
ਨਵੀਂ ਦਿੱਲੀ/ਏ.ਟੀ.ਨਿਊਜ਼: ਦਿੱਲੀ ਵਿੱਚ ਰੇਖਾ ਗੁਪਤਾ ਵਜ਼ਾਰਤ ਦੇ ਸਹੁੰ ਚੁੱਕ ਸਮਾਗਮ ਵਿੱਚ ਕੌਮੀ ਰਾਜਧਾਨੀ ਨੂੰ 12 ਸਾਲਾਂ ਬਾਅਦ ਸਿੱਖ ਕੈਬਨਿਟ ਮੰਤਰੀ ਮਿਲਿਆ ਹੈ। ਮਨਜਿੰਦਰ ਸਿੰਘ ਸਿਰਸਾ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ।
2013 ਤੋਂ ਪਹਿਲਾਂ ਦਿੱਲੀ ਵਿੱਚ ਅਰਵਿੰਦ ਲਵਲੀ ਸ਼ੀਲਾ ਦੀਕਸ਼ਿਤ ਵਜ਼ਾਰਤ ਵਿੱਚ ਸਿੱਖ ਮੰਤਰੀ ਸਨ। 2013 ਤੋਂ ਆਮ ਆਦਮੀ ਪਾਰਟੀ ਸਰਕਾਰ ਦਿੱਲੀ ਵਿੱਚ ਰਹੀ ਜਿਸ ਦੌਰਾਨ ਭਾਵੇਂ ਜਰਨੈਲ ਸਿੰਘ ਵਰਗੇ ਨੇਤਾ ਸੱਤਾਧਾਰੀ ਪਾਰਟੀ ਦੇ ਐਮ ਐਲ ਏ ਰਹੇ ਪਰ ਦਿੱਲੀ ਨੂੰ ਸਿੱਖ ਮੰਤਰੀ ਨਹੀਂ ਮਿਲਿਆ। ਇਸ ਵਾਰ 2025 ਦੀਆਂ ਚੋਣਾਂ ਵਿੱਚ ਪੰਜਾਬੀਆਂ ਖਾਸ ਤੌਰ ’ਤੇ ਸਿੱਖਾਂ ਨੇ ਭਾਜਪਾ ਦੇ ਹੱਕ ਵਿੱਚ ਡੱਟ ਕੇ ਵੋਟਾਂ ਪਾਈਆਂ ਹਨ। ਇਨ੍ਹਾਂ ਵਿੱਚ ਮਨਜਿੰਦਰ ਸਿੰਘ ਸਿਰਸਾ ਦੀ ਵੱਡੀ ਭੂਮਿਕਾ ਰਹੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਵੀ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਡੱਟ ਕੇ ਪ੍ਰਚਾਰ ਕਰਦੇ ਨਜ਼ਰ ਆਏ।
ਹੁਣ ਭਾਜਪਾ ਨੇ ਇਨ੍ਹਾਂ ਵੋਟਾਂ ਦਾ ਮੁੱਲ ਮੋੜਦਿਆਂ ਮਨਜਿੰਦਰ ਸਿੰਘ ਸਿਰਸਾ ਦੇ ਰੂਪ ਵਿੱਚ ਦਿੱਲੀ ਨੂੰ ਸਿੱਖ ਕੈਬਨਿਟ ਮੰਤਰੀ ਦਿੱਤਾ ਹੈ।