਨ
ਕੇਹੇ ਚੀਨੀ ਰੰਗ ਪਿਆਲੜੇ ਨੇ
ਹੈਦਰ ਛਿਕ ਛਿਕ ਤੀਰ ਚਲੈਂਦੇ
ਕੇਹੇ ਜਾਲਮ ਮਾਰਨ ਵਾਲੜੇ ਨੇ।
ਮੁਲਤਾਨੀ ਨੇ ਕਿੱਸਾ ਹੀਰ ਰਾਂਝਾ ਪੰਜਾਬੀ ਕਵਿਤਾ ਦਾ ਇਕ ਨਿਵੇਕਲਾ ਰੰਗ ਭਰਿਆ ਹੈ
ਜਾਨ ਬਚਾ ਕੇ ਬਾਹਜੋ ਚਾਕੇ,
ਰਖੇ ਕਿਉਂ ਕਰ ਹੋਈ ਮਾਂ
ਯਹਰਕ ਮਾਸਵਾ ਆਲ ਮਹਬੂਬ
ਰਿਹਿਆ ਗੈਰ ਨਾ ਕੋਈ ਮਾਂ
ਦਿਲ ਵਿੱਚ ਆਖੇਂ ਵੇਖ ਤਮਾਸ਼ੇ ਹੈ ਹੋ ਉਥੇ ਢੋਈ ਮਾਂ
ਮਨ ਹੋ ਮਿਕਨਾਤੀਸ ਹੈਦਰ
ਉਸੇ ਦੀ ਖਿੱਚ ਰਖੀਓ ਈ ਮਾਂ।
ਮੁਲਤਾਨੀ ਨੇ ਸੰਸਾਰ ਦੀਆਂ ਨਾਸ਼ਵਾਨ ਵਸਤੂਆਂ ਦਾ ਬਾਖੂਬ ਚਿੱਤ੍ਰ ਖਿੱਚਿਆ ਹੈ ਕਿ ਸੰਸਾਰੀ ਚੀਜ਼ਾਂ ਨੂੰ ਇੱਥੇ ਹੀ ਛੱਡ ਜਾਣਾ ਹੈ, ਜਦੋਂ ਸੰਸਾਰ ਤੋਂ ਜਾਣਾ ਹੈ। ਇਹ ਸਭ ਝੂਠਾ ਹੈ ਸੱਚਾ ਇੱਕ ਕਰਤਾਰ ਹੈ ਜਾਂ ਉਸ ਦੇ ਯਾਰ:-
ਕਾਫ਼ ਕੂੜਾ ਘੋੜਾ, ਕੂੜਾ ਜੋੜਾ, ਕੂੜਾ ਸ਼ਾਹ ਅਸਵਾਰ,
ਕੂੜੇ ਬਾਸ਼ੇ, ਕੂੜੇ ਸ਼ਿਕਰ , ਕੂੜੇ ਮੀਰ ਸ਼ਿਕਾਰ,
ਕੂੜੇ ਹਾਥੀਂ, ਕੂੜੇ ਲਸ਼ਕਰ, ਕੂੜੇ ਫ਼ੌਜ ਕਟਾਰ,
ਕੂੜੇ ਸੂਹੇ, ਕੂੜੇ ਸਾਲੂ,ਕੂੜੇ ਸੋਹਣੇ ਯਾਰ
ਕੂੜੈ ਜੋੜੇ ਕੂੜੇ ਬੀੜੇ, ਕੂੜੇ ਹਾਰ ਸ਼ਿੰਗਾਰ,
ਕੂੜੇ ਕੋਠੇ ਕੂੜੇ ਮੰਮਟ, ਕੂੜਾ ਇਹ ਸੰਸਾਰ,
ਹੈਦਰ ਆਖੇ ਸਭ ਕੁਝ ਕੂੜਾ ਸੱਚਾ ਹਿੱਕ ਕਰਤਾਰ
ਦੂਜਾ ਨਬੀ ਮੁਹੰਮਦ ਸੱਚਾ, ਸੱਚੇ ਉਸਦੇ ਯਾਰ।
ਝੂਠਾ ਹੈ ਘੌੜਾ, ਝੂਠੀ ਹੈ ਪੁਸ਼ਾਕ ਅਤੇ ਝੂਠਾ ਹੈ ਰਾਜਾ । ਸਵਾਰ ਝੂਠੇ ਹਨ। ਬਾਜ ਝੂਠੇ ਹਨ ਅਤੇ ਝੂਠੇ ਹਨ ਸ਼ਿਕਾਰ ਦੇ ਆਗੂ। ਝੂਠੇ ਹਾਥੀ, ਝੂਠੀਆਂ ਫ਼ੌਜਾਂ ਅਤੇ ਝੂਠੇ ਹਨ ਤਲਵਾਰ ਵਾਲੇ ਫ਼ੌਜੀ। ਝੂਠੇ ਲਾਲ ਰੰਗੇ ਸਾਲੂ ਅਤੇ ਦੋਸਤ ਝੂਠੇ ਹਨ। ਝੂਠੀਆਂ ਇਹ ਵਰਦੀਆਂ, ਝੂਠੀਆਂ ਕਿਸਤੀਆਂ, ਝੂਠੇ ਪੈਖਾਨੇ, ਝੂਠੇ ਘਰ,ਝੂੁਠੇ ਸੁੱਖ ਅਤੇ ਝੂੁਠਾ ਇਹ ਸੰਸਾਰ। ਹੈਦਰ ਕਹਿੰਦਾ ਹੈ ਕਿ ਸਭ ਕੁਝ ਝੂਠ ਹੈ। ਕਰਤਾਰ ਇਕੱਲਾ ਸੱਚਾ ਹੈ। ਦੂਜਾ ਸੱਚਾ ਪੈਗੰਬਰ ਮੁਹੰਮਦ ਅਤੇ ਸੱਚੇ ਉਸ ਦੇ ਦੋਸਤ ਹਨ।
ਹੈਦਰ ਨੇ ਇੱਕ ਰੱਬ ਵਿੱਚ ਵਿਸ਼ਵਾਸ ਚੰਗੀ ਤਰਾਂ ਦਰਸਾਇਆ ਹੈ:
ਆਲਿਫ਼ ਏਥੇ ਉਥੇ ਆਸ ਅਸਾਂ ਤੈਂਡੀ ਤੇ ਆਸਰਾ ਤੈਂਡੜੇ ਜੋਰ ਦਾ ਈ
ਮਹੀ ਸਭ ਹਵਾਲੜੇ ਤੈਂਡੜੇ ਨੇ ਅਸਾਂ ਖੌਫ਼ ਨਾ ਗੁੰਡੜੇ ਚੋਰ ਦਾ ਈ।
ਤੂੰ ਹੀ ਜਾਣ ਸਵਾਲ ਜਵਾਬ ਸਭੇ, ਸਨੂੰ ਹੋਲ ਨਾ ਔਖੜੀ ਗੋਰ ਦਾ ਈ
ਅਲੀ ਹੈਦਰ ਨੂੰ ਸਿੱਕ ਤੈਂਡੜੀ ਏ, ਬੈਠੇ ਬਾਝ ਨਾ ਸਾਇਲ ਹੋਰ ਦਾ ਈ।
ਇਥੇ ਉਥੇ ਸਾਨੂੰ ਆਸ ਤੇਰੀ ਏ,ਤੇਰੇ ਆਸਰੇ ਦਾ ਜੋਰ ਏ, ਸਭ ਕੁਝ ਤੇਰੇ ਹਵਾਲੇ ਹੈ। ਸਾਰੇ ਵੱਗ ਦਾ ਤੂੰ ਹੀ ਚਰਵਾਹਾ ਏ। ਇਸ ਲਈ ਮੈਂ ਕਿਸੇ ਭੈੜੇ ਚੋਰ ਗੁੰਡੇ ਤੋਂ ਨਹੀਂ ਡਰਦਾ। ਤੂੰਹ ਹੀ ਸਾਰੀਆਂ ਅਰਦਾਸਾਂ ਨੂੰ ਜਾਣਦਾ ਏ। ਉਹਨਾਂ ਦੇ ਜਵਾਬ ਵੀ ਜਾਣਦਾ ਏ। ਮੈਨੂੰ ਔਖੀ ਕਬਰ ਦਾ ਕੋਈ ਡਰ ਨਹੀਂ। ਅਲੀ ਹੈਦਰ ਨੂੰ ਤੇਰੀ ਭਾਲ ਹੈ। ਤੇਰੇ ਬਗੈਰ ਮੇਰਾ ਬਚਾਓ ਨਹੀਂ । ਉਹ ਕਿਸੇ ਹੋਰ ਦੀ ਭਾਲ ਨਹੀਂ ਕਰਦਾ।
ਹੋਰ ਵਿਸ਼ਥਾਰ ਵਿੱਚ ਸਪਸ਼ਟ ਕਰਦਾ ਹੈ :
ਲਾਮ ਲੋਕ ਨਸੀਹਤਾਂ ਦੇ ਥੱਕੇ, ਸੋਹਣੇ ਯਾਰ ਤੋਂ ਮੁੱਖ ਨਾ ਮੋੜ ਸਾਂ ਮੈਂ
ਤੌੜੇ ਮੋੜੇ ਫੋੜੇ ਕੱਢ ਛੱਡਣ ਜਾਨੀ ਯਾਰ ਪਿੱਛੇ ਘਰ ਛੋੜਸਾਂ ਮੈਂ
ਮੈਂ ਤਾਂ ਬੇਲੇ ਵੈਸਾਂ ਹਰ ਦਮ ਮਾਹੀ ਵਾਲੇ ਮੱਤ ਦੇਂਦਿਆਂ ਨੂੰ ਖੂਹੇ ਬੋੜਸਾਂ ਮੈਂ
ਅਲੀ ਹੈਦਰ ਨੇ ਅੱਖੀਆਂ ਲਾਈਆਂ, ਕੀਤੇ ਕੋਲ ਨੂੰ ਮੂਲ ਨਾ ਤੋੜਸਾਂ ਮੈਂ।
ਲੋਕ ਮੈਨੂੰ ਚੰਗੀਆਂ ਨਸੀਅਤਾਂ ਦੇ ਕੇ ਥੱਕ ਗਏ, ਪਰ ਮੈਂ ਸੋਹਣੇ ਯਾਰ ਤੋਂ ਮੁੱਖ ਨਾ ਮੋਰਸਾਂ ਮਾਏ। ਮਾਂ ਪਿਓ ਮੈਨੂੰ ਘਰੋਂ ਬਾਹਰਰ ਕੱਢ ਦੇਣ। ਪਿਆਰੇ ਲਈ ਮੈਂ ਘਰ ਛੱਡ ਦਿਆਂ। ਮੈਂ ਆਪਣੇ ਪ੍ਰੀਤਮ ਦੇ ਜੰਗਲ ਵਿੱਚ ਰਹਾਂ। ਜੋ ਮੈਨੂੰ ਚੰਗੀ ਨਸੀਅਤ ਦਿੰਦੇ, ਉਹਨਾਂ ਨੂੰ ਮੈਂ ਖੁੂਹ ਵਿੱਚ ਸੁੱਟ ਦੇਵਾਂ। ਅਲੀ ਹੈਦਰ ਸਾਡੀਆਂ ਅੱਖਾਂ ਮਿਲੀਆਂ ਹਨ ਅਤੇ ਮੈਂ ਕਦੇ ਵੀ ਆਪਣੇ ਸ਼ਬਦ ਨਾ ਤੋੜਾਂ।
ਸੂਫ਼ੀ ਸ਼ਾਇਰੀ ਦਾ ਅੱਜ ਵੀ ਡੂੰਘਾ ਪ੍ਰਭਾਵ ਹੈ। ਸੂਫ਼ੀ ਸ਼ਾਇਰੀ ਸਿਰਫ਼ ਸਾਹਿਤ ਵਿੱਚ ਹੀ ਨਹੀਂ ਸਗੋਂ ਪੰਜਾਬੀਆਂ ਦੇ ਅਵਚੇਤਨ ਦੀਆਂ ਡੂੰਘਾਣਾ ਤੱਕ ਘੁਲੀ ਮਿਲੀ ਹੈ। ਇਹ ਸਮੂਹ ਪੰਜਾਬੀਆਂ ਨੂੰ ਇੱਕਠਾ ਰੱਖਣ ਵਿੱਚ ਵੀ ਸਹਾਈ ਹੋਈ ਹੈ। ਇਹ ਇੱਕ ਧਰਮ ਨਿਰਪੱਖ ਸ਼ਾਇਰੀ ਹੈ। ਸੂਫ਼ੀ ਕਵਿਤਾ ਦੇ ਪਹੁੰਚਯੋਗ ਅਤੇ ਭਾਵਨਾਤਮਕ ਮਾਧਿਅਮ ਰਾਹੀਂ ਗੁੰਝਲਦਾਰ ਅਧਿਆਤਮਕ ਵਿਚਾਰਾਂ ਨੂੰ ਪ੍ਰਗਟ ਕਰਦੀ ਹੈ। ਪੁਰਾਤਨ ਸੂਫ਼ੀ ਜੋ ਕੁਰਾਨ ਅਤੇ ਹਜ਼ਰਤ ਮੁਹੰਮਦ ਸਾਹਿਬ ਦੀ ਤਾਰੀਫ਼ ਕਰਦੇ ਹਨ। ਉਹ ਹਜ਼ਰਤ ਮੁਹੰਮਦ ਸਾਹਿਬ ਨੂੰ ਮਸੀਹਾ ਮੰਨਦੇ ਹਨ। ਉਹ ਦੂਸਰੇ ਧਰਮਾਂ ਨਾਲ ਸ਼ਹਿਨਸ਼ੀਲ ਹੁੰਦੇ ਹੋਏ ਵੀ ਇਸਲਾਮ ਨੂੰ ਸੱਚਾ ਧਰਮ ਸਵੀਕਾਰ ਕਰਦੇ ਹਨ। ਅਲੀ ਹੈਦਰ ਮੁਲਤਾਨੀ ਇਸੇ ਸ੍ਰੇਣੀ ਦੇ ਕਵੀ ਹਨ। ਉਹ ਪ੍ਰਮੁੱਖ ਸੂਫ਼ੀ ਕਵੀਆਂ ਵਿਚੋਂ ਮੰਨੇ ਜਾਂਦੇ ਹਨ। ਜਿੰਨ੍ਹਾਂ ਦੀ ਰਚਨਾ ਨੂੰ ਇੱਕ ਪ੍ਰਮੁੱਖਤਾ ਦਿੱਤੀ ਜਾਂਦੀ ਹੈ।
ਮੁਲਤਾਨੀ ਅਠਾਰਵੀਂ ਸਦੀ ਦਾ ਪ੍ਰੋੜ ਪੰਜਾਬੀ ਸੂਫ਼ੀ ਕਵੀ ਹੈ। ਉਸ ਦੀ ਕਵਿਤਾ ਮੁੱਖ ਤੌਰ ’ਤੇ ਪੰਜਾਬੀ ਖੇਤਰੀ, ਫਾਰਸੀ ਅਤੇ ਮੁਲਤਾਨੀ ਦੇ ਪ੍ਰਭਾਵਾਂ ਨੂੰ ਦਰਸਾਉਂਦੀ ਹੈ। ਉਸ ਨੇ ਲਹਿੰਦੀ ਭਾਸ਼ਾ ਦਾ ਪ੍ਰਯੋਗ ਕੀਤਾ ਹੈ। ਸਥਾਨਕ ਭਾਸ਼ਾ ਅਤੇ ਟਕਸਾਲੀ ਰੂਪਾਂ ਦੇ ਇੱਕ ਵਿਲੱਖਣ ਸੁਮੇਲ ਨੂੰ ਦਰਸਾਉਂਦੀ ਹੈ। ਇਹ ਸੁਮੇਲ ਮੁਗਲ ਕਾਲ ਅਤੇ ਉਸ ਤੋਂ ਬਾਅਦ ਖੇਤਰੀ ਸ਼ਕਤੀਆਂ ਦੇ ਉਭਾਰ ਦੌਰਾਨ ਪੰਜਾਬ ਵਿੱਚ ਗਤੀਸ਼ੀਲ ਸੱਭਿਆਚਾਰਕ ਆਦਾਨ ਪ੍ਰਦਾਨ ਨੂੰ ਅੰਕਿਤ ਕਰਦਾ ਹੈ। ਉਸ ਦੀ ਕਵਿਤਾ ਮੁੱਖ ਤੌਰ ’ਤੇ ਗਜ਼ਲ ਵਿਧੀ ਵਿੱਚ ਹੈ। ਜਿਸ ਰਾਹੀਂ ਉਸ ਨੇ ਆਪਣੇ ਯੁੱਗ ਦੀਆਂ ਅਧਿਆਤਮਕ ਅਤੇ ਹੋਂਦ ਦੀਆਂ ਚਿੰਤਾਵਾਂ ਨੂੰ ਪ੍ਰਗਟ ਕਰਨ ਲਈ ਅਪਣਾਇਆ। ਗਜ਼ਲਾਂ ਵਿੱਚ ਆਪਣਾ ਖਿਆਲ ਅਲੰਕਾਰਾਂ ਅਤੇ ਪ੍ਰਤੀਕਵਾਦ ਦੀ ਗੁੰਝਲਦਾਰ ਵਰਤੋ ਰਾਹੀਂ ਦਰਸਾਇਆ ਹੈ। ਜੋ ਅਕਸਰ ਦੈਵੀ ਪਿਆਰ ਅਤੇ ਰਹੱਸਵਾਦ ਦੇ ਸੂਫ਼ੀ ਵਿਸ਼ਿਆਂ ਨੂੰ ਦਰਸਾਉਂਦੇ ਹਨ। ਇਹ ਪੰਜਾਬੀ ਸਾਹਿਤ ਦੇ ਵਿਆਪਕ ਰੁਝਾਨ ਨੂੰ ਦਰਸਾਉਂਦਾ ਹੈ।
ਮੁਲਤਾਨੀ ਨੇ ਆਪਣੇ ਕਲਾਮ ਵਿੱਚ ਕੁਰਾਨ ਦੀਆਂ ਆਇਤਾਂ ਦੀ ਖੂਬ ਵਰਤੋਂ ਕੀਤੀ ਹੈ। ਸੰਸਾਰਕ ਸਾਹਿਤ ਦੇ ਰੂਪਾਂ ਦਾ ਵੀ ਪ੍ਰਭਾਵ ਹੈ। ਉਸ ਦੀ ਰਚਨਾ ਵਿੱਚ ਪੰਜਾਬੀ ਸੱਭਿਆਚਾਰ ਦਾ ਪ੍ਰਭਾਵ ਬੜਾ ਸਪਸ਼ਟ ਮਿਲਦਾ ਹੈ। ਉਸ ਨੇ ਲਕੋਕਤੀਆਂ ਦੀ ਵੀ ਵਰਤੋ ਕੀਤੀ ਹੈ। ਉਸ ਦੀ ਰਚਨਾ ਵਿੱਚ ਸੀ ਹਰਫੀਆਂ, ਦੀਵਾਨ , ਦੋਹੜੇ, ਬਾਰਾਂ ਮਾਹ, ਹੀਰ ਰਾਂਝਾ ਅਤੇ ਫੁਟਕਲ ਕਵਿਤਾਵਾਂ ਹਨ। ਉਸ ਦੀ ਕਾਵਿ ਸ਼ੈਲੀ ਵਿੱਚ ਬੜੀ ਸੁੰਦਰ ਤਰਤੀਬ ਹੈ। ਉਸ ਦੀ ਕਵਿਤਾ ਵਿੱਚ ਕਾਵਿ ਪ੍ਰਵਾਹ ਅਤੇ ਸ਼ਬਦਾਵਲੀ ਦੀ ਭਰਪੂਰਤਾ ਮਿਸਾਲੀ ਹੈ। ਉਸ ਦੀ ਕਵਿਤਾ ਅਲੰਕਾਰ ਭਰਪੂਰ ਹੈ। ਜੋ ਪਾਠਕ ਨੂੰ ਮੋਹਿਤ ਕਰਦੀ ਹੈ। ਉਹ ਸੁੂਖਮ ਕਾਵਿ ਵਿੱਚ ਨਿਪੁੰਨ ਸੀ। ਉਹ ਇੱਕ ਚੰਗਾ ਸੰਗੀਤਕਾਰ ਸੀ। ਉਸ ਦਾ ਕਲਾਮ ਅੱਜ ਵੀ ਗਾਇਆ ਜਾਂਦਾ ਹੈ।
ਮੁਲਤਾਨੀ ਦੀ ਰਚਨਾ ਸਮਾਜਿਕ ਰਾਜਨੀਤਿਕ ਟਿੱਪਣੀ ਲਈ ਵੀ ਮਹੱਤਵਪੂਰਨ ਹੈ। ਉਹ ਅਜਿਹੇ ਬਦਲਦੇ ਸਮੇਂ ਦੇ ਦੌਰ ਵਿੱਚ ਗੁਜਰਿਆ, ਜਿਸ ਵਿੱਚ ਮੁਗਲ ਹਕੂਮਤ ਦੇ ਪਤਨ ਅਤੇ ਸਿੱਖਾਂ ਅਤੇ ਖੇਤਰੀ ਸ਼ਕਤੀਆਂ ਦਾ ਉਭਾਰ ਦਾ ਸੰਕੇਤ ਸੀ। ਉਸ ਕਵਿਤਾ ਬਦਲਦੇ ਸਮੇਂ ਦੇ ਤਣਾਅ ਅਤੇ ਤਬਦੀਲੀ ਨੂੰ ਦੱਸਦੀ ਹੈ। ਜਿਸ ਦੀ ਰੌਸ਼ਨੀ ਵਿੱਚ ਪਾਠਕ 18ਵੀਂ ਸਦੀ ਦੇ ਸਮਾਜਿਕ ਰਾਜਨੀਤਿਕ ਦ੍ਰਿਸ਼ ਨੂੰ ਸਮਝ ਸਕਦੇ ਹਨ। ਸਾਸ਼ਨ, ਨਿਆਂ, ਸਮਾਜਿਕ ਭਲਾਈ ਪ੍ਰਤੀ ਉਸ ਦੀ ਚਿੰਤਾ ਦੀ ਜਾਗਰੂਕਤਾ ਨੂੰ ਦਰਸ਼ਾਉਂਦੀ ਹੈ। ਮੁਲਤਾਨੀ ਦਾ ਪ੍ਰਭਾਵ ਸਮੇਂ ਦੀ ਸੋਚ ਤੋਂ ਵੀ ਪਾਰ ਸੀ। ਉਸ ਦੀ ਕਵਿਤਾ ਨੇ ਪੰਜਾਬੀ ਸਾਹਿਤ ਪ੍ਰੰਪਰਾਵਾਂ ਦੇ ਵਿਕਾਸ ਵਿੱਚ ਯੋਗਦਾਨ ਪਾਇਆ। ਮੁਲਤਾਨੀ ਨੇ ਬੇਇਨਸਾਫ਼ੀ ਅਤੇ ਜੁਲਮ ਦੇ ਖ਼ਿਲਾਫ਼ ਆਪਣੀ ਆਵਾਜ਼ ਉਲੰਦ ਕੀਤੀ।
ਉਸ ਨੇ ਸਾਹਿਤ ਖੇਤਰ ਵਿੱਚ ਆਉਣ ਵਾਲੀਆਂ ਸਾਹਿਤਕ ਲਹਿਰਾਂ ਦੇ ਪੂਰਵਗਰਾਮੀ ਵਜੋਂ ਕੰਮ ਕੀਤਾ। ਉਹ ਪੰਜਾਬੀ ਸੂਫ਼ੀ ਸਾਹਿਤ ਨੂੰ ਕਈ ਕਦਮ ਅੱਗੇ ਲੈ ਗਿਆ। ਉਸ ਦੀ ਰਚਨਾ ਦੀ ਕਲਾਤਮਕ ਯੋਗਤਾ ਅਤੇ ਉਸ ਦੇ ਸਮੇਂ ਦੀਆਂ ਇਤਿਹਾਸਕ ਅਤੇ ਸੱਭਿਆਚਾਰਕ ਸਥਿਤੀਆਂ ਦੇ ਪ੍ਰਤੀਬਿੰਬ ਦਾ ਅਧਿਐਨ ਕੀਤਾ ਗਿਆ ਹੈ। ਜਿਸ ਵਿੱਚ ਉਹ ਪੰਜਾਬੀ ਸੂਫ਼ੀ ਸਾਹਿਤ ਦੇ ਇਤਿਹਾਸ ਵਿੱਚ ਇੱਕ ਪ੍ਰਮੁੱਖ ਸ਼ਖਸ਼ੀਅਤ ਬਣ ਗਿਆ ਹੈ। ਉਸ ਦਾ ਉਹੀ ਰੁਤਬਾ ਅੱਜ ਵੀ ਕਾਇਮ ਹੈ। ਉਸ ਦੀ ਕਵਿਤਾ ਨਾ ਸਿਰਫ਼ ਉਸ ਦੇ ਯੁੱਗ ਦੀਆਂ ਕਲਾਤਮਕ ਪ੍ਰਾਪਤੀਆਂ ਦੀ ਉਦਾਹਰਨ ਦਿੰਦੀ ਹੈ, ਬਲਕਿ 18ਵੀਂ ਸਦੀ ਦੇ ਪੰਜਾਬ ਦੇ ਇਤਿਹਾਸਕ ਅਤੇ ਸੱਭਿਆਚਾਰਕ ਸੰਦਰਭ ਦੀ ਕੀਮਤੀ ਸੂਝ ਵੀ ਪ੍ਰਦਾਨ ਕਰਦੀ ਹੈ। ਉਸ ਦੀ ਵਿਰਾਸਤ ਵਿਦਵਤਾ ਦੀ ਦਿਲਚਸਪੀ ਦਾ ਵਿਸ਼ਾ ਬਣੀ ਹੋਈ ਹੈ। ਸਾਹਿਤਕ ਖੇਤਰ ਅਤੇ ਸੱਭਿਆਚਾਰਕ ਵਿਰਾਸਤ ਬਾਰੇ ਸਮਝਾਉਂਦੀ ਹੈ।
8 ਜੂਨ, 1785 ਨੂੰ ਅਲੀ ਹੈਦਰ ਮੁਲਤਾਨੀ ਦਾ ਦਿਹਾਂਤ ਆਪਣੇ ਪਿੰਡ ਚੋਂਤਰਾ ਵਿੱਚ ਹੋਇਆ, ਜਿੱਥੇ ਉਸ ਨੇ ਆਪਣੀ ਸਾਰੀ ਜਿੰਦਗੀ ਗੁਜਾਰੀ। ਜਿੱਥੇ ਉਸਦਾ ਮਜਾਰ ਹੈ ਅਤੇ ਉਸ ਦੇ ਉਰਸ ਦਾ ਹਰ ਸਾਲ ਮੇਲਾ ਲੱਗਦਾ ਹੈ।