
ਡਾਕਟਰ ਅਰੁਣ ਮਿੱਤਰਾ :
ਭਾਰਤ ਦੇ ਸੰਵਿਧਾਨ ਵਿਚ 1976 ਨੂੰ ਹੋਈ 42ਵੀਂ ਸੋਧ ਦੌਰਾਨ ਮੌਲਿਕ ਕਰਤੱਵਾਂ ਦੇ ਤਹਿਤ ਵਿਗਿਆਨਕ ਦ੍ਰਿਸ਼ਟੀਕੋਣ ਨੂੰ ਜੋੜਿਆ ਗਿਆ ਸੀ, ਜਿਸ ਵਿਚ ਕਿਹਾ ਗਿਆ ਹੈ ਕਿ ਭਾਰਤ ਦੇ ਹਰੇਕ ਨਾਗਰਿਕ ਦਾ ਕਰਤੱਵ ਹੈ ਕਿ ਉਹ ਆਪਣੇ ਅੰਦਰ ਵਿਗਿਆਨਕ ਦ੍ਰਿਸ਼ਟੀਕੋਣ, ਮਾਨਵਤਾਵਾਦ ਅਤੇ ਜਾਂਚ-ਪੜਤਾਲ ਤੇ ਸੁਧਾਰ ਦੀ ਭਾਵਨਾ ਨੂੰ ਵਿਕਸਤ ਕਰੇਗਾ। ਪਿਛਲੇ ਕੁਝ ਸਾਲਾਂ ਦੌਰਾਨ ਰਾਜ (ਸੱਤਾ ਧਿਰ) ਦੁਆਰਾ ਇਕ ਅਜਿਹਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ, ਜਿਸ ਵਿਚ ਸਵਾਲ ਕਰਨ ਜਾਂ ਵਿਸ਼ਲੇਸ਼ਣ ਕਰਨ ਦੀ ਪ੍ਰਵਿਰਤੀ ਦੀ ਬਜਾਏ ਅੰਧਵਿਸ਼ਵਾਸ ਵਿਚ ਰਹਿਣ ਦੀ ਪ੍ਰਵਿਰਤੀ ਵਿਕਸਤ ਕੀਤੀ ਜਾ ਰਹੀ ਹੈ। ਜੇਕਰ ਅਧਿਕਾਰਤ ਅੰਕੜਿਆਂ 'ਤੇ ਵਿਸ਼ਵਾਸ ਕੀਤਾ ਜਾਵੇ ਤਾਂ ਪ੍ਰਯਾਗਰਾਜ ਵਿਚ ਕੁੰਭ ਮੇਲੇ ਦੌਰਾਨ 65 ਕਰੋੜ ਤੋਂ ਵੱਧ ਲੋਕਾਂ ਨੇ ਨਾ ਸਿਰਫ਼ ਬਹੁਤ ਜ਼ਿਆਦਾ ਪ੍ਰਦੂਸ਼ਿਤ ਪਾਣੀ ਵਿਚ ਇਸ਼ਨਾਨ ਕੀਤਾ ਸਗੋਂ ਇਹ ਪਾਣੀ ਪੀਤਾ ਵੀ ਅਤੇ ਬੋਤਲਾਂ ਵਿਚ ਭਰ ਕੇ ਦੂਜਿਆਂ ਲਈ 'ਚਰਨਾਮਿਤ' ਦੇ ਰੂਪ ਵਿਚ ਆਪਣੇ ਨਾਲ ਵੀ ਲੈ ਕੇ ਗਏ, ਜਿਸ ਨੂੰ ਆਪਣੇ ਪਰਿਵਾਰਕ ਜੀਆਂ ਤੇ ਗੁਆਂਢੀਆਂ ਨੂੰ ਵੀ ਪਿਲਾਇਆ। ਇਹ ਸਭ ਕੁਝ ਸਰਕਾਰੀ ਸੰਸਥਾਵਾਂ, ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਵਲੋਂ ਇਹ ਚਿਤਾਵਨੀ ਦਿੱਤੇ ਜਾਣ ਦੇ ਬਾਵਜੂਦ ਹੋਇਆ ਕਿ ਪਾਣੀ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੋਣ ਕਰਕੇ ਪੀਣਾ ਤਾਂ ਛੱਡੋ, ਨਹਾਉਣ ਦੇ ਵੀ ਯੋਗ ਨਹੀਂ ਹੈ।
ਬਿਹਾਰ ਪ੍ਰਦੂਸ਼ਣ ਬੋਰਡ ਵਲੋਂ ਵੀ ਪੇਸ਼ ਕੀਤੀ ਗਈ ਇਸੇ ਤਰ੍ਹਾਂ ਦੀ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਬਿਹਾਰ 'ਚ ਗੰਗਾ ਨਦੀ ਦਾ ਪਾਣੀ ਜ਼ਿਆਦਾਤਰ ਥਾਵਾਂ 'ਤੇ ਨਹਾਉਣ ਯੋਗ ਨਹੀਂ ਸੀ। ਪਰ ਇਨ੍ਹਾਂ ਚਿਤਾਵਨੀਆਂ ਦੇ ਬਾਵਜੂਦ ਲੋਕ ਆਸਥਾ ਤੇ ਈਸ਼ਵਰੀ ਲਾਭਾਂ ਦੇ ਨਾਂ 'ਤੇ ਮਲ-ਮੂਤਰ ਨਾਲ ਪ੍ਰਦੂਸ਼ਿਤ ਪਾਣੀ ਪੀਂਦੇ ਰਹੇ। ਇਸ ਦੌਰਾਨ ਜਿਥੇ ਗੰਗਾ ਦੀ ਸਫਾਈ ਦੇ ਸਰਕਾਰੀ ਦਾਅਵਿਆਂ ਦਾ ਪਰਦਾਫਾਸ਼ ਹੋਇਆ, ਉਥੇ ਇਹ ਵੀ ਸਾਹਮਣੇ ਆਇਆ ਕਿ ਸਾਡਾ ਸਮਾਜ ਸੱਤਾ 'ਚ ਬੈਠੇ ਲੋਕਾਂ ਦੁਆਰਾ ਫੈਲਾਏ ਗਏ ਮਿਥਿਹਾਸਕ ਤੇ ਗੈਰ-ਵਿਗਿਆਨਕ ਵਿਚਾਰਾਂ ਤੋਂ ਕਿੰਨਾ ਜ਼ਿਆਦਾ ਪ੍ਰਭਾਵਿਤ ਹੈ। ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਲੋਕ ਇੰਨੇ ਬੇਪ੍ਰਵਾਹ ਤੇ ਮੂਰਖ ਕਿਵੇਂ ਹੋ ਸਕਦੇ ਹਨ।
ਇਹ ਬਹੁਤ ਦਿਲਚਸਪ ਤੇ ਧਿਆਨਯੋਗ ਹੈ ਕਿ ਜਦੋਂ ਲੋਕ ਕੁੰਭ ਵਿਚ ਇਸ਼ਨਾਨ ਕਰ ਰਹੇ ਸਨ ਤਾਂ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐਮ.ਐਨ.ਐਸ.) ਦੇ ਮੁਖੀ ਰਾਜ ਠਾਕਰੇ (ਜਿਸ ਦੇ ਸਮਾਜਿਕ-ਰਾਜਨੀਤਕ ਵਿਸ਼ਵਾਸ ਤੋਂ ਸਭ ਜਾਣੂ ਹਨ) ਨੇ ਗੰਗਾ ਨਦੀ ਦੀ ਸਫਾਈ 'ਤੇ ਸਵਾਲ ਉਠਾਉਂਦਿਆਂ ਗੰਗਾ ਵਿਚ ਇਸ਼ਨਾਨ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਲੋਕਾਂ ਨੂੰ 'ਅੰਧਵਿਸ਼ਵਾਸ ਤੋਂ ਬਾਹਰ ਨਿਕਲ ਕੇ ਆਪਣੇ ਦਿਮਾਗ ਦੀ ਸਹੀ ਵਰਤੋਂ ਕਰਨ' ਦੀ ਅਪੀਲ ਕੀਤੀ। ਉਸ ਨੇ ਪ੍ਰਯਾਗਰਾਜ ਵਿਖੇ ਹੋਏ ਮਹਾਂਕੁੰਭ ਤੋਂ ਆਪਣੀ ਪਾਰਟੀ ਦੇ ਨੇਤਾ ਬਾਲਾ ਨੰਦਗਾਂਵਕਰ ਦੁਆਰਾ ਲਿਆਂਦੇ ਗਏ ਪਵਿੱਤਰ ਜਲ ਨੂੰ ਪੀਣ ਤੋਂ ਇਨਕਾਰ ਕਰ ਦਿੱਤਾ ਸੀ। ਮੈਨੂੰ ਕਦੇ ਇਹ ਮਹਿਸੂਸ ਨਹੀਂ ਹੋਇਆ ਕਿ ਹਿੰਦੂ ਧਰਮ ਖ਼ਤਰੇ ਵਿਚ ਹੈ, ਪਰ ਕੁੰਭ ਮੇਲੇ ਦੇ ਬਾਅਦ ਡਰ ਲੱਗਣ ਲੱਗਾ ਹੈ ਕਿ ਹਿੰਦੂ ਧਰਮ ਬਹੁਤ ਡੂੰਘੇ ਸੰਕਟ ਵੱਲ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਮਾਨਵ ਸੱਭਿਅਤਾ ਜਲ ਸਰੋਤਾਂ ਦੇ ਆਲੇ-ਦੁਆਲੇ ਵਿਕਸਤ ਹੋਈ ਹੈ ਕਿਉਂਕਿ ਪਾਣੀ ਮੁਨੱਖ ਲਈ ਜੀਵਨ ਦਾ ਸਰੋਤ ਸੀ। ਇਸੇ ਲਈ ਲੋਕ ਸ਼ੁਕਰਗੁਜ਼ਾਰ ਹੋਣ ਲਈ ਵੱਖ-ਵੱਖ ਥਾਵਾਂ 'ਤੇ ਜਲ ਸਰੋਤਾਂ ਦੀ ਵੱਖ-ਵੱਖ ਤਰੀਕਿਆਂ ਨਾਲ ਪੂਜਾ ਕਰਦੇ ਹਨ। ਕੁੰਭ ਮੂਲ ਰੂਪ ਵਿਚ ਵੱਖ-ਵੱਖ ਧਰਮਾਂ ਦੇ ਲੋਕਾਂ ਲਈ ਦਇਆ ਤੇ ਤਿਆਗ ਦਾ ਕੇਂਦਰ ਸੀ। ਭਾਵੇਂ ਸਮੁੰਦਰ ਮੰਥਨ ਨਾਲ ਸੰਬੰਧਿਤ ਕੁੰਭ ਬਾਰੇ ਪੌਰਾਣਿਕ ਵਰਨਣ ਵੀ ਹੈ। ਪਰ ਉਹ ਰਾਜਾ ਹਰਸ਼ਵਰਧਨ ਹੀ ਸਨ, ਜਿਨ੍ਹਾਂ ਨਿਯਮਿਤ ਤੌਰ 'ਤੇ ਤ੍ਰਿਵੈਣੀ 'ਚ ਇਸ਼ਨਾਨ ਕਰਨ ਦੀ ਪ੍ਰਥਾ ਸ਼ੁਰੂ ਕਰਵਾਈ ਸੀ। ਚੀਨੀ ਯਾਤਰੀ ਹਿਊਨਸਾਂਗ ਨੇ ਇਨ੍ਹਾਂ ਆਯੋਜਨਾਂ ਨੂੰ ਲਿਖਤੀ ਰੂਪ ਦਿੰਦਿਆਂ ਹਰਸ਼ਵਰਧਨ ਦੀ ਉਦਾਰਤਾ ਤੇ ਸ਼ਰਧਾ ਭਗਤੀ ਦਾ ਵਰਣਨ ਕੀਤਾ ਹੈ। ਉਸ ਨੇ ਲਿਖਿਆ ਹੈ ਕਿ 606 ਈਸਵੀ ਤੋਂ 647 ਈਸਵੀ ਦਰਮਿਆਨ ਹਰ 5 ਸਾਲਾਂ ਬਾਅਦ ਹੁੰਦੇ ਵੱਡੇ ਧਾਰਮਿਕ ਇੱਕਠ ਵਿਚ ਵੱਖ-ਵੱਖ ਵਿਚਾਰਾਂ ਤੇ ਧਰਮਾਂ ਦੇ ਲੋਕ ਹਿੱਸਾ ਲੈਂਦੇ ਸਨ। ਇਸ ਮੌਕੇ ਉਹ ਗਰੀਬਾਂ ਤੇ ਧਾਰਮਿਕ ਸੰਸਥਾਵਾਂ ਨੂੰ ਕੱਪੜੇ ਤੇ ਗਹਿਣੇ ਦਾਨ ਕਰਦੇ ਸਨ। ਇਹ ਸਮਾਗਮ ਤਿਆਗ ਤੇ ਦਇਆ ਦਾ ਪ੍ਰਤੀਬਿੰਬ ਸੀ। ਪਰ ਇਸ ਵਾਰ ਸੱਤਾ ਧਿਰ ਨੇ ਮਹਾਂਕੁੰਭ ਦੀ ਵਰਤੋਂ ਮੁਸਲਮਾਨਾਂ ਦੇ ਖ਼ਿਲਾਫ਼ ਨਫ਼ਰਤ ਫੈਲਾਉਣ ਲਈ ਕੀਤੀ। ਮੁਸਲਮਾਨਾਂ ਨੂੰ ਕੁੰਭ ਦੌਰਾਨ ਆਪਣੀਆਂ ਦੁਕਾਨਾਂ ਬੰਦ ਰੱਖਣ ਲਈ ਕਿਹਾ ਗਿਆ (ਜਦਕਿ ਅਜਿਹੀਆਂ ਰਿਪੋਰਟਾਂ ਹਨ ਕਿ ਉਨ੍ਹਾਂ ਵਿਚੋਂ ਬਹੁਤਿਆਂ ਨੇ ਹਿੰਦੂ ਸ਼ਰਧਾਲੂਆਂ ਦੇ ਰਹਿਣ ਲਈ ਮਸਜਿਦਾਂ ਵੀ ਖੋਲ੍ਹੀਆਂ ਸਨ)। ਇਸ ਵਾਰ ਹਿੰਦੂ ਦਰਸ਼ਨ ਦਾ ਸਾਰ 'ਵੈਸੁਧੈਵ ਕੁਟੁੰਬਕਮ' ਜੋ ਵਿਸ਼ਵ ਸ਼ਾਂਤੀ ਤੇ ਭਾਈਚਾਰੇ ਦੀ ਗੱਲ ਕਰਦਾ ਹੈ, ਉਹ ਝੂਠਾ ਸਾਬਤ ਹੋਇਆ ਹੈ।
ਅਸਲ ਵਿਚ ਹਿੰਦੂ ਸ਼ਬਦ ਦੀ ਵਰਤੋਂ ਪ੍ਰਾਚੀਨ ਸਮੇਂ ਦੌਰਾਨ ਯੂਨਾਨੀਆਂ ਤੇ ਫਾਰਸੀਆਂ (ਪਰਸ਼ੀਅਨ) ਦੁਆਰਾ ਸਿੰਧੂ ਨਦੀ ਦੇ ਪਾਰ ਦੀ ਧਰਤੀ 'ਤੇ ਰਹਿੰਦੇ ਲੋਕਾਂ ਲਈ ਕੀਤੀ ਜਾਂਦੀ ਸੀ। ਕਿਹਾ ਜਾਂਦਾ ਹੈ ਕਿ ਫਾਰਸੀ ਲੋਕ 'ਸ' ਧੁਨੀ ਦਾ ਉਚਾਰਨ ਨਹੀਂ ਕਰ ਸਕਦੇ ਸਨ, ਇਸ ਲਈ ਉਨ੍ਹਾਂ ਨੇ ਇਸ ਨੂੰ 'ਹ' ਵਜੋਂ ਉਚਾਰਿਆ। ਇਸ ਤਰ੍ਹਾਂ 'ਹਿੰਦੂ' ਸ਼ਬਦ 'ਸਿੰਧੂ' ਦਾ ਫਾਰਸੀ ਰੂਪ ਹੈ, ਜੋ ਦਰਅਸਲ ਸਿੰਧੂ ਨਦੀ ਦਾ ਨਾਂ ਹੈ। 'ਹਿੰਦੂ ਧਰਮ' ਦਾ ਸ਼ਬਦ 19ਵੀਂ ਸਦੀ ਦੌਰਾਨ ਵਰਤੋਂ ਵਿਚ ਆਇਆ, ਜਿਸ ਨੂੰ ਸ਼ੁਰੂ ਵਿਚ ਬਾਹਰੀ ਲੋਕਾਂ ਦੁਆਰਾ ਹਿੰਦੂਆਂ ਦੇ ਵਾਦ (ਇਜ਼ਮ) ਦਾ ਵਰਣਨ ਕਰਨ ਲਈ ਵਰਤਿਆ ਜਾਂਦਾ ਸੀ। ਜੋ ਅੰਤ ਵਿਚ ਹਿੰਦੂਆਂ ਦੁਆਰਾ ਆਪਣੇ ਆਪ ਨੂੰ ਮੁਸਲਮਾਨਾਂ ਤੇ ਦੂਜਿਆਂ ਤੋਂ ਵੱਖਰਾ ਕਰਨ ਲਈ ਵਰਤਿਆ ਜਾਂਦਾ ਸੀ। 'ਹਿੰਦੂ ਧਰਮ' ਸ਼ਬਦ ਦੀ ਵਰਤੋਂ ਕਰਨ ਵਾਲਾ ਪਹਿਲਾ ਭਾਰਤੀ ਰਾਜਾ ਰਾਮ ਮੋਹਨ ਰਾਏ ਹੋ ਸਕਦਾ ਹੈ, ਜਿਸ ਨੇ 1816-17 ਵਿਚ ਇਸ ਨੂੰ ਗ੍ਰਹਿਣ ਕੀਤਾ ਸੀ। 1830 ਦੇ ਆਸ-ਪਾਸ ਕੁਝ ਭਾਰਤੀਆਂ ਨੇ ਆਪਣੇ ਆਪ ਨੂੰ 'ਹਿੰਦੂ' ਤੇ ਆਪਣਾ ਧਰਮ 'ਹਿੰਦੂ ਧਰਮ' ਕਹਿਣਾ ਸ਼ੁਰੂ ਕਰ ਦਿੱਤਾ ਸੀ। ਡਾ. ਰਿਤੂ ਖੋਸਲਾ ਨੇ ਰਾਜਾ ਰਾਮ ਮੋਹਨ ਰਾਏ ਬਾਰੇ ਆਪਣੇ ਲੇਖ ਵਿਚ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਉਹ ਇਹ ਸਾਬਤ ਕਰਨਾ ਚਾਹੁੰਦੇ ਸਨ ਕਿ ਅੰਧਵਿਸ਼ਵਾਸ ਤੇ ਝੂਠੇ ਵਿਸ਼ਵਾਸਾਂ ਦਾ ਹਿੰਦੂ ਧਰਮ ਵਿਚ ਕੋਈ ਆਧਾਰ ਨਹੀਂ ਹੈ। ਉਹ ਇਕ ਨਵੇਂ ਭਾਰਤੀ ਸਮਾਜ ਦਾ ਨਿਰਮਾਣ ਕਰਨਾ ਚਾਹੁੰਦੇ ਸਨ, ਜਿਥੇ ਤਰਕ, ਸਹਿਣਸ਼ੀਲਤਾ, ਹਮਦਰਦੀ, ਸੁਤੰਤਰਤਾ, ਸਮਾਨਤਾ ਤੇ ਭਾਈਚਾਰਕ ਸਾਂਝ ਦੇ ਸਿਧਾਤਾਂ ਦਾ ਸਤਿਕਾਰ ਹੋਵੇਗਾ।
ਹਿੰਦੂਆਂ ਦੀ ਵਿਚਾਰਧਾਰਾ ਤੇ ਪ੍ਰਥਾਵਾਂ 'ਚ ਬਹੁਤ ਵੰਨ-ਸੁਵੰਨਤਾ ਹੈ। ਉਨ੍ਹਾਂ ਵਿਚ ਕਈ ਕੁਦਰਤ ਦੇ ਪੁਜਾਰੀ ਤੇ ਮੂਰਤੀ ਪੂਜਕ ਸਨ, ਜਦਕਿ ਵੱਡੀ ਗਿਣਤੀ ਅਜਿਹੇ ਲੋਕ ਵੀ ਹਨ ਜੋ ਕਿਸੇ ਵੀ ਦੈਵੀ (ਬ੍ਰਹਮ) ਸ਼ਕਤੀ 'ਤੇ ਵਿਸ਼ਵਾਸ ਨਹੀਂ ਕਰਦੇ ਸਨ। ਉਨ੍ਹਾਂ ਕਦੇ ਵੀ ਇਕ-ਦੂਸਰੇ ਦਾ ਵਿਰੋਧ ਨਹੀਂ ਸੀ ਕੀਤਾ, ਸਗੋਂ ਸਦਭਾਵਨਾ ਨਾਲ ਰਹਿੰਦੇ ਸਨ। ਉਨ੍ਹਾਂ ਨੇ ਦੂਰ-ਦੁਰਾਡੇ ਤੋਂ ਆਉਣ ਵਾਲੇ ਲੋਕਾਂ ਦੇ ਵਿਚਾਰਾਂ ਨੂੰ ਵੀ ਗ੍ਰਹਿਣ ਕੀਤਾ। ਇਸ ਤਰ੍ਹਾਂ ਹਿੰਦੂ ਧਰਮ ਇਕ ਮਜ਼ਬੂਤ ਧਰਮ ਦੇ ਰੂਪ ਵਿਚ ਵਿਕਸਤ ਹੋਇਆ, ਜੋ ਪ੍ਰੇਮ ਤੇ ਦਇਆ ਦਾ ਪ੍ਰਚਾਰ ਕਰਦਾ ਸੀ। ਪਰ ਇਸ ਧਰਮ ਦੀ ਇਕ ਕਮਜ਼ੋਰੀ ਇਹ ਰਹੀ ਹੈ ਕਿ ਸਮਾਜ ਨੂੰ ਨੀਵੀਂਆਂ ਤੇ ਉੱਚੀਆਂ ਜਾਤੀਆਂ ਵਿਚ ਵੰਡ ਦਿੱਤਾ ਗਿਆ। ਇਸ ਆਧਾਰ 'ਤੇ ਲਗਭਗ ਇਕ ਚੌਥਾਈ ਆਬਾਦੀ ਨੂੰ ਦਬਾਇਆ ਗਿਆ ਤੇ ਮਨੁੱਖੀ ਅਧਿਕਾਰਾਂ ਤੋਂ ਵੀ ਵਾਂਝੇ ਕਰ ਦਿੱਤਾ ਗਿਆ। ਪਰ ਇਨ੍ਹਾਂ ਅੱਤਿਆਚਾਰਾਂ ਦੇ ਬਾਵਜੂਦ ਕਰੀਬ 25 ਫ਼ੀਸਦੀ ਆਬਾਦੀ ਅਜੇ ਵੀ ਹਿੰਦੂ ਧਰਮ ਨੂੰ ਹੀ ਮੰਨਦੀ ਹੈ, ਹਾਲਾਂਕਿ ਉਨ੍ਹਾਂ ਵਿਚੋਂ ਕੁਝ ਨੇ ਬੁੱਧ, ਇਸਲਾਮ ਤੇ ਈਸਾਈਅਤ ਵਰਗੇ ਹੋਰ ਧਰਮਾਂ ਨੂੰ ਵੀ ਅਪਣਾ ਲਿਆ ਹੈ। ਭਾਵੇਂ ਡਾ. ਅੰਬੇਡਕਰ ਨੇ ਵੀ ਆਪਣੇ ਅੰਤਿਮ ਦਿਨਾਂ ਵਿਚ ਬੁੱਧ ਧਰਮ ਨੂੰ ਅਪਣਾ ਲਿਆ ਸੀ, ਪਰ ਉਨ੍ਹਾਂ ਦੇ ਸਾਰੇ ਅਨੁਯਾਈ ਬੋਧੀ ਨਹੀਂ ਸਨ ਬਣੇ।
ਸੱਤਾਧਾਰੀ ਪਾਰਟੀ ਦੀ ਸਰਕਾਰ ਵਾਰ-ਵਾਰ ਗੈਰ-ਵਿਗਿਆਨਕ ਕਥਾਵਾਂ ਘੜ ਕੇ ਅਤੇ ਫੈਲਾ ਕੇ ਲੋਕਾਂ ਨੂੰ ਮਿੱਥਾਂ ਵਿਚ ਉਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਹਿੰਦੂਆਂ ਦੀ ਮਾਨਸਿਕਤਾ ਨੂੰ ਮੁੜ ਮਧਯੁੱਗੀ ਸਮੇਂ ਵੱਲ ਵਾਪਸ ਧੱਕ ਦੇਵੇਗੀ। ਹਿੰਦੂ ਧਰਮ ਨੂੰ ਕਿਸੇ ਬਾਹਰੀ ਤਾਕਤ ਤੋਂ ਨਹੀਂ, ਸਗੋਂ ਉਸ ਦੀਆਂ ਅੰਦਰਲੀਆਂ ਤਾਕਤਾਂ ਤੋਂ ਖ਼ਤਰਾ ਹੈ, ਜੋ ਰੂੜੀਵਾਦੀ ਵਿਚਾਰਾਂ ਨੂੰ ਫੈਲਾਉਂਦੀਆਂ ਰਹਿੰਦੀਆਂ ਹਨ। ਆਰ.ਐਸ.ਐਸ., ਭਾਜਪਾ ਸਰਕਾਰ ਤੇ ਉਨ੍ਹਾਂ ਦੀਆਂ ਹੋਰ ਸੰਸਥਾਵਾਂ ਲੋਕਾਂ ਦੇ ਮਨਾਂ ਵਿਚ ਰੂੜੀਵਾਦੀ ਵਿਚਾਰਾਂ ਨੂੰ ਬਿਠਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਤਰਕਪੂਰਨ ਢੰਗ ਨਾਲ ਸੋਚਣ ਤੋਂ ਰੋਕਿਆ ਜਾ ਸਕੇ। ਆਰ.ਐਸ.ਐਸ. ਹਿੰਦੂਆਂ ਵਿਚ ਕੱਟੜਵਾਦ, ਫਿਰਕਾਪ੍ਰਸਤੀ, ਰੂੜੀਵਾਦ, ਅੰਧਵਿਸ਼ਵਾਸ, ਹਿੰਸਾ ਤੇ ਨਫ਼ਰਤ ਭਰ ਰਿਹਾ ਹੈ।
ਇਹ ਹਿੰਦੂ ਧਰਮ ਨਹੀਂ ਹੈ, ਸਗੋਂ ਉਸ ਦੀਆਂ ਕਦਰਾਂ-ਕੀਮਤਾਂ ਤੇ ਆਤਮਾ ਤੋਂ ਇਨਕਾਰੀ ਹੋਣਾ ਹੈ। ਹੁਣ ਸਮਾਂ ਆ ਗਿਆ ਹੈ ਕਿ ਉਨ੍ਹਾਂ ਦੇ ਅਜਿਹੇ ਪ੍ਰਚਾਰ ਨੂੰ ਰੋਕਣਾ ਹੋਵੇਗਾ, ਨਹੀਂ ਤਾਂ ਇਸ ਦਾ ਸਭ ਤੋਂ ਵੱਧ ਨੁਕਸਾਨ ਹਿੰਦੂਆਂ ਨੂੰ ਹੀ ਹੋਵੇਗਾ।