
ਵਰਿੰਦਰ ਸਿੰਘ ਨਿਮਾਣਾ
ਦਰਿਆ ਬਿਆਸ ਤੇ ਸਤਲੁਜ ਵਿਚਕਾਰ ਪੈਂਦੇ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਪੰਜਾਬ ਵਿੱਚ ਆਪਣੀ ਭੂਗੋਲਿਕ ਵਿਲੱਖਣਤਾ ਤੇ ਕੁਦਰਤੀ ਸੁਹੱਪਣ ਕਰਕੇ ‘ਬਾਗ਼ਾਂ ਦੀ ਧਰਤੀ’ ਹੋਣ ਦਾ ਮਾਣ ਹਾਸਿਲ ਹੈ। ਇਸ ਇਲਾਕੇ ਦੀ ਮਿੱਟੀ ਦੀ ਤਾਸੀਰ, ਭੂਗੋਲਿਕ ਬਣਤਰ ਤੇ ਲੋਕਾਂ ਦੀ ਬਿਰਖ ਬੂਟਿਆਂ ਨਾਲ ਪੁਰਾਣੀ ਸਾਂਝ ਅਜੇ ਵੀ ਇਸ ਜ਼ਿਲ੍ਹੇ ਨੂੰ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਫਲ਼ ਪੈਦਾ ਕਰਨ ਵਾਲੇ ਇਲਾਕਿਆਂ ਵਿੱਚ ਸ਼ੁਮਾਰ ਕਰਾਉਂਦੀ ਹੈ। ਸ਼ਿਵਾਲਿਕ ਦੀਆਂ ਨੀਲੀਆਂ ਪਹਾੜੀਆਂ ਦੇ ਪਿੱਛੇ ਬਰਫ਼ਾਂ ਨਾਲ ਲੱਦੀਆਂ ਚੋਟੀਆਂ ਦੇ ਦੀਦਾਰ ਕਰਾਉਣ ਵਾਲੇ ਇਸ ਇਲਾਕੇ ਵਿੱਚ ਅਜੇ ਵੀ ਕਾਫ਼ੀ ਰਕਬਾ ਬਾਗ਼ਬਾਨੀ ਅਧੀਨ ਹੋਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਇਸ ਜ਼ਿਲ੍ਹੇ ਨੂੰ ‘ਪੰਜਾਬ ਦਾ ਬਾਗ਼’ ਹੋਣ ਦਾ ਮਾਣ ਕਿਉਂ ਹਾਸਿਲ ਹੈ? ਪੰਜਾਬ ’ਚ ਆਮ ਤੌਰ ’ਤੇ ਅੰਬ ਦੀ ਕਾਸ਼ਤ ਨੀਮ ਪਹਾੜੀ ਜ਼ਿਲ੍ਹਿਆਂ ਰੋਪੜ, ਨਵਾਂ ਸ਼ਹਿਰ, ਗੁਰਦਾਸਪੁਰ, ਫਤਿਹਗੜ੍ਹ ਸਾਹਿਬ ਤੇ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ’ਚ ਹੁੰਦੀ ਰਹੀ ਹੈ। ਪੰਜਾਬ ਵਿੱਚ ਸ਼ਿਵਾਲਿਕ ਦੇ ਪੈਰਾਂ ’ਚ ਪੈਂਦੇ ਦੋਆਬੇ ਇਲਾਕੇ ਦਾ ਪਹਾੜੀ, ਨੀਮ ਪਹਾੜੀ ਤੇ ਮੈਦਾਨੀ ਇਲਾਕਾ ਆਪਣੀ ਭੂਗੋਲਿਕ ਤਾਸੀਰ ਕਰਕੇ ਅੰਬ ਵਰਗੇ ਫਲ਼ਦਾਰ ਰੁੱਖਾਂ ਨਾਲ ਵੀ ਆਪਣੀ ਸਾਂਝ ਬਣਾਈ ਰੱਖਣ ਵਿੱਚ ਕਾਮਯਾਬ ਰਿਹਾ ਹੈ। ਬਰਸਾਤਾਂ ਦੇ ਦਿਨਾਂ ’ਚ ਪਏ ਮੀਹਾਂ ਤੇ ਪਹਾੜੀ ਖੱਡਾਂ ਦੇ ਪਾਣੀ ਨਾਲ ਸਾਲ ਦੇ ਕਈ ਕਈ ਮਹੀਨੇ ਵਗਦੇ ਚੋਆਂ ਨਾਲ ਰੁੱਖਾਂ ਲਈ ਪਾਣੀ ਦਾ ਲੋੜੀਂਦਾ ਪੱਧਰ ਬਰਕਰਾਰ ਰਹਿਣ ਕਰਕੇ ਇੱਥੇ ਅੰਬ ਜਿਹੇ ਫਲ਼ਦਾਰ ਰੁੱਖਾਂ ਦੇ ਪੈਦਾ ਹੋਣ ਤੇ ਵਧਣ ਫੁੱਲਣ ਲਈ ਸਬੱਬ ਬਣੇ ਹਨ। ਵੰਡ ਤੋਂ ਪਹਿਲਾਂ ਰਿਆਸਤੀ ਪ੍ਰਬੰਧ ਦੌਰਾਨ ਇਸ ਇਲਾਕੇ ਵਿੱਚ ਰਾਜਿਆਂ ਮਹਾਰਾਜਿਆਂ ਵੱਲੋਂ ਆਪਣੀਆਂ ਆਰਾਮ ਗਾਹਾਂ ਉੱਤੇ ਸਰੀਰਕ ਤੰਦਰੁਸਤੀ ਤੇ ਰੂਹ ਦੀ ਤ੍ਰਿਪਤੀ ਵਾਸਤੇ ਬਾਗ਼ ਬਗੀਚੇ ਤੇ ਫਲ਼ਦਾਰ ਬਿਰਖ ਬੂਟੇ ਲਾਉਣ ਦਾ ਰਿਵਾਜ ਪ੍ਰਚੱਲਿਤ ਸੀ । ਇਸ ਇਲਾਕੇ ਦੇ ਬਾਗ਼ ਬਗੀਚਿਆਂ ਖਾਸ ਕਰ ਅੰਬਾਂ ਨਾਲ ਵੱਖ ਵੱਖ ਵਰਗਾਂ ਦੇ ਲੋਕਾਂ ਦੀ ਭਾਵੁਕ, ਸਮਾਜਿਕ ਤੇ ਮਾਨਸਿਕ ਸਾਂਝ ਦੀਆਂ ਕਈ ਕਥਾ ਕਹਾਣੀਆਂ ਵੀ ਪ੍ਰਚਲਿਤ ਹਨ। ਰਿਆਸਤੀ ਪ੍ਰਬੰਧ ਦੌਰਾਨ ਮਹਾਰਾਜਾ ਜੰਮੂ ਹੁਸ਼ਿਆਰਪੁਰ ਇਲਾਕੇ ਦੇ ਦੇਸੀ ਅੰਬਾਂ ਦਾ ਏਨਾ ਕਾਇਲ ਸੀ ਕਿ ਉਸਨੇ ਆਪਣੇ ਇਲਾਕੇ ਵਿੱਚ ਇੱਥੋਂ ਕਈ ਵਾਰ ਅੰਬਾਂ ਦੇ ਬੂਟੇ ਲਾਉਣ ਦੇ ਬੜੇ ਯਤਨ ਕੀਤੇ। ਉਸ ਇਲਾਕੇ ਦੀ ਮਿੱਟੀ ਦੀ ਤਾਸੀਰ ਅੰਬਾਂ ਦੇ ਅਨੁਕੂਲ ਨਾ ਹੋਣ ਕਰਕੇ ਕਿਸੇ ਸਿਆਣੇ ਦੇ ਕਹਿਣ ’ਤੇ ਉਸ ਨੇ ਹੁਸ਼ਿਆਰਪੁਰ ਦੇ ਹਰਿਆਣਾ ਇਲਾਕੇ ਤੋਂ ਖੱਚਰਾਂ ਦੀ ਮਦਦ ਨਾਲ ਮਿੱਟੀ ਦੀ ਢੋਆ-ਢੁਆਈ ਆਪਣੇ ਇਲਾਕੇ ਵੱਲ ਕਰਵਾਈ ਤਾਂ ਜੋ ਇਸ ਮਿੱਟੀ ਵਿੱਚ ਅੰਬਾਂ ਦੇ ਬੂਟੇ ਲਾਏ ਜਾ ਸਕਣ। ਹਰਿਆਣਾ ਕਸਬੇ ਦੇ ਬਾਹਰਵਾਰ ਉੱਤਰ ਦਿਸ਼ਾ ਵਿੱਚ ਮੁੱਖ ਸੜਕ ’ਤੇ ਉਹ ਜਗ੍ਹਾ ਜਿੱਥੋਂ ਬਾਦਸ਼ਾਹ ਵੱਲੋਂ ਮਿੱਟੀ ਪੁਟਵਾਈ ਗਈ, ਨੂੰ ਅਜੇ ਵੀ ਬਾਦਸ਼ਾਹ ਦੇ ਟੋਭੇ ਨਾਲ ਜਾਣਿਆਂ ਜਾਂਦਾ ਹੈ। ਹੁਸ਼ਿਆਰਪੁਰ ਦੇ ਪਿੰਡ ਭੂੰਗਾ ਵਿਖੇ ਕਪੂਰਥਲਾ ਰਿਆਸਤ ਦੇ ਮਹਾਰਾਜਾ ਜਗਤਜੀਤ ਸਿੰਘ ਨੇ ਪੈਰਿਸ ਤੋਂ ਨਕਸ਼ਾ ਮੰਗਵਾ ਕੇ ਸ਼ਾਹੀ ਹਵੇਲੀ ਵਰਗੀ ਆਪਣੀ ਆਰਾਮਗਾਹ ਦੁਆਲੇ ਅੰਬਾਂ ਦਾ ਬਾਗ਼ ਲਵਾਇਆ ਜੋ ਅੱਜ ਵੀ ‘ਕਾਲੇ ਬਾਗ਼’ ਦੇ ਨਾਮ ਨਾਲ ਮਸ਼ਹੂਰ ਹੈ। ਇਸ ਬਾਗ਼ ਵਿੱਚ ਅੰਬਾਂ ਦੇ ਦਰਖ਼ਤ ਏਨੇ ਸੰਘਣੇ ਸਨ ਕਿ ਗਰਮ ਰੁੱਤ ਦੀਆ ਤਿੱਖੜ ਦੁਪਿਹਰਾਂ ਦੌਰਾਨ ਵੀ ਸੂਰਜ ਦੀ ਰੋਸ਼ਨੀ ਧਰਤੀ ਤੱਕ ਨਹੀਂ ਪਹੁੰਚਿਆ ਕਰਦੀ ਸੀ। ਇਸ ਬਾਗ਼ ’ਚ ‘ਕਾਲੇ ਅੰਬ’ ਨਾਂਅ ਦੀ ਬੜੀ ਹੀ ਸੁਆਦੀ ਅੰਬਾਂ ਦੀ ਕਿਸਮ ਇਲਾਕੇ ’ਚ ਪ੍ਰਚੱਲਿਤ ਰਹੀ ਹੈ। ਕਸਬਾ ਹਰਿਆਣਾ ਕੋਲ ਪੈਂਦੇ ਪਿੰਡ ਬੱਸੀ ਉਮਰ ਖਾਨ ਵਿਖੇ ਮੁਸਲਮਾਨ ਜ਼ੈਲਦਾਰ ਵੱਲੋਂ ਲਗਾਏ ਅੰਬਾਂ ਦੇ ਬਾਗ਼ ਦੇ ਫਲ਼ ਨੂੰ ਰਾਜਿਆਂ ਮਹਾਰਾਜਿਆਂ ਦੇ ਦਰਬਾਰਾਂ ਵਿਚੋਂ ਪੁਰਾਣੇ ਜ਼ਮਾਨੇ ਵਿੱਚ ਇਨਾਮ ਸਨਮਾਨ ਮਿਲਦੇ ਰਹੇ, ਜਿਸ ਕਰਕੇ ਇਹ ਬਾਗ਼ ਅਜੇ ਵੀ ‘ਇਨਾਮੀ ਬਾਗ਼’ ਦੇ ਨਾਮ ਨਾਲ ਮਸ਼ਹੂਰ ਹੈ। ਇਸ ਬਾਗ਼ ਦੇ ਇਨਾਮੀ ਅੰਬ, ਇਨਾਮੀ ਛੱਲੀ, ਸੰਧੂਰੀ ਛੱਲੀ, ਛੋਟਾ ਸੰਧੂਰੀ, ਪੀਲਾ ਸੰਧੂਰੀ, ਆਂਡਾ, ਬੇਰ, ਗੋਲਾ, ਬੱਡ, ਕੰਘੀ, ਕਿਤਾਬੀ ਅੰਬ, ਸੌਂਫੀ, ਸੰਧੂਰੀ, ਸਫੈਦਾ, ਆੜੂ, ਲੱਡੂ ਆਦਿ ਕਿਸਮਾਂ ਆਦਿ ਰਵਾਇਤੀ ਕਿਸਮਾਂ ਅੰਬ ਪ੍ਰੇਮੀਆਂ ਨੂੰ ਆਪਣੇ ਖ਼ੁਸ਼ਬੋਦਾਰ ਸੁਆਦ ਨਾਲ ਰੂਹ ਨੂੰ ਤ੍ਰਿਪਤ ਕਰਦੀਆਂ ਹਨ। ਅੰਗਰੇਜ਼ਾਂ ਦੇ ਜ਼ਮਾਨੇ ਦੌਰਾਨ ਵੀ ਅੰਗਰੇਜ਼ ਅਫਸਰ ਵੀ ਰਾਜਿਆਂ ਦੀਆਂ ਪੁਰਾਣੀਆਂ ਆਰਾਮ ਗਾਹਾਂ ਵਿੱਚ ਲੱਗੇ ਫਲ਼ਦਾਰ ਬੂਟਿਆਂ ਤੇ ਬਾਗ਼ ਬਗੀਚਿਆਂ ਦੇ ਤਾਜ਼ੇ ਖ਼ੁਸ਼ਬੋਦਾਰ ਤੇ ਰੂਹ ਨੂੰ ਨਸ਼ਿਆਉਣ ਵਾਲੇ ਸਵਾਦੀ ਫਲ਼ਾਂ ਦਾ ਅਨੰਦ ਮਾਣਦੇ ਰਹੇ ਹਨ। ਜ਼ਿਮੀਂਦਾਰ ਜ਼ੈਲਦਾਰਾਂ ਦੀ ਰੀਸੇ ਆਮ ਲੋਕਾਂ ’ਚ ਵੀ ਆਪਣੇ ਖੇਤਾਂ ਬੰਨਿਆਂ, ਖੂਹਾਂ ਤੇ ਹੋਰ ਥਾਂਵਾਂ ’ਤੇ ਅੰਬ ਦਾ ਰੁੱਖ ਲਾਉਣ ’ਤੇ ਉਨ੍ਹਾਂ ਨੂੰ ਪਾਲਣ ਦਾ ਰੁਝਾਨ ਕਾਫ਼ੀ ਦੇਰ ਤੱਕ ਚਲਦਾ ਰਿਹਾ, ਜਿਸ ਕਰਕੇ ਆਮ ਲੋਕਾਂ ਵਿੱਚ ਫਲ਼ ਦੇ ਬੂਟੇ ਲਾਉਣ ਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨ ਦੀ ਕੁਦਰਤੀ ਸੋਝੀ ਵਿਕਸਤ ਹੋਈ। ਬਲਾਕ ਭੂੰਗਾ ਵਿੱਚ ਅਜੇ ਵੀ ਬਾਗ਼ਬਾਨੀ ਵਿੱਚ ਮਾਹਿਰ ਪਰਿਵਾਰ ਆਪਣੀਆਂ ਫਲ਼ਾਂ ਦੀਆ ਨਰਸਰੀਆਂ ਤੋਂ ਹਰ ਸਾਲ ਹਜ਼ਾਰਾਂ ਨਵੇਂ ਪੌਦੇ ਤਿਆਰ ਕਰਕੇ ਗੁਆਂਢੀ ਜ਼ਿਲ੍ਹਿਆਂ ਤੇ ਸੂਬਿਆਂ ਤੱਕ ਪਹੁੰਚਾ ਕੇ ਆਪਣਾ ਚੰਗਾ ਕਾਰੋਬਾਰ ਕਰ ਰਹੇ ਹਨ। ਅੰਬ ਦਾ ਫਲ਼ ਕਈ ਪੜਾਵਾਂ ’ਚ ਆਮ ਲੋਕਾਂ ਦੀ ਸਾਦ ਮੁਰਾਦੀ ਖੁਰਾਕ ਜਿਵੇਂ ਕਦੇ ਚਟਣੀ, ਕਦੇ ਮਲਾਂਜੀ ਤੇ ਕਦੇ ਆਚਾਰ ਦੇ ਰੂਪ ਵੀ ਵਰਤਿਆ ਜਾਣ ਕਰਕੇ ਵੀ ਆਮ ਲੋਕਾਂ ’ਚ ਵਿਸ਼ੇਸ਼ ਥਾਂ ਰੱਖਦਾ ਸੀ। ਅੰਬਾਂ ਦੇ ਬਾਗ਼ਾਂ ਦੀ ਬਹੁਤਾਤ ਹੋਣ ਕਰਕੇ ਇਸ ਇਲਾਕੇ ਦੇ ਸੈਂਕੜੇ ਲੋਕਾਂ ਵੱਲੋਂ ਅੰਬਾਂ ਦੇ ਮੌਸਮ ਵਿੱਚ ਅੰਬਾਂ ਦੇ ਬਾਗ਼ ਖਰੀਦ ਕੇ ਦੂਰ ਦੁਰਾਡੇ ਫਲ਼ ਭੇਜਣ ਦਾ ਕਾਰੋਬਾਰ ਕਰਕੇ ਆਪਣਾ ਰੋਟੀ ਰੋਜ਼ਗਾਰ ਵੀ ਚਲਾਇਆ ਜਾਂਦਾ ਰਿਹਾ ਹੈ। ਪਿਛਲੀ ਸਦੀ ਦੇ ਛੇਵੇਂ ਸੱਤਵੇਂ ਦਹਾਕੇ ਤੱਕ ਹੁਸ਼ਿਆਰਪੁਰ ਦਾ ਕਾਫ਼ੀ ਰਕਬਾ ਅੰਬਾਂ ਦੇ ਝੁੰਡਾਂ ਨਾਲ ਭਰਿਆ ਨਜ਼ਰ ਆਇਆ ਕਰਦਾ ਤੇ ਮੀਹਾਂ ਦੀ ਰੁੱਤੇ ਅੰਬਾਂ ਦੇ ਬਾਗ਼ਾਂ ’ਚ ਵਾਹਵਾ ਰੌਣਕਾਂ ਲੱਗੀਆਂ ਰਹਿੰਦੀਆਂ । ਇਸ ਇਲਾਕੇ ਨਾਲ ਸੰਬੰਧਿਤ ਰਿਸ਼ਤੇਦਾਰ ਸਕੇ ਸਬੰਧੀ ਆਪਣੇ ਜਾਣਕਾਰਾਂ ਕੋਲ ਬਰਸਾਤਾਂ ਦੇ ਦਿਨਾਂ ’ਚ ਇਸ ਮੌਸਮੀ ਨਿਆਮਤ ਦਾ ਸੁਆਦ ਮਾਨਣ ਲਈ ਉਚੇਚੇ ਤੌਰ ’ਤੇ ਘੁੰਮਣ ਫਿਰਨ ਜ਼ਰੂਰ ਆਇਆ ਕਰਦੇ ਸਨ। ਅੰਬਾਂ ਦੇ ਬਾਗ਼ਾਂ ਤੋਂ ਕਾਰੋਬਾਰ ਕਰਨ ਆਉਂਦੇ ਵਪਾਰੀ ਤੇ ਅੰਬਾਂ ਦੀ ਰਾਖੀ ਤੇ ਸਾਂਭ ਸੰਭਾਲ ਕਰਨ ਆਏ ਲਿੱਸੇ ਤੇ ਕੰਮਾਂ ਦੇ ਮਾਰੇ ਕਿਰਤੀ ਕਾਮੇ ਦੇਸੀ ਅੰਬ ਚੂਪ ਚੂਪ ਕੇ ਨੌ ਬਰ ਨੌ ਹੋ ਕੇ ਆਪਣੇ ਘਰਾਂ ਨੂੰ ਪਰਤਦੇ ਸਨ। ਹਾਲਾਂਕਿ ਕਿ ਵਾਢੀਆਂ ਤੋਂ ਬਾਅਦ ਸਾਉਣ ਮਹੀਨਾ ਚੜ੍ਹਨ ਤੱਕ ਅੰਬਾਂ ਦੇ ਬਾਗ਼ਾਂ ਦੇ ਰਾਖਿਆਂ ਤੇ ਵਪਾਰੀਆਂ ਨੂੰ ਫਲ਼ ਦੇ ਪੱਕਣ ਤੱਕ ਦੇ ਕਈ ਪੜਾਵਾਂ, ਦਿਨ ਰਾਤ ਦੀ ਬੇਆਰਾਮੀ ਤੇ ਬੇਚੈਨੀ ਨੂੰ ਬਰਦਾਸ਼ਤ ਕਰਨਾ ਪੈਦਾ, ਪਰ ਅੰਬਾਂ ਦੇ ਬਾਗ਼ਾਂ ਵਿੱਚ ਹਾੜ੍ਹ ਦੇ ਛਰਾਟਿਆਂ ਨਾਲ ਅੰਬ ਦਰਖ਼ਤਾਂ ’ਤੇ ਟਪਕਣ ਸਾਰ ਜਦੋਂ ਲੋਕ ਅੰਬ ਚੂਪਣ ਲਈ ਬਾਗ਼ਾਂ ਵੱਲ ਵਹੀਰਾਂ ਘੱਤਦੇ ਤਾਂ ਅੰਬਾਂ ਦੇ ਕਾਰੋਬਾਰੀਆ ਤੇ ਕਾਮਿਆਂ ਦੀ ਕਈ ਮਹੀਨਿਆਂ ਦੀ ਥਕਾਵਟ ਤੇ ਬੇਆਰਾਮੀ ਦੂਰ ਕਿਧਰੇ ਉੱਡ ਪੁਡ ਜਾਇਆ ਕਰਦੀ। ਵੱਖ ਵੱਖ ਤਰ੍ਹਾਂ ਦੀਆ ਢਾਂਗੀਆਂ ਨਾਲ ਅੰਬ ਦੇ ਦਰਖ਼ਤ ਤੋਂ ਆਚਾਰ ਲਈ ਤੇ ਫਿਰ ਪੱਕਿਆ ਫਲ਼ ਲਾਹੁਣ ਵਾਲੇ ਕਾਰੀਗਰ ਕਾਮਿਆਂ ਦੀ ਆਪਣੇ ਟੋਲੇ ਵਿੱਚ ਜ਼ਿਆਦਾ ਪੁੱਛ ਪ੍ਰਤੀਤ ਹੋਇਆ ਕਰਦੀ ਸੀ। ਹੁਸ਼ਿਆਰਪੁਰ ਦੇ ਕਈ ਇਲਾਕਿਆਂ ’ਚ ਮੌਜੂਦ ਦੇਸੀ ਅੰਬਾਂ ਦੇ ਟਪਕਣ ਦੇ ਦਿਨਾਂ ’ਚ ਅੰਬਾਂ ਦੀਆਂ ਸ਼ੌਕੀਨ ਰਿਸ਼ਤੇਦਾਰੀਆਂ ਨੂੰ ਇਨ੍ਹਾਂ ਫਲ਼ਾਂ ਦੀ ਸੌਗਾਤ ਭੇਜਣ ਦਾ ਰਿਵਾਜ ਅਜੇ ਵੀ ਪ੍ਰਚੱਲਿਤ ਹੈ । ਹੁਸ਼ਿਆਰਪੁਰ ਦੇ ਅੰਬਾਂ ਨੂੰ ਬੇਸ਼ੁਮਾਰ ਪਿਆਰ ਕਰਨ ਵਾਲੇ ਇਸੇ ਜ਼ਿਲ੍ਹੇ ਦੇ ਪਿੰਡ ਬੋਦਲਾਂ ਨਾਲ ਸਬੰਧਿਤ ਉੱਘੇ ਬਨਸਪਤੀ ਵਿਗਿਆਨੀ, ਸਾਹਿਤ ਤੇ ਕਲਾ ਪ੍ਰੇਮੀ ਡਾ. ਮਹਿੰਦਰ ਸਿੰਘ ਰੰਧਾਵਾ ਆਪਣੀ ਸਵੈ ਜੀਵਨੀ ‘ਆਪ ਬੀਤੀ’ ਵਿੱਚ ਅੰਬਾਂ ਬਾਰੇ ਲਿਖਦੇ ਹਨ ; ‘ਜੁਲਾਈ ਵਿੱਚ ਅੰਬ ਬਹੁਤ ਹੁੰਦੇ ਹਨ। ਪਿਉਂਦੀ ਕਿਸਮਾਂ ਵਿੱਚ ਮੈਨੂੰ ਚੌਸਾ ਸਮਰ ਬਹਿਸ਼ਤ ਬਹੁਤ ਪਸੰਦ ਹੈ। ਇਹ ਸੱਚਮੁੱਚ ਹੀ ਸਵਰਗ ਦਾ ਫਲ਼ ਹੈ। ਸਵਾਦ ਵਿੱਚ ਕੋਈ ਹੋਰ ਫਲ਼ ਇਸਦਾ ਮੁਕਾਬਲਾ ਨਹੀਂ ਕਰ ਸਕਦਾ। ਦੁਸਹਿਰੀ, ਬਨਾਰਸੀ, ਲੰਗੜਾ, ਰਾਟੌਲ ਅਤੇ ਲਖ਼ਨਊ ਦਾ ਸਫੇਦਾ ਭੀ ਬੜੀਆ ਅੱਛੀਆਂ ਕਿਸਮਾਂ ਹਨ, ਚੂਪਣ ਵਾਲੇ ਅੰਬਾਂ ਵਿਚੋਂ ਪਤਲੀ ਰਸ ਵਾਲੀਆ ਕਿਸਮਾਂ ਬੜੀਆ ਸਵਾਦਲੀਆਂ ਹੁੰਦੀਆਂ ਹਨ। ਮੈ ਭਰਿਆ ਟੋਕਰਾ ਚੂਪ ਜਾਂਦਾ ਹਾਂ। ਗਰਮੀ ਦੂਰ ਕਰਨ ਲਈ ਠੰਡੇ ਦੁੱਧ ਦਾ ਇੱਕ ਗਿਲਾਸ ਪੀ ਲੈਂਦਾ ਹਾਂ ਅਤੇ ਬੜਾ ਆਰਾਮ ਤੇ ਆਨੰਦ ਮਹਿਸੂਸ ਕਰਦਾ ਹਾਂ। ਅੰਬ ਚੂਪਣਾ ਮੈਂ ਪੇਂਡੂ ਜੀਵਨ ਦਾ ਸਭ ਤੋਂ ਵੱਡਾ ਸੁਆਦ ਗਿਣਦਾ ਹਾਂ।’
ਪੁਰਾਣੇ ਸਮਿਆਂ ’ਚ ਪਿੰਡਾਂ ਦੇ ਜੁਆਕ ਤੇ ਸਿਆਣੇ ਪਿੰਡ ਦੇ ਨੇੜੇ ਅੰਬਾਂ ਦੇ ਝੁੰਡਾਂ ’ਚ ਬਣੇ ਸਾਧਾਂ ਸੰਤਾਂ ਦੇ ਡੇਰੇ ਵੱਲ ਭਜਨ ਬੰਦਗੀ ਦੇ ਬਹਾਨੇ ਸਵੇਰੇ ਸ਼ਾਮ ਅੰਬ ਚੂਪਣ ਲਈ ਤੁਰੇ ਹੁੰਦੇ। ਉਸ ਜ਼ਮਾਨੇ ’ਚ ਕੱਚੇ ਫਲ਼ਾਂ ਨੂੰ ਜ਼ਹਿਰਾਂ ਵਰਗੀਆਂ ਦਵਾਈਆਂ ਲਾ ਕੇ ਛੇਤੀ ਛੇਤੀ ਪਕਾਉਣ ਦਾ ਕੁਚਲਨਾ ਰਿਵਾਜ ਪ੍ਰਚਲਿਤ ਨਹੀਂ ਸੀ। ਕੁਦਰਤੀ ਮਾਹੌਲ ’ਚ ਲਿਸ਼ਕਦੀਆਂ ਧੁੱਪਾਂ ਤੇ ਹਾੜ੍ਹ ਸਾਉਣ ਦੀ ਰੁੱਤੇ ਮੀਂਹ ਵਰ੍ਹਾਉਣ ਤੁਰੀਆਂ ਹਵਾਵਾਂ ਨਾਲ ਖਹਿ ਖਹਿ ਕੇ ਪੱਕਿਆ ਅੰਬ ਸਿਹਤਮੰਦ ਹੋਣ ਲਈ ਕੁਦਰਤੀ ਔਸ਼ਧੀ ਹੋ ਨਿਬੜਦਾ ਸੀ। ਇਸ ਇਲਾਕੇ ਦੀਆਂ ਕੁੜੀਆਂ ਜਦੋਂ ਕਿਸੇ ਹੋਰ ਇਲਾਕੇ ’ਚ ਵਿਆਹੀਆਂ ਜਾਂਦੀਆਂ ਤਾਂ ਉਹ ਦੂਰ ਦੁਰਾਡੇ ਬੈਠੀਆਂ ਆਪਣੇ ਮਾਪਿਆਂ ਦੇ ਘਰਾਂ ਦੀਆਂ ਮੌਜ ਬਹਾਰਾਂ ਦੇ ਨਾਲ ਨਾਲ ਇਸ ਇਲਾਕੇ ਦੇ ਦੇਸੀ ਅੰਬਾਂ ਦੀ ਖ਼ੁਸ਼ਬੋ ਤੇ ਦਿਲਕਸ਼ ਸੁਆਦ ਨੂੰ ਵੀ ਜ਼ਰੂਰ ਯਾਦ ਕਰਿਆ ਕਰਦੀਆਂ। ਇਸ ਇਲਾਕੇ ’ਚ ਆਪਣੀਆਂ ਰਿਸ਼ਤੇਦਾਰੀਆਂ ਜਾਂ ਵਿਆਹ ਸ਼ਾਦੀ ਮੌਕੇ ਦੂਜੇ ਇਲਾਕਿਆਂ ਤੋਂ ਆਉਣ ਵਾਲੇ ਬੰਦੇ ਅੰਬਾਂ ਦੇ ਇਲਾਕੇ ਨੂੰ ’ਆਹ ਆ ਗਿਆ ਬਈ ਅੰਬੀਆਂ ਦਾ ਦੇਸ਼ . . . . ਆਖ ਕੇ ਵਡਿਆਇਆ ਕਰਦੇ। ‘ਅੰਬੀਆਂ ਨੂੰ ਤਰਸੇਂਗੀ, ਛੱਡ ਕੇ ਦੇਸ਼ ਦੋਆਬਾ’ ਵਰਗੀ ਲੋਕ ਬੋਲੀ ਦੇ ਅਰਥ ਸਹੀ ਤੇ ਸੱਚੋਂ ਸੱਚੇ ਲੱਗਿਆ ਕਰਦੇ। ਅੰਬਾਂ ਦੀ ਰੁੱਤੇ ਅਜੇ ਵੀ ਅੰਬਾਂ ਦੇ ਸ਼ੌਕੀਨ ਦੂਰੋਂ-ਦੂਰੋਂ ਕਸਬਾ ਹਰਿਆਣਾ ਦੇ ਇਨਾਮੀ ਬਾਗ਼ ਤੇ ਇਲਾਕੇ ’ਚ ਪੈਂਦੇ ਦੇਸੀ ਅੰਬਾਂ ਦਾ ਮੌਸਮੀ ਸੁਆਦ ਮਾਨਣ ਲਈ ਜ਼ਰੂਰ ਦੇ ਹਨ। ਸਥਾਨਿਕ ਲੋਕਾਂ ਦੀ ਲੋੜ ਪੂਰੀ ਕਰਨ ਵਾਲੇ ਇਸ ਫਲ਼ ਦੇ ਨਾਂਅ ਵੀ ਇਲਾਕੇ ਦੇ ਲੋਕਾਂ ਨੇ ਇਸ ਦੇ ਸੁਆਦ, ਆਕਾਰ, ਬਣਤਰ ਤੇ ਇਲਾਕੇ ਦੇ ਹਿਸਾਬ ਨਾਲ ਰੱਖੋ ਹੋਏ ਸਨ, ਜਿਨ੍ਹਾਂ ਤੋਂ ਇਸ ਦੇ ਸੁਆਦ ਤੇ ਮਹਿਕ ਦਾ ਅੰਦਾਜ਼ਾ ਲੱਗ ਜਾਂਦਾ ਸੀ। ਇਨ੍ਹਾਂ ਨਾਂਵਾਂ ’ਚ ਕੂਕਿਆਂ ਦੀ ਛੱਲੀ, ਬਜਰੌੜ ਦੀ ਬੱਡ, ਹਰਿਆਣੇ ਦੀ ਕੰਘੀ, ਭਾਗੋਵਾਲ ਦੀ ਛੱਲੀ, ਗੋਲਾ, ਤੋਤਾਪਰੀ, ਸਫੈਦਾ, ਆੜੂ, ਸ਼ੇਖ, ਇਨਾਮੀ, ਸੰਧੂਰੀ ਛੱਲੀ, ਸੰਧੂਰੀ, ਸੌਫੀ, ਲੰਗੜਾ, ਲਾਲਟੈਣ, ਲੱਡੂ, ਗਾਜਰੀ, ਸਿੱਪੀ, ਥਾਣੇਦਾਰ ਆਦਿ ਕਿਸਮਾਂ ਲੋਕਾਂ ’ਚ ਪ੍ਰਚਲਿਤ ਸਨ। ਪੁਰਾਣੇ ਬਜ਼ੁਰਗ ਤਾਂ ਅਜੇ ਵੀ ਦੇਸੀ ਅੰਬ ਦਾ ਆਕਾਰ ਤੇ ਸੁਆਦ ਤੋਂ ਉਸਦੇ ਇਲਾਕੇ ਦਾ ਅੰਦਾਜ਼ਾ ਲਾ ਲੈਂਦੇ ਹਨ। ਹੁਸ਼ਿਆਰਪੁਰ ’ਚ ਅਜੇ ਵੀ ਦੇਸੀ ਤੇ ਦੁਸਹਿਰੀ ਅੰਬਾਂ ਲਈ ਕਰੀਬ 1500 ਹੈਕਟੇਅਰ ਰਕਬਾ ਇਲਾਕੇ ਦੀ ਅੰਬ ਵਿਰਾਸਤ ਦੀ ਗਵਾਹੀ ਭਰਦਾ ਹੈ। ਇਲਾਕੇ ਦੀ ਅੰਬ ਵਿਰਾਸਤ ਨੂੰ ਸਦੀਵੀ ਰੂਪ ’ਚ ਸੰਭਾਲਣ ਦੇ ਮੰਤਵ ਨਾਲ ਹੀ ਹੁਸ਼ਿਆਰਪੁਰ ਜ਼ਿਲ੍ਹੇ ਪਿੰਡ ਬੋਦਲਾਂ ਨਾਲ ਸਬੰਧਿਤ ਉੱਘੇ ਬਨਸਪਤੀ ਵਿਗਿਆਨੀ ਡਾ. ਮਹਿੰਦਰ ਸਿੰਘ ਰੰਧਾਵਾ ਨੇ ਆਪਣੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਕਾਰਜਕਾਲ ਦੌਰਾਨ ਆਪਣੇ ਜੱਦੀ ਇਲਾਕੇ ’ਚ ਪਿੰਡ ਗੰਗੀਆਂ ਨੇੜੇ ਦਸੂਹਾ ਵਿਖੇ 1972 ਵਿੱਚ ਨਿਵੇਕਲੀ ਕਿਸਮ ਦਾ ‘ਫਲ਼ ਖੋਜ ਕੇਂਦਰ’ ਵੀ ਸਥਾਪਿਤ ਕਰਵਾਇਆ। ਉਨ੍ਹਾਂ ਉਸ ਸਮੇਂ ਹੁਸ਼ਿਆਰਪੁਰ ਤੇ ਪੰਜਾਬ ਤੇ ਹੋਰ ਥਾਂਵਾਂ ’ਚ ਸਰਵੇ ਕਰਵਾ ਕੇ ਬਹੁਤ ਸਾਰੀਆਂ ਦੇਸੀ ਅੰਬਾਂ ਦੀਆਂ ਚੂਪਣ ਵਾਲੀਆਂ ਵਧੀਆ ਕਿਸਮਾਂ ਨੂੰ ਇਸ ਕੇਂਦਰ ’ਚ ਸੰਭਾਲਣ ਦਾ ਯਤਨ ਕੀਤਾ। ਇਸ ਫਲ਼ ਖੋਜ ਕੇਂਦਰ ਵਿੱਚ ਉਸ ਵੇਲੇ ਤੋਂ ਸੰਭਾਲੀਆਂ ਅੰਬਾਂ ਦੀਆਂ ਦੇਸੀ ਕਿਸਮਾਂ ਨੂੰ ਯੂਨੀਵਰਸਿਟੀ ਵੱਲੋਂ ਆਪਣੇ ਨਾਂਅ ਦਿੱਤੇ ਗਏ ਹਨ ਤੇ ਇਨ੍ਹਾਂ ਨਾਂਵਾਂ ਤੋਂ ਹੀ ਨਵੇਂ ਬੂਟੇ ਤਿਆਰ ਕੀਤੇ ਜਾਂਦੇ ਹਨ।
ਬਾਗ਼ਬਾਨੀ ਮਾਹਿਰਾਂ ਵੱਲੋਂ ਉੱਤਮ ਕਿਸਮ ਦੇ ਅੰਬਾਂ ਦੀਆਂ ਚੂਪਣ ਵਾਲੀਆਂ ਕਿਸਮਾਂ ਨੂੰ ਸੰਭਾਲਣ ਦੇ ਨਾਲ ਨਾਲ ਇਨ੍ਹਾਂ ਬੂਟਿਆਂ ਦੇ ਫਲ਼ਾਂ ਦੇ ਸੁਆਦ, ਖ਼ੁਸ਼ਬੋ, ਆਕਾਰ ਤੇ ਪੱਕਣ ਦੇ ਸਮੇਂ ਨੂੰ ਲੈ ਵੀ ਬੜੀ ਬਾਰੀਕ ਖੋਜ ਪੜਤਾਲ ਕੀਤੀ ਗਈ ਹੈ। ਇਸ ਤੋਂ ਇਲਾਵਾ ਕਸਬਾ ਹਰਿਆਣਾ ਕੋਲ ਬੱਸੀ ਉਮਰ ਖਾਨ ਦਾ ਕਈ ਦਹਾਕੇ ਪੁਰਾਣਾ ਅੰਬਾਂ ਦਾ ‘ਇਨਾਮੀ ਬਾਗ਼’ ਸਰਕਾਰ ਵੱਲੋਂ ‘ਫਸਟ ਨੈਸ਼ਨਲ ਬਾਇਓਡਾਇਵਰਸਿਟੀ ਹੈਰੀਟੇਜ ਸਾਈਟ ਆਫ਼ ਪੰਜਾਬ’ ਘੋਸ਼ਿਤ ਹੋ ਚੁੱਕਾ ਹੈ। ਇਥੇ ਹਰ ਸਾਲ ਅੰਬਾਂ ਦੇ ਮੌਸਮ ਵਿੱਚ ਦੂਰ ਦੁਰਾਡੇ ਤੋਂ ਅੰਬਾਂ ਦੇ ਸ਼ੌਕੀਨ ਬਾਗ਼ ’ਚ ਮੌਜੂਦ ਦੇਸੀ ਦੁਰਲੱਭ ਕਿਸਮਾਂ ਦਾ ਸੁਆਦ ਮਾਨਣ ਲਈ ਜ਼ਰੂਰ ਪਹੁੰਚਦੇ ਹਨ। ਗੜ੍ਹਦੀਵਾਲਾ ਨਜ਼ਦੀਕ ‘ਮਹੰਤਾਂ ਦਾ ਬਾਗ਼’ ਵੀ ਦੇਸੀ ਅੰਬਾਂ ਦੀਆਂ ਕਿਸਮਾਂ ਵਾਲੇ ਪੁਰਾਣੇ ਬਾਗ਼ ਵਜੋਂ ਜਾਣਿਆਂ ਜਾਂਦਾ ਹੈ। ਹੁਸ਼ਿਆਰਪੁਰ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਅੰਬ ਦਾ ਦਰਖ਼ਤ ਵੱਢਣ ’ਤੇ ਪਾਬੰਦੀ ਲਾਉਣ ਨਾਲ ਜਿੱਥੇ ਇਲਾਕੇ ਵਿੱਚ ਕਈ ਦਹਾਕੇ ਪੁਰਾਣੇ ਅੰਬਾਂ ਦੇ ਦਰਖ਼ਤਾਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ, ਨਾਲ ਹੀ ਵੱਖ ਵੱਖ ਸਮਾਜ ਸੇਵੀ ਸੰਗਠਨਾਂ ਤੇ ਵਾਤਾਵਰਣ ਪ੍ਰੇਮੀਆਂ ਵੱਲੋਂ ਇਲਾਕੇ ’ਚ ਦੇਸੀ ਅੰਬਾਂ ਦੀਆਂ ਅਲੋਪ ਹੋ ਰਹੀਆਂ ਕਿਸਮਾਂ ਨੂੰ ਬਚਾਉਣ ਅਤੇ ਸੰਭਾਲਣ ਲਈ ਕੀਤੇ ਜਾ ਰਹੇ ਯਤਨਾਂ ਦੀ ਬਦੌਲਤ ਇਲਾਕੇ ਦੇ ਲੋਕਾਂ ’ਚ ਦੇਸੀ ਤੇ ਪਿਉਂਦ ਕੀਤੇ ਅੰਬ ਲਾਉਣ ਦਾ ਰੁਝਾਨ ਪੈਦਾ ਹੋਇਆ ਹੈ। ਫਲ਼ਾਂ ਦੇ ਸ਼ੌਕੀਨ ਆਪਣੇ ਘਰੇਲੂ ਬਗੀਚਿਆਂ ਵਿੱਚ ਲਾ ਕੇ ਇਲਾਕੇ ਦੀ ਕੁਦਰਤੀ ਭੂਗੋਲਿਕ ਸੌਗਾਤ ਨੂੰ ਸੰਭਾਲਣ ਦਾ ਯਤਨ ਕਰ ਰਹੇ ਹਨ।