ਅੰਗਰੇਜ਼ੀ ਬਣੀ ਅਮਰੀਕਾ ਦੀ ਸਰਕਾਰੀ ਭਾਸ਼ਾ

In ਅਮਰੀਕਾ
March 03, 2025
ਵਾਸ਼ਿੰਗਟਨ/ਏ.ਟੀ.ਨਿਊਜ਼: ਰਾਸ਼ਟਰਪਤੀ ਡੋਨਲਡ ਟਰੰਪ ਨੇ ਅੰਗਰੇਜ਼ੀ ਨੂੰ ਅਮਰੀਕਾ ਦੀ ਅਧਿਕਾਰਤ ਭਾਸ਼ਾ ਬਣਾਉਣ ਸਬੰਧੀ ਸਰਕਾਰੀ ਹੁਕਮਾਂ ’ਤੇ ਸਹੀ ਪਾ ਦਿੱਤੀ ਹੈ। ਇਹ ਹੁਕਮ ਸੰਘੀ ਵਿੱਤੀ ਇਮਦਾਦ ਹਾਸਲ ਕਰਨ ਵਾਲੀਆਂ ਸਰਕਾਰੀ ਏਜੰਸੀਆਂ ਤੇ ਸੰਗਠਨਾਂ ਨੂੰ ਇਸ ਗੱਲ ਦੀ ਚੋਣ ਕਰਨ ਦੀ ਪ੍ਰਵਾਨਗੀ ਦਿੰਦਾ ਹੈ ਕਿ ਉਹ ਅੰਗਰੇਜ਼ੀ ਤੋਂ ਇਲਾਵਾ ਹੋਰ ਕਿਸੇ ਵੀ ਭਾਸ਼ਾ ਵਿੱਚ ਦਸਤਾਵੇਜ਼ ਤੇ ਸੇਵਾਵਾਂ ਪ੍ਰਦਾਨ ਕਰਨਾ ਜਾਰੀ ਰੱਖਣਾ ਚਾਹੁੰਦੇ ਹਨ ਜਾਂ ਨਹੀਂ। ਇਹ ਕਾਨੂੰਨ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੇ ਉਸ ਹੁਕਮ ਨੂੰ ਖਾਰਜ ਕਰਦਾ ਹੈ ਜਿਸ ਤਹਿਤ ਸਰਕਾਰ ਤੇ ਸੰਘੀ ਵਿੱਤੀ ਇਮਦਾਦ ਹਾਸਲ ਕਰਨ ਵਾਲੇ ਸੰਗਠਨਾਂ ਲਈ ਗੈਰ ਅੰਗਰੇਜ਼ੀ ਬੋਲਣ ਵਾਲਿਆਂ ਨੂੰ ਸਹਾਇਤਾ ਪ੍ਰਦਾਰ ਕਰਨਾ ਲਾਜ਼ਮੀ ਸੀ। ਟਰੰਪ ਵੱਲੋਂ ਦਸਤਖਤ ਕੀਤੇ ਗਏ ਹੁਕਮ ਅਨੁਸਾਰ, ‘‘ਅੰਗਰੇਜ਼ੀ ਨੂੰ ਸਰਕਾਰੀ ਭਾਸ਼ਾ ਵਜੋਂ ਸਥਾਪਤ ਕਰਨ ਨਾਲ ਨਾ ਸਿਰਫ਼ ਸੰਚਾਰ ਨੂੰ ਸੁਚਾਰੂ ਬਣਾਇਆ ਜਾਵੇਗਾ ਸਗੋਂ ਸਾਂਝੇ ਰਾਸ਼ਟਰੀ ਮੁੱਲਾਂ ਨੂੰ ਵੀ ਮਜ਼ਬੂਤੀ ਮਿਲੇਗੀ ਅਤੇ ਇੱਕ ਵਧੇਰੇ ਇਕਸੁਰ ਅਤੇ ਕੁਸ਼ਲ ਸਮਾਜ ਦੀ ਸਿਰਜਣਾ ਹੋਵੇਗੀ।’’ ਕਾਰਜਕਾਰੀ ਹੁਕਮ ਵਿੱਚ ਕਿਹਾ ਗਿਆ ਹੈ, ‘‘ਨਵੇਂ ਅਮਰੀਕੀਆਂ ਦਾ ਸਵਾਗਤ ਕਰਦੇ ਹੋਏ, ਸਾਡੀ ਰਾਸ਼ਟਰੀ ਭਾਸ਼ਾ ਸਿੱਖਣ ਅਤੇ ਅਪਣਾਉਣ ਨੂੰ ਉਤਸ਼ਾਹਿਤ ਕਰਨ ਦੀ ਨੀਤੀ ਅਮਰੀਕਾ ਨੂੰ ਇੱਕ ਸਾਂਝਾ ਘਰ ਬਣਾਏਗੀ ਅਤੇ ਨਵੇਂ ਨਾਗਰਿਕਾਂ ਨੂੰ ਅਮਰੀਕੀ ਸੁਪਨੇ ਨੂੰ ਪ੍ਰਾਪਤ ਕਰਨ ਲਈ ਸ਼ਕਤੀ ਪ੍ਰਦਾਨ ਕਰੇਗੀ।’’

Loading