ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਸਾਬਕਾ ਰਾਸ਼ਟਰਪਤੀ ਬਰਾਕ ਉਬਾਮਾ ਨੇ ਇਮੀਗ੍ਰੇਸ਼ਨ ਤੇ ਕਸਟਮਜ ਇਨਫ਼ੋਰਸਮੈਂਟ (ਆਈ. ਸੀ. ਈ.) ਏਜੰਟਾਂ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਹੈ ਕਿ ਉਹ ਤਾਨਾਸ਼ਾਹੀ ਢੰਗ ਤਰੀਕੇ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਿਨੀਸੋਟਾ ਵਿੱਚ ਆਈ. ਸੀ. ਈ. ਏਜੰਟ ਜਿਸ ਤਰ੍ਹਾਂ ਦਾ ਵਿਵਹਾਰ ਕਰ ਰਹੇ ਹਨ, ਅਜਿਹਾ ਵਿਵਹਾਰ ਏਕਾਧਿਕਾਰ ਤੇ ਤਾਨਾਸ਼ਾਹੀ ਦੇਸ਼ਾਂ ਵਿੱਚ ਵੇਖਿਆ ਗਿਆ ਹੈ। ਉਬਾਮਾ ਜਿਨ੍ਹਾਂ ਨੇ ਪਹਿਲਾਂ ਅਮਰੀਕਾ ਦੇ ਸ਼ਹਿਰਾਂ ਵਿੱਚ ਸੰਘੀ ਏਜੰਟਾਂ ਨੂੰ ਤਾਇਨਾਤ ਕਰਨ ਕਾਰਨ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਲੋਚਨਾ ਕੀਤੀ ਸੀ, ਨੇ ਤਾਜ਼ਾ ਬਿਆਨ ਵਿੱਚ ਕਿਹਾ ਹੈ ਕਿ ਆਈ. ਸੀ. ਈ. ਏਜੰਟਾਂ ਦਾ ਵਿਵਹਾਰ ਖਤਰਨਾਕ ਹੈ ਇਹ ਚਿੰਤਾ ਦਾ ਵਿਸ਼ਾ ਹੈ। ਮਿਨੀਸੋਟਾ ਵਿੱਚ ਤਾਇਨਾਤ 3000 ਸੰਘੀ ਏਜੰਟਾਂ ਦੀਆਂ ਆਮ ਲੋਕਾਂ ਨਾਲ ਟਕਰਾਅ ਦੀਆਂ ਅਨੇਕਾਂ ਵੀਡੀਓ ਸਾਹਮਣੇ ਆਈਆਂ
ਹਨ। ਉਬਾਮਾ ਨੇ ਕਿਹਾ ਕਿ ਮਿਨਿਆਪੋਲਿਸ, ਸੇਂਟ ਪਾਲ ਵਿੱਚ ਆਈ. ਸੀ. ਈ. ਏਜੰਟ ਜੋ ਕਰ ਰਹੇ ਹਨ, ਉਸ ਦਾ ਨੋਟਿਸ ਲੈਣਾ ਜ਼ਰੂਰੀ ਹੈ, ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੂੰ ਬਿਨਾਂ ਸਪੱਸ਼ਟ ਦਿਸ਼ਾ ਨਿਰਦੇਸ਼, ਸਿਖਲਾਈ ਦੇ ਤਾਇਨਾਤ ਕੀਤਾ ਗਿਆ ਹੈ ਜੋ ਲੋਕਾਂ ਨੂੰ ਘਰਾਂ ਵਿਚੋਂ ਧੂਹ ਕੇ ਬਾਹਰ ਕੱਢ ਰਹੇ ਹਨ ਤੇ ਜੋ ਸਧਾਰਨ ਖੜੇ ਲੋਕਾਂ ਉਪਰ ਹੰਝੂ ਗੈਸ ਛੱਡ ਰਹੇ ਹਨ। ਮਿਨਿਆਪੋਲਿਸ ਵਿੱਚ ਪ੍ਰਦਰਸ਼ਨਕਾਰੀ ਰੀਨੀ ਗੁੱਡ ਤੇ ਐਲਕਸ ਪੈਟੀ ਦੀ ਇਮੀਗ੍ਰੇਸ਼ਨ ਏਜੰਟਾਂ ਹੱਥੋਂ ਹੋਈ ਹੱਤਿਆ ਤੋਂ ਬਾਅਦ ਦੇਸ਼ ਭਰ ਵਿੱਚ ਵੱਡੀ ਪੱਧਰ ’ਤੇ ਵਿਰੋਧ ਵੇਖਣ ਨੂੰ ਮਿਲਿਆ ਹੈ।
![]()
