ਅੰਮ੍ਰਿਤਸਰ- ਸ਼ਹਿਰ ਦੀ ਕਚਹਿਰੀ ਨੇੜੇ ਪੁਲਿਸ ਕੁਆਰਟਰਾਂ ਦੇ ਇੱਕ ਸੁੰਨਸਾਨ ਇਲਾਕੇ ਵਿੱਚ ਬੀਤੇ ਐਤਵਾਰ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਖਾਲਿਸਤਾਨੀ ਗਤੀਵਿਧੀਆਂ ਨਾਲ ਜੁੜੇ ਦੋ ਲੋਕਾਂ ਦਾ ਐਨਕਾਊਂਟਰ ਕੀਤਾ। ਇਸ ਵਿੱਚ ਇੱਕ ਮੁਲਜ਼ਮ ਦੇ ਪੈਰ ਵਿੱਚ ਗੋਲੀ ਲੱਗੀ ਅਤੇ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਦਕਿ ਦੂਜਾ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਧਿਕਾਰੀਆਂ ਅਨੁਸਾਰ, ਇਹ ਦੋਵੇਂ ਸਿੱਖਸ ਫਾਰ ਜਸਟਿਸ (ਐਸਐਫ਼ਜੇ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂੰ ਦੇ ਨੇੜਲੇ ਸਹਿਯੋਗੀ ਹਨ, ਜੋ ਕੈਨੇਡਾ ਵਿੱਚ ਬੈਠੇ ਹੋਏ ਪੰਜਾਬ ਵਿੱਚ ਅਸ਼ਾਂਤੀ ਫੈਲਾਉਣ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ। ਪੁਲਿਸ ਦਾ ਦਾਅਵਾ ਹੈ ਕਿ ਇਹ ਮੁਲਜ਼ਮ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਦੀਆਂ ਦੀਵਾਰਾਂ ‘ਤੇ ਖਾਲਿਸਤਾਨੀ ਨਾਰੇ ਲਿਖਣ ਦੇ ਕੰਮ ਵਿੱਚ ਸ਼ਾਮਲ ਸਨ, ਜੋ ਪੰਨੂੰ ਦੇ ਇਸ਼ਾਰੇ ‘ਤੇ ਕੀਤੇ ਜਾ ਰਹੇ ਸਨ।
ਪਰ ਇਸ ਘਟਨਾ ਨੇ ਕਈ ਗੰਭੀਰ ਸਵਾਲ ਉਠਾਏ ਹਨ। ਪਹਿਲਾਂ ਤਾਂ, ਕੀ ਦੀਵਾਰਾਂ ‘ਤੇ ਨਾਰੇ ਲਿਖਣਾ ਅਪਰਾਧ ਕਿਥੇ ਹੈ ਕਿ ਉਸ ਨੂੰ ਗੋਲੀ ਮਾਰਨ ਦੀ ਨੌਬਤ ਆ ਜਾਵੇ? ਭਾਰਤੀ ਕਾਨੂੰਨ ਅਨੁਸਾਰ, ਖਾਲਿਸਤਾਨੀ ਨਾਰੇ ਲਿਖਣਾ ਅਪਰਾਧ ਨਹੀਂ, ਪਰ ਭਾਵਨਾਵਾਂ ਨੂੰ ਭੜਕਾਉਣਾ ਅਪਰਾਧ ਹੋ ਸਕਦਾ ਹੈ। ਪੰਨੂ ਨਾਲ ਜੁੜੇ ਹੋਣ ਕਾਰਣ ਇਹ ਲੋਕ ਪੁਲਿਸ ਦੀਆਂ ਨਜ਼ਰਾਂ ਵਿਚ ਅਪਰਾਧੀ ਹੋ ਸਕਦੇ ਹਨ,ਪਰ ਇਹ ਗੈਰ-ਕਾਨੂੰਨੀ ਹੈ, ਕਿਉਂਕਿ ਐਸਐਫ਼ਜੇ ਨੂੰ ਭਾਰਤ ਸਰਕਾਰ ਨੇ ਬੈਨ ਕਰ ਦਿੱਤਾ ਹੈ ਅਤੇ ਪੰਨੂੰ ਨੂੰ ਅੱਤਵਾਦੀ ਘੋਸ਼ਿਤ ਕੀਤਾ ਗਿਆ ਹੈ। ਪਰ ਕੀ ਇਹ ਅਪਰਾਧ ਐਨਕਾਊਂਟਰ ਨੂੰ ਜਾਇਜ਼ ਠਹਿਰਾਉਂਦਾ ਹੈ? ਨਹੀਂ। ਪੰਜਾਬ ਵਿੱਚ ਅੱਜਕੱਲ੍ਹ ਹਥਿਆਰਬੰਦ ਲਹਿਰ ਨਹੀਂ ਚੱਲ ਰਹੀ। ਨਾ ਹੀ ਇਹਨਾਂ ਲੋਕਾਂ ਨੇ ਕਿਸੇ ਹਮਲੇ ਦੀ ਧਮਕੀ ਦਿੱਤੀ ਸੀ। ਉਹਨਾਂ ਨੇ ਸਿਰਫ਼ ਨਾਰੇ ਲਿਖੇ ਸਨ। ਫਿਰ ਰੂਪੋਸ਼ ਗਏ। ਫਿਰ ਪੁਲਿਸ ਨੇ ਉਨ੍ਹਾਂ ਨੂੰ ਗੋਲੀ ਮਾਰਨੀ ਕਿਉਂ ਸੀ? ਇਹ ਐਨਕਾਊਂਟਰ ਵਧੇਰੇ ਜ਼ੋਰ ਨਾਲ ਪੁਲਿਸ ਦੀ ਬੇ-ਇਨਸਾਫ਼ੀ ਨੂੰ ਉਜਾਗਰ ਕਰਦਾ ਹੈ। ਪੰਜਾਬ ਵਿੱਚ ਪਿਛਲੇ ਸਾਲਾਂ ਵਿੱਚ ਅਜਿਹੇ ਐਨਕਾਊਂਟਰਾਂ ਦੀ ਗਿਣਤੀ ਵਧੀ ਹੈ, ਜਿਨ੍ਹਾਂ ਵਿੱਚ ਬਹੁਤੇ ਲੋਕ ਨਿਰਦੋਸ਼ ਸਾਬਤ ਹੋਏ। ਮਨੁੱਖ ਅਧਿਕਾਰ ਸੰਸਥਾਵਾਂ ਨੇ ਵਾਰ-ਵਾਰ ਪੁਲਿਸ ‘ਤੇ ਗੈਰਕਨੂੰਨੀ ਤਾਕਤ ਵਰਤਣ ਦਾ ਇਲਜ਼ਾਮ ਲਗਾਇਆ ਹੈ। ਇਸ ਵਾਰ ਵੀ, ਜੇਕਰ ਇਹ ਨੌਜਵਾਨ ਸਿਰਫ਼ ਨਾਰੇ ਲਿਖਣ ਵਾਲੇ ਸਨ, ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਨਾ ਚਾਹੀਦਾ ਸੀ, ਨਾ ਕਿ ਗੋਲੀ ਮਾਰਨੀ ਚਾਹੀਦੀ ਸੀ। ਐਡਵੋਕੇਟ ਨਵਕਿਰਨ ਸਿੰਘ ਅਨੁਸਾਰ ਪੁਲਿਸ ਦੀ ਇਹ ਕਾਰਵਾਈ ਨਾ ਸਿਰਫ਼ ਬੇਲੋੜੀ ਹੈ, ਸਗੋਂ ਉਹ ਲੋਕਾਂ ਵਿੱਚ ਡਰ ਪੈਦਾ ਕਰਦੀ ਹੈ ਅਤੇ ਅਸ਼ਾਂਤੀ ਨੂੰ ਹੋਰ ਵਧਾਉਂਦੀ ਹੈ।
ਅਦਾਲਤਾਂ ਨੇ ਪਿਛਲੇ ਸਾਲਾਂ ਵਿੱਚ ਅਜਿਹੇ ਐਨਕਾਊਂਟਰਾਂ ‘ਤੇ ਨਿਰਪੱਖ ਜਾਂਚ ਦੇ ਹੁਕਮ ਦਿੱਤੇ ਹਨ, ਪਰ ਅੱਜਕੱਲ੍ਹ ਚੁੱਪ ਹਨ। ਕੀ ਉਹ ਪੁਲਿਸ ਨੂੰ ਖੁੱਲ੍ਹਾ ਛੱਡ ਰਹੀਆਂ ਹਨ? ਜੇਕਰ ਨਾਰੇ ਲਿਖਣਾ ਗੈਰ-ਕਾਨੂੰਨੀ ਹੈ, ਤਾਂ ਉਸ ਨੂੰ ਨਿਯੰਤਰਣ ਕਰਨ ਲਈ ਅਦਾਲਤੀ ਕਾਰਵਾਈ ਹੋਣੀ ਚਾਹੀਦੀ, ਨਾ ਕਿ ਗੋਲੀ ਮਾਰਨੀ ਚਾਹੀਦੀ ਹੈ। ਪੰਜਾਬ ਵਿੱਚ ਖਾੜਕੂਵਾਦ ਖ਼ਤਮ ਹੋ ਚੁੱਕਾ ਹੈ, ਫਿਰ ਐਨਕਾਊਂਟਰਾਂ ਦਾ ਰਾਜ ਕਿਉਂ? ਇਹ ਪੁਲਿਸ ਦੀ ਵਹਿਸ਼ੀਆਨਾ ਕਨੂੰਨ ਵਿਰੋਧੀ ਕਾਰਵਾਈ ਨੂੰ ਦਰਸਾਉਂਦਾ ਹੈ।