ਆਧੁਨਿਕ ਗਾਇਕੀ ਨੇ ਅਖਾੜਾ ਸੱਭਿਆਚਾਰ ਨੂੰ ਲਾਈ ਢਾਹ

ਭੋਲਾ ਸਿੰਘ ਸ਼ਮੀਰੀਆ
ਤਿੰਨ-ਚਾਰ ਦਹਾਕੇ ਪਹਿਲਾਂ ਪੰਜਾਬ ਦੇ ਪਿੰਡਾਂ ਵਿੱਚ ਅਖਾੜਾ-ਸ਼ੈਲੀ ਦੀ ਤੂਤੀ ਬੋਲਦੀ ਸੀ। ਜਿਸ ਘਰ ਦੇ ਵਿਆਹ ਵਿੱਚ ਅਖਾੜਾ ਲੱਗਣਾ ਹੁੰਦਾ ਸੀ, ਉਸ ਘਰ ਦੀ ਗਿਣਤੀ ਪਿੰਡ ਦੇ ਰੱਜੇ-ਪੁੱਜੇ ਘਰਾਂ ਵਿੱਚ ਹੋਣੀ ਸ਼ੁਰੂ ਹੋ ਜਾਂਦੀ ਸੀ। ਜਾਂ ਇੰਝ ਕਹਿ ਲਵੋ ਕਿ ਉਸ ਘਰ ਦੀ ਪਿੰਡ ਵਿੱਚ ਪੂਰੀ ਟੌਹਰ ਹੁੰਦੀ ਸੀ। ਉਸ ਘਰ ਦੀ ਚਰਚਾ ਪਿੰਡ ਦੀਆਂ ਸੱਥਾਂ, ਖੁੰਢਾਂ, ਖੂਹਾਂ ਆਦਿ ’ਤੇ ਆਮ ਹੁੰਦੀ ਸੀ।
ਚਾਂਦੀ ਰਾਮ ਤੋਂ ਸ਼ੁਰੂ ਹੋ ਕੇ ਜਗਤ ਸਿੰਘ ਜੱਗਾ, ਨਰਿੰਦਰ ਬੀਬਾ, ਦੀਦਾਰ ਸੰਧੂ, ਹਰਚਰਨ ਗਰੇਵਾਲ, ਕਰਨੈਲ ਗਿੱਲ, ਮੁਹੰਮਦ ਸਦੀਕ ਤੇ ਰਣਜੀਤ ਕੌਰ, ਜਗਮੋਹਣ ਕੌਰ ਤੇ ਕੇ. ਦੀਪ, ਜਸਵੰਤ ਸੰਦੀਲਾ, ਪਰਮਿੰਦਰ ਸੰਧੂ, ਸੁਦੇਸ਼ ਕਪੂਰ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਸੁਰਿੰਦਰ ਕੌਰ, ਰਾਜਿੰਦਰ ਰਾਜਨ, ਸੁਚੇਤ ਬਾਲਾ, ਗੁਲਸ਼ਨ ਕੋਮਲ, ਹਾਕਮ ਬਖਤੜੀ ਵਾਲਾ, ਅਮਰ ਸਿੰਘ ਚਮਕੀਲਾ ਤੇ ਅਮਰ ਜੋਤ ਆਦਿ ਗਾਇਕ ਜੋੜੀਆਂ ਨੇ ਆਪੋ ਆਪਣੇ ਇਤਿਹਾਸ ਰਚੇ। ਇਨ੍ਹਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਗਾਇਕ ਜੋੜੀਆਂ ਸਨ ਜਿਨ੍ਹਾਂ ਦੇ ਨਾਮ ਦਰਜ ਕੀਤੇ ਜਾ ਸਕਦੇ ਹਨ। ਜਦੋਂ ਵੀ ਕੋਈ ਗਾਇਕ ਜੋੜੀ ਸਟੇਜ ’ਤੇ ਚੜ੍ਹ ਜਾਂਦੀ ਸੀ ਤਾਂ ਲੋਕਾਂ ਦੀ ਰੂਹ ਨਸ਼ਿਆ ਜਾਂਦੀ ਸੀ। ਛੜਿਆਂ ਬਾਰੇ ਸੰਵਾਦੀ ਗੀਤ ਸੁਣ ਕੇ ਬਹੁਤ ਸਾਰੇ ਛੜਿਆਂ ਦੀ ਕਈ ਕਈ ਰਾਤਾਂ ਦੀ ਨੀਂਦ ਖਰਾਬ ਹੋ ਜਾਂਦੀ ਸੀ। ਨਸ਼ੇ ਦੀ ਤੋਟ ਵਾਲੇ ਅਮਲੀ ਕਿਸਮ ਦੇ ਆਦਮੀ ਮਜ਼ਾਕ ਦੇ ਪਾਤਰ ਬਣ ਜਾਂਦੇ ਸਨ।
ਅਖਾੜਾ ਸੱਭਿਆਚਾਰ ਦੀ ਖਿੱਚ ਇੰਨੀ ਹੁੰਦੀ ਸੀ ਕਿ ਸਮਾਜਿਕ ਬੰਧਨਾਂ ਦੀਆਂ ਬੇੜੀਆਂ ਵਿੱਚ ਜਕੜੀਆਂ ਔਰਤਾਂ ਕੋਠਿਆਂ ’ਤੇ ਬੈਠ ਕੇ ਆਪਣੇ ਘਰਦਿਆਂ ਤੋਂ ਚੋਰੀਉਂ ਅਖਾੜੇ ਦੇਖਿਆ ਕਰਦੀਆਂ ਸਨ। ਕਈ ਘਰਾਂ ਦੇ ਮੁੰਡੇ ਤਾਂ ਵਿਆਹ ਦੀ ਤਰੀਕ ਕਲਾਕਾਰਾਂ ਨੂੰ ਪੁੱਛ ਕੇ ਰੱਖਦੇ ਸਨ ਕਿ ਵਿਆਹ ਵਾਲੇ ਦਿਨ ਉਹ ਕਲਾਕਾਰ ਕਿਤੇ ਬੁੱਕ ਤਾਂ ਨਹੀਂ? ਜੋ ਦਿਨ ਕਲਾਕਾਰ ਕੋਲ ਵਿਹਲਾ ਹੁੰਦਾ ਸੀ, ਉਸ ਦਿਨ ਨੂੰ ਉਹ ਵਿਆਹ ਰੱਖਦੇ ਸਨ। ਇਹ ਅਖਾੜਾ-ਸੱਭਿਆਚਾਰ ਦੀ ਸਿਖਰ ਦੇ ਦਿਨ ਮੰਨੇ ਜਾਂਦੇ ਹਨ।
ਫਿਰ ਹੌਲੀ-ਹੌਲੀ ਅਖਾੜਿਆਂ ਦੀ ਪ੍ਰਸਿੱਧੀ ਘਟਦੀ ਗਈ। ਇਸ ਦਾ ਮਤਲਬ ਇਹ ਵੀ ਨਹੀਂ ਹੈ ਕਿ ਹੁਣ ਲੋਕ ਅਖਾੜਾ ਬਿਲਕੁਲ ਹੀ ਨਹੀਂ ਦੇਖਣਾ ਚਾਹੁੰਦੇ। ਅਜੇ ਵੀ ਪੁਰਾਣੀ ਪੀੜ੍ਹੀ ਦੇ ਲੋਕਾਂ ਵਿੱਚ ਕੁਝ ਕਲਾਕਾਰਾਂ ਪ੍ਰਤੀ ਮੋਹ ਤੇ ਸਤਿਕਾਰ ਜਿਉਂ ਦਾ ਤਿਉਂ ਬਰਕਰਾਰ ਹੈ। ਸ਼ੁਰੂ-ਸ਼ੁਰੂ ਵਿੱਚ ਸਟੇਜੀ ਕਲਾਕਾਰ ਸਿਰਫ਼ ਖੜ੍ਹ ਕੇ ਹੀ ਆਪਣੀ ਸਰੋਦ-ਰਸੀ ਭਾਵਨਾ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਸਨ, ਪ੍ਰੰਤੂ ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀ ਜੋੜੀ ਨੇ ਇਸ ਸ਼ੈਲੀ ਨੂੰ ਕੁਝ ‘ਨਾਟਕ-ਅੰਦਾਜ਼ੀ ਵਿਧਾ’ ਦੇ ਰੂਪ ਵਿੱਚ ਪੇਸ਼ ਕਰਕੇ ਇਸ ਨੂੰ ਹੋਰ ਦਿਲਚਸਪ ਬਣਾ ਦਿੱਤਾ ਤੇ ਅੱਜਕੱਲ੍ਹ ਵੀ ਇਸ ਅੰਦਾਜ਼ ਨੂੰ ਲੋਕ ਬੜੇ ਅਨੰਦ ਨਾਲ ਸੁਣਦੇ ਹਨ। ਅਸਲ ਵਿੱਚ ਮੁਹੰਮਦ ਸਦੀਕ ਲੋਕ-ਸੰਪਰਕ ਵਿਭਾਗ ਵਿੱਚ ਡਰਾਮਾ ਕਲਾਕਾਰ ਰਿਹਾ ਹੋਣ ਕਰਕੇ ਅਤੇ ਵਧੀਆ ਸੰਗੀਤਕਾਰ ਹੋਣ ਕਰਕੇ ਹਾਲਾਤ ਅਨੁਸਾਰ ਸਥਿਤੀ ਤੇ ਸ਼ਬਦਾਂ ਨੂੰ ਰਸ-ਮਈ ਬਣਾਉਣ ਦਾ ਮਾਹਿਰ ਹੈ। ਆਪਣੀ ਸੁਚੱਜੀ ਪੇਸ਼ਕਾਰੀ ਸਦਕਾ ਮੁਹੰਮਦ ਸਦੀਕ ਨੇ ਅਖਾੜਾ-ਸ਼ੈਲੀ ਨੂੰ ਕਾਫ਼ੀ ਸਮਾਂ ਡੋਲਣ ਨਹੀਂ ਦਿੱੱਤਾ। ਪਿੰਡਾਂ ਵਿੱਚ ਇਹ ਵਿਧਾ ਅਜੇ ਵੀ ਕੁਝ ਕੁ ਸਾਹ ਭਰਦੀ ਦਿਖਾਈ ਦੇ ਰਹੀ ਹੈ, ਪ੍ਰੰਤੂ ਇਸ ਸ਼ੈਲੀ ਦੀ ਹੁਣ ਉਹ ਖਿੱਚ ਨਹੀਂ ਰਹੀ ਜੋ ਤਿੰਨ-ਚਾਰ ਦਹਾਕੇ ਪਹਿਲਾਂ ਸੀ।
ਲੋਕਾਂ ਦੇ ਘਰਾਂ ਦੀਆਂ ਕਹਾਣੀਆਂ ਅਤੇ ਦਿਉਰਾਂ-ਜੇਠਾਂ ਦੇ ਰੁਮਾਂਟਿਕ ਕਾਰਨਾਮੇ ਅਖਾੜਾ-ਸ਼ੈਲੀ ਦੇ ਆਮ ਵਿਸ਼ੇ ਹੁੰਦੇ ਸਨ। ਲੋਕਾਂ ਦੇ ਆਮ ਘਰਾਂ ਦੀਆਂ ਕਹਾਣੀਆਂ ਹੋਣ ਕਰਕੇ ਇਹ ਵਿਧਾ ਲੋਕਾਂ ਵਿੱਚ ਹਰਮਨ ਪਿਆਰੀ ਹੋ ਗਈ ਕਿਉਂਕਿ ਅਖਾੜਿਆਂ ਵਿੱਚ ਉਨ੍ਹਾਂ ਲੋਕਾਂ ਦੀਆਂ ਹੀ ਗੱਲਾਂ ਜਾਂ ਕਹਾਣੀਆਂ ਹੁੰਦੀਆਂ ਸਨ, ਜੋ ਇਸ ਨੂੰ ਦੇਖ ਜਾਂ ਸੁਣ ਰਹੇ ਹੁੰਦੇ ਸਨ। ਇਸ ਦੌਰ ਦੇ ਗੀਤਕਾਰ ਵੀ ਇਨ੍ਹਾਂ ਰਮਜ਼ਾਂ ਨੂੰ ਪਛਾਨਣ ਵਾਲੇ, ਇਨ੍ਹਾਂ ਲੋਕਾਂ ਦੇ ਵਿੱਚੋਂ ਹੀ ਹੁੰਦੇ ਸਨ। ਬਾਬੂ ਸਿੰਘ ਮਾਨ, ਚਤਰ ਸਿੰਘ ਪਰਵਾਨਾ, ਇੰਦਰਜੀਤ ਹਸਨਪੁਰੀ, ਗੁਰਦੇਵ ਸਿੰਘ ਮਾਨ, ਹਰਦੇਵ ਦਿਲਗੀਰ ਥਰੀਕੇ ਵਾਲਾ ਆਦਿ ਗੀਤਕਾਰ ਇਨ੍ਹਾਂ ਲੋਕਾਂ ਦੀਆਂ ਪੀੜਾਂ ਤੇ ਚਸਕਾਂ ਨੂੰ ਜਾਣਦੇ ਪਛਾਣਦੇ ਸਨ।
ਫਿਰ ਟੈਲੀਵਿਜ਼ਨ ਯੁੱਗ ਦੇ ਆ ਜਾਣ ਕਰਕੇ ਲੋਕਾਂ ਦਾ ਮਨੋਰੰਜਨ ਅਖਾੜਿਆਂ ਤੋਂ ਤਿਲ੍ਹਕ ਕੇ ਟੈਲੀਵਿਜ਼ਨ ’ਤੇ ਕੇਂਦਰਿਤ ਹੋ ਗਿਆ। ਟੈਲੀਵਿਜ਼ਨ ਦੇ ਦੌਰ ਜ਼ਰੀਏ ਸੋਲੋ ਗਾਇਕੀ ਕਾਫ਼ੀ ਵਧੀ-ਫੁੱਲੀ। ਸੋਲੋ-ਗਾਇਕੀ ਦੀ ਪੇਸ਼ਕਾਰੀ ਅਤੇ ਗੀਤਕਾਰੀ ਨੇ ਕਈ ਨਵੇਂ ਮੀਲ ਪੱਥਰ ਅਜਿਹੇ ਗੱਡੇ ਕਿ ਉਹ ਨਵੇਂ ਦੌਰ ਦੇ ਝੰਡਾ-ਬਰਦਾਰ ਬਣ ਗਏ। ਇਸ ਨਵੇਂ ਯੁੱਗ ਦੀ ਗੀਤਕਾਰੀ ਵਿੱਚ ਭਾਵੇਂ ਪੁਰਾਣੇ ਗੀਤਕਾਰ (ਜਿਵੇਂ ਮਾਨ ਮਰਾੜ੍ਹਾਂ ਵਾਲਾ, ਦੇਵ ਥਰੀਕੇ ਵਾਲਾ) ਵੀ ਆਪਣਾ ਤਿਲ-ਫੁੱਲ ਪਾਉਂਦੇ ਰਹੇ, ਪ੍ਰੰਤੂ ਸ਼ਮਸ਼ੇਰ ਸੰਧੂ, ਬਚਨ ਬੇਦਿਲ, ਅਮਰਦੀਪ ਗਿੱਲ, ਗੁਣਾਚੌਰੀਆ, ਗੁਰਦਾਸ ਮਾਨ ਆਦਿ ਦੀ ਕਲਮ ਨੇ ਇਸ ਨੂੰ ਨਵੇਂ ਦੌਰ ਵਿੱਚ ਪੇਸ਼ ਕਰਕੇ ਨਵੀਂ ਪਰੰਪਰਾ ਦੀ ਸ਼ੁਰੂਆਤ ਕੀਤੀ। ਇਹ ਤਬਦੀਲੀ ਟੈਲੀਵਿਜ਼ਨ ਦੀ ਹੋਂਦ ਕਰਕੇ ਆਈ। ਸਿੱਟੇ ਵਜੋਂ ਹਰਭਜਨ ਮਾਨ, ਸੁਰਜੀਤ ਬਿੰਦਰੱਖੀਆ, ਦੇਬੀ ਮਖਸੂਸਪੁਰੀ, ਬਲਕਾਰ ਸਿੱਧੂ, ਹੰਸ ਰਾਜ ਹੰਸ, ਸਰਦੂਲ ਸਿਕੰਦਰ, ਇੰਦਰਜੀਤ ਨਿੱਕੂ, ਰਵਿੰਦਰ ਗਰੇਵਾਲ, ਹਰਿੰਦਰ ਸੰਧੂ, ਅੰਮ੍ਰਿਤਾ ਵਿਰਕ, ਮਨਪ੍ਰੀਤ ਅਖ਼ਤਰ, ਸਾਬਰਕੋਟੀ, ਪਾਲੀ ਦੇਤਵਾਲੀਆ ਆਦਿ ਕਲਾਕਾਰਾਂ ਨੇ ਸੋਲੋ ਗਾਇਕੀ ਵਿੱਚ ਨਵੀਆਂ ਪਿਰਤਾਂ ਪਾਈਆਂ।
ਪੇਂਡੂ ਜੁੁਆਨੀ ਉੱਪਰ ਸ਼ਹਿਰੀ ਪੇਂਦ ਚੜ੍ਹਨੀ ਸ਼ੁੁਰੂ ਹੋ ਗਈ। ਅਖਾੜਾ-ਸ਼ੈਲੀ ਦਾ ਧਰਾਤਲ ਪੇਂਡੂ ਲਹਿਜਾ ਹੈ ਜਦੋਂ ਕਿ ਨਵੀਂ ਪੀੜ੍ਹੀ ਦੇ ਚੇਤਿਆਂ ਵਿੱਚ ਸ਼ਹਿਰੀ-ਟੱਚ ਵਾਸ ਕਰ ਰਿਹਾ ਹੈ। ਇਸ ਕਰਕੇ ਬੌਧਿਕਤਾ ਵਾਲੀ ਗੀਤਕਾਰੀ ਵੀ ਉਨ੍ਹਾਂ ਦੀ ਸਮਝ ਤੋਂ ਬਾਹਰ ਹੁੰਦੀ ਜਾ ਰਹੀ ਹੈ।
ਚੰਨ ਹੋ ਬਦਲੀ ਦੇ ਓਹਲੇ, ਕੰਨੀਆਂ ਨੂੰ ਇੰਝ ਰੁਸ਼ਨਾਵੇ
ਕੋਈ ਗੋਟੇ ਵਾਲੀ ਚੁੰਨੀ ਅੰਬਰ ਤੇ ਸੁੱਟ ਸੁਕਾਵੇ
**
ਮੈਨੂੰ ਪਤੈ ਕਾਹਤੋਂ ‘ਮਾਨ’ ਮੇਰੇ ਕੋਲ ਨਾ ਖਲੋਵੇ।
ਉਹਦੇ ਲਾਜਵਰ ਲਾ-ਲਾ ਕਾਹਤੋਂ ਸੱਸ ਲੀੜੇ ਧੋਵੇ।
ਉਪਰੋਕਤ ਅਰਥ-ਭਰਪੂਰ ਸ਼ੈਲੀ ਨਵੀਂ ਪੀੜ੍ਹੀ ਦੀ ਸਮਝ ਤੋਂ ਦੂਰ ਹੋ ਗਈ। ਆਧੁਨਿਕ ਪੀੜ੍ਹੀ ਦੀ ਚੇਤੰਨਤਾ ਸ਼ਾਬਦਿਕ-ਰਸ ਤੋਂ ਖਿਸਕ ਕੇ ਪੈਰਾਂ ਦੀ ਤਾਲ ਤੇ ਲੱਕ ਦੇ ਹੁਲਾਰਿਆਂ ਵਿੱਚ ਗੁਆਚ ਗਈ। ਨਵੀਂ ਪੀੜ੍ਹੀ ਦੀਆਂ ਸਮੱਸਿਆਵਾਂ ਤੇ ਰੀਝਾਂ ਨਵੇਂ ਯੁੱਗ ਅਨੁਸਾਰ ਨਵੀਆਂ ਹੋਣ ਕਰਕੇ ਅਖਾੜਾ ਸੱਭਿਆਚਾਰ ਉਨ੍ਹਾਂ ਦੀ ਦਿਲਚਸਪੀ ਦਾ ਸਾਧਨ ਨਹੀਂ ਰਿਹਾ। ਨਵੀਂ ਤੇ ਪੁਰਾਣੀ ਪੀੜ੍ਹੀ ਦੇ ਵਰਗ-ਅੰਤਰਾਲ ਨੇ ਅਖਾੜਾ ਸੱਭਿਆਚਾਰ ਨੂੰ ਕਾਫ਼ੀ ਢਾਹ ਲਾਈ। ਤੁਰਲੇ ਵਾਲੀ ਪੱਗ ਤੇ ਚਾਦਰਾ ਪੁਰਾਣੀ ਪੀੜ੍ਹੀ ਦਾ ਹਰਮਨ ਪਿਆਰਾ ਪਹਿਰਾਵਾ ਸੀ। ਜਦੋਂ ਕਿ ਨਵੀਂ ਪੀੜ੍ਹੀ ਲਈ ਇਹ ਅਨਪੜ੍ਹਾਂ ਦਾ ਪਹਿਰਾਵਾ ਬਣ ਕੇ ਰਹਿ ਗਿਆ। ਨਵੀਂ ਪੀੜ੍ਹੀ ਨੂੰ ਆਧੁਨਿਕ ਪਹਿਰਾਵੇ ਵਿੱਚ ਕਲਾਕਾਰ ਵੀ ਆਧੁਨਿਕ ਜਾਪਣ ਲੱਗੇ। ਇਸ ਤਰ੍ਹਾਂ ਅਖਾੜਾ ਸੱਭਿਆਚਾਰ ਨਵੀਂ ਪੀੜ੍ਹੀ ਦੇ ਚੇਤਿਆਂ ਵਿੱਚੋਂ ਗਾਇਬ ਹੁੰਦਾ ਜਾ ਰਿਹਾ ਹੈ। ਜਿਉਂ-ਜਿਉਂ ਅਸੀਂ ਪੈਂਤੀ ਅੱਖਰੀ ਵਰਣਮਾਲਾ ਤੋਂ ਦੂਰ ਹੁੰਦੇ ਜਾ ਰਹੇ ਹਾਂ, ਤਿਉਂ-ਤਿਉਂ ਅਸੀਂ ਮੁਹਾਵਰਿਆਂ ਤੇ ਅਖਾਣਾਂ ਦੇ ਬੋਧ ਨੂੰ ਗੁਆਈ ਜਾ ਰਹੇ ਹਾਂ। ਆਧੁਨਿਕਤਾ ਦੀ ਦੌੜ ਵਿੱਚ ਕਹਾਵਤਾਂ ਤੇ ਅਲੰਕਾਰਾਂ ’ਤੇ ਸਾਡੀ ਪਕੜ ਢਿੱਲੀ ਪੈ ਰਹੀ ਹੈ, ਜਿਸ ਕਰਕੇ ਅਸੀਂ ਰਵਾਇਤੀ ਗੀਤਕਾਰੀ ਤੇ ਗਾਇਕੀ ਤੋਂ ਵੀ ਦੂਰ ਹੁੰਦੇ ਜਾ ਰਹੇ ਹਾਂ। ਇਸ ਰੁਝਾਨ ਨੇ ਅਖਾੜਾ ਸੱਭਿਆਚਾਰ ਨੂੰ ਕਾਫ਼ੀ ਢਾਹ ਲਾਈ ਹੈ।

Loading