
ਚੰਡੀਗੜ੍ਹ,11 ਫਰਵਰੀ:
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪੰਜਾਬ ਦੇ ਸਾਰੇ ਵਿਧਾਇਕਾਂ, ਮੰਤਰੀਆਂ ਅਤੇ ਸੰਸਦ ਮੈਂਬਰਾਂ ਨਾਲ ਦਿੱਲੀ ਦੇ ਕਪੂਰਥਲਾ ਹਾਊਸ ਵਿਚ ਚੱਲ ਰਹੀ ਮੀਟਿੰਗ ਸਮਾਪਤ ਹੋ ਗਈ ਹੈ। ਮੀਟਿੰਗ ਉਪਰੰਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ‘‘ਦਿੱਲੀ ਚੋਣਾਂ ਵਿੱਚ ਪੰਜਾਬ ਦੇ ਸਾਡੇ ਸਾਥੀਆਂ ਨੇ ਬਹੁਤ ਮਿਹਨਤ ਕੀਤੀ, ਇਸ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਪੰਜਾਬ ਵਿੱਚ ਸਾਡੀ ਸਰਕਾਰ ਲੋਕਾਂ ਦੇ ਹਿੱਤ ਵਿੱਚ ਕੰਮ ਕਰ ਰਹੀ ਹੈ, ਜਿਸ ਵਿਚ ਬਿਜਲੀ, ਸਿੱਖਿਆ ਆਦਿ ਖੇਤਰ ਸ਼ਾਮਲ ਹਨ, ਅਸੀਂ ਉਸ ਵਿਚ ਹੋਰ ਤੇਜ਼ੀ ਲਿਆਉਣੀ ਹੈ।’’
ਮਾਨ ਨੇ ਕਿਹਾ, ‘‘ਹਾਰ-ਜਿੱਤ ਹੁੰਦੀ ਰਹਿੰਦੀ ਹੈ, ਅਸੀਂ ਦਿੱਲੀ ਦੀ ਟੀਮ ਦੇ ਤਜਰਬੇ ਨੂੰ ਪੰਜਾਬ ਵਿੱਚ ਲਾਗੂ ਕਰਾਂਗੇ ਕਿਉਂਕਿ ਸਾਡੀ ਪਾਰਟੀ ਆਪਣੇ ਕੰਮ ਲਈ ਜਾਣੀ ਜਾਂਦੀ ਹੈ ਅਤੇ ਅਸੀਂ ਧਰਮ, ਗੁੰਡਾਗਰਦੀ ਦੀ ਰਾਜਨੀਤੀ ਨਹੀਂ ਕਰਦੇ। ਅੱਜ ਦਿੱਲੀ ਤੇ ਪੰਜਾਬ ਦੀਆਂ ਟੀਮਾਂ ਨੇ ਮਿਲ ਕੇ ਫੈਸਲਾ ਕੀਤਾ ਹੈ ਕਿ ਅਸੀਂ ਪੰਜਾਬ ਨੂੰ ਇੱਕ ਮਾਡਲ ਬਣਾਵਾਂਗੇ ਅਤੇ ਦੇਸ਼ ਨੂੰ ਦਿਖਾਵਾਂਗੇ।”
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਪੂਰਥਲਾ ਹਾਊਸ ਵਿਚ ਹੋਈ ਬੈਠਕ ਦੇ ਹਵਾਲੇ ਨਾਲ ਕਿਹਾ, ‘‘ਪੰਜਾਬ ਨੂੰ ਕੌਮੀ ਪੱਧਰ ਦਾ ਮਾਡਲ ਬਣਾਇਆ ਜਾਵੇਗਾ, ਜਿਸ ਸਬੰਧੀ ਅੱਜ ਚਰਚਾ ਹੋਈ ਅਤੇ ਦਿੱਲੀ ਦੀ ਹਾਰ ਨੂੰ ਲੈ ਕੇ ਵੀ ਮੰਥਨ ਹੋਇਆ ਹੈ।’’
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੀਟਿੰਗ ਨੂੰ ਲੈ ਕੇ ਕਿਹਾ, “ਦਿੱਲੀ ਅਸੈਂਬਲੀ ਚੋਣਾਂ ਮਗਰੋਂ AAP ਦੀ ਪੰਜਾਬ ਇਕਾਈ ਦਿੱਲੀ ਆਈ ਸੀ। ਅਰਵਿੰਦ ਕੇਜਰੀਵਾਲ ਨੇ ਸਭ ਦਾ ਧੰਨਵਾਦ ਕੀਤਾ। ਆਉਣ ਵਾਲੇ ਦੋ ਸਾਲਾਂ ਵਿੱਚ ਪੰਜਾਬ ਵਿੱਚ ਵਿਕਾਸ ਕੰਮਾਂ ਨੂੰ ਹੋਰ ਕਿਵੇਂ ਕੰਮ ਤੇਜ਼ ਕਰਨਾ ਹੈ, ਉਸ ‘ਤੇ ਚਰਚਾ ਹੋਈ…ਅਸੀਂ ਹੋਰ ਕੰਮ ਕਰਾਂਗੇ ਅਤੇ ਪੂਰੇ ਦੇਸ਼ ਵਿੱਚ AAP ਦਾ ਵਿਸਤਾਰ ਹੋਵੇਗਾ।’’