ਅੰਦਰ ਬੈਠੇ ਲੋਕਾਂ ਨੇ ਤਬਾਹ ਕੀਤੀਆਂ ਪੰਥਕ ਸੰਸਥਾਵਾਂ : ਗਿਆਨੀ ਹਰਪ੍ਰੀਤ ਸਿੰਘ

In ਪੰਜਾਬ
February 21, 2026

ਜਲੰਧਰ/ ਏ.ਟੀ.ਨਿਊਜ਼: ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਜਲੰਧਰ ਦੇ ਪ੍ਰਤਾਪਪੁਰਾ ਵਿੱਚ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਡੀਆਂ ਸੰਸਥਾਵਾਂ ਨੂੰ ਬਾਹਰੋਂ ਨਹੀਂ ਅੰਦਰ ਬੈਠੇ ਲੋਕਾਂ ਨੇ ਤਬਾਹ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਚੁਣੀ ਹੋਈ ਨੁਮਾਇੰਦਾ ਸੰਸਥਾ ਸੀ। ਇਸ ਸੰਸਥਾ ਦਾ ਪ੍ਰਧਾਨ ਅੱਜ ਕਹਿ ਰਿਹਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਹੀ ਹੈ। ਅਜਿਹੇ ਸਿਪਾਹੀ ਦੀ ਅਗਵਾਈ ਵਿੱਚ ਘਪਲੇ ਹੋ ਰਹੇ ਹਨ ਪਰ ਉਹ ਕੁਝ ਵੀ ਨਹੀਂ ਕਰ ਪਾ ਰਿਹਾ। ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਉੱਤੇ ਲੱਗ ਰਹੇ ਇਲਜ਼ਾਮਾਂ ਦੀ ਪੁਸ਼ਟੀ ਕਰ ਦਿੱਤੀ ਹੈ। ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਸੀ ਕਿ ਇਸ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਂਦੀ। ਇਸ ਦੇ ਉਲਟ ਕਮੇਟੀ ਪ੍ਰਧਾਨ ਨੇ ਉਨ੍ਹਾਂ ਨੂੰ ਹੀ ਨੋਟਿਸ ਭੇਜ ਕੇ ਸਬੂਤ ਦੇਣ ਲਈ ਕਹਿ ਦਿੱਤਾ ਹੈ। ਉਨ੍ਹਾਂ ਕਿਹਾ ਕਿ ਐੱਸ ਜੀ ਪੀ ਸੀ ਦਾ ਮੁੱਖ ਸਕੱਤਰ ਤਾਂ ਇਹ ਕਹਿ ਰਿਹਾ ਹੈ ਕਿ ਹੈੱਡ ਗ੍ਰੰਥੀ ਏਜੰਸੀਆਂ ਦੇ ਕਹੇ ’ਤੇ ਬੋਲ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਮੀਟਿੰਗ ਦੌਰਾਨ ਲੋਕ ਆਪ ਮੁਹਾਰੇ ਜੁੜੇ ਹਨ ਜਦੋਂਕਿ ਇੱਕ ਧੜਾ ਆਪਣੀਆਂ ਰੈਲੀਆਂ ਦੇ ਲਾਲਚ ’ਚ ਇਕੱਠ ਕਰ ਰਿਹਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਦੇ ਸਿਧਾਂਤ ’ਤੇ ਪਹਿਰਾ ਦੇਣ ਲਈ ਇਕੱਠੇ ਹੋਏ ਹਨ ਪਰ ਸਿਧਾਂਤ ਤੋਂ ਭਗੌੜੇ ਅਜੇ ਵੀ ਸੰਗਤ ਨੂੰ ਗੰੁਮਰਾਹ ਕਰ ਰਹੇ ਹਨ। ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅੱਜ ਦਾ ਇਕੱਠ ਪੁਨਰ ਸੁਰਜੀਤ ਹੋਏ ਅਕਾਲੀ ਦਲ ਨੂੰ ਮਜ਼ਬੂਤੀ ਦੇਵੇਗਾ।
ਇਸ ਮੀਟਿੰਗ ਨੂੰ ਸਰਵਣ ਸਿੰਘ ਫਿਲੌਰ, ਮਹਿੰਦਰ ਸਿੰਘ ਹੁਸੈਨਪੁਰ, ਬੀਬੀ ਹਰਜੀਤ ਕੌਰ ਤਲਵੰਡੀ, ਜਰਨੈਲ ਸਿੰਘ ਗੜਦੀਵਾਲ ਆਦਿ ਨੇ ਵੀ ਸੰਬੋਧਨ ਕੀਤਾ।

Loading