ਅੰਤਰਰਾਸ਼ਟਰੀ ਆਲੋਚਨਾ ਵਿਚ ਘਿਰਿਆ ਭਾਰਤੀ ਮੀਡੀਆ

ਅੱਜ ਦਾ ਭਾਰਤੀ ਮੀਡੀਆ, ਵਿਸ਼ੇਸ਼ ਕਰਕੇ ਇਲੈਕਟ੍ਰਾਨਿਕ ਮੀਡੀਆ, ਇਸ ਸੰਵੇਦਨਸ਼ੀਲ ਭੂਮਿਕਾ ਤੋਂ ਭਟਕ ਗਿਆ ਹੈ। ਇਹ ਸਮਾਜ ਦੀ ਆਤਮਾ ਨੂੰ ਜਗਾਉਣ ਦੀ ਬਜਾਏ, ਨਫ਼ਰਤ, ਹਿੰਸਾ ਅਤੇ ਫਿਰਕੂਵਾਦ ਦੀ ਅੱਗ ਨੂੰ ਹਵਾ ਦੇ ਰਿਹਾ ਹੈ। ਇਹ ਸਮਾਜ ਦੀ ਸੇਵਾ ਕਰਨ ਤੇ ਮੁੱਦੇ ਚੁਕਣ ਦੀ ਬਜਾਏ ਸੱਤਾ ਦਾ ਭੌਂਪੂ ਬਣ ਗਿਆ ਹੈ ਅਤੇ ਇਹ ਸਮਾਜ ਦੀ ਆਤਮਾ ਨੂੰ ਜ਼ਖ਼ਮੀ ਕਰਦਾ ਹੈ।ਭਾਰਤੀ ਮੀਡੀਆ ਅਤੇ ਫਰਜ਼ੀ ਖ਼ਬਰਾਂ ਦਾ ਪ੍ਰਸਾਰਭਾਰਤੀ ਮੀਡੀਆ, ਖ਼ਾਸਕਰ ਹਿੰਦੀ ਇਲੈਕਟ੍ਰਾਨਿਕ ਮੀਡੀਆ, ਨੂੰ "ਗੋਦੀ ਮੀਡੀਆ" ਦੇ ਨਾਮ ਨਾਲ ਜਾਣਿਆ ਜਾਣ ਲੱਗਾ ਹੈ। ਇਸ ਦੀ ਸਭ ਤੋਂ ਵੱਡੀ ਵਜ੍ਹਾ ਹੈ ਫਰਜ਼ੀ ਅਤੇ ਸਨਸਨੀਖੇਜ਼ ਖ਼ਬਰਾਂ ਦਾ ਪ੍ਰਸਾਰ। ਭਾਰਤ-ਪਾਕਿਸਤਾਨ ਤਣਾਅ ਦੌਰਾਨ, ਜਿਵੇਂ ਕਿ 'ਅਪਰੇਸ਼ਨ ਸੰਧੂਰ' (7 ਮਈ 2025) ਦੇ ਸਮੇਂ, ਮੀਡੀਆ ਨੇ ਅਜਿਹੀਆਂ ਖ਼ਬਰਾਂ ਪ੍ਰਸਾਰਿਤ ਕੀਤੀਆਂ ਜੋ ਨਾ ਸਿਰਫ ਤੱਥਹੀਣ ਸਨ, ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੀ ਜੱਗ-ਹਸਾਈ ਦਾ ਕਾਰਨ ਬਣੀਆਂ। ਉਦਾਹਰਣ ਵਜੋਂ, "ਪਾਕਿਸਤਾਨ 'ਤੇ ਜਲਦ ਕਬਜ਼ਾ", "ਕਰਾਚੀ ਨਕਸ਼ੇ ਤੋਂ ਗਾਇਬ", ਜਾਂ "ਭਾਰਤ ਨੇ ਇਸਲਾਮਾਬਾਦ 'ਤੇ ਕਬਜ਼ਾ ਕਰ ਲਿਆ" ਵਰਗੀਆਂ ਸੁਰਖੀਆਂ ਨੇ ਪੱਤਰਕਾਰਤਾ ਦੇ ਮਿਆਰਾਂ ਨੂੰ ਡੁੱਬੋ ਦਿੱਤਾ। ਇਹ ਸੁਰਖੀਆਂ ਸਿਰਫ ਸਨਸਨੀਖੇਜ਼ ਹੀ ਨਹੀਂ ਸਨ, ਸਗੋਂ ਇਨ੍ਹਾਂ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦਾ ਕੰਮ ਵੀ ਕੀਤਾ। ਇਪਸੌਸ ਗਰੁੱਪ ਦੇ ਅਧਿਐਨ ਅਨੁਸਾਰ, ਭਾਰਤੀਆਂ ਦੀ ਅਸਲੀ ਅਤੇ ਫਰਜ਼ੀ ਖ਼ਬਰਾਂ ਵਿੱਚ ਫਰਕ ਕਰਨ ਦੀ ਸਮਰੱਥਾ ਸਭ ਤੋਂ ਕਮਜ਼ੋਰ ਹੈ। ਇਸ ਦਾ ਮੁੱਖ ਕਾਰਨ ਮੀਡੀਆ ਦੀ ਸਨਸਨੀਖੇਜ਼ ਅਤੇ ਭਾਵੁਕ ਰਿਪੋਰਟਿੰਗ ਹੈ, ਜੋ ਲੋਕਾਂ ਨੂੰ ਤੱਥਾਂ ਦੀ ਪੜਤਾਲ ਕਰਨ ਦੀ ਬਜਾਏ ਭਾਵਨਾਤਮਕ ਪ੍ਰਤੀਕਿਰਿਆ ਵੱਲ ਧੱਕਦੀ ਹੈ। "ਭਾਰਤ ਸਰਕਾਰ ਵੱਲੋਂ ਮੀਡੀਆ ਦੀ ਇਸ ਗੈਰ-ਜ਼ਿੰਮੇਵਾਰਾਨਾ ਰਿਪੋਰਟਿੰਗ 'ਤੇ ਕੋਈ ਸਖ਼ਤ ਕਾਰਵਾਈ ਨਾ ਕਰਨਾ ਵੀ ਇੱਕ ਵੱਡਾ ਸਵਾਲ ਹੈ। ਪ੍ਰੈਸ ਫਰੀਡਮ ਇੰਡੈਕਸ 2025 ਅਨੁਸਾਰ, 180 ਦੇਸ਼ਾਂ ਵਿੱਚ ਭਾਰਤ 151ਵੇਂ ਸਥਾਨ 'ਤੇ ਹੈ, ਜੋ ਮੀਡੀਆ ਦੀ ਆਜ਼ਾਦੀ ਅਤੇ ਭਰੋਸੇਯੋਗਤਾ ਦੀ ਨੀਵੀਂ ਸਥਿਤੀ ਨੂੰ ਦਰਸਾਉਂਦਾ ਹੈ। ਪਰ ਸਰਕਾਰ ਦੀ ਚੁੱਪੀ ਦਾ ਮੁੱਖ ਕਾਰਨ ਕੀ ਹੈ?ਇੱਕ ਵਜ੍ਹਾ ਇਹ ਹੋ ਸਕਦੀ ਹੈ ਕਿ ਮੀਡੀਆ ਦੀ ਅਜਿਹੀ ਰਿਪੋਰਟਿੰਗ ਸਰਕਾਰ ਦੇ ਰਾਸ਼ਟਰਵਾਦੀ ਏਜੰਡੇ ਨੂੰ ਮਜ਼ਬੂਤ ਕਰਦੀ ਹੈ। ਸਰਕਾਰ ਨੇ ਕੁਝ ਮੌਕਿਆਂ 'ਤੇ ਮੀਡੀਆ ਲਈ ਐਡਵਾਈਜ਼ਰੀ ਜਾਰੀ ਕੀਤੀ, ਜਿਵੇਂ ਕਿ ਭਾਰਤ-ਪਾਕਿਸਤਾਨ ਤਣਾਅ ਦੌਰਾਨ ਲਾਈਵ ਕਵਰੇਜ ਨਾ ਕਰਨ ਦੀ ਸਲਾਹ, ਪਰ ਇਹ ਸਿਰਫ ਸਤਹੀ ਕਦਮ ਸਨ। ਕੋਈ ਸਖ਼ਤ ਕਾਨੂੰਨੀ ਜਾਂ ਨਿਯਮਕ ਕਾਰਵਾਈ ਨਹੀਂ ਹੋਈ, ਜੋ ਮੀਡੀਆ ਨੂੰ ਜਵਾਬਦੇਹ ਬਣਾਉਂਦੀ। ਅੰਤਰਰਾਸ਼ਟਰੀ ਮੀਡੀਆ ਦੀ ਨਜ਼ਰ ਵਿੱਚ ਭਾਰਤੀ ਮੀਡੀਆ ਅੰਤਰਰਾਸ਼ਟਰੀ ਮੀਡੀਆ ਨੇ ਭਾਰਤੀ ਮੀਡੀਆ ਦੀ ਇਸ ਗੈਰ-ਜ਼ਿੰਮੇਵਾਰੀ ਨੂੰ ਸਖ਼ਤ ਆਲੋਚਨਾ ਦਾ ਨਿਸ਼ਾਨਾ ਬਣਾਇਆ ਹੈ। 'ਦਿ ਨਿਊਯਾਰਕ ਟਾਈਮਜ਼' ਨੇ ਲਿਖਿਆ ਕਿ ਭਾਰਤੀ ਮੀਡੀਆ ਨੇ "ਤੱਥਾਂ ਦੀ ਪੜਤਾਲ ਕੀਤੇ ਬਿਨਾਂ ਮਨਘੜਤ ਰਿਪੋਰਟਾਂ ਪ੍ਰਸਾਰਿਤ ਕਰਕੇ ਰਾਸ਼ਟਰਵਾਦ ਦੇ ਬੁਖਾਰ ਨੂੰ ਹਵਾ ਦਿੱਤੀ।" 'ਦਿ ਇਕੌਨੋਮਿਸਟ' ਨੇ ਇਸ ਨੂੰ "ਅਪਮਾਨਜਨਕ ਅਤੇ ਬੇਹੂਦਾ" ਕਰਾਰ ਦਿੱਤਾ, ਜਿਸ ਵਿੱਚ ਐਂਕਰਾਂ ਨੇ "ਕਰਾਚੀ ਨੂੰ ਅੱਗ ਲਗਾਉਣ" ਜਾਂ "ਸਾਰੇ ਸ਼ਹਿਰ ਨੂੰ ਉਡਾਉਣ" ਵਰਗੀਆਂ ਮੰਗਾਂ ਉਠਾਈਆਂ। ਇਹ ਅੰਤਰਰਾਸ਼ਟਰੀ ਆਲੋਚਨਾ ਸਿਰਫ ਭਾਰਤੀ ਮੀਡੀਆ ਦੀ ਸਾਖ ਨੂੰ ਹੀ ਨਹੀਂ ਡੁਬੋਂਦੀ, ਸਗੋਂ ਭਾਰਤ ਦੀ ਅੰਤਰਰਾਸ਼ਟਰੀ ਚਿੱਤਰ ਨੂੰ ਵੀ ਧੂੰਧਲਾ ਕਰਦੀ ਹੈ। ਬ੍ਰਾਡਕਾਸਟ ਆਡੀਐਂਸ ਰਿਸਰਚ ਕੌਂਸਲ (BARC) ਦੀ ਰਿਪੋਰਟ ਅਨੁਸਾਰ, 'ਅਪਰੇਸ਼ਨ ਸਿੰਧੂਰ' ਵਰਗੀਆਂ ਮਹੱਤਵਪੂਰਨ ਘਟਨਾਵਾਂ ਦੌਰਾਨ ਵੀ ਲੋਕਾਂ ਨੇ ਨਿਊਜ਼ ਚੈਨਲਾਂ ਦੀ ਬਜਾਏ ਆਈਪੀਏਲ ਮੈਚ ਦੇਖਣ ਨੂੰ ਤਰਜੀਹ ਦਿੱਤੀ। ਇਹ ਸੰਕੇਤ ਦਿੰਦਾ ਹੈ ਕਿ ਮੀਡੀਆ ਦੀ ਭਰੋਸੇਯੋਗਤਾ 'ਤੇ ਲੋਕਾਂ ਦਾ ਵਿਸ਼ਵਾਸ ਘਟ ਰਿਹਾ ਹੈ।ਇਸ ਦਾ ਇੱਕ ਮੁੱਖ ਕਾਰਨ ਹੈ ਮੀਡੀਆ ਦੀ ਟੀਆਰਪੀ ਦੀ ਦੌੜ। ਇਸ ਹੋੜ ਵਿੱਚ, ਮੀਡੀਆ ਸੱਚਾਈ ਨੂੰ ਛੱਡ ਕੇ ਸਨਸਨੀਖੇਜ਼ ਅਤੇ ਭਾਵੁਕ ਖ਼ਬਰਾਂ 'ਤੇ ਜ਼ੋਰ ਦਿੰਦਾ ਹੈ। ਮੀਡੀਆ ਨੂੰ ਆਪਣੀ ਪੇਸ਼ੇਵਰਤਾ ਅਤੇ ਨਿਰਪੱਖਤਾ ਵੱਲ ਮੁੜਨ ਦੀ ਲੋੜ ਹੈ। ਸਰਕਾਰ ਨੂੰ ਵੀ ਸਖ਼ਤ ਨਿਯਮਕ ਕਦਮ ਚੁੱਕਣੇ ਪੈਣਗੇ, ਤਾਂ ਜੋ ਮੀਡੀਆ ਜਵਾਬਦੇਹ ਬਣੇ।ਸਮਾਜ ਨੂੰ ਵੀ ਸੁਚੇਤ ਹੋਣ ਦੀ ਜ਼ਰੂਰਤ ਹੈ। ਲੋਕਾਂ ਨੂੰ ਫਰਜ਼ੀ ਖ਼ਬਰਾਂ ਅਤੇ ਸੱਚ ਦੇ ਵਿਚਕਾਰ ਫਰਕ ਕਰਨ ਦੀ ਸਮਰੱਥਾ ਵਧਾਉਣੀ ਚਾਹੀਦੀ। ਜਿਵੇਂ ਕਿ ਇਪਸੌਸ ਦੀ ਰਿਪੋਰਟ ਸੁਝਾਉਂਦੀ ਹੈ, ਭਾਰਤੀਆਂ ਨੂੰ ਆਲੋਚਨਾਤਮਕ ਚਿੰਤਨ ਦੀ ਲੋੜ ਹੈ।

Loading