ਅੰਮ੍ਰਿਤਸਰ/ਏ.ਟੀ.ਨਿਊਜ਼: ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ’ਤੇ ਦਸੰਬਰ 2025 ਅਤੇ ਸਾਲ 2025 ਦੌਰਾਨ ਯਾਤਰੀ ਆਵਾਜਾਈ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਜਾਣਕਾਰੀ ਏਅਰਪੋਰਟਸ ਅਥਾਰਟੀ ਆਫ਼ ਇੰਡੀਆ (ਏ.ਏ.ਆਈ) ਵੱਲੋਂ ਜਾਰੀ ਕੀਤੇ ਗਏ ਦਸੰਬਰ ਮਹੀਨੇ ਦੇ ਅੰਕੜਿਆਂ ਦੇ ਅਧਾਰ ’ਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਵੱਲੋਂ ਕੀਤੇ ਗਏ ਵਿਸ਼ਲੇਸ਼ਣ ਰਾਹੀਂ ਸਾਹਮਣੇ ਆਈ ਹੈ।
ਗੁਮਟਾਲਾ ਵੱਲੋਂ ਕੀਤੇ ਗਏ ਵਿਸ਼ਲੇਸ਼ਣ ਮੁਤਾਬਕ ਦਸੰਬਰ 2025 ਵਿੱਚ ਕੁੱਲ ਯਾਤਰੀਆਂ ਦੀ ਗਿਣਤੀ 2,67,525 ਰਹੀ, ਜੋ ਕਿ ਦਸੰਬਰ 2024 ਦੇ 3,40,408 ਦੇ ਮੁਕਾਬਲੇ 21.4 ਫੀਸਦੀ ਘੱਟ ਹੈ। ਇਸ ਦੌਰਾਨ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ 1,10,670 ਤੋਂ ਘਟ ਕੇ 95,774 (13.5 ਫੀਸਦੀ ਗਿਰਾਵਟ) ਰਹਿ ਗਈ, ਜਦਕਿ ਘਰੇਲੂ ਯਾਤਰੀਆਂ ਦੀ ਗਿਣਤੀ 2,29,738 ਤੋਂ ਘਟ ਕੇ 1,71,751 (25.2 ਫੀਸਦੀ ਗਿਰਾਵਟ) ਰਹੀ, ਜਿਸ ਨਾਲ ਸਪਸ਼ਟ ਹੁੰਦਾ ਹੈ ਕਿ ਸਭ ਤੋਂ ਵੱਡਾ ਅਸਰ ਘਰੇਲੂ ਆਵਾਜਾਈ ’ਤੇ ਪਿਆ ਹੈ। ਹਵਾਈ ਜਹਾਜ਼ਾਂ ਦੀ ਕੁੱਲ ਆਵਾਜਾਈ ਵੀ 20.8 ਫੀਸਦੀ ਘੱਟ ਕੇ 2,006 ਤੋਂ 1,588 ਰਹੀ।
ਪੂਰੇ ਸਾਲ 2025 ਦੀ ਗੱਲ ਕਰੀਏ ਤਾਂ ਹਵਾਈ ਅੱਡੇ ’ਤੇ ਕੁੱਲ ਯਾਤਰੀਆਂ ਦੀ ਗਿਣਤੀ 31.45 ਲੱਖ ਦਰਜ ਕੀਤੀ ਗਈ, ਜੋ ਕਿ ਸਾਲ 2024 ਦੇ ਰਿਕਾਰਡ 34.26 ਲੱਖ ਯਾਤਰੀਆਂ ਦੇ ਮੁਕਾਬਲੇ 8.2 ਫੀਸਦੀ ਘੱਟ ਹੈ। ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ 11.14 ਲੱਖ ਤੋਂ ਘੱਟ ਕੇ 10.92 ਲੱਖ (-1.9%) ਰਹੀ, ਜਦਕਿ ਘਰੇਲੂ ਯਾਤਰੀਆਂ ਦੀ ਗਿਣਤੀ 23.12 ਲੱਖ ਤੋਂ ਘੱਟ ਕੇ 20.53 ਲੱਖ (-11.2%) ਰਹੀ। ਹਵਾਈ ਜਹਾਜ਼ਾਂ ਦੀ ਕੁੱਲ ਆਵਾਜਾਈ ਵੀ ਸਾਲ 2024 ਦੀਆਂ 22,614 ਉਡਾਣਾਂ ਦੇ ਮੁਕਾਬਲੇ, 12.4 ਫੀਸਦੀ ਘਟ ਕੇ, 2025 ਵਿੱਚ 19,817 ਰਹਿ ਗਈ ਹੈ।
ਗੁਮਟਾਲਾ ਨੇ ਦੱਸਿਆ ਕਿ 2025 ਦੀ ਸ਼ੁਰੂਆਤ ਬਹੁਤ ਸ਼ਾਨਦਾਰ ਰਹੀ ਸੀ ਅਤੇ ਮਾਰਚ 2025 ਵਿੱਚ 3,43,384 ਯਾਤਰੀਆਂ ਦੇ ਨਾਲ ਇਤਿਹਾਸਕ ਅੰਕੜਾ ਦਰਜ ਕੀਤਾ ਗਿਆ ਸੀ, ਪਰ ਮਈ ਵਿੱਚ ਭਾਰਤ-ਪਾਕਿਸਤਾਨ ਟਕਰਾਅ ਕਾਰਨ ਹਵਾਈ ਅੱਡੇ ਦੇ ਅਸਥਾਈ ਤੌਰ ’ਤੇ ਬੰਦ ਹੋਣ ਅਤੇ ਉਪਰੰਤ ਉਡਾਣਾਂ ਦੀ ਗਿਣਤੀ ਵਿੱਚ ਕਮੀ ਕਾਰਨ ਇਹ ਵਾਧਾ ਰੁੱਕ ਗਿਆ।
ਸਾਲ ਦੇ ਅਖੀਰਲੇ ਮਹੀਨੇ ਵਿੱਚ ਦਰਜ ਕੀਤੀ ਗਈ ਇਸ ਗਿਰਾਵਟ ਦਾ ਵੱਡਾ ਕਾਰਨ ਖਰਾਬ ਮੌਸਮ ਅਤੇ ਉਡਾਣਾਂ ਵਿੱਚ 2024 ਦੇ ਮੁਕਾਬਲੇ ਦਸੰਬਰ 2025 ਵਿੱਚ ਹੋਈ ਕਮੀ ਨੂੰ ਮੰਨਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਵਾਈ ਅੱਡੇ ’ਤੇ ਕੈਟ-3ਬੀ ਲੈਂਡਿੰਗ ਸਿਸਟਮ ਹੋਣ ਦੇ ਬਾਵਜੂਦ ਦਸੰਬਰ ਵਿੱਚ ਧੁੰਦ ਇੰਨੀ ਜ਼ਿਆਦਾ ਸੰਘਣੀ ਸੀ ਕਿ ਵਿਜ਼ੀਬਿਲਟੀ ਜ਼ੀਰੋ ਦੇ ਨੇੜੇ ਪਹੁੰਚ ਜਾਣ ਕਾਰਨ ਕਈ ਉਡਾਣਾਂ ਰੱਦ ਕਰਨੀਆਂ ਪਈਆਂ। ਇਸ ਤੋਂ ਇਲਾਵਾ ਨਿਓਸ ਏਅਰ (ਇਟਲੀ) ਅਤੇ ਏਅਰ ਇੰਡੀਆ ਐਕਸਪ੍ਰੈਸ (ਬੈਂਕਾਕ) ਵੱਲੋਂ ਸੇਵਾਵਾਂ ਮੁਅੱਤਲ ਕਰਨ ਅਤੇ ਇੰਡੀਗੋ ਵੱਲੋਂ ਕੁਝ ਘਰੇਲੂ ਉਡਾਣਾਂ ਵਿੱਚ ਕੀਤੀ ਕਟੌਤੀ ਨੇ ਯਾਤਰੀਆਂ ਦੀ ਗਿਣਤੀ ’ਤੇ ਅਸਰ ਪਾਇਆ ਹੈ।
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਹਵਾਈ ਅੱਡੇ ਪ੍ਰਤੀ ਪੰਜਾਬ ਸਰਕਾਰ ਦੇ ਰਵੱਈਏ ’ਤੇ ਨਿਰਾਸ਼ਾ ਜਤਾਉਂਦਿਆਂ ਇਸ ਨੂੰ ਮਤਰੇਈ ਮਾਂ ਵਾਲਾ ਸਲੂਕ ਕਰਾਰ ਦਿੱਤਾ। ਗੁਮਟਾਲਾ ਨੇ ਕਿਹਾ ਕਿ ਜਿੱਥੇ ਸਰਕਾਰ ਦਿੱਲੀ ਹਵਾਈ ਅੱਡੇ ਲਈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਬੱਸਾਂ ਚਲਾ ਰਹੀ ਹੈ, ਉੱਥੇ ਅੰਮ੍ਰਿਤਸਰ ਦੇ ਆਪਣੇ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਜਨਤਕ ਆਵਾਜਾਈ ਦੇ ਪ੍ਰਬੰਧਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਉਨ੍ਹਾਂ ਮੰਗ ਕੀਤੀ ਕਿ ਜੇਕਰ ਸਰਕਾਰ ਪੰਜਾਬ ਦੀ ਆਰਥਿਕਤਾ ਅਤੇ ਸੈਰ-ਸਪਾਟੇ ਨੂੰ ਹੁਲਾਰਾ ਦੇਣਾ ਚਾਹੁੰਦੀ ਹੈ, ਤਾਂ ਅੰਮ੍ਰਿਤਸਰ ਹਵਾਈ ਅੱਡੇ ਨੂੰ ਬੁਨਿਆਦੀ ਢਾਂਚੇ ਅਤੇ ਟ੍ਰਾਂਸਪੋਰਟ ਰਾਹੀਂ ਸਹਿਯੋਗ ਦੇਣਾ ਲਾਜ਼ਮੀ ਹੈ। ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਅੰਮ੍ਰਿਤਸਰ ਹਵਾਈ ਅੱਡਾ ਅਜੇ ਵੀ ਦੁਬਈ, ਸ਼ਾਰਜਾਹ, ਦੋਹਾ, ਬਰਮਿੰਘਮ, ਲੰਡਨ, ਸਿੰਗਾਪੁਰ, ਕੁਆਲਾਲੰਪੁਰ ਅਤੇ ਬੈਂਕਾਕ ਸਮੇਤ ਕਈ ਅੰਤਰਰਾਸ਼ਟਰੀ ਅਤੇ ਦਿੱਲੀ, ਮੁੰਬਈ, ਬੈਂਗਲੁਰੂ ਵਰਗੇ ਪ੍ਰਮੁੱਖ ਘਰੇਲੂ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ।
![]()
