38 views 16 secs 0 comments

ਅੰਮ੍ਰਿਤਸਰ ਨੂੰ ‘ਅਧਿਆਤਮਿਕ ਵਿਰਾਸਤ ਦੇ ਪ੍ਰਵੇਸ਼ ਦੁਆਰ’ ਵਜੋਂ ਸਥਾਪਿਤ ਕਰਨਾ ਬਹੁਤ ਜ਼ਰੂਰੀ

In ਪੰਜਾਬ
August 28, 2025

ਡਾ. ਅੰਮ੍ਰਿਤ ਸਾਗਰ ਮਿੱਤਲ

ਜਦੋਂ ਮੈਂ 5 ਸਾਲ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿਖੇ ‘ਅੰਮ੍ਰਿਤ ਵੇਲੇ’ ਪਾਲਕੀ ਸਾਹਿਬ ਦੀ ਸੇਵਾ ਵਿੱਚ ਸ਼ਾਮਿਲ ਹੋਇਆ ਤਾਂ ਉਸ ਪਲ ਮੈਨੂੰ ਲੱਗਿਆ ਜਿਵੇਂ ਮੈਂ ਪਰਮਾਤਮਾ ਦੇ ਘਰ ਵਿੱਚ ਦਾਖਲ ਹੋ ਗਿਆ ਹੋਵਾਂ। ਸ਼ਬਦ ਕੀਰਤਨ, ਸਰੋਵਰ ਦਾ ਸ਼ਾਂਤ ਜਲ ਅਤੇ ਚਮਕਦੇ ਗੁੰਬਦਾਂ ਨੇ ਮੇਰੇ ਮਨ ਨੂੰ ਸ਼ਾਂਤ ਕਰਦਿਆਂ ਸੱਚੀ ਦੌਲਤ ਨਾਲ ਨਿਹਾਲ ਕਰ ਦਿੱਤਾ ਸੀ। ਦਰਬਾਰ ਸਾਹਿਬ ਵਿਖੇ ਨਿਮਰਤਾ ਇੱਕ ਅਜਿਹੀ ਪੂੰਜੀ ਹੈ, ਜੋ ਸੇਵਾ ਕਰਨ ’ਤੇ ਇੱਕ ਸਮੂਹਿਕ ਵਿਸ਼ਵਾਸ ਨਾਲ ਅਨਮੋਲ ਜਨਤਕ ਭਲਾਈ ਬਣ ਜਾਂਦੀ ਹੈ। ਇਹ ਜਨਤਕ ਭਲਾਈ ਸਿਰਫ਼ ਰੋਜ਼ੀ-ਰੋਟੀ ਨੂੰ ਹੀ ਕਾਇਮ ਨਹੀਂ ਰੱਖਦੀ, ਸਗੋਂ ਪੰਜਾਬ ਦੀ ਆਰਥਿਕ ਖੁਸ਼ਹਾਲੀ ਨੂੰ ਵੀ ਹੋਰ ਗਤੀ ਦੇ ਸਕਦੀ ਹੈ।
ਵਿਸ਼ਵ ਪੱਧਰ ’ਤੇ ਗੁਰੂ ਕੀ ਨਗਰੀ (ਅੰਮ੍ਰਿਤਸਰ) ਨੂੰ ਨਿਰਵਿਵਾਦ ਤੌਰ ’ਤੇ ‘ਅਧਿਆਤਮਿਕ ਵਿਰਾਸਤ ਦੇ ਪ੍ਰਵੇਸ਼ ਦੁਆਰ’ ਵਜੋਂ ਸਥਾਪਿਤ ਕਰਨਾ ਬਹੁਤ ਜ਼ਰੂਰੀ ਹੈ। ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੇ ਬਰਤਾਨੀਆ ਵਿੱਚ ਵਸਦੇ ਭਾਰਤੀ ਪਰਵਾਸੀਆਂ ਨਾਲ ਰਣਨੀਤਕ ਤੌਰ ’ਤੇ ਸਹਿਯੋਗ ਕਰਕੇ ਪੰਜਾਬ ਸਿੱਖ ਭਾਈਚਾਰੇ ਤੋਂ ਅੱਗੇ ਵਧ ਕੇ ਉੱਚ-ਮੁੱਲ ਵਾਲੇ ਧਾਰਮਿਕ ਸੈਲਾਨੀਆਂ ਦੀ ਇੱਕ ਨਿਰੰਤਰ ਆਮਦ ਨੂੰ ਆਕਰਸ਼ਿਤ ਕੀਤਾ ਜਾ ਸਕਦਾ ਹੈ। ਯੂਨੈਸਕੋ ਅਤੇ ਹੋਰ ਪ੍ਰਮੁੱਖ ਵਿਸ਼ਵ ਵਿਰਾਸਤ ਸੰਗਠਨਾਂ ਨਾਲ ਗੱਠਜੋੜ ਕਰਨ ਨਾਲ ਸਾਡੀ ਭਰੋਸੇਯੋਗਤਾ ਮਜ਼ਬੂਤ ਹੋਵੇਗੀ। ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੇ ਸੈਲਾਨੀਆਂ ਦੇ ਅੰਕੜੇ ਇਸ ਵਿਸ਼ਾਲ ਸੰਭਾਵਨਾ ਨੂੰ ਉਜਾਗਰ ਕਰਦੇ ਹਨ। ਅੰਮ੍ਰਿਤਸਰ ਹਰ ਸਾਲ ਲਗਭਗ 5 ਕਰੋੜ ਸ਼ਰਧਾਲੂਆਂ ਦਾ ਸਵਾਗਤ ਕਰਦਾ ਹੈ ਅਤੇ ਹਜ਼ਾਰਾਂ ਲੋਕਾਂ ਨੂੰ ਰੋਜ਼ੀ-ਰੋਟੀ ਦਿੰਦਾ ਹੈ। ਨੈਸ਼ਨਲ ਕੌਂਸਲ ਆਫ਼ ਅਪਲਾਈਡ ਇਕਨਾਮਿਕ ਰਿਸਰਚ (ਐਨ.ਸੀ.ਏ.ਈ.ਆਰ) ਦੇ ਅਨੁਮਾਨ ਅਨੁਸਾਰ ਤਿਰੂਪਤੀ ਬਾਲਾਜੀ ਮੰਦਰ (ਆਂਧਰਾ ਪ੍ਰਦੇਸ਼) ਹਰ ਸਾਲ 4 ਕਰੋੜ ਤੋਂ ਵੱਧ ਆਉਂਦੇ ਸ਼ਰਧਾਲੂ ਸੂਬੇ ਦੀ ਆਰਥਿਕਤਾ ਵਿੱਚ 30,000 ਕਰੋੜ ਰੁਪਏ ਤੋਂ ਵੀ ਵੱਧ ਦਾ ਯੋਗਦਾਨ ਪਾਉਂਦੇ ਹਨ। ਇਸ ਦੇ ਸਮਾਨਾਂਤਰ ਸਫਲਤਾ ਸੰਬੰਧੀ ਵਿਚਾਰ ਕਰੋ। ਪੰਜਾਬ ਵਿੱਚ ਤਾਂ ਇਸ ਤੋਂ ਵੀ ਵੱਡੀਆਂ ਸੰਭਾਵਨਾਵਾਂ ਹਨ, ਜਿੱਥੇ ਇੱਕਲੇ ਦਰਬਾਰ ਸਾਹਿਬ ਵਿਖੇ ਸਾਲਾਨਾ 5 ਕਰੋੜ ਸੈਲਾਨੀ ਆਉਂਦੇ ਹਨ। ਜੇਕਰ ਇਨ੍ਹਾਂ ’ਚੋਂ ਹਰੇਕ ਸ਼ਰਧਾਲੂ ਰਿਹਾਇਸ਼, ਭੋਜਨ, ਆਵਾਜਾਈ, ਸ਼ਿਲਪਕਾਰੀ ਤੇ ਵਿਰਾਸਤੀ ਅਨੁਭਵਾਂ ’ਤੇ ਔਸਤਨ 5,000 ਰੁਪਏ ਖਰਚ ਕਰੇ, ਤਾਂ ਇੱਕਲਾ ਅੰਮ੍ਰਿਤਸਰ ਸਾਲਾਨਾ ਲਗਭਗ 2.5 ਲੱਖ ਕਰੋੜ ਰੁਪਏ ਕਮਾ ਸਕਦਾ ਹੈ। ਜੇਕਰ ਇਨ੍ਹਾਂ ਸੈਲਾਨੀਆਂ ’ਚੋਂ ਸਿਰਫ਼ 1 ਫ਼ੀਸਦੀ (5 ਲੱਖ) ਨੂੰ ਉੱਚ-ਪੱਧਰੀ ਸੈਲਾਨੀਆਂ ਵਿੱਚ ਬਦਲ ਸਕੀਏ, ਜੋ ਲਗਭਗ 2 ਲੱਖ ਰੁਪਏ ਤੱਕ ਖਰਚ ਕਰਨ ਤਾਂ ਵਾਧੂ ਆਮਦਨ ਦੀ ਸੰਭਾਵਨਾ 1 ਲੱਖ ਕਰੋੜ ਰੁਪਏ ਤੱਕ ਹੋਰ ਵਧ ਸਕਦੀ ਹੈ। ਜੋ ਕੁੱਲ ਮਿਲਾ ਕੇ ਲਗਭਗ 3.5 ਲੱਖ ਕਰੋੜ ਰੁਪਏ ਹੋ ਸਕਦੀ ਹੈ ਅਤੇ ਇਹ ਪੰਜਾਬ ਦੀ ਕੁੱਲ ਜੀ.ਡੀ.ਪੀ. (6.98 ਲੱਖ ਕਰੋੜ, 2023-24) ਦਾ ਲਗਭਗ 50 ਫ਼ੀਸਦੀ ਹੈ। ਅਧਿਆਤਮਿਕ ਸੈਰ-ਸਪਾਟਾ ਖੇਤਰ ਦੀ ਕਿਰਤ-ਆਧਾਰਿਤ ਇਹ ਪ੍ਰਕਿਰਤੀ ਸਿੱਧੇ ਤੇ ਅਸਿੱਧੇ ਤੌਰ ’ਤੇ ਸਥਾਨਕ ਭਾਈਚਾਰਿਆਂ ਲਈ ਰੁਜ਼ਗਾਰ ਦਾ ਇੱਕ ਮਹੱਤਵਪੂਰਨ ਅਧਾਰ ਬਣਨ ਦੇ ਸਮਰੱਥ ਹੈ। ਜਿਸ ਦਾ ਆਰਥਿਕ ਪ੍ਰਭਾਵ ਸੂਬੇ ਦੀ ਖੇਤੀਬਾੜੀ ਤੇ ਨਿਰਮਾਣ ਦੋਹਾਂ ਦੀਆਂ ਪ੍ਰਾਪਤੀਆਂ ਨੂੰ ਪਾਰ ਕਰ ਸਕਦਾ ਹੈ। ਹੁਣ ਇਸ ਸੰਭਾਵਨਾ ਨੂੰ ਵਰਤ ਕੇ ਪੰਜਾਬ ਦੇ ਭਵਿੱਖ ਨੂੰ ਬਦਲਣ ਦਾ ਸਮਾਂ ਆ ਗਿਆ ਹੈ। ਭਾਰਤ ਦੀ ਅਧਿਆਤਮਿਕ ਤੇ ਸੱਭਿਆਚਾਰਕ ਵਿਰਾਸਤ ਯਾਤਰਾ ਵਿੱਚ ਤੇਜ਼ੀ ਨਾਲ ਉਭਾਰ ਆਇਆ ਹੈ। ਕੇਂਦਰੀ ਸੈਰ-ਸਪਾਟਾ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਧਾਰਮਿਕ ਸੈਰ-ਸਪਾਟਾ ਯਾਤਰਾਵਾਂ ਤੋਂ ਆਮਦਨ 2021 ਵਿੱਚ 67.7 ਕਰੋੜ ਰੁਪਏ ਤੋਂ ਵਧ ਕੇ 2024 ਵਿੱਚ 143.9 ਕਰੋੜ ਰੁਪਏ ਹੋ ਗਈ ਹੈ। ਜਦਕਿ 96 ਲੱਖ ਵਿਦੇਸ਼ੀ ਸੈਲਾਨੀਆਂ ਦੀ ਆਮਦ ਨਾਲ ਵਿਦੇਸ਼ੀ ਮੁਦਰਾ ਵਿੱਚ 2.7 ਲੱਖ ਕਰੋੜ ਤੋਂ ਵੱਧ ਦੀ ਕਮਾਈ ਹੋਈ ਹੈ। ਰਾਸ਼ਟਰੀ ਪੱਧਰ ’ਤੇ ਧਾਰਮਿਕ ਯਾਤਰਾਵਾਂ ਤੇ ਸੈਰ-ਸਪਾਟਾ ਰੁਜ਼ਗਾਰ ਅਤੇ ਜੀ.ਡੀ.ਪੀ. ਦੇ ਇੰਜਣ ਬਣ ਰਹੇ ਹਨ। ਅਜਿਹੇ ਵਿੱਚ ਸੁਸ਼ਾਸਿਤ ਅੰਮ੍ਰਿਤਸਰ ਉਸ ਗਤੀ ਦਾ ਵੱਡਾ ਹਿੱਸਾ ਹਾਸਲ ਕਰ ਸਕਦਾ ਹੈ, ਕਿਉਂਕਿ ਪ੍ਰਮੁੱਖ ਧਾਰਮਿਕ ਸਥਾਨਾਂ ਵਿਚ ਦਰਬਾਰ ਸਾਹਿਬ ਵਿਸ਼ੇਸ਼ ਖਿੱਚ ਰੱਖਦਾ ਹੈ।
ਪੰਜਾਬ ਦੀ ਆਰਥਿਕਤਾ ਢਾਂਚਾਗਤ ਤੌਰ ’ਤੇ ਸੰਤੁਲਿਤ ਹੈ, ਪਰ ਆਪਣੀ ਸਮਰੱਥਾ ਤੋਂ ਘੱਟ ਪ੍ਰਦਰਸ਼ਨ ਕਰ ਰਹੀ ਹੈ। 2024-25 ਵਿੱਚ ਖੇਤੀਬਾੜੀ, ਨਿਰਮਾਣ ਅਤੇ ਸੇਵਾਵਾਂ ਨੇ ਕ੍ਰਮਵਾਰ ਜੀ.ਡੀ.ਪੀ. ਵਿੱਚ 29 ਫ਼ੀਸਦੀ, 25 ਫ਼ੀਸਦੀ ਤੇ 46 ਫ਼ੀਸਦੀ ਯੋਗਦਾਨ ਪਾਇਆ। ਜੇਕਰ ਪੰਜਾਬ ਤੇਜ਼ੀ ਨਾਲ ਰੁਜ਼ਗਾਰ ਦੀ ਸਿਰਜਣਾ ਕਰਨਾ ਚਾਹੁੰਦਾ ਹੈ ਤਾਂ ਹਰਿਮੰਦਰ ਸਾਹਿਬ ਦੇ ਆਸ-ਪਾਸ ਸੇਵਾਵਾਂ ਤੇ ਅਨੁਭਵਾਂ ਦੀ ਰਣਨੀਤੀ ਅਪਣਾਉਣੀ ਇੱਕ ਸੌਖਾ ਰਸਤਾ ਹੈ। ਅੰਮ੍ਰਿਤਸਰ ਵਿੱਚ ਸ਼ਹਿਰੀ ਉੱਨਤੀ (ਅਪਗ੍ਰੇਡ) ਕਰਨ ਦੌਰਾਨ ਵਿਰਾਸਤੀ ਸੜਕਾਂ, ਨਵੀਨਤਾਕਾਰੀ ਸ਼ਹਿਰੀ ਪ੍ਰੋਜੈਕਟ, ਰੇਡੀਅਲ ਸੜਕ ਯੋਜਨਾ ਲਾਗੂ ਕੀਤੀ ਗਈ ਹੈ ਪਰ ਧਾਰਮਿਕ ਸਥਾਨ ਤੱਕ ਪਹੁੰਚਣ ਲਈ ਭੀੜ-ਭੜੱਕਾ ਤੇ ਕੂੜਾ ਕਰਕਟ ਹਟਾਉਣ ਦੀਆਂ ਸਮੱਸਿਆਵਾਂ ਅਜੇ ਵੀ ਬਣੀਆਂ ਹੋਈਆਂ ਹਨ। ਸੈਲਾਨੀਆਂ ਦੀ ਸਹੂਲਤ ਤੇ ਆਉਣ-ਜਾਣ ਨੂੰ ਸੁਚਾਰੂ ਬਣਾਉਣ ਲਈ ‘ਪਰਿਵਰਤਨਸ਼ੀਲ ਬੁਨਿਆਦੀ ਢਾਂਚੇ’ ਦੀ ਲੋੜ ਹੈ।
1) ਦਰਬਾਰ ਸਾਹਿਬ ਦੇ ਚੌਗਿਰਦੇ ਨੂੰ ‘ਪਵਿੱਤਰ ਸੇਵਾ ਖੇਤਰ’ ਵਜੋਂ ਦੇਖੋ। ਇੱਕ ਨਿਸ਼ਚਿਤ ਦਾਇਰੇ ਅੰਦਰ ਪੈਦਲ ਯਾਤਰੀਆਂ ਲਈ ਗਤੀਸ਼ੀਲ ਰਿੰਗ ਬਣਾਉਣ ਤੋਂ ਇਲਾਵਾ ਸ਼ਹਿਰ ਦੇ ਪ੍ਰਵੇਸ਼ ਸਥਾਨਾਂ ’ਤੇ ਬਹੁਪੱਧਰੀ ਪਾਰਕਿੰਗ ਬਣਾਏ ਜਾਣ, ਧਾਰਮਿਕ ਸਥਾਨ ਤੱਕ ਆਉਣ-ਜਾਣ ਲਈ ਇੱਕ ਇਲੈਕਟ੍ਰਿਕ ਸ਼ਟਲ ਲੂਪ ਅਤੇ ਇੱਕ ਭੂਮੀਗਤ ਜਾਂ ਗ੍ਰੇਡ-ਸੇਪਰੇਟਿਡ ਵਾਹਨ ਕੋਰੀਡੋਰ, ਛਾਂਦਾਰ ਪੈਦਲ ਮਾਰਗ, ਪਹੁੰਚਯੋਗ ਰੈਂਪ ਤੇ ਸਾਫ਼ ਜਨਤਕ ਸਹੂਲਤਾਂ ਨੂੰ ਤਰਜੀਹ ਦਿੱਤੀ ਜਾਵੇ। ਸਥਾਨਕ ਨੌਜਵਾਨਾਂ ਲਈ ਹੁਨਰ ਨੂੰ ਇੱਕ ਪੌੜੀ ਬਣਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਪ੍ਰਾਹੁਣਚਾਰੀ ਸਕੂਲਾਂ ਅਤੇ ਛੋਟੀਆਂ ਤੇ ਦਰਮਿਆਨੀਆਂ ਸਨਅਤਾਂ ਦੇ ਕਲੱਸਟਰਾਂ ਨਾਲ ਮਿਲ ਕੇ ‘ਗੁਰੂ ਸੇਵਾ ਤੋਂ ਰੋਜ਼ੀ-ਰੋਟੀ ਤੱਕ’ ਅਕੈਡਮੀ, ਮਾਰਗਦਰਸ਼ਨ, ਫਰੰਟ-ਆਫਿਸ, ਹਾਊਸ-ਕੀਪਿੰਗ, ਭੋਜਨ ਸੁਰੱਖਿਆ ਅਤੇ ਬੁਨਿਆਦੀ ਵਿਦੇਸ਼ੀ-ਭਾਸ਼ਾ ਹੁਨਰਾਂ ਨੂੰ ਪੇਸ਼ੇਵਰ ਬਣਾ ਸਕਦੀ ਹੈ। ਭਾਰਤ ਵਿੱਚ ਸੈਰ-ਸਪਾਟਾ ਕਰੋੜਾਂ ਲੋਕਾਂ ਨੂੰ ਰੁਜ਼ਗਾਰ ਦੇ ਸਕਦਾ ਹੈ ਤਾਂ ਅੰਮ੍ਰਿਤਸਰ ਵਿੱਚ ਬਿਹਤਰ ਵਿਵਸਥਾ ਨਾਲ ਸ਼ਹਿਰ ਦਾ ਇੱਕ ਛੋਟਾ ਜਿਹਾ ਹਿੱਸਾ ਅਨੇਕਾਂ ਨੌਜਵਾਨਾਂ ਨੂੰ ਪੱਕਾ ਰੁਜ਼ਗਾਰ ਮੁਹੱਈਆ ਕਰਵਾ ਸਕਦਾ ਹੈ।
2) ਸੂਖਮ-ਉੱਦਮੀਆਂ ਨੂੰ ਰਸਮੀ ਬਣਾ ਕੇ ਵਿੱਤੀ ਸਹੂਲਤਾਂ ਦਿੱਤੀਆਂ ਜਾਣ। ਸੈਲਾਨੀਆਂ ਦੁਆਰਾ ਸੰਭਾਵਿਤ ਤੌਰ ’ਤੇ ਖਰੀਦੀਆਂ ਜਾਣ ਵਾਲੀਆਂ ਵਸਤਾਂ ਪਿੱਤਲ ਦਾ ਸਾਮਾਨ, ਫੁਲਕਾਰੀ, ਕੜੇ ਤੇ ਕਿਰਪਾਨਾਂ ਤਿਆਰ ਕਰਨ ਵਾਲੇ ਕਾਰੀਗਰਾਂ ਅਤੇ ਅੰਮ੍ਰਿਤਸਰੀ ਸਨੈਕ ਬ੍ਰਾਂਡਾਂ ਨੂੰ ਸੌਖਾ ਕਰਜ਼ (ਆਨ-ਰੈਂਪ ਕ੍ਰੈਡਿਟ) ਮੁਹੱਈਆ ਕਰਵਾ ਕੇ ਰੁਜ਼ਗਾਰ ਵਧਾਇਆ ਜਾ ਸਕਦਾ ਹੈ। ਸਥਾਨਕ ਭਾਈਚਾਰਿਆਂ ਤੇ ਕਾਰੀਗਰਾਂ ਦੀ ਇਹ ਸ਼ਮੂਲੀਅਤ ਸਿਰਫ਼ ਆਰਥਿਕ ਲਾਭਾਂ ਲਈ ਹੀ ਨਹੀਂ, ਸਗੋਂ ਖੇਤਰ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਅਤੇ ਉਤਸ਼ਾਹਿਤ ਕਰਨ ਲਈ ਵੀ ਹੈ।
3) ਅਧਿਆਤਮਿਕ ਤੌਰ ’ਤੇ ਜੁੜੀ ਇੱਕ ‘ਸਰਬੱਤ ਦਾ ਭਲਾ’ ਪਰਿਕਰਮਾ ਡਿਜ਼ਾਈਨ ਕਰੋ, ਜਿਸ ਵਿੱਚ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਿਰ, ਜਲਿਆਂਵਾਲਾ ਬਾਗ, ਦੇਸ਼ ਦੀ ਵੰਡ ਸੰਬੰਧੀ ਅਜਾਇਬ ਘਰ, ਗੋਬਿੰਦਗੜ੍ਹ ਕਿਲ੍ਹਾ, ਵਾਹਘਾ ਸਰਹੱਦ ’ਤੇ ਬੀ.ਐੱਸ.ਐੱਫ ਅਤੇ ਪਾਕਿਸਤਾਨੀ ਰੇਂਜਰਾਂ ਦੀ ਪ੍ਰੇਡ ਜਿਹੇ ਦਰਸ਼ਨੀ ਸਥਾਨਾਂ ਨੂੰ ਸੈਰ-ਸਪਾਟੇ ਵਜੋਂ ਹੀ ਨਹੀਂ, ਮੌਖਿਕ ਇਤਿਹਾਸ ਤੇ ਖੇਤ ਤੋਂ ਥਾਲੀ ਤੱਕ ਦੇ ਟੂਰ ਵਜੋਂ ਤਿਆਰ ਕੀਤਾ ਜਾਵੇ। ਇਹ ਪਹਿਲਕਦਮੀ ਸੈਰ-ਸਪਾਟਾ ਮੰਤਰਾਲੇ ਦੇ ‘ਤੀਰਥ ਯਾਤਰਾ ਪੁਨਰ ਸੁਰਜੀਤੀ ਅਤੇ ਅਧਿਆਤਮਿਕ ਵਿਰਾਸਤ ਵਾਧਾ ਮੁਹਿੰਮ’ ਦੇ ਨਾਲ ਤਾਲਮੇਲ ਬਿਠਾਉਂਦੇ ਹੋਏ ਨੇੜਲੇ ਖੇਤਰਾਂ ਵਿੱਚ ਸੈਲਾਨੀਆਂ ਦੀ ਆਮਦ ਨੂੰ ਵਧਾ ਸਕਦੀ ਹੈ।
4) ਆਕਰਸ਼ਕ ਸ਼ਾਮ ਦੀ ਵਿਵਸਥਾ ਇਸ ਪਹਿਲ ਤਹਿਤ ਸ਼ਾਮ 7 ਤੋਂ 11 ਵਜੇ ਰਾਤ ਤੱਕ ਇੱਕ ਵਿਸ਼ੇਸ਼ ਵਿੰਡੋ ਮਨਜ਼ੂਰਸ਼ੁਦਾ ਸਟ੍ਰੀਟ ਪ੍ਰਦਰਸ਼ਨਕਾਰੀਆਂ (ਮਿਆਰੀ ਸੰਗੀਤ ਤੇ ਲੋਕ ਕਲਾਵਾਂ), ਅੰਮ੍ਰਿਤਸਰ ਦੇ ਵਿਰਾਸਤੀ ਖਾਣੇ ਅਤੇ ਦਸਤਕਾਰੀ ਆਧਾਰਿਤ ਬਾਜ਼ਾਰਾਂ ਦੇ ਨਾਲ-ਨਾਲ ਹਲਕੀ-ਰੌਸ਼ਨੀ ਵਾਲੀਆਂ ਵਿਰਾਸਤੀ ਸੜਕਾਂ ਦਾ ਸਮਾਂ ਵਧਾਉਣ ਨਾਲ ਛੋਟੇ-ਕਾਰੋਬਾਰਾਂ ਦੀ ਕਮਾਈ ਵਧ ਸਕਦੀ ਹੈ। ਇਸ ਦੇ ਨਾਲ ਹੀ ਪਾਰਦਰਸ਼ੀ ਮੈਟ੍ਰਿਕਸ ਅਤੇ ਭਾਈਚਾਰਕ ਮਾਲਕੀ ਨੂੰ ਉਤਸ਼ਾਹਿਤ ਕਰਨ ਲਈ ਇਕ ਮਹੀਨਾਵਾਰ ਡੈਸ਼ਬੋਰਡ ਪ੍ਰਕਾਸ਼ਿਤ ਕਰੋ, ਜਿਸ ਵਿੱਚ ਆਉਣ ਜਾਣ ਵਾਲਿਆਂ ਦੀ ਗਿਣਤੀ, ਔਸਤ ਠਹਿਰਾਅ, ਛੋਟੇ ਤੇ ਦਰਮਿਆਨੇ ਉਦਮੀਆਂ ਦੀ ਵਿਕਰੀ, ਪੈਦਾ ਹੋਏ ਰੁਜ਼ਗਾਰ, ਔਰਤਾਂ ਦੀ ਭਾਗੀਦਾਰੀ ਦਾ ਜ਼ਿਕਰ ਹੋਵੇ। ਵਿਕਰੇਤਾ ਲਾਇਸੈਂਸ ਨਵੀਨੀਕਰਨ ਨੂੰ ਪਾਲਣਾ ਤੇ ਸੇਵਾ ਗੁਣਵੱਤਾ ਨਾਲ ਜੋੜਿਆ ਜਾਵੇ। ਅੱਗੇ ਦਾ ਰਸਤਾ, ਸ਼ਾਂਤੀ ਨਾਲ ਖੁਸ਼ਹਾਲੀ ਵਾਲਾ ਹੋ ਸਕਦਾ ਹੈ। 5 ਸਾਲ ਪਹਿਲਾਂ ਅੰਮ੍ਰਿਤ ਵੇਲੇ ਮੈਂ ਹਰਿਮੰਦਰ ਸਾਹਿਬ ਵਿੱਚ ਜਦੋਂ ਪਾਲਕੀ ਸਾਹਿਬ ਦੇ ਨਾਲ ਚੱਲਿਆ ਤਾਂ ਜੋ ਸ਼ਾਂਤੀ ਮਹਿਸੂਸ ਹੋਈ, ਉਹ ਜੀਵਨ ਵਿੱਚ ਬਹੁਤ ਘੱਟ ਮਿਲਦੀ ਹੈ। ਹਰਿਮੰਦਰ ਸਾਹਿਬ ਨੇ ਕੋਈ ਪ੍ਰਮਾਣ ਪੱਤਰ ਨਹੀਂ ਮੰਗਿਆ, ਸਿਰਫ਼ ਚੁੱਪ ਰਹਿਣ ਤੇ ਸੇਵਾ ਕਰਨ ਦੀ ਇੱਛਾ ਦੀ ਮੰਗ ਕੀਤੀ। ਪੰਜਾਬ ਉਸ ਨੈਤਿਕਤਾ ਨੂੰ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੀਆਂ ਗਲੀਆਂ ਵਿੱਚ ਵੀ ਲਾਗੂ ਕਰ ਸਕਦਾ ਹੈ ‘ਗੁਰੂ ਦੀ ਨਗਰੀ’ ਵਿਸ਼ਵ ਅਧਿਆਤਮਿਕਤਾ ਦੀ ਰਾਜਧਾਨੀ ਜੋ ਪਹਿਲਾਂ ਹੀ ਰੋਜ਼ਾਨਾ ਇੱਕ ਲੱਖ ਲੋਕਾਂ ਨੂੰ ਭੋਜਨ ਦਿੰਦੀ ਹੈ, ਤਾਂ ਇਹ 10 ਲੱਖ ਲੋਕਾਂ ਨੂੰ ਸਨਮਾਨ ਨਾਲ ਰੋਜ਼ੀ-ਰੋਟੀ ਤੇ ਭੋਜਨ ਵੀ ਦੇ ਸਕਦੀ ਹੈ। ਖੁਸ਼ਹਾਲੀ ਸਿਰਫ਼ ਲੈਣ-ਦੇਣ ਦਾ ਜੋੜ ਨਹੀਂ ਹੁੰਦਾ, ਅੰਮ੍ਰਿਤਸਰ ਵਿੱਚ ਸੰਕਲਪਾਂ ਦਾ ਇਹ ਜੋੜ ‘ਸੇਵਾ’ ਹੈ, ਜੋ ਲਾਗਤਾਂ ਨੂੰ ਘਟਾ ਕੇ ‘ਸਰਬੱਤ ਦੇ ਭਲੇ’ ਦੇ ਮੌਕਿਆਂ ਨੂੰ ਵਧਾਉਂਦਾ ਹੈ ਅਤੇ ‘ਗੁਰੂ ਸਾਹਿਬਾਨ’ ਸਾਨੂੰ ਯਾਦ ਦਿਵਾਉਂਦੇ ਹਨ ਕਿ ਕਿਰਪਾ ਤੋਂ ਬਿਨਾਂ ਵਿਕਾਸ ਸਿਰਫ਼ ਸ਼ੋਰ ਹੈ। ਦਰਬਾਰ ਸਾਹਿਬ ਸ਼ਾਂਤੀ ਤੇ ਖੁਸ਼ਹਾਲੀ ਦਾ ਇੱਕ ਦੁਰਲੱਭ ਰਸਤਾ ਪੇਸ਼ ਕਰਦਾ ਹੈ।
-ਲੇਖਕ ਪੰਜਾਬ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦੇ ਉਪ-ਚੇਅਰਮੈਨ (ਕੈਬਨਿਟ ਮੰਤਰੀ ਰੈਂਕ) ਵੀ ਹਨ।

Loading